ਜਗਦੀਸ਼ ਕੌਰ ਮਾਨ
ਮੈਨੂੰ ਤਿਆਰ ਹੋ ਕੇ ਖੜ੍ਹੀ ਨੂੰ ਉਨ੍ਹਾਂ ਨੀਝ ਨਾਲ ਤੱਕਿਆ। ਉਨ੍ਹਾਂ ਦੇ ਬੁੱਲ੍ਹ ਖ਼ਾਮੋਸ਼ ਸਨ ਪਰ ਅੱਖਾਂ ਬੋਲ ਰਹੀਆਂ ਸਨ। ਮੈਂ ਉਨ੍ਹਾਂ ਦੇ ਅਣਕਹੇ ਬੋਲ ਵੀ ਸਮਝ ਰਹੀ ਸਾਂ ਪਰ ਹਾਲਾਤ ਤੋਂ ਮਜਬੂਰ ਸਾਂ; ਉਵੇਂ ਹੀ, ਜਿਵੇਂ ਉਹ ਮੇਰੀ ਮਾਨਸਿਕ ਅਵਸਥਾ ਸਮਝਦੇ ਹੋਏ ਬੋਲ ਕੇ ਦੱਸਣ ਤੋਂ ਅਸਮਰਥ ਸਨ।
ਥੋੜ੍ਹਾ ਸਮਾਂ ਪਹਿਲਾਂ ਹੀ ਐਵੇਂ ਕੁਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਸਾਡੇ ਨੌਜਵਾਨ ਪੁੱਤਰ ਦੀ ਅਚਨਚੇਤ ਮੌਤ ਹੋ ਗਈ ਸੀ। ਅੱਖੀਆਂ ਦੇ ਤਾਰਿਆਂ ਦਾ, ਸਾਹਾਂ ਨਾਲੋਂ ਪਿਆਰਿਆਂ ਦਾ ਇਉਂ ਚੁੱਪ-ਚੁਪੀਤੇ ਤੁਰ ਜਾਣਾ ਸਿਰ ਤੇ ਪਹਾੜ ਡਿੱਗਣ ਦੇ ਬਰਾਬਰ ਹੁੰਦਾ ਹੈ। ਇਹੋ ਜਿਹੇ ਹਾਲਾਤ ਵਿਚ ਕੁਝ ਵੀ ਚੰਗਾ ਨਹੀਂ ਲਗਦਾ; ਮਨ ਦੇ ਚਾਅ ਰੁੱਸ ਜਾਂਦੇ ਹਨ, ਸੱਧਰਾਂ ਮਧੋਲੀਆਂ ਜਾਂਦੀਆਂ ਹਨ। ਅਸੀਂ ਇਸ ਭਰੇ ਭਕੁੰਨੇ ਸੰਸਾਰ ਦੀਆਂ ਖੁਸ਼ੀਆਂ ਤੋਂ ਵਿਰਵੇ ਹੋ ਕੇ ਇਕੱਲੇ ਜਿਹੇ ਰਹਿ ਗਏ ਮਹਿਸੂਸ ਕਰਦੇ ਹਾਂ। ਦੋਜਖ਼ ਦੀ ਭੱਠੀ ਤਾਂ ਭਾਵੇਂ ਕਿਸੇ ਨੇ ਨਾ ਦੇਖੀ ਹੋਵੇ ਪਰ ਜਿਊਂਦੇ ਜੀਅ ਦੁੱਖਾਂ ਦੀ ਭੱਠੀ ਦਾ ਸੇਕ ਇਕ ਤੋਂ ਵੱਧ ਵਾਰ ਸਾਨੂੰ ਸਭ ਨੂੰ ਹੀ ਝੱਲਣਾ ਪੈਂਦਾ ਹੈ। ਬਿਨਾ ਅਮੀਰ ਗਰੀਬ ਦਾ ਵਿਤਕਰਾ ਕੀਤਿਆਂ ਕੁਦਰਤ ਦੇ ਹਰ ਪ੍ਰਾਣੀ ਵਾਸਤੇ ਇਹੀ ਦਸਤੂਰ ਹੈ।
ਇਸ ਘਟਨਾ ਨੂੰ ਅਜੇ ਤਿੰਨ ਕੁ ਮਹੀਨੇ ਹੋਏ ਸਨ ਕਿ ਇਨ੍ਹਾਂ ਦੇ ਪੱਗ-ਵਟ ਦੋਸਤ ਦੀ ਧੀ ਦੇ ਅੰਗੂਠੀ ਰਸਮ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਆ ਗਿਆ। ਖ਼ੁਸ਼ੀ ਦੇ ਕਿਸੇ ਸਮਾਗਮ ਵਿਚ ਜਾਣ ਵਾਸਤੇ ਮੇਰੀ ਵੱਢੀ ਰੂਹ ਨਹੀਂ ਸੀ ਕਰਦੀ ਪਰ ਇਹ ਮੇਰੇ ਸਾਹਮਣੇ ਵਿਚਾਰਾ ਜਿਹਾ ਮੂੰਹ ਬਣਾ ਕੇ ਖੜ੍ਹ ਗਏ ਤੇ ਡਾਢੀ ਉਦਾਸੀ ਵਿਚ ਬੋਲੇ, “ਮੇਰਾ ਕਿਹੜਾ ਜੀਅ ਕਰਦਾ ਜਾਣ ਨੂੰ ਪਰ ਕੀ ਕਰੀਏ! ਇਹੋ ਜਿਹੇ ਮੂੰਹ ਮੱਥੇ ਲਗਦੇ ਥਾਂ ’ਤੇ ਜਾਇਆਂ ਬਿਨਾ ਸਰਦਾ ਵੀ ਨਹੀਂ। ਚੱਲ ਕੋਈ ਨਾ, ਤੂੰ ਹੋ ਜਾ ਤਿਆਰ, ਆਪਾਂ ਚਲਦੇ ਆਂ। ਜਦੋਂ ਕਾਲਜੇ ਦੀਆਂ ਆਂਦਰਾਂ ਟੁੱਟਦੀਆਂ ਹਨ, ਦੁੱਖ ਤਾਂ ਮਾਂ ਪਿਓ ਦੋਹਾਂ ਨੂੰ ਇਕੋ ਜਿੰਨਾ ਹੁੰਦਾ ਪਰ ਇਉਂ ਸਮਾਜ ਨਾਲੋਂ ਟੁੱਟਿਆਂ ਵੀ ਕਿੱਥੇ ਸਰਨਾ ਏਂ।”
ਖ਼ੈਰ! ਮੈਂ ਇੰਨੇ ਫਿੱਕੇ ਰੰਗ ਦਾ ਸੂਟ ਪਾਇਆ ਕਿ ਉਹ ਕਹਿੰਦੇ ਕਹਿੰਦੇ ਰਹਿ ਗਏ ਕਿ ਕੋਈ ਢੰਗ ਦਾ ਸੂਟ ਪਾ ਲੈਣਾ ਸੀ ਪਰ ਮੇਰੀ ਮਨੋਦਸ਼ਾ ਨੂੰ ਭਾਂਪਦੇ ਹੋਏ ਉਹ ਕੁਝ ਵੀ ਨਾ ਕਹਿ ਸਕੇ, ਨਾਲੇ ਰੰਗਾਂ ਦਾ ਸਬੰਧ ਤਾਂ ਸਾਡੇ ਮਾਨਸਿਕ ਤਵਾਜ਼ਨ ਨਾਲ ਹੈ। ਜਦੋਂ ਮਨ ਖੇੜੇ ਨਾਲ ਸਰਸ਼ਾਰ ਹੋਵੇ, ਉਦੋਂ ਫਿੱਕੇ ਰੰਗ ਵੀ ਉੱਡ ਉੱਡ ਪੈਂਦੇ ਹਨ ਅਤੇ ਜਦੋਂ ਮਨ ਦੁੱਖ ਨਾਲ ਝੁਲਸਿਆ ਪਿਆ ਹੋਵੇ, ਉਦੋਂ ਗੂੜ੍ਹੇ ਰੰਗ ਵੀ ਆਪਣੀ ਆਭਾ ਗਵਾ ਕੇ ਸਾਡੀ ਮਨੋਦਸ਼ਾ ਦੀ ਰੰਗਤ ਵਿਚ ਰੰਗੇ ਜਾਂਦੇ ਹਨ।
ਮੰਗਣੇ ਦੇ ਸਮਾਗਮ ਵਿਚ ਮੇਜ਼ਬਾਨਾਂ ਨੇ ਸਾਡਾ ਭਰਵਾਂ ਸਵਾਗਤ ਕੀਤਾ। ਪੈਰ-ਮਿੱਧ ਇਕੱਠ ਹੋਣ ਦੇ ਬਾਵਜੂਦ ਉਨ੍ਹਾਂ ਦੋਹਾਂ ਜੀਆਂ ਦੀ ਨਿਗਾਹ ਸਾਡੇ ’ਤੇ ਟਿਕੀ ਰਹੀ। ਜਦੋਂ ਮੇਰਾ ਮਨ ਭਰਦਾ, ਮੈਂ ਖਬਰਾਂ ਦੇਖਣ ਦੇ ਪੱਜ ਅਖ਼ਬਾਰ ਅੱਖਾਂ ਮੂਹਰੇ ਕਰ ਲੈਦੀ। ਮੇਜ਼ਬਾਨ ਬੀਬੀ ਭੱਜੀ ਆਉਂਦੀ ਤੇ ਅਹਿਸਤਾ ਜਿਹੇ ਅਖ਼ਬਾਰ ਪਾਸੇ ਹਟਾ ਕੇ ਮੇਰੇ ਹਾਵ-ਭਾਵ ਪੜ੍ਹਦੀ ਹੋਈ ਹਰ ਵਾਰ ਮੈਨੂੰ ਇਹੋ ਗੱਲ ਕਹਿੰਦੀ, “ਤੁਸੀਂ ਰੌਣਕ ਮੇਲਾ ਦੇਖੋ, ਅਖਬਾਰ ਦਾ ਕੀ ਏ! ਘਰ ਜਾ ਕੇ ਪੜ੍ਹ ਲੈਣਾ।” ਮੈਂ ਸਹਿਜ ਹੋਣ ਦੀ ਪੂਰੀ ਕੋਸਿ਼ਸ਼ ਕਰਦੀ ਪਰ ਇਹੋ ਜਿਹੀ ਹਾਲਤ ਵਿਚ ਮਨ ਨੂੰ ਕਾਬੂ ਕਰਨਾ ਕਿਤੇ ਛੋਟੀ ਜਿਹੀ ਗੱਲ ਹੁੰਦੀ!
ਅਣਮੰਨੇ ਜਿਹੇ ਮਨ ਨਾਲ ਚਾਹ ਪਾਣੀ ਪੀਤਾ ਤੇ ਉਵੇਂ ਹੀ ਉਗਲ-ਨੁਗਲ ਕਰਕੇ ਮਸਾਂ ਖਾਣਾ ਖਾਧਾ। ਸ਼ਗਨ ਦੀਆਂ ਰਸਮਾਂ ਨੂੰ ਕਿੰਨਾ ਹੀ ਚਿਰ ਲੱਗ ਗਿਆ। ਸ਼ਾਮ ਪੈ ਗਈ ਸੀ, ਜਦੋਂ ਤੁਰਨ ਲੱਗੇ ਤਾਂ ਘਰਵਾਲਿਆਂ ਦਾ ਸਾਨੂੰ ਹੁਕਮ ਹੋ ਗਿਆ ਕਿ ਅੱਜ ਪਿੰਡ ਵਾਪਸ ਨਹੀਂ ਜਾਣਾ, ਸਾਡੇ ਕੋਲ ਰਾਤ ਰਹਿਣਾ ਹੈ।”
ਅਸੀਂ ਉਨ੍ਹਾਂ ਦੇ ਨਾਲ ਘਰ ਚਲੇ ਗਏ। ਮੇਜ਼ਬਾਨ ਬੀਬੀ ਮੇਰੇ ਦੋਵੇਂ ਹੱਥ ਆਪਣੇ ਹੱਥਾਂ ਵਿਚ ਲੈ ਕੇ ਪਲੋਸਦੀ ਹੋਈ ਮੈਨੂੰ ਬੜੇ ਹੀ ਪਿਆਰ ਨਾਲ ਦਿਲਬਰੀਆਂ ਦਿੰਦੀ ਰਹੀ। ਇਧਰੋਂ ਉਧਰੋਂ ਉਦਾਹਰਨਾਂ ਦੇ ਕੇ ਮੈਨੂੰ ਦੁੱਖ ਵਿਚੋਂ ਨਿਕਲਣ ਦੇ ਢੰਗ ਤਰੀਕੇ ਸਮਝਾ ਕੇ ਵਰਚਾਉਂਦੀ ਰਹੀ। ਜਿਹੜੀ ਦਿਲਟੁੰਬਵੀਂ ਗੱਲ ਉਹਨੇ ਮੈਨੂੰ ਦੱਸੀ, ਉਹ ਗੱਲ ਤਾਂ ਮੈਂ ਆਪਣੇ ਆਖਰੀ ਸਾਹਾਂ ਤੱਕ ਵੀ ਨਹੀਂ ਭੁਲਾ ਸਕਦੀ।
ਉਹ ਕਹਿਣ ਲੱਗੀ, “ਦੀਦੀ! ਤੁਹਾਡੇ ਪਿੱਛੇ ਤਾਂ ਸਾਡੇ ਦੋਹਾਂ ਜੀਆਂ ਵਿਚਕਾਰ ਕਈ ਦਿਨ ਬਹਿਸ ਹੁੰਦੀ ਰਹੀ”, ਫਿਰ ਉਹ ਆਪਣੇ ਘਰਵਾਲੇ ਵੱਲ ਹੱਥ ਕਰਕੇ ਕਹਿਣ ਲੱਗੀ, “ਇਹ ਕਹਿੰਦੇ ਸੀ, ਉਹ ਬਹੁਤ ਵੱਡੇ ਦੁੱਖ ’ਚ ਹਨ, ਉਨ੍ਹਾਂ ਨੂੰ ਇਹੋ ਜਿਹੇ ਰੰਗ ਤਮਾਸ਼ੇ ਕਿੱਥੇ ਚੰਗੇ ਲੱਗਣੇ, ਆਪਾਂ ਉਨ੍ਹਾਂ ਨੂੰ ਸੱਦਣ ਨੂੰ ਤਾਂ ਰਹਿਣ ਹੀ ਦੇਈਏ ਪਰ ਮੈਂ ਨਹੀਂ ਮੰਨੀ। ਮੈਂ ਇਨ੍ਹਾਂ ਨੂੰ ਕਿਹਾ- ਉਹ ਤਾਂ ਮੈਂ ਜ਼ਰੂਰ ਸੱਦਣੇ ਆ, ਧੁੱਪੇ ਪਿਆਂ ਨੂੰ ਆਪਣੇ ਹੀ ਸਹਾਰਾ ਦੇ ਕੇ ਛਾਵੇਂ ਕਰਦੇ ਹੁੰਦੇ ਨੇ, ਜੇ ਆਪਾਂ ਹੀ ਉਨ੍ਹਾਂ ਨੂੰ ਸਹਾਰਾ ਨਾ ਦਿੱਤਾ ਤਾਂ ਉਹ ਇੰਨੇ ਵੱਡੇ ਦੁੱਖ ਵਿਚੋਂ ਉਠਣਗੇ ਕਿਵੇਂ?”
ਅੱਜ ਉਹ ਸਾਡੀ ਮੇਜ਼ਬਾਨ ਬੀਬੀ ਇਸ ਸੰਸਾਰ ਵਿਚ ਨਹੀਂ ਪਰ ਉਸ ਦੇ ਬੋਲ ਹਮੇਸ਼ਾ ਮੇਰੇ ਕੰਨਾਂ ਵਿਚ ਗੂੰਜਦੇ ਰਹਿੰਦੇ ਹਨ। ਉਸ ਦੀਆਂ ਦਿੱਤੀਆਂ ਦਿਲਬਰੀਆਂ ਹਰ ਰੋਜ਼ ਆਪਣਿਆਂ ਦੀ ਹੱਥੀਂ ਕੀਤੀ ਛਾਂ ਦਾ ਚੇਤਾ ਕਰਵਾਉਂਦੀਆਂ ਰਹਿੰਦੀਆਂ ਹਨ।
ਸੰਪਰਕ: 98722-21504