ਵਰਵਰਾ ਰਾਓ ਇਕ ਵਿਚਾਰ ਦਾ ਨਾਂ

ਵਰਵਰਾ ਰਾਓ ਇਕ ਵਿਚਾਰ ਦਾ ਨਾਂ

ਸਵਰਾਜਬੀਰ

ਜ਼ਾਦੀ ਤੋਂ ਸੱਤ ਵਰ੍ਹੇ ਪਹਿਲਾਂ ਜਨਮਿਆ ਵਰਵਰਾ ਰਾਓ ਤੇਲਗੂ ਭਾਸ਼ਾ ਦਾ ਇਨਕਲਾਬੀ ਕਵੀ, ਆਲੋਚਕ, ਪੱਤਰਕਾਰ ਅਤੇ ਸਭਿਆਚਾਰਕ ਤੇ ਸਿਆਸੀ ਕਾਰਕੁਨ ਹੈ। ਉਸ ਦੀ ਕਵਿਤਾ ਦੀ ਪਹਿਲੀ ਕਿਤਾਬ 1968 ਵਿਚ ਛਪੀ ਅਤੇ ਉਸ ਨੇ ਸਾਹਿਤਕ ਮੈਗਜ਼ੀਨ ‘ਸਿਰਜਣਾ’ (1966-1992) ਕਈ ਦਹਾਕਿਆਂ ਤਕ ਚਲਾਇਆ। ਉਸ ਨੇ ਲੋਕ ਲਹਿਰਾਂ ਵਿਚ ਭਾਗ ਲਿਆ ਅਤੇ ਉਸ ਨੂੰ ਕਈ ਵਾਰ ਨਜ਼ਰਬੰਦ ਕੀਤਾ ਗਿਆ। ਉਹ ਹੁਣ ਵੀ ਨਜ਼ਰਬੰਦ ਹੈ। 

ਵਰਵਰਾ ਰਾਓ ਅਤੇ ਉਸ ਦੇ ਸਾਥੀਆਂ ਨੇ ਤੇਲਗੂ ਇਨਕਲਾਬੀ ਲੇਖਕ ਸੰਘ ਵਿਰਾਸਮ (ਵਿਪਲਵਾ ਰਚਾਈਤਲਾ ਸੰਗਮ) ਬਣਾਇਆ। ਇਸ ਸੰਸਥਾ ਦਾ ਬਾਨੀ ਪ੍ਰਧਾਨ ਤੇਲਗੂ ਦਾ ਮਹਾਨ ਕਵੀ ਸਿਰੀ ਸਿਰੀ ਜਿਸ ਨੂੰ ਤੇਲਗੂ ਲੋਕ ਮਹਾਂਕਵੀ ਕਹਿ ਕੇ ਯਾਦ ਕਰਦੇ ਹਨ, ਸੀ। ਵਿਰਾਸਮ ਨੇ ਸਾਹਿਤਕ ਗਤੀਵਿਧੀਆਂ ਖ਼ਾਸ ਕਰ ਕੇ ਇਨਕਲਾਬੀ ਗੀਤਾਂ ਤੇ ਨਾਟਕਾਂ ਨੂੰ ਉਭਾਰਿਆ।

ਵਰਵਰਾ ਰਾਓ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਤਕ ਸੀਮਤ ਨਹੀਂ ਹੈ। ਉਦਾਹਰਨ ਦੇ ਤੌਰ ’ਤੇ ਰਾਮੂ ਰਾਮਾਨਾਥਨ ਨਾਲ 2016 ਵਿਚ ਇਕ ਮੁਲਾਕਾਤ ਦੌਰਾਨ ਉਹ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਹੋਏ ਸੰਘਰਸ਼ਾਂ ਦੀ ਗੱਲ ਕਰਦਾ ਹੈ। ਮਹਾਰਾਸ਼ਟਰ ਦੀ ਗੱਲ ਕਰਦਿਆਂ ਭਗਤ ਨਾਮਦੇਵ, ਜਿਓਤਬਾ ਫੂਲੇ, ਡਾ. ਬੀਆਰ ਅੰਬੇਦਕਰ, ਲੋਕਮਾਨਿਯ ਤਿਲਕ ਅਤੇ ਮਹਾਰਾਸ਼ਟਰ ਦੀ ਮਜ਼ਦੂਰ ਜਮਾਤ ਦੇ ਮਹਾਨ ਸੰਘਰਸ਼ਾਂ ਦੀ ਗੱਲ ਕਰਦਿਆਂ ਦੱਸਦਾ ਹੈ, ਕਿਵੇਂ ਉਹ ਅਤੇ ਉਸ ਦੇ ਸਾਥੀ ਮਹਾਰਾਸ਼ਟਰ ਦੀ ਦਲਿਤ ਪੈਂਥਰ ਲਹਿਰ, ਜਿਸ ਦੇ ਪ੍ਰੇਰਨਾ ਸ੍ਰੋਤ ਡਾ. ਬੀਆਰ ਅੰਬੇਦਕਰ ਅਤੇ ਕਾਰਲ ਮਾਰਕਸ ਸਨ, ਤੋਂ ਪ੍ਰਭਾਵਿਤ ਹੋਏ।

ਬਹੁਤ ਪਹਿਲਾਂ ਵਰਵਰਾ ਰਾਓ ਨੇ ਦੱਖਣੀ ਅਫ਼ਰੀਕਾ ਦੇ ਕਵੀ ਬੈਂਜਾਮਿਨ ਮੋਲਾਇਸੇ ਬਾਰੇ ਲਿਖੀ ਕਵਿਤਾ ਵਿਚ ਲਿਖਿਆ ਸੀ, ‘‘ਜਦ ਡਰਿਆ ਹੋਇਆ ਬੱਦਲ/ਨਿਆਂ ਦੀ ਆਵਾਜ਼ ਦੀ ਸੰਘੀ ਦਬਾਉਂਦਾ ਹੋਏ/ਤਾਂ ਨਾ ਖ਼ੂਨ ਵਗਦਾ ਏ ਨਾ ਹੰਝੂ ਵਹਿੰਦੇ ਨੇ/ਬਸ, ਰੋਸ਼ਨੀ ਬਿਜਲੀ ਬਣ ਕੇ ਕੜਕਦੀ ਏ/ਤੇ ਬਾਰਿਸ਼ ਦੀਆਂ ਬੂੰਦਾਂ ਤੂਫ਼ਾਨ ਬਣ ਜਾਂਦੀਆਂ ਨੇ/ਜਦ ਇਕ ਮਾਂ ਆਪਣੇ ਹੰਝੂ ਪੂੰਝਦੀ ਏ/ਤਾਂ ਬੰਦੀਖਾਨੇ ਦੀਆਂ ਸਲਾਖ਼ਾਂ ਤੋਂ ਦੂਰ/ਇਕ ਕਵੀ ਦੀ ਆਵਾਜ਼ ਸੁਣਾਈ ਦਿੰਦੀ ਏ/’’ ਅੱਜ ਜਿਸ ਕਵੀ ਦੀ ਆਵਾਜ਼ ਸੁਣਾਈ ਦੇ ਰਹੀ ਹੈ, ਉਹ ਵਰਵਰਾ ਰਾਓ ਹੈ। ਉਸ ਨੂੰ ਭੀਮਾ ਕੋਰੇਗਾਉਂ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਦੇ ਨਾਲ ਗ੍ਰਿਫ਼ਤਾਰ ਕੀਤੇ ਲੋਕਾਂ ਵਿਚ ਮਸ਼ਹੂਰ ਅਰਥਸ਼ਾਸਤਰੀ ਕ੍ਰਿਸ਼ਨਾ ਭਾਰਦਵਾਜ ਦੀ ਧੀ ਸੁਧਾ ਭਾਰਦਵਾਜ ਹੈ ਜਿਹੜੀ ਸਾਰੀ ਉਮਰ ਮਜ਼ਦੂਰਾਂ ਅਤੇ ਜਮਹੂਰੀ ਅਧਿਕਾਰਾਂ ਲਈ ਲੜਦੀ ਰਹੀ ਹੈ; ਡਾਕਟਰ ਬੀਆਰ ਅੰਬੇਦਕਰ ਦਾ ਖ਼ਾਨਦਾਨ ਨਾਲ ਸਬੰਧਤ ਆਨੰਦ ਤੇਲਤੁੰਬੜੇ  ਜਿਹੜਾ ਮੈਨੇਜਮੈਂਟ ਦੇ ਵਿਸ਼ਿਆਂ ਦਾ ਪ੍ਰੋਫ਼ੈਸਰ ਰਿਹਾ ਹੈ; ਪੁਲੀਸ ਜਬਰ ਵਿਰੁੱਧ ਲੜਨ ਵਾਲਾ ਵਕੀਲ ਸੁਰਿੰਦਰ ਗੈਡਲਿੰਗ ਹੈ; ਜਮਹੂਰੀ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲਾ ਆਨੰਦ ਤੇਲਤੁੰਬੜੇ ਹੈ; ਸਮਰਪਿਤ ਅਧਿਆਪਕ ਵਰਨੋਨ ਗੋਂਸਾਲਵਜ਼ ਹੈ ਅਤੇ ਕਈ ਹੋਰ ਸਮਾਜਿਕ ਅਤੇ ਜਮਹੂਰੀ ਅਧਿਕਾਰਾਂ ਦੇ ਖੇਤਰ ਵਿਚ ਕੰਮ ਕਰਨ ਵਾਲੇ ਕਾਰਕੁਨ ਹਨ। ਕਿਹੜਾ ਦੇਸ਼ ਇਹ ਸੋਚ ਸਕਦਾ ਹੈ ਕਿ ਇਹੋ ਜਿਹੇ ਵਿਦਵਾਨ, ਚਿੰਤਕ ਤੇ ਕਾਰਕੁਨ ਕਿਸੇ ਹੋਰ ਵਿਅਕਤੀ ਦੀ ਹੱਤਿਆ ਕਰਨ ਦੀ ਸਾਜ਼ਿਸ਼ ਰਚ ਸਕਦੇ ਹਨ? ਕਿਹੋ ਜਿਹੀ ਰਿਆਸਤ/ਸਟੇਟ ਆਪਣੇ ਚਿੰਤਕਾਂ ਨੂੰ ਬੰਦੀਖਾਨੇ ਵਿਚ ਰੱਖ ਕੇ ਸੁੱਖ ਦੀ ਨੀਂਦ ਸੌਂ ਸਕਦੀ ਹੈ? ਇਨ੍ਹਾਂ ਸਵਾਲਾਂ ਦੇ ਕਈ ਬੌਧਿਕ ਅਤੇ ਵਿਚਾਰਧਾਰਕ ਜਵਾਬ ਦਿੱਤੇ ਜਾ ਸਕਦੇ ਹਨ ਪਰ ਸਰਲ ਭਾਸ਼ਾ ਵਿਚ ਇਹਦਾ ਜਵਾਬ ਇਕੋ ਹੈ। ਇਹੋ ਜਿਹਾ ਕੰਮ ਓਹੀ ਰਿਆਸਤ/ਸਟੇਟ ਕਰ ਸਕਦੀ ਹੈ ਜਿਸ ਦੀ ਆਤਮਾ ਉਸ ਨੂੰ ਇਹ ਕਰਨ ਦੀ ਇਜਾਜ਼ਤ ਦਿੰਦੀ ਹੋਵੇ; ਜਿਸ ਦੀ ਆਤਮਾ ਵਿਚ ਜ਼ਹਿਰ ਭਰ ਗਿਆ ਹੋਵੇ; ਅਜਿਹੀ ਰਿਆਸਤ ਜਿਸ ਵਿਚ ਅਸਹਿਮਤੀ ਦੇ ਬੋਲਾਂ ਲਈ ਕੋਈ ਥਾਂ ਨਾ ਹੋਵੇ। ਗ਼ੈਰ-ਜਮਹੂਰੀ ਰਸਤਿਆਂ ’ਤੇ ਤੁਰਦੀ ਅਜਿਹੀ ਰਿਆਸਤ ਲੋਕਾਂ ਦੇ ਮਨਾਂ ਵਿਚ ਜ਼ਹਿਰ ਭਰਦੀ ਹੋਈ, ਉਨ੍ਹਾਂ ਨੂੰ ਆਪਣਾ ਹਿੱਸਾ ਬਣਾ ਲੈਂਦੀ ਹੈ।

ਵਰਵਰਾ ਰਾਓ ਨੇ ਆਪਣੀ ਇਕ ਕਵਿਤਾ ਵਿਚ ਲਿਖਿਆ ਹੈ, ‘‘ਬਸੰਤ ਕਦੇ ਇਕੱਲਿਆਂ ਨਹੀਂ ਆਉਂਦੀ/ਗਰਮੀ ਦੀ ਰੁੱਤ ਨਾਲ ਮਿਲ ਕੇ ਆਉਂਦੀ ਏ/ਝੜੇ ਹੋਏ ਫੁੱਲਾਂ ਦੀ ਯਾਦ/ਤੇ ਬਚੀਆਂ ਹੋਈਆਂ ਕਰੂੰਬਲਾਂ ਦੇ ਕੋਲ ਹੀ/ਨਵੀਆਂ ਕਰੂੰਬਲਾਂ ਫੁੱਟਦੀਆਂ ਨੇ/’’ ਜ਼ਿੰਦਗੀ ਵਿਚ ਸਭ ਕੁਝ ਹੁੰਦਾ ਹੈ; ਬਸੰਤ, ਪਤਝੜ, ਗਰਮੀ ਤੇ ਮੀਂਹ ਦੀਆਂ ਰੁੱਤਾਂ, ਸਿਆਲ, ਕਵਿਤਾ, ਅਕਵਿਤਾ... ਜ਼ਿੰਦਗੀ ਹਰ ਸ਼ੈਅ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ। ਵਰਵਰਾ ਰਾਓ ਨੇ ਸੰਘਰਸ਼ ਭਰੀ ਜ਼ਿੰਦਗੀ ਜੀਵੀ ਹੈ। ਉਸ ਨੇ ਲੋਕਾਂ ਦੇ ਸੁੱਖਾਂ, ਦੁੱਖਾਂ ਤੇ ਦੁਸ਼ਵਾਰੀਆਂ ਨੂੰ ਸ਼ਬਦਾਂ ’ਚ ਪ੍ਰਗਟਾਇਆ ਹੈ। ਲੋਕ ਕਵੀ ਹਮੇਸ਼ਾ ਇਹੀ ਕਰਦੇ ਆਏ ਹਨ। ਸਾਡੇ ਆਪਣੇ ਕਵੀ ਲਾਲ ਸਿੰਘ ਦਿਲ ਨੇ ਕਿਹਾ ਹੈ, ‘‘ਸ਼ਬਦ ਤਾਂ ਕਹੇ ਜਾ ਚੁੱਕੇ ਹਨ/ਅਸਾਥੋਂ ਵੀ ਬਹੁਤ ਪਹਿਲਾਂ/ਤੇ ਅਸਾਥੋਂ ਵੀ ਬਹੁਤ ਪਿੱਛੋਂ ਦੇ/ਅਸਾਡੀ ਹਰ ਜ਼ਬਾਨ/ਜੇ ਹੋ ਸਕੇ ਤਾਂ ਕੱਟ ਲੈਣਾ/ਪਰ ਸ਼ਬਦ ਤਾਂ ਕਹੇ ਜਾ ਚੁੱਕੇ ਹਨ।”

ਹਾਂ, ਸ਼ਬਦ ਕਹੇ ਜਾ ਚੁੱਕੇ ਹਨ, ਸ਼ਬਦ ਕਹੇ ਜਾ ਰਹੇ ਹਨ, ਸ਼ਬਦ ਕਹੇ ਜਾਣਗੇ। .

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਅਧਿਕਾਰੀਆਂ ਨੇ ਪਾਬੰਦੀਆਂ ਨੂੰ ਕਰੋਨਾ ਦੇ ਫੈਲਾਅ ਨੂੰ ਠੱਲ੍ਹਣ ਲਈ ਕੀਤੇ ...

ਸੁਸ਼ਾਂਤ ਨੂੰ ਬਾਈਪੋਲਰ ਡਿਸਆਡਰ ਸੀ: ਮੁੰਬਈ ਪੁਲੀਸ

ਸੁਸ਼ਾਂਤ ਨੂੰ ਬਾਈਪੋਲਰ ਡਿਸਆਡਰ ਸੀ: ਮੁੰਬਈ ਪੁਲੀਸ

ਬਿਹਾਰ ਦੇ ਨੇਤਾਵਾਂ ਨੇ ਸੀਬੀਆਈ ਜਾਂਚ ਮੰਗੀ

ਸ਼ਹਿਰ

View All