ਕੁਲਦੀਪ ਸਿੰਘ ਧਨੌਲਾ
ਸੁਨਾਮ ਤੋਂ 21 ਕਿਲੋਮੀਟਰ, ਬੁਢਲਾਡਾ ਤੋਂ 18, ਭੀਖੀ ਤੋਂ 13 ਅਤੇ ਚੀਮਾ ਮੰਡੀ ਤੋਂ 7 ਕਿਲੋਮੀਟਰ ਦੂਰ ਚੀਮਾ-ਲਹਿਰਾਗਾਗਾ ਸੜਕ ਦੀ ਇਕ ਕੰਨੀ ’ਤੇ ਹਟਵਾਂ ਛੋਟਾ ਜਿਹਾ ਪਿੰਡ ਸਤੌਜ ਸਰਹਿੰਦ ਚੋਅ ਉਤੇ ਵਸਿਆ ਹੋਇਆ ਹੈ। ਪਿੰਡ ਵਾਸੀਆਂ ਅਨੁਸਾਰ, ਇਤਿਹਾਸ ਵਿਚ ਸਾਂਤਨੂ ਰਾਜੇ ਕੌਰਵਾਂ ਪਾਂਡਵਾਂ ਦਾ ਗੁਰੂ ਮੰਨਿਆ ਗਿਆ ਹੈ ਜਿਨ੍ਹਾਂ ਹਜ਼ਾਰਾਂ ਵਰ੍ਹੇ ਪਹਿਲਾਂ ਸੁਨਾਮ, ਸਰਹਿੰਦ, ਸਤੌਜ, ਦਲੇਵਾ ਵਿਚ ਪਾਣੀ ਦਾ ਸੋਮਾ ਨਾ ਹੋਣ ਕਾਰਨ ਸਰਹਿੰਦ ਚੋਅ (ਹੰਸਲਾ ਨਦੀ) ਉਤੇ ਇਹ ਪਿੰਡ ਵਸਾਏ ਸਨ। ਇਸ ਚੋਅ ਉਤੇ ਬਜ਼ੁਰਗ ਹੰਸਲਾ ਰਹਿੰਦਾ ਸੀ ਜਿਸ ਦੇ ਨਾਂ ’ਤੇ ਪਿੰਡ ਦਾ ਨਾਂ ਸਤੌਜ ਪੈ ਗਿਆ।
ਕੁਝ ਲੋਕਾਂ ਦਾ ਮੱਤ ਹੈ ਕਿ ਇਥੇ ਸੱਤ-ਹੌਜ (ਪਾਣੀ ਜਮ੍ਹਾਂ ਕਰਨ ਵਾਲੇ ਤਲਾਅ) ਹੋਣ ਕਾਰਨ ਪਿੰਡ ਦਾ ਨਾਂ ਸਤੌਜ ਪਿਆ ਜਿਨ੍ਹਾਂ ਵਿਚ ਇਸ ਨਦੀ ਵਿਚੋਂ ਪਾਣੀ ਭੰਡਾਰ ਕੀਤਾ ਜਾਂਦਾ ਸੀ। 70-80 ਵਰ੍ਹੇ ਪਹਿਲਾਂ ਬਾਬਾ ਅਮਰ ਸਿੰਘ ਨੇ ਸੁਨਾਮ ਤੋਂ ਖੇਤਾਂ ਵਿਚੋਂ ਪੈਦਲ ਚਲ ਕੇ ਜਦੋਂ ਪਿੰਡ ਸਤੌਜ ਵਿਚ ਆ ਕੇ ਕਿਹਾ ਸੀ ਕਿ ਇਸ ਧਰਤੀ ਥੱਲੇ ਸੱਤ ਤਲਾਅ ਹਨ ਤਾਂ ਲੋਕਾਂ ਨੇ ਉਨ੍ਹਾਂ ਨੂੰ ਪਾਗਲ ਤਕ ਕਹਿ ਦਿੱਤਾ ਸੀ ਪਰ ਜਦੋਂ ਉਨ੍ਹਾਂ ਪੁਟਾਈ ਕਰਵਾ ਕੇ ਇਕ ਤਲਾਅ ਕੱਢ ਦਿਖਾਇਆ ਤਾਂ ਲੋਕ ਦੰਗ ਰਹਿ ਗਏ। ਹੁਣ ਵੀ ਇਹ ਤਲਾਅ ਪਿੰਡ ਵਿਚ ਮੌਜੂਦ ਹੈ। ਇਹ ਤਲਾਅ ਦੋ ਦੋ ਫੁੱਟ ਲੰਮੀਆਂ ਅਤੇ ਫੁੱਟ ਫੁੱਟ ਚੌੜੀਆਂ ਇੱਟਾਂ ਨਾਲ ਬਣਿਆ ਹੋਇਆ ਹੈ। ਇਨ੍ਹਾਂ ਇੱਟਾਂ ਉਤੇ ਲਿਖੀ ਭਾਸ਼ਾ ਅੱਜ ਤਕ ਕਿਸੇ ਤੋਂ ਪੜ੍ਹੀ ਨਹੀਂ ਗਈ। ਪੁਰਾਤੱਤਵ ਵਿਭਾਗ ਪਿੰਡ ਦਾ ਕੋਈ ਖੁਰਾ-ਖੋਜ ਕੱਢਣ ਦੀ ਕੋਸ਼ਿਸ਼ ਕਰ ਸਕਦਾ ਹੈ।
ਸਤੌਜ ਪਹਿਲਾਂ ਕਾਮੇਡੀ ਕਿੰਗ, ਫਿਰ ਲੋਕ ਸਭਾ ਮੈਂਬਰ ਤੇ ਹੁਣ ਮੁੱਖ ਮੰਤਰੀ ਬਣੇ ਭਗਵੰਤ ਮਾਨ ਦਾ ਜੱਦੀ ਪਿੰਡ ਹੈ। ਇਹ ਪਿੰਡ ਪਹਿਲੀ ਵਾਰ 2014 ਵਿਚ ਲੋਕ ਸਭਾ ਚੋਣਾਂ ਦੌਰਾਨ ਚਰਚਾ ਵਿਚ ਆਇਆ ਜਦੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਭਗਵੰਤ ਮਾਨ ਪੰਜਾਬ ਭਰ ਵਿਚੋਂ ਸਭ ਤੋਂ ਵੱਧ 2 ਲੱਖ 11 ਹਜ਼ਾਰ 721 ਵੋਟਾਂ ਨਾਲ ਜਿੱਤਿਆ ਸੀ। 2019 ਵਿਚ ਦੁਬਾਰਾ ਜਿੱਤ ਪ੍ਰਾਪਤ ਕੀਤੀ ਤੇ ਹੁਣ ਉਹ ਵਿਧਾਨ ਸਭਾ ਹਲਕਾ ਧੂਰੀ ਤੋਂ ਚੋਣ ਜਿੱਤ ਕੇ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਹੈ।
ਗੁੰਮਨਾਮ ਰਹੇ ਬਾਬਾ ਅਮਰ ਸਿੰਘ ਦੇ ਨਾਂ ਉਤੇ ਪਿੰਡ ਦੇ ਕੁਝ ਅਗਾਂਹਵਧੂ ਨੌਜਵਾਨਾਂ ਨੇ ਲਾਇਬ੍ਰੇਰੀ ਬਣਾਈ ਅਤੇ ਭਗਵੰਤ ਮਾਨ ਨੇ ਬਤੌਰ ਲੋਕ ਸਭਾ ਮੈਂਬਰ ਬਿਲਡਿੰਗ ਬਣਵਾ ਦਿੱਤੀ। ਪਿੰਡ ਵਿਚ ਹਜ਼ਾਰਾਂ ਸਾਲ ਪੁਰਾਣੀਆਂ ਇਤਿਹਾਸਕ ਸਮਾਧਾਂ ਹਨ। ਸੱਥ ਵਿਚ ਬੈਠੇ ਬਜ਼ੁਰਗਾਂ ਨੇ ਦੱਸਿਆ ਕਿ 50-60 ਸਾਲ ਪਹਿਲਾਂ ਇਨ੍ਹਾਂ ਸਮਾਧਾਂ ਉਤੇ ਸਾਲਾਨਾ ਮੇਲਾ ਲੱਗਦਾ ਹੁੰਦਾ ਸੀ, ਫਿਰ ਬੰਦ ਹੋ ਗਿਆ। ਉਂਝ, ਲੋਕਾਂ ਵਿਚ ਇਨ੍ਹਾਂ ਪ੍ਰਤੀ ਸ਼ਰਧਾ-ਸਤਿਕਾਰ ਜਿਉਂ ਦਾ ਤਿਉਂ ਹੈ।
ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਪਿੰਡ ਵਾਸੀ ਹਜ਼ੂਰਾ ਸਿੰਘ ਨੇ ਆਜ਼ਾਦੀ ਸੰਗਰਾਮ ਵਿਚ ਹਿੱਸਾ ਲਿਆ, ਉਨ੍ਹਾਂ ਨੂੰ ਪੈਨਸ਼ਨ ਅਤੇ ਆਜ਼ਾਦੀ ਸੰਗਰਾਮੀਆਂ ਦੇ ਕੋਟੇ ਵਿਚੋਂ ਨੌਕਰੀ ਵੀ ਮਿਲੀ। ਉਨ੍ਹਾਂ ਅਕਾਲੀ ਮੋਰਚਿਆਂ ਦੌਰਾਨ ਜੇਲ੍ਹਾਂ ਵੀ ਕੱਟੀਆਂ। ਪੀਟੀ ਮਾਸਟਰ ਅਵਤਾਰ ਸਿੰਘ ਅਤੇ ਪਰਗਟ ਸਿੰਘ ਦੀ ਮਿਹਨਤ ਸਦਕਾ ਨੈਸ਼ਨਲ ਅਤੇ ਪੰਜਾਬ ਸਟਾਈਲ ਕਬੱਡੀ ਵਿਚ ਪਿੰਡ ਦੀਆਂ ਕੁੜੀਆਂ ਦੀ ਪੰਜਾਬ ਪੱਧਰ ’ਤੇ ਪ੍ਰਸਿੱਧ ਟੀਮ ਸੀ ਜਿਨ੍ਹਾਂ ਵਿਚੋਂ ਜਸਵੀਰ ਕੌਰ ਤੇ ਬੀਰਪਾਲ ਕੌਰ ਕਮਾਲ ਦੀ ਕਬੱਡੀ ਖੇਡਦੀਆਂ ਸਨ।
ਭਾਰਤੀ ਸਾਹਿਤ ਅਕਾਦਮੀ ਦਾ ਯੁਵਾ ਪੁਰਸਕਾਰ ਜਿੱਤਣ ਵਾਲੇ ਨਾਵਲਕਾਰ ਪਰਗਟ ਸਿੰਘ ਸਤੌਜ ਵੀ ਇਸੇ ਪਿੰਡ ਦੇ ਹਨ ਜਿਨ੍ਹਾਂ ਦੇ ‘ਭਾਗੂ’, ‘ਤੀਵੀਆਂ’, ‘ਗਲਤ-ਮਲਤ ਜ਼ਿੰਦਗੀ’, ‘ਖ਼ਬਰ ਇਕ ਪਿੰਡ ਦੀ’, ‘ਨਾਚਫਰੋਸ਼’ ਛਪ ਚੁਕੇ ਹਨ। ਕੁਲਦੀਪ ਸਿੰਘ ਤੇ ਨਿਰਮਲ ਸਿੰਘ ਮਾਨ ਨੇ ਗੀਤਕਾਰੀ ਅਤੇ ਸਾਹਿਤ ਖੇਤਰ ਵਿਚ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਭਗਵੰਤ ਮਾਨ ਨੇ ਆਪਣੀਆਂ ਕੈਸੇਟਾਂ ਵਿਚ ਭੋਲੇ ਕਾ ਟਿੱਡਾ, ਨੰਬਰਦਾਰਾਂ ਦਾ ਗੁਰਜੀਤ, ਮੰਗਾ, ਬੀਬੋ ਭੂਆ, ਭਾਨ ਕਾ ਮੰਗੂ ਵਾਣੀਆਂ, ਝੰਡਾ ਅਮਲੀ, ਦੌਲਾ ਆਦਿ ਜਿਹੜੇ ਪਾਤਰਾਂ ਦੇ ਨਾਂ ਲਏ, ਉਹ ਕੋਈ ਕਲਪਿਤ ਨਾਂ ਨਹੀਂ ਸਗੋਂ ਇਹ ਸਾਰੇ ਪਿੰਡ ਸਤੌਜ ਦੇ ਹੀ ਵਾਸੀ ਹਨ।
ਪਹਿਲਾਂ ਪਿੰਡ ਪ੍ਰਾਇਮਰੀ ਅਤੇ ਮਿਡਲ ਸਕੂਲ ਤਕ ਸੀਮਤ ਸੀ ਪਰ ਹੁਣ ਇਥੇ ਹਾਈ ਸਕੂਲ ਹੈ। ਹੋਰ ਪਿੰਡਾਂ ਦੇ ਸਕੂਲਾਂ ਵਾਂਗ ਇਥੇ ਵੀ ਅਧਿਆਪਕਾਂ ਦੀ ਘਾਟ ਹੈ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਡਾਕਖਾਨਾ ਧਰਮਗੜ੍ਹ ਨਾਲ ਹੋਣ ਕਾਰਨ ਡਾਕ ਆਉਣ ਵਿਚ ਮੁਸ਼ਕਿਲਾਂ ਆਉਂਦੀਆਂ ਹਨ। ਇਕ ਵਾਰ ਪਿੰਡ ਦੀ ਅਣਵੰਡੀ ਡਾਕ ਦੀਆਂ ਦੋ ਬੋਰੀਆਂ ਫੜੀਆਂ ਗਈਆਂ ਸਨ। ਲੋਕਾਂ ਦੀ ਮੰਗ ਹੈ ਕਿ ਪਿੰਡ ਦੀ ਡਾਕ ਚੀਮਾ ਮੰਡੀ ਨਾਲ ਜੋੜੀ ਜਾਵੇ।
ਪਿੰਡ ਨਾਲ ਖਹਿ ਕੇ ਲੰਘਦੀ ਸਰਹਿੰਦ ਚੋਅ ਦੇ ਪੁਲ ਦਾ ਨਿਰਮਾਣ ਕਈ ਦਹਾਕਿਆਂ ਤੋਂ ਹਵਾ ਵਿਚ ਲਟਕਿਆ ਰਿਹਾ। ਇਸ ਪੁਲ ਬਾਰੇ ਭਗਵੰਤ ਮਾਨ ਦਾ ਕਹਿਣਾ ਹੈ- ਉਦੋਂ ਮੈਂ 6ਵੀਂ ਕਲਾਸ ਵਿਚ ਪੜ੍ਹਦਾ ਸੀ, ਜਦੋਂ ਪਿੰਡ ਦੇ ਟੂਰਨਾਮੈਂਟ ਉੱਤੇ ਸੁਖਦੇਵ ਸਿੰਘ ਢੀਂਡਸਾ ਨੇ ਆਉਣਾ ਸੀ ਤੇ ਪੰਚਾਇਤ ਵਾਲੇ ਮੇਰੇ ਪਿਤਾ ਦਾ ਨਾਂ ਲੈ ਕੇ ਕਹਿੰਦੇ- ‘ਮਾਸਟਰ ਮਹਿੰਦਰ ਸਿੰਘ ਦੇ ਮੁੰਡੇ ਦੀ ਲਿਖਾਈ ਵਧੀਐ, ਇਸ ਤੋਂ ਲਿਖਾਓ ਮੰਗ ਪੱਤਰ’। ਇਸ ਤਰ੍ਹਾਂ ਮੈਂ ਮੰਗ ਪੱਤਰ ਲਿਖਿਆ ਤੇ ਪੜ੍ਹਿਆ ਵੀ ਸੀ। ਇਸ ਤੋਂ ਕਾਫ਼ੀ ਸਮਾਂ ਬਾਅਦ ਮੈਂ ਪਿੰਡ ਦੇ ਯੂਥ ਸਪੋਰਟਸ ਕਲੱਬ ਦਾ ਪ੍ਰਧਾਨ ਬਣਿਆ ਤੇ ਟੂਰਨਾਮੈਂਟ ਉਤੇ ਯੁੱਧਵੀਰ ਮਾਣਕ ਸਮੇਤ ਹੋਰ ਵੀ ਕਈ ਕਲਾਕਾਰ ਆਏ ਸਨ ਤੇ ਸੁਖਦੇਵ ਸਿੰਘ ਢੀਂਡਸਾ ਦੇ ਆਉਣ ’ਤੇ ਮੈਂ ਫੇਰ ਮੰਗ ਪੱਤਰ ਪੜ੍ਹਦਿਆਂ ਇਸ ਪੁਲ ਦਾ ਜ਼ਿਕਰ ਕੀਤਾ ਪਰ ਪੁਲ ਨਾ ਬਣਿਆ। ਆਖ਼ਰ ਮੇਰੇ ਪਾਰਲੀਮੈਂਟ ਮੈਂਬਰ ਬਣਦਿਆਂ ਹੀ ਪ੍ਰਸ਼ਾਸਨ ਹਰਕਤ ਵਿਚ ਆਇਆ ਤੇ ਪੁਲ ਸਿਰੇ ਚੜ੍ਹਿਆ।…
ਇਸ ਪਿੰਡ ਦਾ ਭਗਵੰਤ ਮਾਨ ਅੱਜ ਮੁੱਖ ਮੰਤਰੀ ਹੈ। ਪਿੰਡ ਵਾਸੀਆਂ ਨੂੰ ਆਸ ਹੈ ਕਿ ਹੁਣ ਉਨ੍ਹਾਂ ਦੇ ਪਿੰਡ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।
ਸੰਪਰਕ: 94642-91023