ਤੀਜੀ ਧਿਰ

ਤੀਜੀ ਧਿਰ

ਜਗਦੀਸ਼ ਕੌਰ ਮਾਨ

ਉਸ ਦਿਨ ਵਿਸਾਖੀ ਦੀ ਛੁੱਟੀ ਹੋਣ ਕਾਰਨ ਮੇਰੀ ਸਲਾਹ ਲੇਟ ਉੱਠਣ ਦੀ ਸੀ ਪਰ ਪਤੀ ਨੇ ਸਵੇਰੇ ਸਾਝਰੇ ਹੀ ਜਗਾ ਦਿੱਤਾ। ਨਿਤਾ-ਪ੍ਰਤੀ ਦੇ ਕੰਮਾਂ ਤੋਂ ਵਿਹਲੀ ਹੋ ਕੇ ਸਵੇਰ ਦਾ ਨਾਸ਼ਤਾ ਤਿਆਰ ਕਰਨ ਲੱਗ ਪਈ। ਅਸੀਂ ਅਜੇ ਨਾਸ਼ਤਾ ਕਰ ਹੀ ਰਹੇ ਸਾਂ ਕਿ ਗੋਦੀ ਦਾ ਦੋ ਕੁ ਸਾਲ ਦਾ ਪੁੱਤਰ ਵੀ ਜਾਗ ਪਿਆ। ਉਸ ਨੂੰ ਦੁੱਧ ਪਿਲਾ ਕੇ ਗਿਲਾਸ ਅਜੇ ਭੁੰਜੇ ਰੱਖਿਆ ਸੀ ਕਿ ਪਤੀ ਨੇ ‘ਹੁਕਮ’ ਚਾੜ੍ਹਿਆ, “ਲੈ ਬਈ! ਮੁੰਡੇ ਨੂੰ ਤਿਆਰ ਕਰਦੇ ਕੇਰਾਂ ਛੇਤੀ ਦੇਣੇ, ਅਸੀਂ ਪਿਉ-ਪੁੱਤ ਨੇ ਪਿੰਡ ਨੂੰ ਜਾਣੈਂ ਵਿਸਾਖੀ ਮਨਾਉਣ।” “ਮੈਂ ਵੀ ਤਿਆਰ ਹੋ ਜਾਵਾਂ?” ਮੈਥੋਂ ਸੁਭਾਵਿਕ ਹੀ ਪੁੱਛਿਆ ਗਿਆ। “ਓ ਨਹੀਂ, ਤੂੰ ਘਰੇ ਰਹਿ ਕੇ ਘਰ ਦਾ ਕੰਮ ਨਿਬੇੜ ਲੈ, ਪੋਚੇ ਪਾਚੇ ਲਾ ਲਵੀਂ, ਕੱਪੜੇ ਧੋ ਲਵੀਂ। ਛੁੱਟੀ ਵਾਲੇ ਦਿਨ ਜ਼ਨਾਨੀਆਂ ਦੇ ਕਰਨ ਵਾਲੇ ਤਾਂ ਸੌ ਕੰਮ ਹੁੰਦੇ। ਮੈਂ ਤਾਂ ਭਲਾ ਵਿਹਲਾ ਹਾਂ, ਤਾਂ ਚੱਲਿਆਂ। ਨਾਲੇ ਮੁੰਡਾ ਉਥੇ ਘਰ ਦੇ ਨਿਆਣਿਆਂ ਨਾਲ ਖੇਡ ਮੱਲ ਆਵੇਗਾ।

ਮੇਰਾ ਮਿਜ਼ਾਜ ਵਿਗੜ ਗਿਆ ਸੀ। ਮੈਂ ਮੈਲੇ ਕੱਪੜਿਆਂ ਵਾਲੀ ਗਠੜੀ ਚੁੱਕੀ, ਨਲਕੇ ’ਤੇ ਧੋਣ ਬੈਠ ਗਈ। ਉਦੋਂ ਸਾਡੇ ਕੋਲ ਸਾਈਕਲ ਹੀ ਹੁੰਦਾ ਸੀ। ਸਾਈਕਲ ’ਤੇ ਬੱਚੇ ਨੂੰ ਬਿਠਾਉਣ ਲਈ ਟੋਕਰੀ ਲਵਾਈ ਹੋਈ ਸੀ। ਇਨ੍ਹਾਂ ਨੇ ਮੁੰਡੇ ਨੂੰ ਟੋਕਰੀ ’ਚ ਬਿਠਾਇਆ, ਸਾਈਕਲ ’ਤੇ ਦਿੱਤੀ ਲੱਤ, ਅਹੁ ਗਏ ਅਹੁ ਗਏ।

ਸਾਈਕਲ ਤੇ ਸਾਡੇ ਪਿੰਡ ਦੀ ਵਾਟ ਮਸਾਂ ਪੌਣੇ ਕੁ ਘੰਟੇ ਦੀ ਹੈ। ਜਦੋਂ ਅੱਠ ਕੁ ਵਜੇ ਪਿੰਡ ਦੀ ਸੱਥ ਅੱਗਿਓਂ ਲੰਘਣ ਲੱਗੇ ਤਾਂ ਉਥੇ ਵਡੇਰੀ ਉਮਰ ਦੇ ਅੱਠ ਦਸ ਬੰਦੇ ਬੈਠੇ ਸਨ। ਉਨ੍ਹਾਂ ਨੂੰ ਦੇਖ ਕੇ ਆਪਣੀ ਆਦਤ ਅਨੁਸਾਰ ਇਨ੍ਹਾਂ ਨੇ ਸਾਈਕਲ ਤੋਂ ਉੱਤਰ ਕੇ ਹੱਥ ਜੋੜ ਕੇ ਫਤਿਹ ਬੁਲਾਈ। ਬੱਚੇ ਨੂੰ ਸਾਈਕਲ ਤੋਂ ਉਤਾਰ ਕੇ ਸਾਰੇ ਬਜ਼ੁਰਗ ਬਾਬਿਆਂ ਦੇ ਪੈਰੀਂ ਹੱਥ ਲਵਾਏ। ਬਾਬੇ ਖੁਸ਼ ਹੋ ਗਏ ਸਨ। ਇਨ੍ਹਾਂ ਦੇ ਤੁਰਿਆਂ ਜਾਂਦਿਆਂ ਦੇ ਪਿੱਛਿਉਂ ਉਨ੍ਹਾਂ ਦੇ ਬੋਲ ਕੰਨੀਂ ਪਏ, “ਵਾਹ ਬਈ ਵਾਹ! ਆਹ ਨਿਸ਼ਾਨੀ ਹੁੰਦੀ ਐ ਖਾਨਦਾਨੀ ਬੱਚਿਆਂ ਦੀ। ਮੁੰਡੇ ਤਾਂ ਇਸ ਲਾਣੇ ਦੇ ਸਾਰੇ ਈ ਚੰਗੇ ਨੇ ਪਰ ਆਹ ਮੁੰਡਾ ਤਾਂ ਦੂਜਾ ਕਰਤਾਰ ਸਿਹੁੰ (ਮੇਰਾ ਸਹੁਰਾ) ਐ।” “ਹਾਂ, ਇਹ ਤਾਂ ਵਿਚਾਰਾ ਬਾਹਲਾ ਸਾਊ ਐ।” ਇਕ ਹੋਰ ਦਾਨੇ ਬੀਨੇ ਨੇ ਹੁੰਗਾਰਾ ਭਰਿਆ।

ਬੱਚਾ ਸਾਰਾ ਦਿਨ ਘਰ ਦੇ ਬੱਚਿਆਂ ਨਾਲ ਖੇਡਦਾ ਰਿਹਾ ਤੇ ਇਹ ਆਪਣੇ ਭਰਾਵਾਂ ਨਾਲ ਸਿਆਸੀ ਬਹਿਸ ਦਾ ਝੱਸ ਪੂਰਾ ਕਰਦੇ ਰਹੇ ਜੋ ਆਦਮੀਆਂ ਦੀ ਮੁੱਖ ਆਦਤ ਹੁੰਦੀ ਹੈ। ਦੁਪਹਿਰ ਢਲੀ ਤੋਂ ਬਾਅਦ ਜਦੋਂ ਦੁਬਾਰਾ ਸੱਥ ਮੂਹਰ ਦੀ ਲੰਘਣ ਲੱਗੇ ਤਾਂ ਬਜ਼ੁਰਗ ਆਥਣ ਦੀ ਗੱਪ ਸ਼ੱਪ ਮਾਰਨ ਵਾਸਤੇ ਫਿਰ ਉਥੇ ਬੈਠੇ ਸਨ। ਇਨ੍ਹਾਂ ਨੇ ਮੁੜ ਸਾਰਿਆਂ ਨੂੰ ਫਤਿਹ ਬੁਲਾਈ ਤਾਂ ਉਨ੍ਹਾਂ ਨੇ ਫਿਰ ਸਾਡੇ ਪਰਿਵਾਰ ਦੀਆਂ ਗੱਲਾਂ ਛੋਹ ਲਈਆਂ- “ਏਸ ਮੁੰਡੇ ਦਾ ਤਾਂ ਸ਼ਹਿਰ ਸ਼ਾਇਦ ਈ ਜੀਅ ਲੱਗਦਾ ਹੋਵੇ, ਇਹਦਾ ਤਾਂ ਪਿੰਡ ਨਾਲ ਬਹੁਤਾ ਈ ਮੋਹ ਐ। ਦੇਖ ਲੋ! ਛੁੱਟੀ ਵਾਲੇ ਦਿਨ ਇਹ ਜਵਾਕ ਨੂੰ ਲੈ ਕੇ ਪਿੰਡ ਆਉਂਦਾ। ਕੀ ਕਰੇ! ਇਹਦੇ ਘਰੋਂ ਕੁੜੀ ਨੌਕਰੀ ਕਰਦੀ ਐ, ਉਹਦੇ ਕਰ ਕੇ ਸ਼ਹਿਰ ਰਹਿਣਾ ਪੈਂਦੈ; ਨਹੀਂ ਤਾਂ ਪਿੰਡਾਂ ਵਰਗੀ ਮੌਜ ਥਿਆਉਂਦੀ ਐ ਕਿਤੇ।”

ਸ਼ਹਿਰ ਆ ਕੇ ਇਨ੍ਹਾਂ ਨੇ ਗਰਮ ਗਰਮ ਜਲੇਬੀਆਂ ਖਰੀਦੀਆਂ ਤੇ ਘਰ ਆ ਗਏ। ਉਦੋਂ ਤੱਕ ਮੈਂ ਘਰ ਦਾ ਸਾਰਾ ਕੰਮ ਨਿਬੇੜ ਲਿਆ ਸੀ। ਆਉਂਦੇ ਹੀ ਬੋਲੇ, “ਲੈ ਬਈ! ਚਾਹ ਬਣਾ ਕੇਰਾਂ ਦੋ ਕੱਪ। ਮਿੰਟ ਲਾ ਬੱਸ। ਨਾਲੇ ਆ ਜਾ ਤੈਨੂੰ ਜਲੇਬੀਆਂ ਵਰਗੀਆਂ ਮਿੱਠੀਆਂ ਗੱਲਾਂ ਸੁਣਾਵਾਂ। ਮੇਰੀ ਤਾਂ ਸਮਝ ਲੈ ਅੱਜ ਦਸ ਕਰੋੜ ਦੀ ਲਾਟਰੀ ਨਿਕਲ ਆਈ ਐ।” ਫਿਰ ਇਨ੍ਹਾਂ ਨੇ ਮੈਨੂੰ ਆਪਣੇ ਵਾਰੇ ਅਤੇ ਸਾਡੇ ਪਰਿਵਾਰ ਵਾਰੇ ਬਾਬਿਆਂ ਦੀਆਂ ਕੀਤੀਆਂ ਸਾਰੀਆਂ ਗੱਲਾਂ ਸੁਣਾਈਆਂ।

ਉਸ ਵਿਸਾਖੀ (13 ਅਪਰੈਲ, 1978) ਵਾਲੇ ਦਿਨ ਅੰਮ੍ਰਿਤਸਰ ਵਿਚ ਨਿਰੰਕਾਰੀਆਂ ਅਤੇ ਸਿੱਖਾਂ ਦੀ ਲੜਾਈ ਹੋ ਗਈ ਸੀ। ਸਕੂਲ ਦੇ ਨਿੱਜੀ ਰੰਜ਼ਿਸ਼ ਰੱਖਣ ਵਾਲੇ ਮਾਸਟਰ ਨੇ ਅਸਲੋਂ ਹੀ ਝੂਠੀ ਮੁਖਬਰੀ ਕਰ ਦਿੱਤੀ ਕਿ ਸਾਡੇ ਮੁੱਖ ਅਧਿਆਪਕ ਨਿੰਰਕਾਰੀ ਮਿਸ਼ਨ ਨਾਲ ਜੁੜੇ ਹੋਏ ਹਨ। ਵਿਸਾਖੀ ਵਾਲੇ ਦਿਨ ਹੈੱਡਮਾਸਟਰ ਜੀ ਅੰਮ੍ਰਿਤਸਰ ਵਿਚ ਹੋਈ ਲੜਾਈ ਵਿਚ ਸ਼ਾਮਿਲ ਸਨ।... ਕੁਝ ਦਿਨਾਂ ਬਾਅਦ ਇਨ੍ਹਾਂ ਦੇ ਨਾਂ ਤੇ ਰਜਿਸਟਰ ਲੈਟਰ ਸਕੂਲ ਆ ਪਹੁੰਚੀ। ਚਿੱਠੀ ਪੜ੍ਹ ਕੇ ਪਹਿਲਾਂ ਤਾਂ ਇਹ ਘਬਰਾ ਗਏ, ਫਿਰ ਹੌਂਸਲਾ ਜਿਹਾ ਕਰ ਕੇ ਚਿੱਠੀ ਪਿੰਡ ਦੇ ਸਰਪੰਚ ਨੂੰ ਸੌਂਪ ਦਿੱਤੀ। ਕੰਨੋ-ਕੰਨੀਂ ਗੱਲ ਸਾਰੇ ਪਿੰਡ ਨੂੰ ਪਤਾ ਲੱਗ ਗਈ। ਅਜਿਹੀ ਝੂਠੀ ਇਲਜ਼ਾਮ-ਤਰਾਸ਼ੀ ਤੇ ਸਾਰਾ ਪਿੰਡ ਭੜਕ ਉੱਠਿਆ। ਇਨ੍ਹਾਂ ਨੂੰ ਦੋ ਵਾਰੀ ਲਾਗਲੇ ਪਿੰਡ ਦੇ ਰੈਸਟ ਹਾਊਸ ਵਿਚ ਪੁੱਛ-ਪੜਤਾਲ ਵਾਸਤੇ ਸੱਦਿਆ ਗਿਆ। ਦੋਹੀਂ ਵਾਰੀ ਪਿੰਡ ਦਾ ਕੋਈ ਬੰਦਾ ਸ਼ਾਇਦ ਹੀ ਘਰ ਰਿਹਾ ਹੋਵੇ! ਪੂਰਾ ਪਿੰਡ ਉਥੇ ਹਾਜ਼ਰ ਸੀ। ਮਿਲਟਰੀ ਵਲੋਂ ਆਏ ਪੜਤਾਲ ਅਫਸਰ ਨੇ ਇਨ੍ਹਾਂ ਨੂੰ ਬਹੁਤ ਸਾਰੇ ਪ੍ਰਸ਼ਨ ਘੁੰਮਾ ਫਿਰਾ ਕੇ ਪੁੱਛੇ। ਸਿਰ ਤੋਂ ਲੈ ਕੇ ਪੈਰਾਂ ਤੱਕ ਘੋਖਵੀਂ ਨਜ਼ਰ ਨਾਲ ਜਾਚਿਆ ਪਰਖਿਆ। ਪਿੰਡ ਦੇ ਬਜ਼ੁਰਗ ਬਾਬਿਆਂ ਨੇ ਸਾਡੇ ਹੱਕ ਵਿਚ ਡਟ ਕੇ ਗਵਾਹੀ ਦਿੱਤੀ ਕਿ ਇਹ ਮੁੰਡਾ ਤਾਂ ਵਿਸਾਖੀ ਵਾਲੇ ਦਿਨ ਸਵੇਰ ਦੇ ਅੱਠ ਵਜੇ ਤੋਂ ਲੈ ਕੇ ਸ਼ਾਮ ਦੇ ਪੰਜ ਵਜੇ ਤੱਕ ਪਿੰਡ ਵਿਚ ਉਨ੍ਹਾਂ ਸਾਰਿਆਂ ਨੇ ਦੇਖਿਆ ਹੈ। ਪੜਤਾਲ ਅਫਸਰ ਭਲਾ ਬੰਦਾ ਸੀ। ਉਹ ਸਮਝ ਗਿਆ ਕਿ ਇਹ ਕਿਸੇ ਸਾਜ਼ਿਸ਼ੀ ਬੰਦੇ ਦਾ ਕੰਮ ਹੈ। ਪੜਤਾਲ ਦੋ ਦਿਨਾਂ ਵਿਚ ਹੀ ਖਤਮ ਹੋ ਗਈ; ਨਹੀਂ ਤਾਂ ਉਨ੍ਹੀ ਦਿਨੀਂ ਫਸਿਆ ਕੋਈ ਭਾਗਾਂ ਵਾਲਾ ਬੰਦਾ ਹੀ ਛੁੱਟਦਾ ਸੀ!

ਬਾਅਦ ਵਿਚ ਪਤਾ ਲੱਗਾ, ਕਿ ਇਹ ਸ਼ਰਾਰਤ ਉਸ ਸਟਾਫ਼ ਮੈਂਬਰ ਦੀ ਹੀ ਸੀ ਜਿਸ ਨੂੰ ਇਹ ਸਕੂਲ ਸਮੇਂ ਦੌਰਾਨ ਸਿਗਰਟਨੋਸ਼ੀ ਤੋਂ ਵਰਜਦੇ ਸਨ। ਅੱਜ ਉਸ ਘਟਨਾ ਬਾਰੇ ਸੋਚਦੀ ਹਾਂ ਤਾਂ ਪ੍ਰੇਸ਼ਾਨ ਹੋ ਜਾਂਦੀ ਹਾਂ; ਉਸ ਅਰਸੇ ਵਾਲੀਆਂ ਘਟਨਾਵਾਂ ’ਚ ਦੋ ਧਿਰਾਂ ਦੇ ਨਾਲ ਚੁਆਤੀ-ਲਾਵਿਆਂ ਦੀ ਤੀਜੀ ਧਿਰ ਵੀ ਸੀ ਜਿਸ ਦੀਆਂ ਮਨਘੜਤ ਖੁੰਦਕੀ ਕਹਾਣੀਆਂ ਨੇ ਪਤਾ ਨਹੀਂ ਕਿੰਨਿਆਂ ਘਰਾਂ ਦੇ ਜਗਦੇ ਚਿਰਾਗ ਬੁਝਾ ਦਿੱਤੇ ਸਨ।

ਸੰਪਰਕ: 98722-21504

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All