ਬਹਾਦਰ ਸਿੰਘ ਗੋਸਲ
ਕਰੀਬ 40-50 ਸਾਲ ਪਹਿਲਾਂ ਜਦੋਂ ਕੋਈ ਪੰਜਾਬ ’ਚੋਂ (ਖਰੜ ਵਾਲੇ ਪਾਸਿਉਂ) ਚੰਡੀਗੜ੍ਹ ਆਉਂਦਾ ਤਾਂ ਨਦੀ ਦਾ ਪੁਲ ਪਾਰ ਕਰਦਿਆਂ ਹੀ ਪੁਰਾਣੀ ਖਰੜ-ਕਾਲਕਾ ਸੜਕ ’ਤੇ ਲੱਗੇ ਜਾਮਣਾਂ ਦੇ ਵੱਡੇ-ਵੱਡੇ ਰੁੱਖਾਂ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ। ਖਾਸਕਰ ਮੁਹਾਲੀ ਪਿੰਡ ਦੇ ਪਾਸ ਤਾਂ ਸੜਕ ਉਤੇ ਇਹ ਰੁੱਖ ਦੇਖਣ ਯੋਗ ਹੁੰਦੇ ਸਨ। ਜਦੋ ਜੂਨ-ਜੁਲਾਈ ਦੇ ਮਹੀਨੇ ਕੋਈ ਇਸ ਸੜਕ ’ਤੇ ਆਉਂਦਾ ਤਾਂ ਉਹ ਚੰਡੀਗੜ੍ਹ ਦੇ ਬਜਵਾੜਾ ਚੌਕ ਤੱਕ ਜਾਮਣਾਂ ਦੇ ਰੁੱਖਾਂ ’ਤੇ ਲੱਗੀਆਂ ਮਣਾਂ-ਮੂੰਹੀਂ ਜਾਮਣਾਂ ਦੇਖ ਕੁਦਰਤ ਦੀ ਇਸ ਦੇਣ ਪ੍ਰਤੀ ਖੂਬ ਅਚੰਭੇ ਵਿੱਚ ਪੈ ਜਾਂਦਾ।
ਇਸ ਸੜਕ ’ਤੇ ਦੋਵੇਂ ਪਾਸੇ ਲੱਗੇ ਜਾਮਣਾਂ ਦੇ ਵੱਡੇ-ਵੱਡੇ ਰੁੱਖ, ਕਾਲੀਆਂ, ਮੋਟੀਆਂ ਅਤੇ ਰਸ ਭਰੀਆਂ ਜਾਮਣਾਂ ਸਭ ਦੇ ਮਨ ਨੂੰ ਲਲਚਾ ਦੇਂਦੀਆਂ। ਲੋਕ ਤੇ ਇਲਾਕੇ ਦੇ ਬੱਚੇ ਹੇਠ ਡਿੱਗਦੀਆਂ ਖੱਟੀਆਂ-ਮਿੱਠੀਆਂ ਜਾਮਣਾਂ ਦਾ ਆਨੰਦ ਲੈਂਦੇ। ਬੱਚੇ ਤਾਂ ਖੇਡਦੇ-ਖੇਡਦੇ ਹੀ ਜਾਮਣਾਂ ਨਾਲ ਪੱਲੇ ਭਰ ਲੈਂਦੇ, ਜਿਵੇਂ ਜਾਮਣਾਂ ਦਾ ਭੰਡਾਰਾ ਹੀ ਲੱਗ ਜਾਂਦਾ। ਸੜਕਾਂ ਦੇ ਨਾਲ ਲਗਦੇ ਪਿੰਡਾਂ ਵਿੱਚ ਹਰ ਘਰ ’ਚ ਜਾਮਣਾਂ ਪਈਆਂ ਮਿਲ ਜਾਂਦੀਆਂ, ਕਿਉਂਕਿ ਸੜਕ ਬਹੁਤ ਚਲਦੀ ਸੀ ਅਤੇ ਲੋਕਾਂ ਦਾ ਚੰਡੀਗੜ੍ਹ ਆਉਣਾ-ਜਾਣਾ ਬਣਿਆ ਹੀ ਰਹਿੰਦਾ। ਖਾਸ ਕਰਕੇ ਢਾਹੇ ਦੇ ਇਲਾਕੇ (ਮੋਰਿੰਡਾ ਤੋਂ ਪਾਰ ਲੁਧਿਆਣਾ ਤੇ ਫਤਹਿਗੜ੍ਹ ਸਾਿਹਬ ਜ਼ਿਲ੍ਹਿਆਂ ਦਾ ਇਲਾਕਾ) ਤੋਂ ਆਉਂਦੇ ਲੋਕ ਤਾਂ ਇਨ੍ਹਾਂ ਜਾਮਣਾਂ ਦਾ ਖੂਬ ਅਨੰਦ ਲੈਂਦੇ ਅਤੇ ਵਾਪਸੀ ’ਤੇ ਜਾਮਣਾਂ ਖ਼ਰੀਦ ਕੇ ਵੀ ਲੈ ਜਾਂਦੇ।
ਜਾਮਣਾਂ ਦੇ ਮੌਸਮ ਵਿੱਚ ਜਾਮਣਾਂ ਵੇਚਣ ਵਾਲਿਆਂ ਦਾ ਧੰਦਾ ਵੀ ਖੂਬ ਚਲਦਾ। ਸੜਕ ਦੇ ਦੋਹੀਂ ਪਾਸੀਂ ਕਾਲੀਆ-ਕਾਲੀਆਂ ਜਾਮਣਾਂ ਦੇ ਢੇਰ ਲਗਾ ਕੇ ਅਨੇਕਾਂ ਆਦਮੀ-ਔਰਤਾਂ ਅਤੇ ਉਨ੍ਹਾਂ ਦੇ ਬੱਚੇ ਜਾਮਣਾਂ ਵੇਚਦੇ। ਉਹ ਉੱਚੀ-ਉੱਚੀ ਆਵਾਜ਼ਾਂ ਵਿੱਚ ਜਾਮਣਾਂ ਵੇਚਣ ਦਾ ਹੋਕਾ ਦੇਂਦੇ ਹੋਏ ਜਾਮਣਾਂ ਵਰਗੀਆਂ ਹੀ ਰਸ ਭਰੀਆਂ ਆਵਾਜ਼ਾਂ ਕੱਢਦੇ ਹੋਏ ਕਹਿੰਦੇ, ‘‘ਚਲਿਆ ਆ ਕਾਲੇ ਈ ਕਾਲੇ ਰਾਹ, ਚਲਿਆ ਕਾਲੇ ਕਾਲੇ ਰਾਹ।’’ ਜਿਵੇਂ ਰਸ ਭਰੀਆਂ ਮਿੱਠੀਆਂ ਜਾਮਣਾਂ ਵੇਚਦਿਆਂ ਉਨ੍ਹਾਂ ਦੀਆਂ ਆਵਾਜ਼ਾਂ ਵੀ ਰਸ ਭਰੀਆਂ ਹੋ ਗਈਆਂ ਹੋਣ। ਦੂਰ-ਦੂਰ ਤੱਕ ਜਾਮਣਾਂ ਦੇ ਢੇਰ ਅਤੇ ਸੜਕ ਦੇ ਕਿਨਾਰੇ ਆਪਣੀਆਂ ਟੋਕਰੀਆਂ ਭਰੀ ਬੈਠੇ ਅਨੇਕਾਂ ਪਰਿਵਾਰਾਂ ਨੂੰ ਦੇਖ ਰਸਤੇ ਵੀ ਕਾਲੇ-ਕਾਲੇ ਹੀ ਲਗਦੇ ਸਨ? ਸੜਕਾਂ ’ਤੇ ਡਿਗੀਆਂ ਅਤੇ ਟੁੱਟ ਚੁੱਕੀਆਂ ਜਾਮਣਾਂ ਨੂੰ ਤਾਂ ਕੋਈ ਚੁਕਦਾ ਨਹੀਂ ਸੀ। ਇਸ ਤਰ੍ਹਾਂ ਸੜਕਾਂ ਵੀ ਕਾਲੀਆਂ, ਹੋਰ ਕਾਲੀਆਂ ਨਜ਼ਰ ਆਉਂਦੀਆਂ। ਸਮੇਂ ਅਤੇ ਵਾਤਾਵਰਣ ਦੇ ਅਨੁਸਾਰ ਉਨ੍ਹਾਂ ਦਾ ਕਾਲੇ-ਕਾਲੇ ਰਾਹ ਵਾਲਾ ਹੋਕਾ ਬਿਲਕੁਲ ਉਨ੍ਹਾਂ ਦੀ ਰੋਜ਼ੀ ਨਾਲ ਢੁਕਦਾ ਸੀ ਅਤੇ ਇਸ ਤਰ੍ਹਾਂ ਗਾਹਕ ਆਪਣੇ ਆਪ ਹੀ ਉਨ੍ਹਾਂ ਵੱਲ ਖਿਚੇ ਚਲੇ ਜਾਂਦੇ।
ਉਨ੍ਹਾਂ ਦਿਨਾਂ ਵਿੱਚ ਜਾਮਣਾਂ ਭਾਵੇਂ ਬਹੁਤ ਜ਼ਿਆਦਾ ਮਾਤਰਾ ਵਿੱਚ ਸਨ ਪਰ ਸਸਤੀਆਂ ਹੋਣ ਕਰਕੇ ਗਾਹਕ ਵੀ ਚੋਖਾ ਪੈਂਦਾ। ਦੋ-ਤਿੰਨ ਰੁਪਏ ਵਿੱਚ ਕਿਲੋ ਜਾਮਣਾਂ ਆਮ ਮਿਲ ਜਾਂਦੀਆਂ। ਪਰ ਇਸ ਤਰ੍ਹਾਂ ਵੇਚਣ ਵਾਲੇ ਆਪਣੀ ਚੰਗੀ ਦਿਹਾੜੀ ਬਣਾ ਲੈਂਦੇ। ਕਈ ਵਾਰ ਤਾਂ ਦੇਖ ਕੇ ਮਨ ਹੈਰਾਨ ਹੁੰਦਾ ਸੀ ਕਿ ਇਹ ਵੱਡੇ-ਵੱਡੇ ਜਾਮਣਾਂ ਦੇ ਰੁੱਖ, ਮਨੁੱਖ ਵਲੋਂ ਹੀ ਲਗਾਏ ਗਏ ਸਨ ਅਤੇ ਸਾਡੇ ਉਹ ਬਜ਼ੁਰਗ ਕਿੰਨੇ ਭਲੇ ਸਨ ਜਿਨ੍ਹਾਂ ਨੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਧਿਆਨ ਰੱਖ ਕੇ ਇੰਨੇ ਵਧੀਆ ਰੁੱਖ ਲਗਾਏ ਅਤੇ ਮੇਵੇ ਪ੍ਰਦਾਨ ਕੀਤੇ। ਅਜਿਹੀ ਸੋਚ ਵਾਲੇ ਲੋਕਾਂ ਪ੍ਰਤੀ ਸ਼ਰਧਾ ਵਜੋਂ ਸਿਰ ਵੀ ਆਪਣੇ ਆਪ ਹੀ ਝੁਕ ਜਾਂਦਾ। ਬਹੁਤ ਸਿਆਣੇ ਲੋਕ ਉਨ੍ਹਾਂ ਦੀ ਇਸ ਮਿਹਨਤ ਤੋਂ ਸਬਕ ਲੈ ਕੇ ਆਪ ਵੀ ਰੁੱਖ ਜਾਂ ਆਪਣੇ ਵਿਹੜੇ ਜਾਮਣ ਦਾ ਰੁੱਖ ਲਗਾਉਣ ਦਾ ਯਤਨ ਕਰਦੇ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਵੀ ਚੰਡੀਗੜ੍ਹ ਦੇ ਸੈਕਟਰਾਂ ਵਿੱਚ ਕਈ ਘਰਾਂ ਵਿੱਚ ਜਾਮਣ ਦੇ ਰੁੱਖ ਦੇਖਣ ਨੂੰ ਮਿਲ ਜਾਂਦੇ ਹਨ।
ਹੁਣ ਵੀ ਜਾਮਣਾਂ ਦੇ ਮੌਸਮ ਵਿੱਚ ਕਿਤੇ-ਕਿਤੇ ਜਾਮਣਾਂ ਵੇਚਣ ਵਾਲੇ ਦੇਖੇ ਜਾਂਦੇ ਹਨ ਪਰ ਪਤਾ ਨਹੀਂ ਉਹ ਕਿੱਥੋਂ ਦੂਰ-ਦੂਰ ਤੋਂ ਤੋੜ ਕੇ ਜਾਮਣਾਂ ਲਿਆਉਂਦੇ ਹੋਣਗੇ। ਇਸ ਫਲ ਨੂੰ ਤੋੜਨਾ ਅਤੇ ਸੰਭਾਲਣਾ ਵੀ ਕਾਫ਼ੀ ਮਿਹਨਤ ਤੇ ਸਮਝਦਾਰੀ ਦਾ ਕੰਮ ਹੈ। ਇਹੀ ਕਾਰਨ ਹੈ ਕਿ ਸਾਨੂੰ ਅੱਜ ਜਾਮਣਾਂ ਖ਼ਰੀਦਣ ਲਈ ਇੱਕ ਕਿਲੋ ਦੇ ਸੌ-ਸਵਾ ਸੌ ਰੁਪਏ ਦੇਣੇ ਪੈਂਦੇ ਹਨ। ਕਈ ਵਾਰ ਤਾਂ ਭਾਅ ਸੁਣ ਕੇ ਮਨ ਖ਼ਰੀਦਣ ਤੋਂ ਚੁਪ ਵੱਟ ਲੈਂਦਾ ਹੈ। ਫਿਰ ਯਾਦ ਕਰਦਾ ਹੈ ਉਨ੍ਹਾਂ ਕਾਲੇ-ਕਾਲੇ ਰਾਹਾਂ ਵਾਲੇ ਕਾਲੀਆਂ-ਕਾਲੀਆਂ ਜਾਮਣਾਂ ਦੇ ਲੱਗੇ ਢੇਰਾਂ ਨੂੰ। ਅੱਜ ਕੋਈ ਜਾਮਣਾਂ ਵੇਚਣ ਵਾਲਾ ਉਹ, ‘ਕਾਲੇ ਈ ਕਾਲੇ ਰਾਹ’ ਵਾਲੀ ਮਿੱਠੀ ਸੁਰ ਵੀ ਨਹੀਂ ਕੱਢਦਾ। ਕਿਉਂਕਿ ਜਾਮਣਾਂ ਦਾ ਮੁੱਲ ਸੁਣ ਕੇ ਉਨ੍ਹਾਂ ਪਾਸ ਕੋਈ-ਕੋਈ ਗਾਹਕ ਹੀ ਰੁਕਦਾ ਹੈ। ਸੜਕ ’ਤੇ ਲੱਗੇ ਮੁਹਾਲੀ ਪਿੰਡ ਵਾਲੇ ਉਹ ਸਾਰੇ ਵੱਡੇ-ਵੱਡੇ ਰੁੱਖ ਪਤਾ ਨਹੀਂ ਕਿੱਥੇ ਗਏ? ਕੁਝ ਸੁੱਕ ਕੇ ਢਹਿ ਢੇਰੀ ਹੋ ਗਏ ਅਤੇ ਕੁਝ ਸਾਡੇ ਵਿਕਾਸ ਦੀ ਭੇਟ ਚੜ੍ਹ ਗਏ। ਉਸ ਸੜਕ ’ਤੇ ਹੁਣ ਕੋਈ ਵੀ ਨਵਾਂ ਜਾਮਣ ਦਾ ਰੁੱਖ ਲੱਗਿਆ ਨਜ਼ਰ ਨਹੀਂ ਆਉਂਦਾ।
ਸੰਪਰਕ: 98764-52223