ਪ੍ਰਿੰਸੀਪਲ ਵਿਜੈ ਕੁਮਾਰ
ਰੁਜ਼ਗਾਰ ਖ਼ਾਤਿਰ ਪਿੰਡੋਂ ਨਿੱਕਲ ਆਇਆ ਸਾਂ ਅਤੇ ਫਿਰ ਅਗਾਂਹ ਤੋਂ ਅਗਾਂਹ ਰੁਝੇਵੇਂ ਵਧਣ ਕਾਰਨ ਪਿੰਡ ਦੇ ਗੇੜੇ ਨੂੰ ਵਕਫ਼ਾ ਪੈ ਜਾਂਦਾ। ਨਾਲ ਦੀ ਨਾਲ ਹੀ ਪਿੰਡੋਂ ਆਇਆ ਸੁਨੇਹਾ ਝੱਟ ਦਰਵਾਜ਼ਾ ਆਣ ਖੜਕਾਉਂਦਾ: ‘ਪੁੱਤ ਮੈਨੂੰ ਦੇਖਣ ਨੂੰ ਤੇਰਾ ਦਿਲ ਨਹੀਂ ਕਰਦਾ ਤੇਰਾ?… ਇਹ ਮਾਂ ਸੀ… ਫਿਰ ਪਿੰਡ ਅੱਪੜਨ ਤੇ ਉਹ ਤਾਕੀਦ ਕਰਦੀ, ‘ਜਦੋਂ ਤੱਕ ਜਿਊਂਦੀ ਆਂ, ਪਿੰਡ ਜ਼ਰੂਰ ਆ ਜਾਇਆ ਕਰ।’ … ਫਿਰ ਜਿਵੇਂ ਹੀ ਕੋਈ ਛੁੱਟੀ ਆਉਂਦੀ, ਸੌ ਰੁਝੇਵੇਂ ਹੋਣ ਤੇ ਵੀ ਪਿੰਡ ਜਾ ਕੇ ਮਾਂ ਨੂੰ ਮਿਲਣ ਦੀ ਕਾਹਲ ਰਹਿੰਦੀ। ਹੁਣ ਪਿੰਡ ਵਾਲਾ ਰਾਹ ਮੇਰੇ ਪੈਰਾਂ ਹੇਠੋਂ ਗੁਆਚਦਾ ਜਾਪ ਰਿਹਾ ਹੈ। ਕਿੰਨਾ ਸਕੂਨ ਮਿਲਦਾ ਸੀ, ਜਦੋਂ ਕਦੀ ਮਾਂ ਪਿੰਡੋਂ ਆਣ ਕੇ ਬੈਠਦੇ ਸਾਰ ਦੱਸਦੀ ਹੁੰਦੀ ਸੀ ਕਿ ਅੱਜ ਬੱਸ ਕੰਡਕਟਰ ਨੇ ਮੜਿੰਗਾ ਪਛਾਣ ਕੇ ਪੁੱਛ ਲਿਆ- ਤੁਸੀਂ ਪ੍ਰਿੰਸੀਪਲ ਦੇ ਮਾਤਾ ਜੀ ਹੋ?
ਉਦੋਂ ਅਸੀਂ ਛੋਟੇ ਛੋਟੇ ਹੀ ਸਾਂ ਜਦੋਂ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ। ਘਰ ਵਿਚ ਦੁਪਹਿਰ ਦੀ ਰੋਟੀ ਪਕਾਉਣ ਲਈ ਆਟਾ ਨਹੀਂ ਸੀ ਪਰ ਮਾਂ ਨੇ ਉਹ ਔਖਾ ਸਮਾਂ ਖੁਦ ਢਾਲ ਬਣ ਕੇ ਸਾਨੂੰ ਮਹਿਸੂਸ ਨਹੀਂ ਹੋਣ ਦਿੱਤਾ ਸੀ। ਉਹ ਆਪ ਬਹੁਤਾ ਪੜ੍ਹੀ ਨਹੀਂ ਸੀ ਪਰ ਉਹਨੂੰ ਵਿੱਦਿਆ ਦੀ ਤਾਕਤ ਦਾ ਪਤਾ ਸੀ। ਉਹਨੇ ਸੈਆਂ ਕਸ਼ਟ ਝਾਗ ਕੇ ਸਾਨੂੰ ਪੜ੍ਹਾਇਆ-ਲਿਖਾਇਆ ਅਤੇ ਮਾਣ-ਮੱਤੇ ਅਹੁਦਿਆਂ ਤੱਕ ਪੁੱਜਦੇ ਕੀਤਾ।
ਉਹਨੇ ਸਾਨੂੰ ਸਬਰ ਅਤੇ ਸੰਤੋਖ ਦਾ ਪਾਠ ਬਚਪਨ ਵਿਚ ਹੀ ਪੜ੍ਹਾ ਦਿੱਤਾ ਸੀ। ਇੰਨੀਆਂ ਔਖਾਂ ਦੇ ਬਾਵਜੂਦ, ਉਸ ਨੇ ਨਾਲ ਦਾ ਜੰਮਿਆ ਭਰਾ ਨਾ ਹੋਣ ਕਰ ਕੇ ਨਾਨਾ ਜੀ ਨੂੰ ਸਾਫ਼ ਕਹਿ ਦਿੱਤਾ ਸੀ: ਮੈਂ ਪੇਕਿਆਂ ਦੀ ਜਾਇਦਾਦ ਵਿਚੋਂ ਹਿੱਸਾ ਨਹੀਂ ਲੈਣਾ; ਕਹਿੰਦੀ, ਮੇਰੇ ਬੱਚਿਆਂ ਨੂੰ ਮਿਹਨਤ ਨਾ ਕਰਨ ਦੀ ਆਦਤ ਪੈ ਜਾਵੇਗੀ! ਲੱਖ ਜ਼ੋਰ ਲਾਉਣ ਤੇ ਵੀ ਉਹਨੇ ਨਾਨਾ ਜੀ ਨੂੰ ਬੱਸ ਇਹੀ ਕਿਹਾ ਸੀ- ਮੇਰਾ ਹਿੱਸਾ ਵੀ ਮੇਰੀਆਂ ਭੈਣਾਂ ਨੂੰ ਦੇ ਦਿਓ।… ਤੇ ਹੋਇਆ ਵੀ ਇਵੇਂ ਹੀ ਸੀ।
ਇਕ ਵਾਰ ਨਾਨਾ ਜੀ ਨੇ ਕਿਹਾ- ਤੂੰ ਪੇਕੀਂ ਕਿਉਂ ਨਹੀਂ ਆਉਂਦੀ? ਮਾਂ ਨੇ ਅੱਗਿਓਂ ਕਹਿ ਦਿੱਤਾ ਸੀ- ‘ਮੇਰੇ ਪੁੱਤ ਦਾ ਨਾਨਕੇ ਦਿਲ ਨਹੀਂ ਲਗਦਾ’! ਉਂਜ, ਉਸ ਦਿਨ ਮਾਂ ਮੈਨੂੰ ਆਪਣੀਆਂ ਬਾਹਾਂ ਵਿਚ ਲੈ ਕੇ ਬਹੁਤ ਰੋਈ ਸੀ ਜਿਸ ਦਿਨ ਉਸ ਨੇ ਠੰਢ ਦੌਰਾਨ ਮੀਂਹ ਵਿਚ ਭਿੱਜਣ ਤੇ ਮੇਰੇ ਦੋ ਥੱਪੜ ਜੜ ਦਿੱਤੇ ਸਨ। ਫਿਰ ਜਿਸ ਦਿਨ ਮੈਂ ਪ੍ਰਿੰਸੀਪਲ ਦੀ ਕੁਰਸੀ ਤੇ ਬੈਠਾ, ਮਾਂ ਉਸ ਪਹਿਲੇ ਦਿਨ ਮੈਨੂੰ ਕੁਰਸੀ ਤੇ ਬੈਠਾ ਦੇਖਣ ਅਤੇ ਲੰਮੀ ਉਮਰ ਦੀ ਅਸੀਸ ਦੇਣ ਸਕੂਲ ਪਹੁੰਚ ਗਈ ਸੀ। ਪ੍ਰਿੰਸੀਪਲ ਵਾਲੀ ਕੁਰਸੀ ਉੱਤੇ ਬੈਠ ਕੇ ਜਦੋਂ ਵੀ ਕੋਈ ਕੰਮ ਕਰਦਾ ਸਾਂ ਤਾਂ ਮਾਂ ਦਾ ਸਾਡੇ ਲਈ ਕੀਤਾ ਕਰੜਾ ਸੰਘਰਸ਼ ਅੱਖਾਂ ਸਾਹਮਣੇ ਆ ਜਾਂਦਾ। ਉਹ ਭਾਵੇਂ ਦੋ ਤਿੰਨ ਜਮਾਤਾਂ ਹੀ ਪੜ੍ਹੀ ਸੀ ਪਰ ਉਸ ਨੇ ਸਾਰੇ ਭੈਣ ਭਰਾਵਾਂ ਨੂੰ ਪ੍ਰਾਇਮਰੀ ਜਮਾਤਾਂ ਵਿਚ ਪੜ੍ਹਾ ਕੇ ਸਾਨੂੰ ਪੜ੍ਹਾਈ ਦਾ ਮੁੱਲ ਸਮਝਾ ਦਿੱਤਾ ਸੀ।
ਉਹ ਮਾਂ ਹੋਣ ਦੇ ਨਾਲ ਨਾਲ ਸਾਡੀ ਪਹਿਲੀ ਅਧਿਆਪਕ ਵੀ ਸੀ। ਪੜ੍ਹਨ ਵਿਚ ਹੁਸਿ਼ਆਰ ਹੋਣ ਕਾਰਨ ਸਾਡਾ ਪ੍ਰਾਇਮਰੀ ਅਧਿਆਪਕ ਇਕ ਵਾਰ ਪਿਤਾ ਜੀ ਨੂੰ ਦੁਕਾਨ ਤੇ ਇਹ ਪੁੱਛਣ ਆਇਆ ਸੀ ਕਿ ਤੁਹਾਡੇ ਬੱਚਿਆਂ ਨੂੰ ਘਰੇ ਕੌਣ ਪੜ੍ਹਾਉਂਦਾ ਹੈ? ਪਿਤਾ ਜੀ ਨੇ ਹੁੱਬ ਕੇ ਉਦੋਂ ਮਾਂ ਦਾ ਨਾਂ ਲਿਆ ਸੀ। ਉਹ ਮੇਰੇ ਹਰ ਲੇਖ ਦੀ ਪਹਿਲੀ ਪਾਠਕ ਹੁੰਦੀ ਸੀ। ਅਸੀਂ ਜਦੋਂ ਕਾਲਜ ਤੋਂ ਪੜ੍ਹ ਕੇ ਆਉਂਦੇ ਸਾਂ ਤਾਂ ਉਹ ਸਾਡੀਆਂ ਜੇਬਾਂ ਦੀ ਤਲਾਸ਼ੀ ਲੈਂਦੀ। ਅਸੀਂ ਇਹ ਸੋਚ ਕੇ ਉਸ ਨਾਲ ਗੁੱਸੇ ਹੁੰਦੇ ਕਿ ਉਹਨੂੰ ਸਾਡੇ ਉੱਤੇ ਭਰੋਸਾ ਨਹੀਂ ਪਰ ਸਾਨੂੰ ਵੱਡੇ ਹੋ ਕੇ ਪਤਾ ਲੱਗਾ ਕਿ ਉਹ ਜੇਬਾਂ ਦੀ ਤਲਾਸ਼ੀ ਇਸ ਲਈ ਲੈਂਦੀ ਸੀ ਕਿ ਪੁੱਤਰ ਕਿਧਰੇ ਨਸ਼ਾ ਤਾਂ ਨਹੀਂ ਕਰਦੇ।
ਮੈਨੂੰ ਆਪਣੇ ਵਿਦਿਆਰਥੀ ਜੀਵਨ ਵਿਚ ਇਹ ਗੱਲ ਕਦੇ ਨਹੀਂ ਭੁੱਲੀ ਕਿ ਬੱਚਿਆਂ ਨਾਲ ਖਾਣ, ਪਹਿਨਣ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਹੀ ਲਾਡ ਹੁੰਦਾ ਹੈ, ਉਨ੍ਹਾਂ ਦੀ ਪੜ੍ਹਾਈ-ਲਿਖਾਈ ਅਤੇ ਉਨ੍ਹਾਂ ਨੂੰ ਸਿੱਧੇ ਰਸਤੇ ਪਾਉਣ ਲਈ ਕੋਈ ਲਿਹਾਜ਼ ਨਹੀਂ। ਐਨੀ ਉਮਰ ਹੋਣ ਤੇ ਵੀ ਉਹ ਸਾਨੂੰ ਝਿੜਕਣਾ ਆਪਣਾ ਅਧਿਕਾਰ ਸਮਝਦੀ ਸੀ ਅਤੇ ਉਸ ਦੀਆਂ ਝਿੜਕਾਂ ਸੁਣ ਕੇ ਅਸੀਂ ਵੀ ਆਪਣੇ ਆਪ ਨੂੰ ਬੱਚੇ ਸਮਝਣ ਲੱਗ ਪੈਂਦੇ ਸਾਂ। ਸੁਰਜੀਤ ਪਾਤਰ ਨੇ ਆਪਣੀ ਮਾਂ ਦੇ ਅਕਾਲ ਚਲਾਣੇ ਤੋਂ ਬਾਅਦ ਕਿਹਾ ਸੀ ਕਿ ਅੱਜ ਤੋਂ ਬਾਅਦ ਉਸ ਨੂੰ ‘ਜੀਤ ਪੁੱਤ’ ਕਿਸੇ ਨੇ ਨਹੀਂ ਕਹਿਣਾ। ਹੁਣ ਮਾਂ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਈ ਹੈ ਤਾਂ ਮੈਨੂੰ ਲਾਡ ਨਾਲ ਬਿੱਲਾ ਕਿਸੇ ਨੇ ਵੀ ਨਹੀਂ ਕਹਿਣਾ। ਹੁਣ ਮੇਰੇ ਪਿੰਡ ਆਉਣ ਦੀਆਂ ਰਾਹਾਂ ਕੋਈ ਨਹੀਂ ਤੱਕੇਗਾ।… ਹੁਣ ਪਿੰਡ ਰਾਤ ਰਹਿਣ ਲਈ ਵੀ ਕੋਈ ਜਿ਼ੱਦ ਨਹੀਂ ਕਰੇਗਾ…!
ਸੰਪਰਕ: 98726-27136