ਡਾ. ਕੁਲਦੀਪ ਸਿੰਘ
ਦੋਵਾਂ ਪੰਜਾਬਾਂ ਦੀਆਂ ਵਿਰਾਸਤਾਂ ਜੋ ਘਰਾਂ ਵਿਚ ਬਜ਼ੁਰਗਾਂ ਦੇ ਰੂਪ ਵਿਚ ਸਾਡੇ ਕੋਲ ਹਨ ਤੇ ਜਿ਼ੰਦਾ ਇਤਿਹਾਸ ਹਨ, ਸਮਾਂ ਬੀਤਣ ਨਾਲ ਕਿਰ ਰਹੀਆਂ ਹਨ। ਵੰਡ ਵੇਲੇ ਵੀ ਇੱਕ ਪੀੜ੍ਹੀ ਜੋ ਚਸ਼ਮਦੀਦ ਗਵਾਹ ਸੀ, ਲੋਪ ਹੋ ਰਹੀ ਹੈ। ਇਨ੍ਹਾਂ ਵਿਚੋਂ ਹੀ ਇਕ ਮਾਤਾ ਤੇਜ਼ ਕੌਰ (11 ਮਾਰਚ 1917-5 ਮਈ 2021) ਪਿੰਡ ਡਕੌਂਦਾ (ਪਟਿਆਲਾ) 104 ਵਰ੍ਹੇ ਤੋਂ ਉੱਪਰ ਆਯੂ ਪੂਰੀ ਕਰ ਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹ ਪ੍ਰੋਫ਼ੈਸਰ ਬਾਵਾ ਸਿੰਘ (ਸਾਬਕਾ ਵਾਈਸ ਚੇਅਰਮੈਨ, ਘੱਟ ਗਿਣਤੀ ਕਮਿਸ਼ਨ ਅਤੇ ਸਾਬਕਾ ਪ੍ਰੋਫ਼ੈਸਰ, ਖ਼ਾਲਸਾ ਕਾਲਜ, ਗੁਰੂਸਰ ਸੁਧਾਰ) ਦੇ ਮਾਤਾ ਜੀ ਸਨ।
ਨਜ਼ਦੀਕ ਰਹਿਣ ਕਰ ਕੇ ਮੈਂ ਮਾਤਾ ਤੇਜ਼ ਕੌਰ ਨੂੰ ਰੋਜ਼ ਮਿਲਣ ਚਲਾ ਜਾਂਦਾ ਸੀ। ਉਹ ਸਿਰ ’ਤੇ ਹੱਥ ਰੱਖ ਕੇ ਇਸ਼ਾਰੇ ਨਾਲ ਕੋਲ ਬੈਠਣ ਵਾਸਤੇ ਕਹਿੰਦੇ। ਅਕਸਰ ਉਨ੍ਹਾਂ ਕਹਿਣਾ, “ਪੁੱਤ, ਮੈਂ ਬਹੁਤ ਕੁਝ ਦੇਖ ਲਿਆ ਹੈ ਹੁਣ। ਮੇਰਾ ਜਨਮ ਸਿਆਲਕੋਟ ਦੇ ਨਜ਼ਦੀਕ ਨਿੱਕੇ ਜਿਹੇ ਪਿੰਡ ਗੁੜ੍ਹੀ (ਪਾਕਿਸਤਾਨ) ਵਿਚ ਹੋਇਆ ਸੀ।” ਸੱਚੀ ਹੀ ਮਾਤਾ ਜੀ ਕੋਲ ਬੈਠਿਆਂ ਇੰਝ ਜਾਪਦਾ ਜਿਵੇਂ ਮੈਂ ਕਿਸੇ ਅੱਖੀਂ ਦੇਖੇ ਅਤੇ ਕੰਨੀ ਸੁਣੇ ਇਤਿਹਾਸ ਦੇ ਬਹੁਤ ਸਾਰੇ ਵੇਰਵੇ ਅਤੇ ਦ੍ਰਿਸ਼ ਹਾਸਿਲ ਕਰ ਰਿਹਾ ਹੋਵਾਂ।
ਆਪਣੀ ਲੰਮੀ ਉਮਰ ਦੌਰਾਨ ਉਨ੍ਹਾਂ ਪਰਿਵਾਰਕ ਅਤੇ ਸਮਾਜਿਕ ਤੌਰ ’ਤੇ ਦੁੱਖ ਸੁੱਖ ਬੜੇ ਨੇੜਿਓਂ ਦੇਖੇ ਸਨ ਜਿਨ੍ਹਾਂ ’ਚ ਦੋ ਪੁੱਤਰਾਂ, ਇੱਕ ਜਵਾਈ ਅਤੇ ਇੱਕ ਪੋਤਰੇ ਦੀ ਮੌਤ ਵੀ ਸ਼ਾਮਿਲ ਹੈ, ਫਿਰ ਵੀ ਉਨ੍ਹਾਂ ਦੇ ਸੁਭਾਅ ’ਚ ਸਹਿਜ ਬਹੁਤ ਸੀ। ਡਾ. ਦਰਸ਼ਨਪਾਲ ਅਤੇ ਕਿਸਾਨ ਆਗੂ ਜਗਮੋਹਨ ਪਟਿਆਲਾ ਕਿਸਾਨੀ ਘੋਲ ਦੇ ਕਾਰਜਾਂ ਲਈ ਪਟਿਆਲਾ ’ਚੋਂ ਲੰਘਦੇ ਤਾਂ ਉਹ ਮਾਤਾ ਤੇਜ਼ ਕੌਰ ਨੂੰ ਮਿਲੇ ਬਿਨਾਂ ਨਾ ਜਾਂਦੇ। ਉਨ੍ਹਾਂ ਆਸ਼ੀਰਵਾਦ ਦੇਣਾ ਤੇ ਕਹਿਣਾ, “ਭਲਾ ਮੈਂ ਥੋਡੇ ਉੱਥੇ ਜਿੱਥੇ ਤੁਸੀਂ ਬੈਠੇ ਹੋ, ਆ ਨਹੀਂ ਸਕਦੀ ਪਰ ਮੇਰਾ ਮੁੰਡਾ (ਪ੍ਰੋ. ਬਾਵਾ ਸਿੰਘ) ਮੈਨੂੰ ਕੁਝ ਨਾ ਕੁਝ ਦੱਸ ਹੀ ਦਿੰਦਾ ਹੈ। ਜਦੋਂ ਤੱਕ ਇਹ ਘਰ ਵਾਪਿਸ ਨਹੀਂ ਆਉਂਦਾ, ਮੈਂ ਆਪਣੀ ਨੂੰਹ (ਭਗਵਾਨ ਕੌਰ) ਤੋਂ ਪੁੱਛਦੀ ਰਹਿੰਦੀ ਹਾਂ ਕਿ ਉਹ ਕਦੋਂ ਵਾਪਿਸ ਆਵੇਗਾ। ਉਨ੍ਹਾਂ ਦਾ ਦਿੱਲੀ ਵਾਲਾ ਕੋਈ ਫ਼ੈਸਲਾ ਹੋਇਆ ਜਾਂ ਨਹੀਂ।”
ਮਾਤਾ ਤੇਜ਼ ਕੌਰ ਨੇ ਉਮਰ ਦਾ 100 ਵਾਲਾ ਅੰਕੜਾ ਇਸ ਕਰ ਕੇ ਪਾਰ ਕਰ ਲਿਆ ਕਿਉਂਕਿ ਉਹ ਤਮਾਮ ਉਮਰ ਨਿਰੋਗ ਰਹੇ। 5 ਮਈ, 2021 ਨੂੰ ਸਵੇਰੇ ਛੇ ਵਜੇ ਪ੍ਰੋ. ਬਾਵਾ ਸਿੰਘ ਨੇ ਮੇਰੀ ਡਾਕਟਰ ਧੀ ਜਸਲੀਨ ਨੂੰ ਕਿਹਾ ਕਿ ਪੁੱਤਰ ਆ ਕੇ ਦੇਖ, ਸ਼ਾਇਦ ਮਾਤਾ ਜੀ ਘੂਕ ਸੁੱਤੇ ਪਏ ਹਨ। ਉਸ ਨੇ ਮਾਤਾ ਜੀ ਦੇ ਸਾਰੇ ਅੰਗ ਪਰਖੇ ਅਤੇ ਕਿਹਾ ਕਿ ਆਪਣੇ ਮਾਤਾ ਜੀ ਤਾਂ ਹੁਣ ਆਪਾਂ ਸਾਰਿਆਂ ਨੂੰ ਅਲਵਿਦਾ ਕਹਿ ਗਏ ਹਨ। 13 ਮਈ, 2021 ਨੂੰ ਉਨ੍ਹਾਂ ਦੇ ਪਿੰਡ ਡਕੌਂਦਾ (ਪਟਿਆਲਾ) ਵਿਚ ਸੀਮਤ ਇਕੱਤਰਤਾ ਕਰ ਕੇ ਵੱਖ ਵੱਖ ਖੇਤਰਾਂ ਦੇ ਸੰਘਰਸ਼ਸ਼ੀਲ ਲੋਕ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।
ਸੰਪਰਕ: 98151-15429