ਬਲਬੀਰ ਸਿੰਘ ਸੀਨੀਅਰ ਹਾਕੀ ਦੇ ਮਿਸਾਲੀ ਖਿਡਾਰੀ ਸਨ। ਕੋਈ ਸਮਾਂ ਸੀ ਜਦੋਂ ਜੇ ਕਿਸੇ ਹਾਕੀ ਪ੍ਰੇਮੀ ਦੇ ਘਰ ਬੱਚਾ ਜੰਮਦਾ ਸੀ ਤਾਂ ਉਹ ਉਸ ਦਾ ਨਾਂ ਬਲਬੀਰ ਸਿੰਘ ਰੱਖ ਲੈਂਦਾ ਸੀ। ਮੇਰੇ ਪਿਤਾ ਜੀ ਨੇ ਮੇਰੇ ਵੱਡੇ ਤਾਏ ਦੇ ਪੁੱਤਰ ਦਾ ਨਾਮ ਬਲਬੀਰ ਸਿੰਘ ਰੱਖਿਆ ਜਿਸ ਦਾ ਜਨਮ 1972 ਵਿਚ ਹੋਇਆ ਸੀ। 1976 ਵਿਚ ਜਨਮੇ ਇਸ ਬਲਬੀਰ ਦੇ ਛੋਟੇ ਭਰਾ ਦਾ ਨਾਮ ਅਜੀਤ ਪਾਲ ਰੱਖਿਆ ਗਿਆ। ਸੰਜੋਗ ਵੱਸ ਮੇਰੇ ਪਿਤਾ ਜੀ ਦਾ ਨਾਮ ਸੁਰਜੀਤ ਸਿੰਘ ਅਤੇ ਦੋ ਚਾਚਿਆਂ ਦੇ ਮੁੰਡੇ ਦਾ ਨਾਮ ਰਾਜਿੰਦਰ ਸਿੰਘ ਤੇ ਹਰਿੰਦਰ ਸਿੰਘ ਹੈ। ਉਨ੍ਹਾਂ ਦੇ ਨਾਮ ਕੁਦਰਤੀ ਹਾਕੀ ਖਿਡਾਰੀਆਂ ਵਾਲੇ ਰੱਖੇ ਗਏ। ਹਾਕੀ ਖਿਡਾਰੀਆਂ ਦੇ ਨਾਂ ਉਤੇ ਨਾਮ ਰੱਖਣ ਦੀ ਪ੍ਰਥਾ ਨੂੰ ਸਾਡੇ ਪਰਿਵਾਰ ਨੇ ਅਗਲੀ ਪੀੜ੍ਹੀ ਵਿਚ ਵੀ ਜਾਰੀ ਰੱਖਦਿਆਂ ਬਲਬੀਰ ਸਿੰਘ ਦੇ ਪੁੱਤਰ ਦਾ ਨਾਂ ਮੈਂ ਪ੍ਰਭਜੋਤ ਸਿੰਘ ਰੱਖਿਆ।
ਸਾਲ 2004-05 ਦੀ ਗੱਲ ਹੈ। ਮੇਰੀ ਖੇਡ ਪੱਤਰਕਾਰੀ ਦੇ ਇਹ ਸ਼ੁਰੂਆਤੀ ਦੌਰ ਵਾਲੇ ਦਿਨ ਸਨ। ਪਹਿਲੀ ਵਾਰ ਬਲਬੀਰ ਸਿੰਘ ਸੀਨੀਅਰ ਨੂੰ ਮਿਲਿਆ ਤਾਂ ਮੈਂ ਆਪਣੀ ਜਾਣ-ਪਛਾਣ ਕਰਵਾਉਣ ਤੋਂ ਬਾਅਦ ਦੱਸਿਆ ਕਿ ਤੁਹਾਡੇ ਨਾਮ ਉਤੇ ਤਾਂ ਮੇਰੇ ਤਾਏ ਦਾ ਮੁੰਡੇ ਦਾ ਨਾਮ ਰੱਖਿਆ ਗਿਆ ਹੈ। ਫਟਾਫਟ ਮੈਂ ਅਗਲੀ ਪਛਾਣ ਇਹ ਕਰਵਾਈ ਕਿ ਮੇਰੇ ਨਾਨਕੇ ਮੋਗੇ ਜ਼ਿਲੇ ਦੇ ਪਿੰਡ ਬੁੱਟਰ ਵਿਚ ਹਨ। ਉਨ੍ਹਾਂ ਘੁੱਟ ਕੇ ਗਲਵਕੜੀ ਪਾ ਲਈ ਅਤੇ ਉਸ ਦਿਨ ਤੋਂ ਅੰਤਲੇ ਸਮੇਂ ਤੱਕ ਉਹ ਮੈਨੂੰ ਮੋਗੇ ਆਲਾ ਕਹਿ ਕੇ ਪੁਕਾਰਦੇ ਰਹੇ। ਉਨ੍ਹਾਂ ਨੇ ਨੇ ਹਾਕੀ ਮੋਗੇ ਤੋਂ ਖੇਡਣੀ ਸ਼ੁਰੂ ਕੀਤੀ ਸੀ। ਇਸੇ ਕਾਰਨ ਉਨ੍ਹਾਂ ਨੂੰ ਮੋਗਾ ਵਾਲੇ ਬਲਬੀਰ ਵੀ ਆਖਦੇ ਹਨ। ਬਲਬੀਰ ਸਿੰਘ ਸੀਨੀਅਰ ਦੇ ਨੇੜੇ ਲੱਗਣ ਲਈ ਮੈਂ ਇਹ ਰਿਸ਼ਤਾ ਜੋੜਿਆ ਸੀ, ਹਾਲਾਂਕਿ ਬਾਅਦ ਵਿਚ ਉਨ੍ਹਾਂ ਨਾਲ ਵਿਚਰਦਿਆਂ ਮਹਿਸੂਸ ਕੀਤਾ ਕਿ ਉਨ੍ਹਾਂ ਨਾਲ ਤਾਂ ਕੋਈ ਵੀ ਨੇੜਤਾ ਬਣਾ ਸਕਦਾ ਹੈ, ਕੋਈ ਵਿੰਗ-ਵੱਲ ਪਾ ਕੇ ਜਾਣ-ਪਛਾਣ ਕੱਢਣ ਦੀ ਲੋੜ ਹੀ ਨਹੀਂ!
ਬਲਬੀਰ ਸਿੰਘ ਸੀਨੀਅਰ ਪਿੱਛੇ ਜਿਹੇ ਜਦੋਂ ਮੁਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਦਾਖਲ ਹੋਏ ਤਾਂ ਉਨ੍ਹਾਂ ਦੇ ਦੋਹਤੇ ਕਬੀਰ ਸਿੰਘ ਦਾ ਫੋਨ-ਸੰਦੇਸ਼ ਆਇਆ, “ਨਾਨਾ ਜੀ ਦੇ ਪਲੈਟਲੈਟਸ ਸੈੱਲ ਘੱਟ ਗਏ, ਓ ਪਾਜ਼ੇਟਿਵ ਬਲੱਡ ਗਰੁੱਪ ਵਾਲਾ ਡੋਨਰ ਚਾਹੀਦਾ।” ਇਸ ਤੋਂ ਪਹਿਲਾਂ ਕਬੀਰ ਖੁਦ ਆਪਣੇ ਪਲੈਟਲੈਟਸ ਦੇ ਚੁੱਕਾ ਸੀ। ਮੈਂ ਤੁਰੰਤ ਆਪਣਾ ਬਲੱਡ ਗਰੁੱਪ ਓ ਪਾਜ਼ੇਟਿਵ ਦੱਸ ਕੇ ਹਾਮੀ ਭਰ ਦਿੱਤੀ। ਉਸੇ ਦਿਨ ਮੈਂ ਅਤੇ ਕੌਮਾਂਤਰੀ ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਟੈਸਟ ਕਰਵਾਉਣ ਹਸਪਤਾਲ ਪੁੱਜੇ ਹੋਏ ਸਾਂ। ਅਗਲੇ ਦਿਨ ਰਿਪੋਰਟ ਆਈ ਕਿ ਮੈਨੂੰ ਪਲੈਟਲੈਟਸ ਸੈੱਲ ਦੇਣ ਲਈ ਯੋਗ ਪਾਇਆ ਗਿਆ। 24 ਮਈ ਦੀ ਸਵੇਰ ਕਬੀਰ ਦਾ ਫੋਨ ਆਇਆ: ਫਟਾਫਟ ਹਸਪਤਾਲ ਆ ਜਾ, ਪਲੈਟਲੈਟਸ ਦੀ ਲੋੜ ਹੈ। ਖ਼ੈਰ! ਮੈਂ ਤੁਰੰਤ ਪੁੱਜ ਗਿਆ ਅਤੇ ਸਿੱਧਾ ਬਲੱਡ ਬੈਂਕ ਚਲਾ ਗਿਆ ਅਤੇ ਪਲੈਟਲੈਟਸ ਦੇ ਕੇ ਵਾਪਸ ਆ ਗਿਆ।
ਅਗਲੀ ਸਵੇਰ ਕਬੀਰ ਦਾ ਫੋਨ ਖੜਕਿਆ ਤਾਂ ਮੱਥਾ ਠਣਕਿਆ। ਕਬੀਰ ਦੇ ਇਹੋ ਬੋਲ ਸਨ, “ਨਾਨਾ ਜੀ ਆਖ਼ਰੀ ਮੈਚ ਹਾਰ ਗਏ।” ਮੈਨੂੰ ਵੀ ਝਟਕਾ ਲੱਗਿਆ, ਅਜੇ ਇਕ ਦਿਨ ਪਹਿਲਾਂ ਹੀ ਤਾਂ ਰਾਜਦੀਪ ਸਿੰਘ ਗਿੱਲ ਅਤੇ ਪ੍ਰਿੰਸੀਪਲ ਸਰਵਣ ਸਿੰਘ ਗੱਲਾਂ ਕਰ ਰਹੇ ਸਨ ਕਿ ਬਲਬੀਰ ਸਿੰਘ ਸਿਰੜੀ ਬਹੁਤ ਹਨ, ਐਤਕੀਂ ਵੀ ਵਾਪਸੀ ਕਰਨਗੇ। ਪਿਛਲੇ ਸਾਲ ਵੀ ਉਹ ਪੀਜੀਆਈ ਵਿਚੋਂ ਵੈਂਟੀਲੇਟਰ ਤੇ ਪੁੱਜਣ ਬਾਅਦ ਸਿਹਤਯਾਬ ਹੋ ਕੇ ਘਰ ਪਰਤੇ ਸਨ।
ਅੰਤਿਮ ਯਾਤਰਾ ਵਿਚ ਸ਼ਾਮਲ ਹੋਣ ਲਈ ਮੈਂ ਉਨ੍ਹਾਂ ਦੇ ਘਰ ਪੁੱਜਿਆ। ਚੰਡੀਗੜ੍ਹ ਦੇ 36 ਸੈਕਟਰ ਵਿਚ ਉਨ੍ਹਾਂ ਦੀ ਧੀ ਸ਼ੁਸਬੀਰ ਕੌਰ ਦੇ ਘਰ ਇਸ ਮਹਾਨ ਖਿਡਾਰੀ ਦੀ ਦੇਹ ਰੱਖੀ ਹੋਈ ਸੀ। ਉਨ੍ਹਾਂ ਦੀ ਇੱਛਾ ਪੂਰੀ ਕਰਦਿਆਂ ਨਾਲ ਹਾਕੀ ਵੀ ਰੱਖੀ ਗਈ। ਖੇਡ ਪ੍ਰੇਮੀਆਂ ਲਈ ਇਹ ਬਹੁਤ ਭਾਵੁਕ ਪਲ ਸਨ। ਜਿਉਂ ਹੀ ਮੈਂ ਕੋਲ ਪੁੱਜਿਆ ਤਾਂ ਉਨ੍ਹਾਂ ਦੀ ਧੀ ਨੇ ਮੈਨੂੰ ਪਛਾਣ ਕੇ ਅਪਣੱਤ ਨਾਲ ਮਿਲਦਿਆਂ ਕਿਹਾ, “ਪੁੱਤਰਾ! ਆਖ਼ਰੀ ਰਾਤ ਤੇਰਾ ਖੂਨ ਡੈਡੀ ਦੀਆਂ ਰਗਾਂ ਵਿਚ ਦੌੜਿਆ, ਹੁਣ ਤਾਂ ਤੇਰਾ ਵੀ ਇਨ੍ਹਾਂ ਨਾਲ ਖੂਨ ਦਾ ਰਿਸ਼ਤਾ ਹੋ ਗਿਆ।” ਇਹ ਬੋਲ ਸੁਣ ਕੇ ਪਸੀਜਿਆ ਗਿਆ। ਅਗਲੇ ਹੀ ਪਲ ਜਦੋਂ ਬਲਬੀਰ ਸਿੰਘ ਹੁਰਾਂ ਦੀ ਅੰਤਿਮ ਯਾਤਰਾ ਲਈ ਰਵਾਨਾ ਹੋਣ ਲੱਗੇ ਤਾਂ ਮੈਨੂੰ ਕਬੀਰ ਦੇ ਨਾਲ ਮੋਢਾ ਦੇਣ ਲਈ ਬੁਲਾਇਆ ਹਾਕ ਵੱਜੀ। ਜਿਸ ਕੇਅਰਟੇਕਰ ਗੁਰਪ੍ਰੀਤ ਸਿੰਘ ਨੇ ਕਈ ਵਰ੍ਹੇ ਉਨ੍ਹਾਂ ਦੀ ਸੇਵਾ ਕੀਤੀ, ਉਹ ਵੀ ਸਾਡੇ ਨਾਲ ਮੋਢਾ ਦੇ ਕੇ ਬਲਬੀਰ ਸਿੰਘ ਸੀਨੀਅਰ ਨੂੰ ਅੰਤਿਮ ਸਫਰ ਲਈ ਤੁਰ ਰਿਹਾ ਸੀ। ਮੈਂ ਸੋਚ ਰਿਹਾ ਸੀ ਕਿ ਜਿਸ ਮਹਾਨ ਖਿਡਾਰੀ ਨਾਲ ਜਾਣ-ਪਛਾਣ ਕੱਢਣ ਲਈ ਮੈਂ ਆਨੇ-ਬਹਾਨੇ ਰਿਸ਼ਤੇ ਕੱਢਦਾ ਰਿਹਾ, ਅੱਜ ਉਨ੍ਹਾਂ ਦੇ ਪਰਿਵਾਰ ਨੇ ਮੇਰਾ ਉਨ੍ਹਾਂ ਨਾਲ ਖੂਨ ਦਾ ਰਿਸ਼ਤਾ ਬਣਾ ਦਿੱਤਾ।
ਸੰਪਰਕ: 97800-36216