ਤਿੰਨ ਕੁ ਸਾਲ ਪਹਿਲਾਂ ਜਦੋਂ ਮੇਰੇ ਪੁੱਤਰ ਦੀ ਨਿਯੁਕਤੀ ਚੰਡੀਮੰਦਰ ਸੀ ਤਾਂ ਅਸੀਂ ਸਾਰੇ ਆਪਣੇ ਮੁਹਾਲੀ ਵਾਲੇ ਘਰ ਰਹਿੰਦੇ ਸਾਂ। ਆਸੇ-ਪਾਸੇ ਦੇ ਸਾਰੇ ਘਰਾਂ ਦੇ ਆਪੋ-ਆਪਣੇ ਦੁੱਧ ਵਾਲੇ ਸਨ ਜੋ ਨੇੜੇ-ਤੇੜੇ ਦੇ ਪਿੰਡਾਂ ਤੋਂ ਆਉਂਦੇ ਸਨ। ਅਸੀਂ ਵੀ ਇਕ ਦੁੱਧ ਵਾਲੇ ਕੋਲੋਂ ਰੋਜ਼ ਦਾ 4 ਕਿਲੋ ਦੁੱਧ ਲੈਂਦੇ ਸਾਂ। ਘਰ ਵਿਚ ਛੋਟਾ ਬੱਚਾ ਸੀ, ਫਿਰ ਦਹੀਂ-ਲੱਸੀ, ਚਾਹ, ਦੁੱਧ ਤੇ ਆਇਆ ਗਿਆ; ਇੰਨਾ ਕੁ ਦੁੱਧ ਲੱਗ ਹੀ ਜਾਂਦਾ ਸੀ। ਫਿਰ ਪੁੱਤਰ ਦੀ ਬਦਲੀ ਨਾਗਾਲੈਂਡ ਦੀ ਹੋ ਗਈ ਤੇ ਉਹ ਆਪਣੇ ਪਰਿਵਾਰ ਨੂੰ ਲੈ ਕੇ ਉੱਥੇ ਚਲਾ ਗਿਆ। ਮੈਂ ਹੁਣ ਇਕ ਕਿਲੋ ਦੁੱਧ ਲੈਣ ਲੱਗ ਪਈ। ਜਦ ਕਦੇ ਆਪਣੇ ਪੇਕੇ ਚਲੀ ਜਾਂਦੀ ਤਾਂ ਉਹ ਵੀ ਬੰਦ ਕਰ ਦਿੰਦੀ। ਕਦੇ ਕਿਸੇ ਸਮਾਗਮ ਵਿਚ ਪਟਿਆਲੇ ਜਾਂ ਲੁਧਿਆਣੇ ਜਾਂਦੀ ਤਾਂ ਵੀ ਦੁੱਧ ਨਾ ਲੈਂਦੀ। ਦੁੱਧ ਵਾਲੇ ਨੂੰ ਇਹ ਗੱਲ ਬਿਲਕੁਲ ਪਸੰਦ ਨਹੀਂ ਸੀ। ਉਹ ਕੁੜ ਕੁੜ ਕਰਦਾ ਰਹਿੰਦਾ। ਫਿਰ ਮੈਂ ਦੁੱਧ ਵਾਲਾ ਬਦਲ ਲਿਆ ਪਰ ਸਮੱਸਿਆ ਉਹੀ ਸੀ। ਦੂਸਰਾ, ਤੀਸਰਾ, ਚੌਥਾ, ਦੁੱਧ ਵਾਲੇ ਬਦਲਦੇ ਰਹੇ। ਅਖ਼ੀਰ ਦੁੱਧ ਵਾਲਿਆਂ ਨੇ ਆਪਸ ਵਿਚ ਮਿਲ ਕੇ ਅਣਲਿਖਤ ਜਿਹਾ ਸਮਝੌਤਾ ਕਰ ਕੇ ਮੈਨੂੰ ਦੁੱਧ ਦੇਣਾ ਬੰਦ ਕਰ ਦਿੱਤਾ। ਮੈਂ ਹੁਣ ਮਾਰਕੀਟ ਤੋਂ ਜਾ ਕੇ ਪੈਕਟਾਂ ਵਾਲਾ ਦੁੱਧ ਲੈਣ ਲੱਗ ਪਈ। ਠੀਕ ਹੀ ਹੋਇਆ, ਮੇਰੀ ਇਕ-ਦੋ ਕਿਲੋਮੀਟਰ ਦੀ ਸੈਰ ਹੋ ਜਾਂਦੀ। ਸਟਾਲ ਤੋਂ ਆਪਣੀ ਮਰਜ਼ੀ ਦੇ ਦੋ ਚਾਰ ਅਖ਼ਬਾਰ ਵੀ ਖ਼ਰੀਦ ਲਿਆਉਂਦੀ।
ਪਿਛਲੇ ਸਾਲ ਮੇਰੇ ਘਰ ਵਿਚ ਨਵੇਂ ਕਿਰਾਏਦਾਰ ਆ ਗਏ। ਉਨ੍ਹਾਂ ਦੇ ਪਿੰਡ ਦਾ ਹੀ ਦੁੱਧ ਵਾਲਾ ਉਨ੍ਹਾਂ ਨੂੰ ਦੁੱਧ ਦੇ ਜਾਂਦਾ। ਉਹ 3-4 ਕਿਲੋ ਦੁੱਧ ਲੈਂਦੇ ਸਨ। ਮੈਂ ਵੀ ਉਸ ਕੋਲੋਂ ਇਕ ਕਿਲੋ ਦੁੱਧ ਲੈਣ ਲੱਗ ਪਈ। ਇਕ ਦਿਨ ਮੈਂ ਨੋਟ ਕੀਤਾ ਕਿ ਦੁੱਧ ਵਾਲਾ ਉਨ੍ਹਾਂ ਦੇ ਡੋਲੂ ਵਿਚ ਦੁੱਧ ਪਾ ਕੇ ਉਪਰੋਂ ਕੁਝ ਕੁ ਦੁੱਧ ਫਾਲਤੂ ਪਾ ਦਿੰਦਾ ਪਰ ਮੇਰੇ ਪਤੀਲੇ ਵਿਚ ਉਹ ਕਿਲੋ ਦੇ ਮਾਪ ਨੂੰ ਵੀ ਊਣਾ ਜਿਹਾ ਪਾ ਕੇ ਤੁਰ ਜਾਂਦਾ। ਇਹ ਵਿਤਕਰਾ ਦੇਖ ਕੇ ਮੈਨੂੰ ਬੜਾ ਅਜੀਬ ਲੱਗਿਆ। ਮੈਂ ਫਿਰ ਇਕ ਦਿਨ ਕਹਿ ਹੀ ਦਿੱਤਾ। ਉਹ ਹੱਸ ਕੇ ਚੁੱਪ ਕਰ ਗਿਆ ਪਰ ਦੁੱਧ ਦਾ ਹਿਸਾਬ ਉਹੀ ਰੱਖਿਆ।
ਇਸੇ ਸਾਲ ਮੈਂ ਆਪਣੇ ਪੁੱਤਰ ਕੋਲ ਅਲਾਹਾਬਾਦ ਜਾਣਾ ਸੀ। ਉਦੋਂ ਅਜੇ ਕਰੋਨਾ ਮਹਾਮਾਰੀ ਦਾ ਜ਼ਿਕਰ ਦੂਜੇ ਦੇਸ਼ਾਂ ਦੀਆਂ ਖ਼ਬਰਾਂ ਵਿਚ ਹੀ ਹੁੰਦਾ ਸੀ। ਮੈਂ ਦੋ ਕੁ ਮਹੀਨਿਆਂ ਲਈ ਹੀ ਜਾਣਾ ਸੀ। ਰਾਤ ਨੂੰ ਸਭ ਦਾ ਹਿਸਾਬ-ਕਿਤਾਬ ਕਰ ਲਿਆ। ਧੋਬੀ, ਕੰਮ ਵਾਲੀ, ਕਰਿਆਨੇ ਵਾਲਾ, ਅਖ਼ਬਾਰ ਤੇ ਦੁੱਧ ਵਾਲਾ, ਸਭ ਦੇ ਰੁਪਏ ਅਲੱਗ ਅਲੱਗ ਲਿਫ਼ਾਫ਼ਿਆਂ ਵਿਚ ਪਾ ਕੇ ਉਪਰ ਉਨ੍ਹਾਂ ਦੇ ਨਾਂ ਲਿਖ ਕੇ ਰੱਖ ਦਿੱਤੇ ਤਾਂ ਕਿ ਸਵੇਰੇ ਜਲਦੀ ਜਲਦੀ ਉਨ੍ਹਾਂ ਦੀ ਅਦਾਇਗੀ ਹੋ ਜਾਏ। ਮੇਰੀ ਟਰੇਨ ਦਾ ਟਾਈਮ ਸ਼ਾਮ ਦਾ ਸੀ।
ਅਗਲੇ ਦਿਨ ਸਵੇਰੇ ਹੀ ਸਭ ਦਾ ਭੁਗਤਾਨ ਹੋ ਗਿਆ। ਜਦ ਮੈਂ ਦੁੱਧ ਵਾਲੇ ਦੇ ਪੈਸੇ ਦੇ ਦਿੱਤੇ ਤਾਂ ਉਸ ਨੇ ਕਿਹਾ, “ਹੁਣੇ ਜਾਣਾ ਹੈ।” ਮੈਂ ਕਿਹਾ- “ਨਹੀਂ ਸ਼ਾਮੀਂ।” ਉਹ ਪੈਸੇ ਲੈ ਕੇ ਚਲਾ ਗਿਆ। ਜਦ ਮੈਂ ਕਿਚਨ ਵਿਚ ਆਈ ਤਾਂ ਪ੍ਰੇਸ਼ਾਨ ਹੋ ਗਈ, ਅੱਜ ਤਾਂ ਦੁੱਧ ਲਿਆ ਹੀ ਨਹੀਂ, ਹੁਣ ਚਾਹ ਕਾਹਦੀ ਬਣਾਵਾਂਗੀ। ਫਿਰ ਮੈਂ ਪੂਰਾ ਦਿਨ ਰਹਿਣਾ ਹੈ, ਕੋਈ ਨਾ ਕੋਈ ਮਿਲਣ ਵਾਲਾ ਵੀ ਆ ਸਕਦਾ ਹੈ। ਸੋਚਦੀ ਹੋਈ ਬਾਹਰ ਆ ਗਈ, ਸ਼ਾਇਦ ਕੋਈ ਹੋਰ ਦੁੱਧ ਵਾਲਾ ਮਿਲ ਜਾਏ। ਸਾਹਮਣੇ ਵਾਲਿਆਂ ਦਾ ਦੁੱਧ ਵਾਲਾ ਨਜ਼ਰ ਆ ਗਿਆ। ਉਹ ਆਪੇ ਹੀ ਮੇਰੇ ਕੋਲ ਆ ਕੇ ਬੋਲਿਆ, “ਦੁੱਧ ਚਾਹੀਦਾ?” ਛੋਟਾ ਮੁੰਡਾ ਸੀ, ਪੜ੍ਹਨ ਵਾਲਾ ਬੱਚਾ ਲਗਦਾ ਸੀ। ਆਪਣੇ ਬਾਪ ਦੀ ਜਗ੍ਹਾ ਆਇਆ ਜਾਪਦਾ ਸੀ। ਮੈਂ ਝਕਦੇ ਝਕਦੇ ਕਿਹਾ, “ਹਾਂ, ਬਸ ਅੱਧਾ ਕੁ ਕਿਲੋ ਹੀ ਚਾਹੀਦਾ ਹੈ।” ਬਰਤਨ ਮੇਰੇ ਕੋਲ ਹੀ ਸੀ, ਉਸ ਨੇ ਤਕਰੀਬਨ ਪੌਣਾ ਕਿਲੋ ਦੁੱਧ ਪਾ ਦਿੱਤਾ। ਮੈਂ ਕਿਹਾ, “ਕਾਕਾ ਰੁਕੀਂ ਜ਼ਰਾ, ਮੈਂ ਅੰਦਰੋਂ ਪੈਸੇ ਲੈ ਆਵਾਂ।” ਉਹ ਬੋਲਿਆ, “ਕੋਈ ਗੱਲ ਨਹੀਂ।” ਮੈਂ ਕਿਹਾ, “ਮੈਂ ਕੱਲ੍ਹ ਇੱਥੇ ਨਹੀਂ ਹੋਣਾ, ਨਹੀਂ ਤਾਂ ਕੱਲ੍ਹ ਦੇ ਦਿੰਦੀ।” ਉਹ ਹੱਸ ਕੇ ਬੋਲਿਆ, “ਮੈਨੂੰ ਪਤਾ ਹੈ, ਸਾਹਮਣੇ ਵਾਲੀ ਆਂਟੀ ਨੇ ਮੈਨੂੰ ਦੱਸ ਦਿੱਤਾ ਹੈ। ਬਾਕੀ ਮੈਂ ਪੈਸੇ ਤੁਹਾਡੇ ਕੋਲੋਂ ਲੈਣੇ ਵੀ ਨਹੀਂ ਹਨ।” “ਕਿਉਂ ਬਈ, ਮੈਂ ਤਾਂ ਦੁੱਧ ਤੁਹਾਡੇ ਕੋਲੋਂ ਲੈਂਦੀ ਵੀ ਨਹੀਂ ਹਾਂ। ਫਿਰ ਇਹ ਮਿਹਰਬਾਨੀ ਕਿਉਂ?”
ਉਹ ਹੌਲੀ ਜਿਹੀ ਬੋਲਿਆ, “ਆਂਟੀ ਜੀ, ਗੱਲ ਦੁੱਧ ਦੀ ਨਹੀਂ। ਮੈਨੂੰ ਪਤਾ ਹੈ, ਸਾਰੇ ਦੁੱਧ ਵਾਲੇ ਤੁਹਾਡੇ ਨਾਲ ਕਿਹੋ ਜਿਹਾ ਸਲੂਕ ਕਰਦੇ ਨੇ। ਮੈਨੂੰ ਮੇਰੇ ਡੈਡੀ ਨੇ ਸਾਰਾ ਕੁਝ ਦੱਸਿਆ ਹੋਇਐ ਪਰ ਇਹ ਉਨ੍ਹਾਂ ਦੀ ਸੋਚਣੀ ਦੀ ਗੱਲ ਹੈ। ਖੁਦ ਉਹ ਭਾਵੇਂ ਦੁੱਧ ਵਿਚ ਪਾਣੀ ਮਿਲਾਉਣ, ਮੱਝਾਂ-ਗਾਵਾਂ ਨੂੰ ਟੀਕੇ ਲਾਉਣ, ਉਸ ਵੱਲ ਧਿਆਨ ਨਹੀਂ ਦਿੰਦੇ ਪਰ ਜੇ ਕੋਈ ਕੱਲਾ-ਕਾਰਾ ਬੰਦਾ ਘੱਟ-ਵੱਧ ਦੁੱਧ ਲੈ ਲਵੇ ਜਾਂ ਕਿਸੇ ਦਿਨ ਨਾ ਲਵੇ ਤਾਂ ਉਸ ਨੂੰ ਫਿਰ ਦੁੱਧ ਹੀ ਨਹੀਂ ਦਿੰਦੇ। ਚਲੋ, ਆਂਟੀ ਤੁਸੀਂ ਕਿਸੇ ਦੀ ਸੋਚ ਨਹੀਂ ਬਦਲ ਸਕਦੇ। ਇਹ ਦੁੱਧ ਤੁਹਾਡੇ ਨਾਲ ਉਨ੍ਹਾਂ ਦੀਆਂ ਕੀਤੀਆਂ ਹੋਈਆਂ ਜ਼ਿਆਦਤੀਆਂ ਦਾ ਮੁਆਫ਼ੀਨਾਮਾ ਹੈ। ਮੈਨੂੰ ਪੈਸੇ ਨਹੀਂ ਚਾਹੀਦੇ! ਬੱਸ ਤੁਸੀਂ ਸਾਡੀ ਦੁੱਧ ਵਾਲੀ ਬਿਰਾਦਰੀ ਨੂੰ ਮੁਆਫ਼ ਕਰ ਦੇਣਾ।” ਕਹਿ ਕੇ ਉਹ ਸਾਈਕਲ ਨੂੰ ਪੈਡਲ ਮਾਰ ਕੇ ਚਲਾ ਗਿਆ।
ਮੈਂ ਕਿੰਨੀ ਹੀ ਦੇਰ ਉਥੇ ਖੜ੍ਹੀ ਸੋਚਦੀ ਰਹੀ। ਉਸ ਛੋਟੇ ਜਿਹੇ ਮੁੰਡੇ ਦੀ ਗੱਲ ਕਿੰਨੀ ਸਹੀ ਸੀ! ਉਹਨੇ ਠੀਕ ਹੀ ਤਾਂ ਕਿਹਾ ਸੀ; ਸਭ ਦੀ ਆਪੋ-ਆਪਣੀ ਸੋਚ ਹੁੰਦੀ ਹੈ ਤੇ ਉਸ ਸੋਚ ਨੂੰ ਕੋਈ ਨਹੀਂ ਬਦਲ ਸਕਦਾ।
ਸੰਪਰਕ: 99881-52523