ਨਰਿੰਦਰ ਪਾਲ ਸਿੰਘ ਜਗਦਿਓ
ਮੇਰੇ ਕੋਲ ਪੋਸਟ ਗ੍ਰੈਜੂਏਸ਼ਨ ਦੀਆਂ ਦੋ ਡਿਗਰੀਆਂ ‘ਪੂਰੀਆਂ’ ਅਤੇ ਇਕ ‘ਅੱਧੀ’ ਹੈ; ਦੋ ਐੱਮਏ ਪਾਸ ਹਾਂ ਤੇ ਤੀਜੀ 20-21 ਸਾਲਾਂ ਤੋਂ ਅੱਧ-ਅਧੂਰੀ ਹੈ। ਬੀਕਾਮ ਆਖਿ਼ਰੀ ਸਾਲ ਦੇ ਪੇਪਰ ਦਿੱਤੇ ਤਾਂ ਕੁਝ ਸਮਝ ਨਾ ਲੱਗੇ ਕਿ ਅੱਗੇ ਕੀ ਪੜ੍ਹਿਆ ਜਾਵੇ। ਕਾਮਰਸ ਦੀ ਪੜ੍ਹਾਈ ਖਿੱਚ-ਧੂਹ ਕਰ ਕੇ ਪੜ੍ਹ ਤਾਂ ਲਈ ਪਰ ਦਿਲੋਂ ਨਹੀਂ ਕੀਤੀ ਸੀ। ਇਨ੍ਹਾਂ ਸਾਲਾਂ ਦੌਰਾਨ ਨੌਕਰੀ ਪ੍ਰਾਪਤ ਕਰਨ ਲਈ ਅਜਿਹਾ ਕਿਹੜਾ ਇਮਤਿਹਾਨ ਸੀ ਜੋ ਨਾ ਦਿੱਤਾ ਹੋਵੇ ਪਰ ਜਦੋਂ ਪੜ੍ਹਾਈ ਹੀ ਦਿਲੋਂ ਨਾ ਕੀਤੀ ਗਈ ਹੋਵੇ ਤਾਂ ਮੁਕਾਬਲੇ ਵਾਲੇ ਇਮਤਿਹਾਨਾਂ ਵਿਚ ਸਫਲਤਾ ਕਿੱਥੇ ਹਾਸਲ ਹੁੰਦੀ ਹੈ?
ਖੈਰ! ਬੀਕਾਮ ਤੋਂ ਅੱਗੇ ਕੀ ਪੜ੍ਹਿਆ ਜਾਵੇ, ਇਹ ਵੱਡਾ ਮਸਲਾ ਸੀ। ਮੇਰੇ 1-2 ਦੋਸਤਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਆਪੋ-ਆਪਣੇ ਜੱਦੀ-ਪੁਸ਼ਤੀ ਕੰਮਕਾਰ ਸਾਂਭ ਲਏ ਸੀ ਅਤੇ ਕਈਆਂ ਨੂੰ ਤਾਂ ਵਿਆਹ ਲਈ ਰਿਸ਼ਤੇ ਵੀ ਆਉਣੇ ਸ਼ੁਰੂ ਹੋ ਗਏ ਸੀ। ਨੌਕਰੀਪੇਸ਼ਾ ਬਾਪ ਦਾ ਪੁੱਤ ਹੋਣ ਦੇ ਨਾਤੇ ਆਪਾਂ ਤਾਂ ਨੌਕਰੀ ਹੀ ਕਰਨੀ ਸੀ, ਇਸ ਲਈ ਅਗਲੇਰੀ ਪੜ੍ਹਾਈ ਲਈ ਕੋਈ ਅਜਿਹਾ ਵਿਸ਼ਾ ਸੋਚਣਾ ਸ਼ੁਰੂ ਕੀਤਾ ਜਿਸ ਵਿਚ ਨੌਕਰੀ ਦੀਆਂ ਸੰਭਾਵਨਾਵਾਂ ਵਧੇਰੇ ਹੋਣ। ਇਕ ਵਾਰ ਤਾਂ ਵਕੀਲ ਬਣਨ ਦਾ ਭੂਤ ਵੀ ਸਵਾਰ ਹੋਇਆ ਪਰ ਉਹ ਜਲਦੀ ਹੀ ਉਤਰ ਗਿਆ। ਜਦੋਂ ਕੋਈ ਰਾਹ ਨਾ ਲੱਭਿਆ ਤਾਂ ਪੰਜਾਬ ਯੂਨੀਵਰਸਿਟੀ ਵਿਚ ਐੱਮਏ ਪੰਜਾਬੀ, ਲੋਕ ਪ੍ਰਸ਼ਾਸਨ, ਰਾਜਨੀਤੀ ਸ਼ਾਸਤਰ, ਥਿਏਟਰ, ਸਮਾਜ ਵਿਗਿਆਨ ਅਤੇ ਮਨੋਵਿਗਿਆਨ ਵਿਸ਼ਿਆਂ ਦੇ ਦਾਖਲਾ ਫਾਰਮ ਭਰ ਆਇਆ ਕਿ ਕਿਤੇ ਤਾਂ ਦਾਖਲਾ ਮਿਲੇਗਾ। ਦਾਖਲਾ ਫਾਰਮ ਜਮ੍ਹਾਂ ਕਰਵਾਉਣ ਵੇਲੇ ਹੀ ਇਨ੍ਹਾਂ ਸਾਰੇ ਵਿਭਾਗਾਂ ਵਾਲਿਆਂ ਦੱਸ ਦਿੱਤਾ ਸੀ ਕਿ ਦਾਖਲਾ ਮਿਲਣਾ ਅਸੰਭਵ ਹੈ।
ਜਦੋਂ ਬੀਕਾਮ ਆਖਿ਼ਰੀ ਸਾਲ ਦਾ ਨਤੀਜਾ ਆਇਆ ਤਾਂ ਮੇਰਾ ਆਰਐੱਲ ਸੀ; ਭਾਵ, ਰਿਜ਼ਲਟ ਲੇਟ। ਇਸ ਦਾ ਕਾਰਨ ਇਹ ਸੀ ਕਿ ਬੀਕਾਮ ਭਾਗ ਦੂਜਾ ਵਿਚ ਅਰਥ ਸ਼ਾਸਤਰ ਦੇ ਵਿਸ਼ੇ ’ਚੋਂ ਕੰਪਾਰਟਮੈਂਟ ਆਈ ਸੀ ਅਤੇ ਉਸ ਦਾ ਨਤੀਜਾ ਯੂਨੀਵਰਸਿਟੀ ਨੇ ਅਜੇ ਅੱਪਡੇਟ ਨਹੀਂ ਕੀਤਾ ਸੀ। ਯੂਨੀਵਰਸਿਟੀ ਜਾ ਕੇ ਕੰਪਾਰਟਮੈਂਟ ਪਾਸ ਕਰ ਲੈਣ ਵਾਲੇ ਸਰਟੀਫਿਕੇਟ ਦਿਖਾਏ, ਫੇਰ ਕਿਤੇ ਜਾ ਕੇ ਉਨ੍ਹਾਂ ਨਤੀਜਾ ਕੱਢਿਆ। ਜਦੋਂ ਤੱਕ ਨਤੀਜਾ ਆਇਆ, ਰੈਗੂਲਰ ਐੱਮਏ ਦੇ ਦਾਖਲੇ ਦੀਆਂ ਤਾਰੀਖਾਂ ਲੰਘ ਚੱੁਕੀਆਂ ਸਨ।
ਮੈਂ ਐੱਮਏ ਲੋਕ ਪ੍ਰਸ਼ਾਸਨ ਵਿਚ ਪ੍ਰਾਈਵੇਟ ਤੌਰ ’ਤੇ ਦਾਖਲਾ ਲੈ ਲਿਆ। ਸੁਣਿਆ ਸੀ ਕਿ ਲੋਕ ਪ੍ਰਸ਼ਾਸਨ ਦੀ ਪੜ੍ਹਾਈ ਮੁਕਾਬਲੇ ਵਾਲੇ ਇਮਤਿਹਾਨਾਂ ਵਿਚ ਬਹੁਤ ਮਦਦਗਾਰ ਹੁੰਦੀ ਹੈ। ਇਸ ਵਿਸ਼ੇ ਦੀ ਪੜ੍ਹਾਈ ਵੀ ਮੈਨੂੰ ਦਿਲਚਸਪ ਲੱਗਦੀ ਸੀ। ਪਹਿਲੇ ਸਾਲ ਦੇ ਪੇਪਰ ਦੇ ਦਿੱਤੇ ਅਤੇ ਨਤੀਜਾ ਉਡੀਕਣ ਲੱਗਾ। ਇਸ ਸਮੇਂ ਤੱਕ ਮੇਰੇ ਅਖ਼ਬਾਰਾਂ ਵਿਚ ਚਿੱਠੀ-ਪੱਤਰ ਅਤੇ ਕੁਝ ਲੇਖ ਛਪਣੇ ਸ਼ੁਰੂ ਹੋ ਗਏ ਸੀ। ਜਦੋਂ ਮੇਰਾ ਨਤੀਜਾ ਆਇਆ ਤਾਂ ਮੈਂ ਫੇਲ੍ਹ ਸੀ। ਤਿੰਨ ਵਿਸ਼ਿਆਂ ’ਚੋਂ ਨੰਬਰ ਚੰਗੇ ਸੀ ਅਤੇ ਦੋ ਵਿਚੋਂ ਫੇਲ੍ਹ। ਇਸ ਨਤੀਜੇ ਦੀ ਉੱਕਾ ਉਮੀਦ ਨਹੀਂ ਸੀ। ਮੈਂ ਫੇਲ੍ਹ ਹੋਏ ਦੋਵਾਂ ਵਿਸ਼ਿਆਂ ਦੇ ਮੁੜ-ਮੁਲਾਂਕਣ ਦੀ ਦਰਖਾਸਤ ਦੇ ਦਿੱਤੀ।
ਉਸੇ ਸਾਲ ਏਐੱਸ ਕਾਲਜ ਖੰਨਾ ਵਿਚ ਐੱਮਕਾਮ ਦੀ ਪੜ੍ਹਾਈ ਸ਼ੁਰੂ ਹੋਈ ਸੀ। ਜ਼ਿੰਦਗੀ ’ਚ ਪਹਿਲੀ ਵਾਰ ਫੇਲ੍ਹ ਹੋਣ ਦੀ ਨਿਰਾਸ਼ਾ ਤੋਂ ਉਭਰਨ ਲਈ ਐੱਮਕਾਮ ਵਿਚ ਦਾਖਲਾ ਲੈ ਲਿਆ। ਇਕ ਸਾਲ ਦੇ ਵਕਫੇ ਬਾਅਦ ਉਸੇ ਕਾਲਜ ਵਿਚ ਸਾਂ ਜਿੱਥੋਂ ਬੀਕਾਮ ਪਾਸ ਕੀਤੀ ਸੀ ਪਰ ਇੱਥੇ ਨਾ ਤਾਂ ਬੀਕਾਮ ਵਾਲਾ ਕੋਈ ਦੋਸਤ ਸੀ ਅਤੇ ਨਾ ਹੀ ਉਹ ਮਾਹੌਲ। ਜਦੋਂ ਐੱਮਏ (ਲੋਕ ਪ੍ਰਸ਼ਾਸਨ) ਦੇ ਪਹਿਲੇ ਸਾਲ ਦੇ ਫੇਲ੍ਹ ਹੋਏ ਦੋ ਪੇਪਰਾਂ ਦੇ ਮੁੜ-ਮੁਲਾਂਕਣ ਦਾ ਨਤੀਜਾ ਆਇਆ ਤਾਂ ਉਨ੍ਹਾਂ ਇਕ ਪੇਪਰ ’ਚੋਂ ਪਾਸ ਕਰਕੇ ਦੂਜੇ ਵਿਚੋਂ ਕੰਪਾਰਟਮੈਂਟ ਕੱਢ ਦਿੱਤੀ। ਹੁਣ ਮੈਂ ਐੱਮਏ (ਲੋਕ ਪ੍ਰਸ਼ਾਸਨ) ਦੇ ਦੂਜੇ ਸਾਲ ਵਿਚ ਦਾਖਲਾ ਲੈਣ ਦੇ ਯੋਗ ਹੋ ਗਿਆ ਸਾਂ।
ਇਨ੍ਹਾਂ ਦੋ ਸਾਲਾਂ ਦੇ ਧੱਕਿਆਂ ਅਤੇ ਨਿਰਾਸ਼ਾ ਦੇ ਆਲਮ ਨੇ ਸਮਝਾ ਦਿੱਤਾ ਕਿ ਮੇਰੀ ਮੰਜ਼ਿਲ ਕੋਈ ਹੋਰ ਹੈ, ਮੇਰੇ ਮਨਪਸੰਦ ਵਿਸ਼ੇ ਕੋਈ ਹੋਰ ਹਨ ਤੇ ਮੈਂ ਐਵੇਂ ਹੋਰ ਵਿਸ਼ਿਆਂ ਦੀ ਪੜ੍ਹਾਈ ਵਿਚ ਟੱਕਰਾਂ ਮਾਰ ਰਿਹਾ ਸਾਂ! ਚਾਰ ਕੁ ਮਹੀਨੇ ਪੜ੍ਹ ਕੇ ਐੱਮਕਾਮ ਵੀ ਛੱਡ ਦਿੱਤੀ। ਐੱਮਕਾਮ ਅਤੇ ਐੱਮਏ (ਲੋਕ ਪ੍ਰਸ਼ਾਸਨ) ਦੀ ਪੜ੍ਹਾਈ ਦੌਰਾਨ ਕਾਫੀ ਪੈਸਾ ਵੀ ਖਰਾਬ ਹੋ ਗਿਆ ਸੀ। ਫਿਰ ਸਾਰਾ ਜ਼ੋਰ ਪੱਤਰਕਾਰੀ ਦੀ ਪੜ੍ਹਾਈ ਵੱਲ ਲਾ ਦਿੱਤਾ। ਲਿਖਣਾ, ਪੜ੍ਹਨਾ, ਜਗਿਆਸਾ ਅਤੇ ਸਮਾਜਿਕ ਸਰੋਕਾਰ ਮੇਰੇ ਸੁਭਾਅ ਦਾ ਹਿੱਸਾ ਹਨ; ਮੈਂ ਐਵੇਂ ਅਕਾਊਂਟਸ, ਟੈਕਸ, ਵਪਾਰਕ ਲੈਣ-ਦੇਣ ਅਤੇ ਕੰਪਨੀਆਂ ਦੀ ਸਾਂਭ-ਸੰਭਾਲ ਵਰਗੇ ‘ਖੁਸ਼ਕ’ ਜਿਹੇ ਵਿਸ਼ਿਆਂ ਨਾਲ ਪੰਗਾ ਲਈ ਬੈਠਾ ਸਾਂ।
ਪੱਤਰਕਾਰੀ ਦੀ ਡਿਗਰੀ ਦੌਰਾਨ ਦਿਲ ਲਾ ਕੇ ਪੜ੍ਹਾਈ ਕੀਤੀ। ਚੰਗੇ ਨੰਬਰਾਂ ਨਾਲ ਪਾਸ ਹੋਇਆ। ਬਹੁਤ ਸਾਰੀਆਂ ਰੂਸੀ ਅਤੇ ਹੋਰ ਸਾਹਿਤਕ ਕਿਤਾਬਾਂ ਨਾਲ ਮੁਲਾਕਾਤ ਹੋਈ। ਇਸ ਤੋਂ ਬਾਅਦ ਐੱਮਏ (ਪੰਜਾਬੀ) ਵੀ ਪਾਸ ਕਰ ਲਈ। ਐੱਮਏ ਪੰਜਾਬੀ ਦੇ ਪਹਿਲੇ ਸਾਲ ਨਾਲੇ ਤਾਂ ਰੈਗੂਲਰ ਪੜ੍ਹਾਈ ਕੀਤੀ, ਨਾਲੇ ਇਕ ਅਖ਼ਬਾਰ ਵਿਚ ਨੌਕਰੀ। ਅਸਲ ਮੁਕਾਮ ਤਾਂ ਇਹੀ ਸੀ! ਨਾਲੇ ਜਿਸ ਕੰਮ ’ਚ ਦਿਲ ਲੱਗੇ, ਉਸ ਦੇ ਨਤੀਜੇ ਵੀ ਚੰਗੇ ਆਉਂਦੇ ਹਨ। ਆਪਣੀ ਪਹਿਲੀ ਨੌਕਰੀ ਤੋਂ ਲੈ ਕੇ ਹੁਣ ਗਜ਼ਟਿਡ ਅਸਾਮੀ ਵਾਲਾ ਸਰਕਾਰੀ ਨੌਕਰ ਬਣਨ ਤੱਕ ਜਿਹੜੀਆਂ ਵੀ 2-3 ਨੌਕਰੀਆਂ ਲਈ ਇਮਤਿਹਾਨ, ਇੰਟਰਵਿਊ ਦਿੱਤੇ, ਉਹ ਪਹਿਲੀ ਵਾਰ ਹੀ ਪਾਸ ਹੋ ਗਏ। ਬੀਕਾਮ ਵੇਲੇ ਬੈਂਕ ਕਲਰਕ ਤੋਂ ਲੈ ਕੇ ਸਿਵਲ ਸਰਵਿਸਿਜ਼ ਲਈ ਦਿੱਤੇ ਇਮਤਿਹਾਨਾਂ ’ਚ ਕਿਤੇ ਦੂਰ ਦੂਰ ਤੱਕ ਵੀ ਨੰਬਰ ਨਹੀਂ ਆਇਆ।
ਮੇਰੀ ਧੀ ਨੂੰ ਹਿਸਾਬ ਦਾ ਵਿਸ਼ਾ ਭਾਉਂਦਾ ਨਹੀਂ। ਮੈਂ ਆਪਣੇ ਹਿਸਾਬ ਨਾਲ ਉਸ ਨੂੰ ਪ੍ਰੇਰਦਾ ਰਹਿੰਦਾ ਹਾਂ ਕਿ ਵਿਸ਼ੇ ਵਜੋਂ ਜਦੋਂ ਤੱਕ ਹਿਸਾਬ ਲਾਜ਼ਮੀ ਤੌਰ ’ਤੇ ਪੜ੍ਹਨਾ ਹੈ, ਉਸ ਵਿਚੋਂ ਘੱਟੋ-ਘੱਟ ਸਨਮਾਨਯੋਗ ਨੰਬਰ ਲੈਣ ਦੀ ਕੋਸ਼ਿਸ਼ ਉਹ ਜ਼ਰੂਰ ਕਰੇ, ਬਾਕੀ ਬਾਅਦ ਵਿਚ ਦੇਖੀ ਜਾਵੇਗੀ। ਵੈਸੇ, ਮੇਰੀ ਐੱਮਏ (ਲੋਕ ਪ੍ਰਸ਼ਾਸਨ) ਦੀ ਅੱਧੀ ਡਿਗਰੀ ਦਾ ਇਹ ਫਾਇਦਾ ਜ਼ਰੂਰ ਹੋਇਆ ਕਿ ਇਸ ਝਟਕੇ ਤੋਂ ਬਾਅਦ ਦੋ ਡਿਗਰੀਆਂ ਬਿਨਾ ਬ੍ਰੇਕ ਕਰ ਲਈਆਂ ਅਤੇ ਇਨ੍ਹਾਂ ਦੇ ਆਧਾਰ ’ਤੇ ਹੀ ਚੰਗੀਆਂ ਨੌਕਰੀਆਂ ਮਿਲੀਆਂ।
ਸੰਪਰਕ: 97802-16767