ਟੀਐੱਨ ਨੈਨਾਨ
ਦੋ ਕੁ ਦਹਾਕੇ ਪਹਿਲਾਂ ਦੀ ਗੱਲ ਹੈ ਜਦੋਂ ਮੁੰਬਈ ਦੇ ਤਾਜ ਮਹਿਲ ਹੋਟਲ ਵਿਚ ਰਘੂਰਾਮ ਰਾਜਨ ਦੀ ਕਿਤਾਬ ‘ਸੇਵਿੰਗ ਕੈਪੀਟਲਿਜ਼ਮ ਫਰੌਮ ਕੈਪੀਟਲਿਸਟਜ਼’ (ਪੂੰਜੀਵਾਦ ਨੂੰ ਪੂੰਜੀਪਤੀਆਂ ਤੋਂ ਬਚਾਉਂਦਿਆਂ) ਬਾਰੇ ਗੋਸ਼ਟੀ ਦੌਰਾਨ ਹਾਲ ਦੇ ਇਕ ਕੋਨੇ ’ਚੋਂ ਬੜੀ ਉੱਚੀ ਆਵਾਜ਼ ਕੰਨਾਂ ਵਿਚ ਗੂੰਜੀ; ਅਖੇ, ਭਾਰਤ ਦੇ ਸ਼ੇਅਰ ਬਾਜ਼ਾਰ ਵਿਚ ਇਹੋ ਜਿਹਾ ਉਛਾਲ ਆ ਰਿਹਾ ਹੈ ਜੋ ਪਹਿਲਾਂ ਕਦੇ ਕਿਸੇ ਨਹੀਂ ਦੇਖਿਆ ਹੋਵੇਗਾ। ਪਤਾ ਲੱਗਿਆ, ਇਹ ਰਾਕੇਸ਼ ਝੁਨਝੁਨਵਾਲਾ ਹੈ ਜਿਸ ਨਾਲ ਕੁਝ ਸਮੇਂ ਬਾਅਦ ਜਾਮ ’ਤੇ ਮੇਰੀ ਮੁਲਾਕਾਤ ਹੋਈ। ਠੀਕ ਠਾਕ ਆਖਾਂ ਤਾਂ ਇਕ ਨਹੀਂ ਸਗੋਂ ਕਈ ਜਾਮ ਚੱਲੇ ਸਨ, ਤੇ ਫਿਰ ਦੱਖਣੀ ਮੁੰਬਈ ਵਿਚ ਉਸ ਦੀ ਪਸੰਦੀਦਾ ਬਾਰ ਜੈਫਰੀ’ਜ਼ ਵਿਚ ਵੀ ਅਸੀਂ ਇਕੱਠੇ ਹੋਏ ਸਾਂ।
ਇਸ ਇਕਤਰਫ਼ਾ ਗੱਲਬਾਤ ਵਿਚ ਝੁਨਝੁਨਵਾਲਾ ਨੇ ਸ਼ੇਅਰ ਬਾਜ਼ਾਰ ਬਾਰੇ ਔਰਤਾਂ ਦੇ ਮਿਜ਼ਾਜ ਨਾਲ ਤਸ਼ਬੀਹ ਕਰਦਿਆਂ ਆਉਣ ਵਾਲੇ ਉਛਾਲ ਦੇ ਪੱਖ ਵਿਚ ਆਪਣੀ ਦਲੀਲ ਪੁਖ਼ਤਾ ਕਰਨ ਦੀ ਕੋਸ਼ਿਸ਼ ਕੀਤੀ ਸੀ; ਉਸ ਦਾ ਇਹ ਉਤਸ਼ਾਹ ਹਾਲਾਂਕਿ ਅੰਦਰੋਂ ਉਠ ਰਿਹਾ ਸੀ, ਤਾਂ ਵੀ ਇਸ ਦਾ ਕੋਈ ਠੋਸ ਆਧਾਰ ਨਜ਼ਰ ਨਹੀਂ ਆ ਰਿਹਾ ਸੀ। ਉਂਝ, ਉਸ ਸ਼ਾਮ ਉਸ ਨੇ ਆਪਣੀ ਸੱਜਰੀ ਕਮਾਈ ਦੇ ਰੂਪ ਵਿਚ ਹਜ਼ਾਰ ਰੁਪਏ ਦੇ ਨੋਟਾਂ ਦੀ ਥੱਬੀ ਸਾਹਮਣੇ ਰੱਖੀ ਤਾਂ ਇਹ ਸੰਕੇਤ ਮਿਲ ਰਿਹਾ ਸੀ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ।
ਬਾਅਦ ਵਿਚ ਪਤਾ ਲੱਗਿਆ ਕਿ ਰਾਕੇਸ਼ ਝੁਨਝੁਨਵਾਲਾ ਆਪਣੀ ਗੱਲ ਬਹੁਤ ਜ਼ੋਰ ਨਾਲ ਕਹਿਣ ਦਾ ਆਦੀ ਹੈ। ਸ਼ੇਅਰ ਚੁੱਕਣ ਦੀ ਉਸ ਦੀ ਕੋਈ ਗਿਣੀ ਮਿੱਥੀ ਰਣਨੀਤੀ ਨਹੀਂ ਹੁੰਦੀ ਸੀ ਸਗੋਂ ਉਹ ਗੁੱਝੇ ਢੰਗ ਨਾਲ ਗੱਲ ਕਰਦਾ ਸੀ ਪਰ ਇਸ ਦਾ ਕੋਈ ਨਾ ਕੋਈ ਅਰਥ ਜ਼ਰੂਰ ਹੁੰਦਾ ਸੀ। ਮੈਨੂੰ ਉਸ ਨੇ ਨਿਵੇਸ਼ ਲਈ ਜੋ ਇਕੋ ਵਾਰ ਸਲਾਹ ਦਿੱਤੀ ਸੀ, ਉਹ ਸੀ ਟਾਟਾ ਮੋਟਰਜ਼ ਬਾਰੇ ਪਰ ਮੈਂ ਉਸ ਦੀ ਗੱਲ ਮੰਨੀ ਨਹੀਂ। ਮਤੇ, ਭੁੱਲ ਗਿਆ ਹੋਵਾਂ, ਬਾਅਦ ਵਿਚ ਉਸ ਨੇ ਸੰਦੇਸ਼ ਭੇਜ ਕੇ ਮੈਨੂੰ ਦੱਸਿਆ ਸੀ ਕਿ ਕੰਪਨੀ ਦੇ ਸ਼ੇਅਰ ਕਿੰਨੇ ਚੜ੍ਹ ਗਏ ਹਨ।
ਝੁਨਝੁਨਵਾਲਾ ਨੇ ਸ਼ਾਇਦ ਸ਼ੇਅਰ ਬਾਜ਼ਾਰ ’ਚ ਸਭ ਤੋਂ ਵੱਧ ਕਮਾਈ ਕੀਤੀ ਸੀ ਅਤੇ ਉਹ ਹੋਰ ਕਿਸੇ ਵੀ ਸ਼ੇਅਰ ਬਾਜ਼ਾਰ ਦੇ ਮੁਕਾਬਲੇ ਭਾਰਤ ਦੇ ਬਾਜ਼ਾਰ ਪ੍ਰਤੀ ਬਹੁਤ ਜ਼ਿਆਦਾ ਉਤਸ਼ਾਹਤ ਸੀ ਅਤੇ ਆਪਣੀ ਧਨ-ਦੌਲਤ ਨਾਲੋਂ ਮੁਲਕ ਬਾਰੇ ਗੱਲਾਂ ਕਰਨ ਦਾ ਖਾਹਸ਼ਮੰਦ ਸੀ। ਉਸ ਦੇ ਸਿਆਸੀ ਵਿਚਾਰਾਂ ਵਿਚ ਕੱਟੜ ਹਿੰਦੂਵਾਦੀ ਝੁਕਾਅ ਰਹਿੰਦਾ ਸੀ; ਨਾ ਉਸ ਦੀ ਭਾਸ਼ਾ ਅਤੇ ਨਾ ਹੀ ਉਸ ਦੇ ਲਹਿਜੇ ਵਿਚ ਕੋਈ ਜ਼ਬਤ ਸੀ। ਮੈਂ ਭਾਵੇਂ ਉਸ ਦੇ ਵਿਚਾਰਾਂ ਨੂੰ ਕੱਚ-ਘਰੜ ਗਿਣਦਾ ਸੀ ਪਰ ਇਸ ਦਾ ਉਸ ’ਤੇ ਕੋਈ ਪ੍ਰਭਾਵ ਨਹੀਂ ਪੈਂਦਾ ਸੀ ਤੇ ਉਹ ਉਵੇਂ ਹੀ ਬੋਲਦਾ ਰਹਿੰਦਾ ਸੀ। ਦਿਲਚਸਪ ਗੱਲ ਹੈ ਕਿ ਉਹ ਚੰਦਾ ਦੇਣ ਵੇਲੇ ਆਪਣੀ ਸਿਆਸੀ ਐਨਕ ਨਹੀਂ ਪਹਿਨ ਕੇ ਰੱਖਦਾ ਸੀ।
ਉਹ ਬਹੁਤ ਹੀ ਪਰਿਵਾਰਕ ਕਿਸਮ ਦਾ ਬੰਦਾ ਸੀ। ਉਸ ਦੀ ਗੱਲਬਾਤ ਵਿਚ ਉਸ ਦੇ ਪਿਤਾ ਤੇ ਪਤਨੀ ਦਾ ਅਕਸਰ ਜ਼ਿਕਰ ਆਉਂਦਾ ਰਹਿੰਦਾ ਸੀ। ਲੰਮਾ ਚਿਰ ਉਸ ਦੇ ਘਰ ਬੱਚਾ ਨਹੀਂ ਆਇਆ ਤੇ ਆਖਿ਼ਰ ਜਦੋਂ ਉਸ ਨੂੰ ਬੱਚੇ ਮਿਲ ਗਏ ਤਾਂ ਉਸ ਨੇ ਹੱਦੋਂ ਵੱਧ ਖੁਸ਼ ਮਨਾਈ ਸੀ। ਉਸ ਨੂੰ ਫਿਲਮਾਂ ਦਾ ਬਹੁਤ ਸ਼ੌਕ ਸੀ ਤੇ ਕੁਝ ਫਿਲਮਾਂ ਵਿਚ ਉਸ ਨੇ ਪੈਸਾ ਵੀ ਲਾਇਆ ਸੀ। ਰਾਕੇਸ਼ ਝੁਨਝੁਨਵਾਲਾ ਦੇ ਸੱਠਵੇਂ ਜਨਮ ਦਿਨ ਮੌਕੇ ਉਸ ਦੇ ਵ੍ਹੀਲਚੇਅਰ ਡਾਂਸ ਦੀ ਵਾਇਰਲ ਹੋਈ ਵੀਡੀਓ ਇਸ ਗੱਲ ਦਾ ਸਬੂਤ ਹੈ ਕਿ ਉਸ ਨੂੰ ਜ਼ਿੰਦਗੀ ਦਾ ਕਿੰਨਾ ਚਾਅ ਸੀ। ਉਸ ਨੇ ਮਾਲਾਬਾਰ ਹਿੱਲ ’ਤੇ ਵੱਡਾ ਪਲਾਟ ਲੈ ਕੇ ਬੰਗਲਾ ਬਣਾਇਆ ਸੀ। ਉਂਝ ਉਸ ਨੇ ਦਿਲ ਖੋਲ੍ਹ ਕੇ ਦਾਨ ਦੇਣਾ ਵੀ ਸ਼ੁਰੂ ਕਰ ਦਿੱਤਾ ਸੀ ਤੇ ਉਹ ਕਹਿੰਦਾ ਹੁੰਦਾ ਸੀ ਕਿ ਉਹ ਹੋਰ ਜ਼ਿਆਦਾ ਦਾਨ ਦੇਣਾ ਚਾਹੁੰਦਾ ਹੈ।
ਉਹ ਲੋਕਾਂ ’ਤੇ ਭਰੋਸਾ ਕਰਨ ਵਾਲਾ ਸ਼ਖ਼ਸ ਸੀ। ਉਸ ਨੇ ਜਿਸ ਯੂਨੀਵਰਸਿਟੀ ਨੂੰ ਚੰਦਾ ਦਿੱਤਾ ਸੀ, ਉੱਥੇ ਜਾਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਉੱਥੇ ਉਸ ਨੂੰ ਚਲਾਉਣ ਵਾਲੇ ਲੋਕ ਮੌਜੂਦ ਹਨ। ਉਸ ਦਾ ਦਾਅਵਾ ਸੀ ਕਿ ਉਸ ਨੇ ਆਪਣੀ ਕੰਪਨੀ ਆਕਾਸ ਏਅਰ ਵਿਚ 40 ਫ਼ੀਸਦ ਅਹਿਮ ਹਿੱਸੇਦਾਰੀ (ਸਵੀਟ ਇਕੁਇਟੀ ) ਕੁਝ ਖਾਸ ਲੋਕਾਂ ਨੂੰ ਦਿੱਤੀ ਹੈ। ਹਮੇਸ਼ਾ ਆਪਣੇ ਪੈਸੇ ਦਾ ਨਿਵੇਸ਼ ਕਰਨ ਦੀ ਆਪਣੀ ਗੱਲ ’ਤੇ ਖ਼ਰਾ ਉਤਰਦਿਆਂ ਉਸ ਨੇ ਕਿਹਾ ਸੀ, “ਉਨ੍ਹਾਂ ਕੋਲ ਚੋਖੀ ਹਿੱਸੇਦਾਰੀ ਹੈ, ਇਸ ਲਈ ਮੈਨੂੰ ਚਿੰਤਾ ਕਰਨ ਦੀ ਲੋੜ ਨਹੀਂ। ਮੈਂ ਕਿਸੇ ਨੂੰ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ।”
ਫਿਰ ਵੀ ਇਸ ਏਅਰਲਾਈਨ ਨਾਲ ਰਾਕੇਸ਼ ਝੁਨਝੁਨਵਾਲਾ ਆਖ਼ਿਰਕਾਰ ਨਿਵੇਸ਼ਕ ਤੋਂ ਉਦਮੀ ਬਣ ਗਿਆ। ਉਸ ਦੇ ਕਰੀਬੀ ਮਿੱਤਰ ਤੇ ਉਸ ਤੋਂ ਉਲਟ ਨਰਮ ਲਹਿਜੇ ਵਿਚ ਗੱਲ ਕਰਨ ਵਾਲੇ ਰਾਧਾਕ੍ਰਿਸ਼ਨ ਦਮਾਨੀ ਨੇ ਉਸ ਲਈ ਇਹ ਰਾਹ ਤਿਆਰ ਕੀਤਾ ਸੀ। ਦਮਾਨੀ ਵਲੋਂ ਰੀਟੇਲ ਚੇਨ ਡੀਮਾਰਟ ਸ਼ੁਰੂ ਕਰਨ ਤੋਂ ਪਹਿਲਾਂ ਉਹ ਦੋਵੇਂ ਸਬਬੀਂ ਦਲਾਲ ਸਟਰੀਟ ’ਤੇ ਮਿਲੇ ਸਨ। ਅੱਜ ਇਸ ਕੰਪਨੀ ਦੀ ਬਾਜ਼ਾਰੀ ਕੀਮਤ 2.8 ਖਰਬ ਰੁਪਏ ਦੱਸੀ ਜਾਂਦੀ ਹੈ। ਉਸ ਵਿਚ ਦਮਾਨੀ ਦੀ ਹਿੱਸੇਦਾਰੀ ਤੋਂ ਰਾਕੇਸ਼ ਦੀ ਆਪਣੀ ਅਥਾਹ ਦੌਲਤ ਦਾ ਪ੍ਰਸੰਗ ਪਤਾ ਲੱਗਦਾ ਹੈ।
ਇਕ ਦਿਲਚਸਪ ਮੁਲਾਕਾਤ ਵਿਚ ਰਾਕੇਸ਼ ਝੁਨਝੁਨਵਾਲਾ ਨੇ ਆਖਿਆ ਸੀ ਕਿ ਉਸ ਦੀ ਬਰਾਦਰੀ ਦੇਸ਼ ਦੀ ਮਾਲਕ ਹੈ। ਇਸ ਦਾ ਖੁਲਾਸਾ ਕਰਨ ਲਈ ਕਹਿਣ ’ਤੇ ਉਸ ਨੇ ਦੱਸਿਆ ਕਿ ਉਹ ਅਗਰਵਾਲ ਬਰਾਦਰੀ ਨਾਲ ਜੁੜਿਆ ਹੈ, ਜਿਵੇਂ ਬਾਣੀਆ ਭਾਈਚਾਰੇ ਵਿਚ ਜਿੰਦਲ, ਬਾਂਸਲ, ਗੋਇਲ, ਮਿੱਤਲ, ਸਿੰਘਲ ਆਦਿ ਕਈ ਹੋਰ ਗੋਤ ਆੳਂਦੇ ਹਨ। ਉਹ ਵੱਡੇ ਕਾਰੋਬਾਰੀਆਂ ਦੀ ਲੰਮੀ ਸੂਚੀ ਲੈ ਕੇ ਨਾਂ ਗਿਣਾਉਣ ਲੱਗ ਪਿਆ ਜੋ ਸਾਰੇ ਅਗਰਵਾਲ ਸਨ ਤੇ ਫਿਰ ਉਸ ਨੇ ਪੁੱਛਿਆ, “ਫਿਰ ਕੀ ਖਿਆਲ ਐ ਬੌਸ, ਅਸੀਂ ਦੇਸ਼ ਦੇ ਮਾਲਕ ਹੋਏ ਕਿ ਨਾ?”
ਸਾਡੀ ਆਖਿ਼ਰੀ ਮੁਲਾਕਾਤ ਦਿੱਲੀ ਵਿਚ ਹੋਈ ਜਿੱਥੇ ਉਸ ਨੇ ਪ੍ਰਧਾਨ ਮੰਤਰੀ ਤੋਂ ਲੈ ਕੇ ਹੋਰ ਸਾਰੇ ਵੱਡੇ ਵੱਡੇ ਸਿਆਸੀ ਆਗੂਆਂ ਨੂੰ ਮਿਲਣ ਆਉਣਾ ਸੀ। ਉਸ ਨੇ ਸ਼ੇਖਰ ਗੁਪਤਾ ਤੇ ਮੈਨੂੰ ਦੁਪਹਿਰ ਦੇ ਖਾਣੇ ’ਤੇ ਬੁਲਾਇਆ। ਉਹ ਵ੍ਹੀਲਚੇਅਰ ’ਤੇ ਸੀ ਤੇ ਉਸ ਦੀ ਹਾਲਤ ਕਾਫ਼ੀ ਖਰਾਬ ਜਾਪਦੀ ਸੀ। ਉਸ ਨੇ ਜ਼ੋਰ ਦੇ ਕੇ ਆਖਿਆ ਕਿ ਉਸ ਦੇ ਮੈਡੀਕਲ ਸੂਚਕ ਠੀਕ ਹਨ ਪਰ ਪਹਿਲਾਂ ਵਾਲੀ ਚੰਗਿਆੜੀ ਨਹੀਂ ਬਚੀ; ਸੇਵਾਦਾਰ ਉਸ ਨੂੰ ਸਮੇਂ ਸਮੇਂ ’ਤੇ ਗੋਲੀਆਂ ਦੀ ਖੁਰਾਕ ਦੇਣ ਆਉਂਦਾ ਰਹਿੰਦਾ ਸੀ। ਕੋਈ ਉਸ ਨੂੰ ਮਿਲ ਕੇ ਉਸ ਦੀ ਦਿਲਕਸ਼ ਸ਼ਖ਼ਸੀਅਤ ਤੋਂ ਅਛੂਤਾ ਨਹੀਂ ਰਹਿ ਸਕਦਾ ਸੀ।
*ਲੇਖਕ ਆਰਥਿਕ ਮਾਮਲਿਆਂ ਦਾ ਮਾਹਿਰ ਹੈ। 1980ਵਿਆਂ ਅਤੇ 1990 ਵਿਚ ਉਹ ‘ਬਿਜ਼ਨਸ ਵਰਲਡ’ ਅਤੇ ‘ਇਕਨਾਮਿਕ ਟਾਈਮਜ਼’ ਦਾ ਸੰਪਾਦਕ ਰਿਹਾ, 1992 ਤੋਂ ਬਾਅਦ ‘ਬਿਜ਼ਨਸ ਸਟੈਂਡਰਡ’ ਦਾ ਪ੍ਰਮੁੱਖ ਸੰਪਾਦਕ ਬਣਿਆ ਅਤੇ ਮਗਰੋਂ ਇਸ ਗਰੁੱਪ ਦਾ ਚੇਅਰਮੈਨ ਰਿਹਾ।