ਜਗਦੀਪ ਸਿੱਧੂ
ਦੋ ਹਜ਼ਾਰ ਚਾਰ ਵਿਚ ਮੈਂ ਆਪਣੀ ਪੜ੍ਹਾਈ ਮਕੁੰਮਲ ਕੀਤੀ। ਮੇਰੇ ਗੁਰੂ, ਕੋਚ ਅਜਵੰਤ ਸਿੰਘ ਬੱਲ ਨੇ ਜ਼ੋਰ ਦੇ ਕੇ ਕਿਹਾ ਕਿ ਜਦ ਤਕ ਕਿਤੇ ਹੋਰ ਬੰਨ੍ਹ-ਸੁਬ ਨਹੀਂ ਹੋ ਜਾਂਦਾ, ਮੇਰੇ ਭਾਣਜਿਆਂ ਦੇ ਸਕੂਲ ਵਿਚ ਚਲਾ ਜਾ, ਕੁਝ ਸਿੱਖੇਂਗਾ ਹੀ। ਖਰੜ ਨੇੜੇ ਘੜੂੰਆਂ ਵਿਚ ਸੇਕਰਡ ਸਕੂਲ ਵਿਚ ਸਪੋਰਟਸ ਟੀਚਰ ਜਾ ਲੱਗਾ। ਤਦ ਇਹ ਇਲਾਕਾ ਹੁਣ ਵਾਂਗ ਆਬਾਦ ਨਹੀਂ ਸੀ ਹੁੰਦਾ ਤੇ ਬੇਸ਼ਕੀਮਤੀ ਵੀ ਨਹੀਂ। ਵੀਹ-ਪੱਚੀ ਕਿਲੋਮੀਟਰ ਵਿਚ ਕੋਈ ਉੱਤਮ ਦਰਜੇ ਦਾ ਸਕੂਲ ਨਹੀਂ ਸੀ। ਇਹ ਖਰੜ, ਮੋਰਿੰਡਾ, ਕੁਰਾਲੀ ਵਿਚਕਾਰ ਪੈਂਦ। ਹੋਸਟਲ ਦੀ ਸਹੂਲਤ ਹੋਣ ਕਰਕੇ ਦੂਰੋਂ ਦੂਰੋਂ ਬੱਚੇ ਪੜ੍ਹਨ ਆਉਂਦੇ। ਇਸ ਦੇ ਮਾਲਕ ਉਤਰਾਂਚਲ (ਹੁਣ ਉਤਰਾਖੰਡ) ਤੋਂ ਸਨ (ਹਨ)। ਉਹ ਛੋਟੇ ਛੋਟੇ ਕੰਮਾਂ ’ਤੇ ਖ਼ੁਦ ਮਿਹਨਤ ਕਰਦੇ। ਸਕੂਲ ਸਮੇਂ ਉਹ ਕੋਟ ਪੈਂਟ ਟਾਈ ਲਗਾ ਕੇ ਡਾਇਰੈਕਟਰ ਦੀ ਕੁਰਸੀ ’ਤੇ ਬੈਠਦੇ। ਉਸ ਤੋਂ ਬਾਅਦ ਖੇਡ ਮੈਦਾਨ ਬਣਾਉਣ ਲਈ ਜ਼ਮੀਨ ਪੱਧਰ ਕਰਦੇ, ਘਾਹ ਲਾਉਂਦੇ। ਨਵੇਂ ਕਮਰੇ ਪੈਂਦੇ, ਲੈਂਟਰ ’ਤੇ ਸਾਰਾ ਦਿਨ ਖੜ੍ਹੇ ਰਹਿੰਦੇ। ਕਈ ਵਾਰ ਕਿਸੇ ਸਕੂਲ ਬੱਸ ਦਾ ਡਰਾਈਵਰ ਕਿਸੇ ਕਾਰਨ ਗ਼ੈਰਹਾਜ਼ਰ ਹੁੰਦਾ, ਮਾਲਕ ਬੱਸ ਚਲਾ ਕੇ ਬੱਚੇ ਲੈਣ ਤੁਰ ਪੈਂਦੇ। ਰਾਤ ਨੂੰ ਵਾਰੀ ਵਾਰੀ ਜਾਗ ਕੇ ਪਹਿਰੇ ਦਿੰਦੇ।
ਇਹ ਮਿਹਨਤ, ਸਮਰਪਣ ਯਕਦਮ ਜਾਂ ਅਭਿਆਸ ਦੁਆਰਾ ਪ੍ਰਾਪਤ ਨਹੀਂ ਸੀ ਲੱਗਦਾ। ਇਹ ਸਭ ਲਹੂ ਅੰਦਰ ਘੁਲਿ਼ਆ ਲੱਗਦਾ ਸੀ।
ਉਤਰਾਖੰਡ ਤੋਂ ਪੰਜਾਹ-ਸੱਠ ਬੱਚੇ ਹੋਸਟਲ ਵਿਚ ਪੜ੍ਹਦੇ। ਬੜੇ ਸਲੀਕੇਦਾਰ, ਮਿਹਨਤੀ। ਬੜੀ ਸੋਹਣੀ ਪੰਜਾਬੀ, ਅੰਗਰੇਜ਼ੀ ਬੋਲਦੇ। ਮਾਪੇ ਬੇਫ਼ਿਕਰ ਪੰਜਾਬ ਤੋਂ ਪੰਜਾਬ ਵਿਚ ਹੀ ਗਏ ਸੀ। ਹੋਰ ਆਸੇ-ਪਾਸੇ ਦੇ ਬੱਚੇ ਥੋੜ੍ਹੇ ਭੋਲੇ; ਜਿਵੇਂ ਇਹ ਉਨ੍ਹਾਂ ਨੂੰ ਵੱਸਣਾ, ਜੀਵਨ-ਰਹਿਣਾ ਸਿਖਾਉਣ ਆਏ ਹੋਣ।
ਗਰਮੀਆਂ ਦੀ ਛੁੱਟੀਆਂ ਹੁੰਦੀਆਂ। ਇਨ੍ਹਾਂ ਨੂੰ ਘਰੋ-ਘਰੀ ਛੱਡਣ, ਤੇ ਫਿਰ ਲਿਆਉਣ ਦੀ ਡਿਊਟੀ ਮੇਰੀ ਲੱਗਦੀ। ਚੰਡੀਗੜ੍ਹ ਤੋਂ ਰਾਤ ਨੂੰ ਡੀਲਕਸ ਬੱਸ ਚਲਦੀ, ਸਾਰੀ ਪਹਿਲੋਂ ਹੀ ਬੁੱਕ ਕਰਵਾ ਲਈਦੀ।
ਸਵੇਰੇ ਬਾਜਪੁਰ ਪਹੁੰਚਦੇ। ਬਿਲਕੁਲ ਪੰਜਾਬ। ਸਾਰੀ ਰਾਤ ਮੇਰੀ ਬੈਠੇ ਤੇ ਜਾਗਦੇ ਦੀ ਔਖੀ ਲੰਘਦੀ। ਬਾਜਪੁਰ, ਕਾਸ਼ੀਪੁਰ, ਰੁਦਰਪੁਰ, ਥਾਂ ਥਾਂ ਰੁਕਦੇ। ਬੱਚੇ ਉਤਾਰੀ ਜਾਂਦੇ। ਮਾਪੇ ਉਡੀਕ ਰਹੇ ਹੁੰਦੇ। ਮੈਂ ਹਲਦਵਾਨੀ ਰੁਕਦਾ। ਪਹਾੜਾਂ ਦੇ ਪੈਰਾਂ ਵਿਚ। ਪਹਿਲਾਂ ਹੀ ਖੁਸ਼ ਸਾਂ, ਇਨ੍ਹਾਂ ਦਾ ਪਹਾੜਾਂ ਦੇ ਗੁਆਂਢੀ ਹੋਣਾ ਹੋਰ ਚੰਗਾ ਲੱਗਦਾ।
ਕਦੀ ਕਦੀ ਮੈਂ ਕਿਸੇ ਬੱਚੇ ਦੇ ਘਰ ਠਹਿਰ ਜਾਂਦਾ। ਉਨ੍ਹਾਂ ਦੇ ਪਿਓ-ਦਾਦਿਆਂ ਕੋਲ਼ ਅਮੁੱਕ ਗੱਲਾਂ ਹੁੰਦੀਆਂ। ਉਹ ਆਪਣੇ ਸੰਘਰਸ਼ਾਂ, ਪੰਜਾਬ ’ਚ ਰਿਸ਼ਤੇਦਾਰੀਆਂ ਦੀਆਂ ਗੱਲਾਂ ਕਰਦੇ। ਉਨ੍ਹਾਂ ਦੀਆਂ ਗੱਲਾਂ ਹੁਣ ਮੈਨੂੰ ‘ਕਾਵਿਕ ਬਿੰਬ’ ਲੱਗਦੀਆਂ- “ਰਾਤ ਨੂੰ ਚੱਲ ਕੇ ਸਵੇਰੇ ਪਹੁੰਚ ਜਾਂਦੇ ਹਾਂ।” ਸ਼ਾਇਦ ਆਉਣ ਵਾਲ਼ੇ ਦਿਨਾਂ ਦਾ ਕੋਈ ਅੰਦੇਸ਼ਾ ਹੋਵੇ ਉਨ੍ਹਾਂ ਨੂੰ।
ਇਕ ਵਾਰ ਮੈਂ ਪੂਰਨਪੁਰ ਗਿਆ। ਇਕ ਬੱਚੇ ਦਾ ਪਿਤਾ ਮੇਰਾ ਦੋਸਤ ਬਣ ਗਿਆ। ਮੈਂ ਕਿਹਾ- “ਆਵਾਂਗਾ ਇਸ ਵਾਰ, ਰੁਦਰਪੁਰ ਤੋਂ ਕਿੰਨੀ ਦੂਰ ਹੈ?” ਉਸ ਪੀਲੀਭੀਤ ਕੋਲ਼ ਕਿਹਾ। ਰੁਦਰਪੁਰ ਤੋਂ ਇਕ ਸੌ ਤੀਹ ਕਿਲੋਮੀਟਰ।
ਜਦ ਮਿਲਿਆ, ਉਸ ਆਪਣਾ ਦਰਦ ਛੋਹਿਆ- “ਪੀਲੀਭੀਤ ਦੇ ਝੂਠੇ ਪੁਲੀਸ ਮੁਕਾਬਲੇ ਵਿਚ ਨੌਂ ਸਿੱਖਾਂ ਵਿਚ ਉਸ ਦੇ ਰਿਸ਼ਤੇਦਾਰ, ਦੋਸਤ ਵੀ ਸਨ।” ਮੈਨੂੰ ਲੱਗਾ, ਤਦ ਉਸ ਨੇ ਇਹ ਵੀ ਕਿਹਾ ਸੀ, “ਪੀਲੀਭੀਤ ਸਾਡੇ ਕੋਲ਼ ਹੀ ਹੈ। ਇਥੇ ਸਾਡੇ ਸਕੇ ਜਿਊਂਦੇ, ਮਰੇ ਸਨ। ਕਿਤੇ ਵੀ ਜਾਈਏ, ਇਹ ਸਾਡੇ ਨੇੜੇ ਹੀ ਰਹਿੰਦਾ।”
ਕਿਸੇ ਸਮੇਂ ਇਹ ਇਲਾਕਾ ਵੀਰਾਨ ਸੀ। ਜੰਗ਼ਲ। ਸ਼ੇਰ, ਚੀਤੇ, ਬਘਿਆੜ, ਸੱਪ, ਅਜਗਰ। ਸਰਕਾਰ ਨੇ ਕਈ ਤਰ੍ਹਾਂ ਦੇ ਲੋਕ ਭੇਜੇ। ਇਲਾਕਾ ਆਬਾਦ ਹੋ ਜਾਵੇ। ਦੌੜ ਗਏ ਸਭ। ਪੰਜਾਬੀ ਕਿਸਾਨ ਆਏ। ਜ਼ਮੀਨਾਂ ਆਬਾਦ ਕੀਤੀਆਂ। ਇਲਾਕਾ ਹਰਿਆ-ਭਰਿਆ ਕੀਤਾ। ਕੇਂਦਰੀ ਅਨਾਜ ਭੰਡਾਰ ਵਿਚ ਹਿੱਸਾ ਪਾਇਆ। ਖਲਕਤ ਦਾ ਢਿੱਡ ਭਰਿਆ। ਉਨ੍ਹਾਂ ਨੂੰ ਕੀ ਪਤਾ ਸੀ ਕਿਸੇ ਸਮੇਂ ਲੋਕਾਂ ਨੇ ਹੀ ਜਾਨਵਰ ਬਣ ਆ ਜਾਣਾ, ਸਾਨੂੰ ਜ਼ਮੀਨਾਂ ਤੋਂ ਖਦੇੜਨ!
ਯੂਪੀ ਵਿਚ ਮਾਇਆਵਤੀ ਦੀ ਸਰਕਾਰ ਵੇਲ਼ੇ ਵੀ ਇਨ੍ਹਾਂ ਦੀਆਂ ਜ਼ਮੀਨਾਂ ਹੜੱਪਣ ਦੀ ਕੋਸ਼ਿਸ਼ ਕੀਤੀ ਗਈ। ਵਣ ਵਿਭਾਗ ਰਾਹੀਂ ਇਨ੍ਹਾਂ ’ਤੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਤਦ ਜ਼ਮੀਨ ਸਰਕਾਰ ਨੇ ਆਲਾਟ ਕੀਤੀ ਸੀ। ਜਿਨ੍ਹਾਂ ਨੇ ਬਾਅਦ ਪੰਜਾਬ ਤੋਂ ਆ ਕੇ ਜ਼ਮੀਨਾਂ ਖ਼ਰੀਦੀਆਂ ਸਨ, ਤੰਗ ਉਨ੍ਹਾਂ ਨੂੰ ਵੀ ਕੀਤਾ ਗਿਆ। ਉਤਰਾਂਚਲ (ਉਤਰਾਖੰਡ) ਬਣਨ ਨਾਲ਼ ਤਰਾਈ ਦਾ ਵੱਡਾ ਹਿੱਸਾ ਉਤਰਾਖੰਡ ਵਿਚ ਆ ਗਿਆ।
ਹੁਣ ਤਿੰਨ ਖੇਤੀ ਕਾਨੂੰਨਾਂ ਕਾਰਨ ਇਨ੍ਹਾਂ ਦੀਆਂ ਜ਼ਮੀਨਾਂ ਵੀ ਖੋਹੀਆਂ ਜਾਣਗੀਆਂ। ਦੇਖਣ ਨੂੰ ਇਹ ਗਿਣਤੀ ‘ਤਿੰਨ’ ਲੱਗਦੀ ਪਰ ਇਸ ਨੇ ਲੱਖਾਂ ਲੋਕ ਉਜਾੜ ਦੇਣੇ।
ਲਖੀਮਪੁਰ ਖੀਰੀ ਹੱਤਿਆ ਕਾਂਡ ਨੇ ਪੁਰਾਣੇ ਜ਼ਖ਼ਮ ਅੱਲ੍ਹੇ ਕਰ ਦਿੱਤੇ। ਮੈਨੂੰ ਲੱਗਦਾ, ਜਿਹੜੇ ਬੱਚਿਆਂ ਨੂੰ ਘਰ ਛੱਡਣ ਜਾਂ ਲੈਣ ਜਾਂਦਾ ਹੁੰਦਾ ਸਾਂ, ਵੱਡੇ ਹੋ ਗਏ। ਉਹ ਜ਼ਮੀਨਾਂ ਛੱਡ ਕੇ ਕਿਤੇ ਨਹੀਂ ਜਾਣਾ ਚਾਹੁੰਦੇ। ਉਹ ਤਾਂ ਕਦੇ ਕਦੇ ਘਰ ਤੋਂ ਦੂਰ ਸਕੂਲ ਨਾ ਜਾਣ ਲਈ ਅੜ ਜਾਂਦੇ ਸਨ। ਹੁਣ ਤਾਂ ਕਾਰਪੋਰੇਟ, ਸੱਤਾ ਧੱਕੇ ਨਾਲ਼ ਉਨ੍ਹਾਂ ਨੂੰ ਜ਼ਮੀਨਾ, ਘਰਾਂ ਚਿਚੋਂ ਹੀ ਕੱਢ ਰਹੀ ਹੈ।
ਦੁੱਖ ਸਹਿਣ ਵਾਲ਼ੇ ਜਿਨ੍ਹਾਂ ਦਾਦਿਆਂ ਨੂੰ ਮੈਂ ਮਿਲਦਾ ਸੀ, ਉਹ ਜਹਾਨੋਂ ਤੁਰ ਗਏ ਪਰ ਇਨ੍ਹਾਂ ‘ਬੱਚਿਆਂ’ ਦੇ ਪਿਤਾ ਦਾਦੇ ਬਣ ਗਏ ਹੋਣੇ। ਦਾਦਿਆਂ ਨੂੰ ਦੁੱਖ ਰਹਿਣਾ ਹੀ ਹੈ?
ਸੰਪਰਕ: 82838-26876