ਸੁਰਜੀਤ ਮਜਾਰੀ
ਕਿਸੇ ਘਰ ਅਫਸੋਸ ‘ਤੇ ਬੈਠੇ ਸੀ। ਸਾਰੇ ਬਜ਼ੁਰਗ ਦੇ ਤੁਰ ਜਾਣ ‘ਤੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਸਨ। ਥੋੜ੍ਹੇ ਸਮੇਂ ਬਾਅਦ ਦੋ ਸ਼ਖ਼ਸ ਆਏ ‘ਤੇ ਆਪਣਾ ਹੇਣ ਜਗਾਉਣ ਲੱਗੇ। ‘ਬਾਪੂ ਜੀ ਦਾ ਸੁਭਾਅ ਬਹੁਤ ਵਧੀਆ ਸੀ’, ‘ਸਾਰਿਆਂ ਨੂੰ ਬਹੁਤ ਪਿਆਰ ਕਰਦੇ ਸਨ’, ‘ਉਨ੍ਹਾਂ ਦੇ ਤੁਰ ਜਾਣ ਦਾ ਸਾਨੂੰ ਬੜਾ ਦੁੱਖ ਲੱਗਾ’ ਆਦਿ। ਦੋਵੇਂ ਵਾਰੀ ਵਾਰੀ ਅਜਿਹੀ ਹਮਦਰਦੀ ਵਾਲੇ ਬੋਲਾਂ ਦੀ ਲੜੀ ਲਾ ਰਹੇ ਸੀ। ਫੌਤ ਹੋਏ ਬਜ਼ੁਰਗ ਦੀ ਮੌਤ ਨਾਲ ਗਹਿਰਾ ਸਦਮਾਂ ਲੱਗਣ ਦਾ ਇਜ਼ਹਾਰ ਕਰ ਰਹੇ ਸਨ। ਪਰ ਉਨ੍ਹਾਂ ਦੇ ਪਹਿਰਾਵੇ ਤੇ ਚਿਹਰੇ-ਮੋਹਰੇ ਤੋਂ ਲੱਗ ਨਹੀਂ ਰਿਹਾ ਸੀ ਕਿ ਉਹ ਅਫ਼ਸੋਸ ਕਰ ਰਹੇ ਸਨ। ਕਮੀਜ਼ਾਂ ਦੀਆਂ ਮੂਹਰਲੀਆਂ ਜੇਬਾਂ ‘ਚ ਸ਼ਗਨ ਵਾਲੇ ਲਿਫ਼ਾਫੇ ਵੀ ਝਾਤੀਆਂ ਮਾਰ ਰਹੇ ਸਨ। ਪੰਦਰਾਂ ਕੁ ਮਿੰਟ ਬਾਅਦ ਇੱਕ ਬੋਲ ਹੀ ਪਿਆ, ‘ਚੰਗਾ ਜੀ ਫੇਰ ਮਿਲਦੇ ਹਾਂ ਅਸੀਂ, ਥੋੜ੍ਹਾ ਅੱਗੇ ਜਾਣਾ ਇੱਕ ਵਿਆਹ ਜਿਹਾ ਆ।’ ਇਸ ਵਰਤਾਰੇ ਤੋਂ ਦੁੱਖ ਸਾਂਝਾ ਕਰਨ ਦੇ ਦੋਹਰੇ ਮਾਪਦੰਡ ਸਾਹਮਣੇ ਆਉਂਦੇ ਹਨ। ਵਿੱਚੇ ਅਫ਼ਸੋਸ ਅਤੇ ਵਿੱਚੇ ਵਿਆਹ, ਅਜਿਹੀ ਅਵਸਥਾ ‘ਚ ਦੁੱਖ ਸੁੱਖ ਵੰਡਾਉਣ ਵਾਲੀ ਪ੍ਰਕਿਰਿਆ ਦਾ ਕੱਚ-ਸੱਚ ਆਪ ਮੁਹਾਰੇ ਨੰਗਾ ਹੁੰਦਾ ਹੈ।
ਸਮੇਂ ਦੀ ਘੁੰਮਣਘੇਰੀ ‘ਚ ਅਸੀਂ ਨਾ ਤਾਂ ਕਿਸੇ ਦਾ ਦੁੱਖ ਦਰਦ ਹੀ ਸਹੀ ਤਰੀਕੇ ਨਾਲ ਸਮਝ ਰਹੇ ਹਾਂ ਨਾ ਕਿਸੇ ਦੀ ਖੁਸ਼ੀ ‘ਚ ਤਸੱਲੀਬਖਸ਼ ਸ਼ਮੂਲੀਅਤ ਕਰ ਰਹੇ ਹਾਂ। ਕਿਸੇ ਨਾਲ ਦੁੱਖ ਦਾ ਪ੍ਰਗਟਾਉਣ ਸਮੇਂ ਥੋੜ੍ਹਾ ਚਿਰ ਹੀ ਦੁੱਖ ਦੀ ਗੱਲ ਹੁੰਦੀ ਹੈ। ਅਫ਼ਸੋਸ ‘ਤੇ ਬੈਠਿਆਂ ਜਲਦੀ ਹੀ ਸਿਆਸਤ, ਮੌਸਮ ਆਦਿ ਦੀ ਚਰਚਾ ਛਿੜ ਪੈਂਦੀ ਹੈ ਜਾਂ ਫਿਰ ਆਲੇ ਦੁਆਲੇ ਦੀਆਂ ਹੋਰ ਜੱਬਲੀਆਂ। ਕਿਸੇ ਦੀ ਖੁਸ਼ੀ ‘ਚ ਸ਼ਾਮਲ ਹੋ ਕੇ ਵੀ ਕਈ ਵਾਰ ਵਰਤਾਰਾ ਅਜਿਹਾ ਹੁੰਦਾ ਹੈ ਕਿ ਕੋਠੀ ਦੇ ਗ੍ਰਹਿ ਪ੍ਰਵੇਸ਼ ‘ਤੇ ਪੁੱਜ ਕੇ ਕੋਠੀ ਦੀਆਂ ਮੰਜ਼ਿਲਾਂ ਗਿਣ ਕੇ ਸਾੜਾ ਪਿਆ ਰਹਿੰਦਾ ਹੈ। ਕਿਸੇ ਦੇ ਕਾਰੋਬਾਰੀ ਉਦਘਾਟਨ ‘ਤੇ ਜਾ ਕੇ ਇਹੀ ਸਵਾਲ ਸੋਚੀ ਰੱਖਦੇ ਹਾਂ ਕਿ ਇਹਦੇ ਕੋਲ ਐਨਾ ਪੈਸਾ ਕਿੱਥੋਂ ਆਇਆ।
ਕਿਸੇ ਨੂੰ ਯਾਦ ਕਰਨ ਕਿਸੇ ਨਾਲ ਸੰਪਰਕ ਵਧਾਉਣ ਦੇ ਸਦਰੰਭ ‘ਚ ਇੱਕ ਆਹ ਵਰਤਾਰਾ ਵੀ ਕਾਬਿਲੇ-ਜ਼ਿਕਰ ਹੈ ਕਿ ਜਦੋਂ ਕਿਸੇ ਦਾ ਫੋਨ ਆਉਂਦਾ ਹੈ ਤਾਂ ਅਸੀਂ ਹੁੰਗਾਰਾ ਦੇਣ ਤੋਂ ਪਹਿਲਾਂ ਹੀ ਆਖ ਦਿੰਦੇ ਹਾਂ, ‘ਮੈਂ ਯਾਦ ਹੀ ਕਰਦਾ ਸੀ, ਤੁਹਾਡਾ ਫੋਨ ਆ ਗਿਆ।’ ਇਵੇਂ ਜਦੋਂ ਕੋਈ ਰਾਹ ‘ਚ ਮਿਲ ਜਾਵੇ ਤਾਂ ਵੀ ਇਹੀ ਬੋਲ ਸਾਂਝੇ ਹੁੰਦੇ ਹਨ, ‘ਆਹ ਤਾਂ ਕਮਾਲ ਹੋ ਗਿਆ, ਅਜੇ ਯਾਦ ਹੀ ਕੀਤਾ ਸੀ।’ ਘਰ ਆਏ ਮਹਿਮਾਨ ਨਾਲ ਵੀ ਕਈ ਵਾਰ ਅਜਿਹੇ ਸ਼ਬਦ ਸਾਂਝੇ ਕੀਤੇ ਜਾਂਦੇ ਹਨ, ‘ਲਓ ਜੀ ਆਹ ਤਾਂ ਤੁਸੀਂ ਚੰਗਾ ਕੀਤਾ ਜਿਹੜਾ ਮਿਲਣ ਆ ਗਏ, ਤੁਹਾਨੂੰ ਮਿਲਣ ਲਈ ਸੋਚਿਆ ਹੀ ਸੀ।’ ਜਾਂ ਫਿਰ ‘ਆਓ ਜੀ, ਜੀ ਆਇਆਂ ਨੂੰ ਆਹ ਤਾਂ ਮਨ ਦੀ ਹੋ ਗਈ, ਤੁਹਾਡੀਆਂ ਹੀ ਗੱਲਾਂ ਹੋ ਰਹੀਆਂ ਸਨ।’ ਆਖ ਕੇ ਭਰਪੂਰ ਅਪਣੱਤ ਦਿਖਾਈ ਜਾਂਦੀ ਹੈ। ਹੋ ਸਕਦਾ ਕੋਈ ਇਸ ਵਰਤਾਰੇ ਨੂੰ ਇਤਫਾਕੀਆ ਮੰਨਦੇ ਹੋਣ ਪਰ ਕਈ ਵਾਰ ਇਵੇਂ ਸੱਚ ਵੀ ਹੁੰਦਾ ਹੈ ਕਿ ਤੁਸੀਂ ਕਿਸੇ ਨੂੰ ਯਾਦ ਕਰ ਰਹੇ ਹੁੰਦੇ ਹੋ ਤੇ ਉਹ ਅਗਲੇ ਪਲਾਂ ‘ਚ ਤੁਹਾਨੂੰ ਆਣ ਮਿਲਦਾ ਹੈ। ਇਸੇ ਤਰ੍ਹਾਂ ਕੋਈ ਤੁਹਾਨੂੰ ਯਾਦ ਕਰ ਰਿਹਾ ਹੁੰਦਾ ਹੈ ਤੇ ਤੁਸੀਂ ਉਸ ਨੂੰ ਟੱਕਰ ਜਾਂਦੇ ਹੋ।
ਇਹ ਮੰਨਣਾ ਢੁੱਕਵਾਂ ਹੋਵੇਗਾ ਕਿ ਜਦੋਂ ਕੋਈ ਤੁਹਾਡੇ ਦਿਲ ਦੇ ਨੇੜੇ ਹੈ, ਦੁੱਖ ਸੁੱਖ ਦਾ ਸਾਂਝੀਦਾਰ ਹੈ, ਤੁਸੀਂ ਉਸ ਨੂੰ ਆਪਣਾ ਹੀ ਰੂਪ ਮੰਨਦੇ ਹੋ ਤਾਂ ਯਾਦ ਕਰਨ ਵਾਲੀ ਸਥਿਤੀ ‘ਚ ਉਸ ਦਾ ਤੁਹਾਡੇ ਅੰਗ ਸੰਗ ਰਹਿਣਾ ਸੁਭਾਵਿਕ ਵੀ ਹੈ। ਦਿਲਾਂ ਦੇ ਨੇੜੇ ਰਹਿਣ ਵਾਲੇ, ਮਨ ‘ਚ ਨੇੜਤਾ ਦਾ ਰਿਸ਼ਤਾ ਰੱਖਣ ਵਾਲੇ ਅਤੇ ਸਾਂਝ ਦੀ ਡੋਰੀ ਨਾਲ ਬੱਝਣ ਦਾ ਹਰ ਨਾਤਾ ਦੂਰ ਰਹਿ ਕੇ ਵੀ ਤੁਹਾਡੇ ਦਿਲ ਦੇ ਨੇੜੇ ਹੁੰਦਾ ਹੈ। ਤੁਹਾਡੇ ਦੁੱਖ ਸੁੱਖ ‘ਚ ਜਦੋਂ ਕੋਈ ਹੁੰਗਾਰਾ ਨੇੜੇ ਹੋ ਕੇ ਮਿਲਣ ਦਾ ਆਨੰਦ ਦੇ ਜਾਵੇ ਤਾਂ ਸੱਤ ਸਮੁੰਦਰੋਂ ਪਾਰ ਦੀ ਦੂਰੀ ਵੀ ਕੋਲ ਹੋਣ ਦਾ ਅਹਿਸਾਸ ਕਰਾ ਜਾਂਦੀ ਹੈ। ਨੇੜਤਾ ਦੀ ਸਮਰੱਥਾ ਪੈਸਿਆਂ ਦੇ ਸਹਿਯੋਗ ਜਾਂ ਰੁਤਬਿਆਂ ਦੇ ਸਹਾਰੇ ਨਾਲ ਨਹੀਂ ਤੋਲੀ ਜਾ ਸਕਦੀ। ਨੇੜਤਾ ਦਾ ਅਨੁਵਾਦ ਕਰਨ ਲਈ ਮਿਲਾਪ ਦੀ ਭਾਵਨਾ, ਦਿਲ ਦੀ ਵੇਦਨਾ ਅਤੇ ਬੋਲਾਂ ਦੇ ਅਰਥ ਦਾ ਸੁਮੇਲ ਹੀ ਸਾਰਥਿਕ ਸਿੱਧ ਹੋ ਸਕਦਾ ਹੈ। ਕਿਸੇ ਕੋਲ ਬੈਠ ਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਨੂੰ ਆਪਣੱਤ ਨਹੀਂ ਕਿਹਾ ਜਾ ਸਕਦਾ, ਇਹ ਤਾਂ ਉਹ ਪੈਮਾਨਾ ਹੈ ਜਿਹੜਾ ਤੁਹਾਡੀ ਸਮੱਸਿਆ ਨੂੰ ਸਮਝ ਕੇ ਉਸ ਦੇ ਹੱਲ ਲਈ ਰਾਹ ਲੱਭੇ ਜਾਂ ਡਗਮਗਾਉਂਦੀ ਸਥਿਤੀ ‘ਚ ਸਾਥ ਨਿਭਾਵੇ।
ਸਿਆਣਿਆਂ ਨੇ ਸੱਚ ਕਿਹਾ ਹੈ ਕਿ ਖੁਸ਼ੀ ਵੰਡਾਇਆਂ ਵਧਦੀ ਹੈ ਅਤੇ ਦੁੱਖ ਘਟਦਾ ਹੈ। ਸੱਚਮੁੱਚ ਜਦੋਂ ਅਸੀਂ ਦੁੱਖ ਸਾਂਝਾ ਕਰਦੇ ਹਾਂ ਤਾਂ ਰਾਹਤ ਮਿਲਦੀ ਹੈ ਅਤੇ ਸੁੱਖ ‘ਚ ਪਾਈ ਸਾਂਝ ਰੌਣਕਾਂ ਦੁੱਗਣੀਆਂ ਕਰ ਦਿੰਦੀ ਹੈ। ਦੁੱਖ ਸੁੱਖ ਦੀ ਸਾਂਝ ਪਾਉਣ ਹਿੱਤ ਇਹ ਮਾਹੌਲ ਉੱਥੇ ਹੀ ਕਾਰਗਰ ਹੁੰਦਾ ਹੈ ਜਿੱਥੇ ਦੁੱਖ ਵੰਡਾਉਣ ਵਾਲਾ ਸ਼ੁੱਭਚਿੰਤਕ ਹੋਵੇ ਅਤੇ ਖੁਸ਼ੀ ‘ਚ ਸ਼ਾਮਲ ਹੋ ਕੇ ਦਿਲੋਂ ਪਿਆਰ ਕਰਦਾ ਹੋਵੇ। ਕਈ ਵਾਰ ਤਾਂ ਇਵੇਂ ਹੁੰਦਾ ਹੈ ਕਿ ਕਿਸੇ ਨਾਲ ਖੁਸ਼ੀ ਸਾਂਝੀ ਕਰ ਰਹੇ ਹੁੰਦੇ ਹੋ ਤੇ ਮਨ ‘ਚ ਈਰਖਾ ਦਾ ਪ੍ਰਗਟਾਵਾ ਹੋ ਰਿਹਾ ਹੁੰਦਾ ਹੈ ਤੇ ਦੁੱਖ ਦੀ ਘੜੀ ‘ਚ ਅਗਲਾ ਅੰਦਰੋਂ ਅੰਦਰੀ ਠੀਕ ਹੋਣ ਦਾ ਚਾਅ ਵਸਾਇਆ ਜਾਂਦਾ ਹੈ। ਗੱਲ ਘੁੰਮ ਕੇ ਉੱਥੇ ਆ ਜਾਂਦੀ ਹੈ ਕਿ ਖੁਸ਼ੀ ‘ਚ ਸ਼ਾਮਲ ਹੋਣ ਲਈ ਸੁੰਦਰ ਪੁਸ਼ਾਕਾਂ ਜਾਂ ਢੋਲ ਢਮੱਕਿਆਂ ਦੀ ਬਜਾਏ ਸ਼ਮੂਲੀਅਤ ‘ਚ ਤੇਹ-ਮੋਹ ਹੋਣਾ ਚਾਹੀਦਾ ਹੈ ਅਤੇ ਦੁੱਖ ਵੰਡਾਉਣ ਵੇਲੇ ਦਰਦ ਦਾ ਅਹਿਸਾਸ ਵੀ ਹੋਣਾ ਚਾਹੀਦਾ ਹੈ।
ਇੱਕ ਹੋਰ ਘਟਨਾ ਯਾਦ ਆ ਗਈ। ਸਰਕਾਰੀ ਦਫ਼ਤਰ ਹੈ। ਚਾਰ ਕਰਮਚਾਰੀ ਆਪਸ ‘ਚ ਗੱਲਾਂ ‘ਚ ਮਸਰੂਫ ਸਨ। ਜ਼ਿਲ੍ਹੇ ‘ਚੋਂ ਉਨ੍ਹਾਂ ਦਾ ਸੀਨੀਅਰ ਮਿਲਣ ਆ ਗਿਆ। ਪਹਿਲਾਂ ਹੱਥ ਜੋੜ ਕੇ ਸਵਾਗਤ ਕੀਤਾ ਗਿਆ, ਫਿਰ ਆਓ ਭਗਤ ਲਈ ਭਾਂਤ-ਸੁਭਾਂਤੇ ਮਠਿਆਈ-ਪਕੌੜੇ ਪੇਸ਼ ਹੋਏ। ਸੀਨੀਅਰ ਅਧਿਕਾਰੀ ਸੋਚਦਾ ਹੋਊ ਕਿ ਉਸ ਦਾ ਕਿੰਨਾ ਸਤਿਕਾਰ ਕੀਤਾ ਗਿਆ। ਉਸ ਨੂੰ ਉਸ ਦੇ ਕਰਮਚਾਰੀਆਂ ਵਲੋਂ ਕਿੰਨੀ ਮੁਹੱਬਤ ਦਿੱਤੀ ਗਈ। ਚਾਹ ਤੋਂ ਬਾਅਦ ਦਫ਼ਤਰੀ ਤੇ ਰਵਾਇਤੀ ਗੱਲਾਂ ਵੀ ਹੋਈਆਂ। ਅਦਬ ਵਜੋਂ ਉਹ ਸਾਰੇ ਆਪਣੇ ਸੀਨੀਅਰ ਨੂੰ ਮੇਨ ਗੇਟ ਤੱਕ ਵਿਦਾ ਵੀ ਕਰ ਕੇ ਆਏ। ..ਤੇ ਵਾਪਸ ਆ ਕੇ ਕੁਰਸੀਆਂ ਮੱਲਣ ਬਾਅਦ ਇੱਕ ਜਣੇ ਨੇ ਆਖਿਆ, ‘ਪਤੰਦਰ ਕਿੱਥੋਂ ਆ ਟਪਕਿਆ, ਬੜੇ ਸੋਹਣੇ ਆਰਾਮ ਨਾਲ ਬੈਠੇ ਸੀ, ਆ ਕੇ ਬਿਪਤਾ ਪਾ ਦਿੱਤੀ।’ ਉਸ ਤੋਂ ਬਾਅਦ ਸਾਰੇ ਜਾਣੇ ਹੱਸ ਪਏ। ਹੁਣ ਅੰਦਾਜ਼ਾ ਲਾ ਲਓ ਕਿ ਉਹ ਸਵਾਗਤ ‘ਚ ਉੱਠ ਕੇ ਖੜੋਣਾ ਤੇ ਸੇਵਾ ਸੱਚ ਸੀ ਜਾਂ ਆਹ ਬੋਲ।
ਸੰਪਰਕ: 98721-93237