ਅਵਨੀਤ ਕੌਰ
ਹੇਲੀ ਵੱਲੋਂ ਮਿਲਿਆ ਭਰਾ ਦੇ ਵਿਆਹ ਦਾ ਬੁਲਾਵਾ ਫੁੱਲਾਂ ਜਿਹੀ ਮਹਿਕ ਬਿਖੇਰ ਗਿਆ। ਵਿਆਹ ਤੋਂ ਇੱਕ ਦਿਨ ਪਹਿਲਾਂ ਸਹੇਲੀ ਦੇ ਪਿੰਡ ਪਹੁੰਚੀ। ਬੱਸ ਅੱਡੇ ਦੀਆਂ ਦੁਕਾਨਾਂ ’ਤੇ ਵਜਦੇ ਗੀਤਾਂ ਦਹ ਬਦਲਿਆ ਰੰਗ ਮਨ ਨੂੰ ਹੁਲਾਰਾ ਦੇਣ ਵਾਲਾ ਸੀ। ਸਹੇਲੀ ਦੇ ਘਰ ਜਾਂਦਿਆਂ ਰਸਤੇ ਵਿੱਚ ਆਏ ਸੰਘਰਸ਼ ਦੇ ਪ੍ਰਤੀਕ ਬਣੇ ਘਰ ਮਨ ਦਾ ਸਕੂਨ ਬਣੇ। ਹਰ ਘਰ ’ਤੇ ਲਹਿਰਾਉਂਦੇ ਕਿਸਾਨੀ ਝੰਡੇ ਦੁੱਲੇ ਭੱਟੀ ਦੀ ਵਿਰਾਸਤ ਦਰਸਾਉਂਦੇ ਨਜ਼ਰ ਆਏ।
ਸ਼ਾਮ ਨੂੰ ਜਾਗੋ ਦਾ ਪ੍ਰੋਗਰਾਮ ਸੀ। ਸਾਰੇ ਰਿਸ਼ਤੇਦਾਰ ਹਾਜ਼ਰ ਸਨ। ਜਾਗੋ ਦੇ ਆਲੇ ਦੁਆਲੇ ਜੁੜੀਆਂ ਬਸੰਤੀ ਚੁੰਨੀਆਂ ਜਲੌਅ ਬਣੀਆਂ। ਬਿਰਧ ਮਾਵਾਂ ਕਿਸਾਨੀ ਝੰਡੇ ਲੈ ਕੇ ਜਾਗੋ ਨਾਲ ਤੁਰੀਆਂ। ਬੋਲੀਆਂ ਰਾਜਧਾਨੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਦੀ ਆਵਾਜ਼ ਬਣੀਆਂ। ਜਾਗੋ ਦੇ ਪਿੱਛੇ ਤੁਰਦਾ ਢੋਲੀ ਤੇ ਨੌਜਵਾਨਾਂ ਦੇ ਬੋਲ, ‘ਜੱਟਾ ਜਾਗ ਬਈ ਹੁਣ ਜਾਗੋ ਆਈ ਆ’। ਸਾਰੇ ਪਿੰਡ ਵਿੱਚ ਖ਼ੁਸ਼ੀ ਦੇ ਨਾਲ ਨਾਲ ਸੰਘਰਸ਼ ਦਾ ਸੁਨੇਹਾ ਨਿਵੇਕਲਾ ਸੀ।
ਜਾਗੋ ਨਾਲ ਵਾਪਸ ਘਰ ਪਰਤੇ। ਸੌਣ ਦੀ ਤਿਆਰੀ ਹੋਣ ਲੱਗੀ। ਸਾਰਾ ਪਰਿਵਾਰ ਪ੍ਰਬੰਧਾਂ ਦੇ ਰੁਝੇਵੇਂ ਵਿੱਚ ਸੀ। ਇਹ ਜਾਣ ਕੇ ਹੈਰਾਨ ਹੋਈ ਕਿ ਦਾਦੀ ਮਾਂ ਵਿਆਹ ਵਿੱਚ ਸ਼ਾਮਲ ਨਹੀਂ ਸੀ। ਪਤਾ ਲੱਗਾ ਕਿ ਪਿੰਡ ਦੀਆਂ ਹੋਰ ਔਰਤਾਂ ਨਾਲ ਟਿਕਰੀ ਬਾਰਡਰ ’ਤੇ ਕਿਸਾਨ ਮੋਰਚੇ ਵਿੱਚ ਸ਼ਾਮਲ ਸੀ। ਉਸਦਾ ਭੇਜਿਆ ਸੁਨੇਹਾ ਸੋਚਣ ਲਈ ਮਜਬੂਰ ਕਰ ਗਿਆ: ‘‘ਮੈਨੂੰ ਆਪਣੇ ਚੰਨ ਵਰਗੇ ਪੋਤੇ ਦੇ ਵਿਆਹ ਦੀ ਖ਼ੁਸ਼ੀ ਤਾਂ ਅਨੰਤ ਹੈ। ਪਰ ਉਸਦੀ ਜ਼ਮੀਨ ਤੇ ਭਵਿੱਖ ਬਚਾਉਣ ਲਈ ਮੈਂ ਮੋਰਚੇ ਵਿੱਚ ਰਹਿਣਾ ਜ਼ਰੂਰੀ ਸਮਝਦੀ ਹਾਂ। ਜਿਉਂਦੇ ਮੁੜੇ ਤਾਂ ਜਿੱਤ ਦੀ ਖੁਸ਼ੀ ਲੈ ਕੇ ਹੀ ਮੁੜਾਂਗੇ।’’
ਸਵੇਰ ਸਾਰ ਬਰਾਤ ਤੁਰਨ ਲਈ ਤਿਆਰ ਹੋਈ। ਬਰਾਤ ਵਿੱਚ ਸ਼ਾਮਲ ਬਹੁਤੇ ਨੌਜੁਆਨਾਂ ਨੇ ਬਸੰਤੀ ਤੇ ਹਰੇ ਰੰਗ ਦੀਆਂ ਪੱਗਾਂ ਬੰਨ੍ਹੀਆਂ ਸਨ। ਫੁੱਲਾਂ ਨਾਲ ਸਜੀ ਸੰਵਰੀ ਲਾੜੇ ਵਾਲੀ ਕਾਰ ’ਤੇ ਕਿਸਾਨੀ ਝੰਡਾ ਲਹਿਰਾ ਰਿਹਾ ਸੀ। ਖੁਸ਼ੀ ਦੇ ਇਸ ਮਾਹੌਲ ਵਿੱਚ ਇੱਕ ਬਜ਼ੁਰਗ਼ ਬੋਲ ਰਿਹਾ ਸੀ, ‘ਆਹ ਭਲੇ ਦਿਨ ਵੀ ਵੇਖਣੇ ਸਨ ਦਿਲਾਵਰ ਸਿੰਹਾਂ। ਸਾਡੀਆਂ ਖ਼ੁਸ਼ੀਆਂ ਵਿੱਚ ਵੀ ਸੰਘਰਸ਼ ਦਾ ਰੰਗ ਸ਼ਾਮਲ ਹੋ ਗਿਆ ਹੈ।’’ ਬਰਾਤ ਤੁਰੀ, ਪਹੁੰਚੀ, ਸੁਆਗਤ ਹੋਇਆ। ਹਰੇਕ ਸ਼ਗਨ ਵਿੱਚ ਕਿਸਾਨੀ ਘੋਲ ਆ ਸ਼ਾਮਲ ਹੁੰਦਾ ਰਿਹਾ। ਹੋਰ ਤਾਂ ਹੋਰ ਗਾਇਕ ਨੇ ਵੀ ਆਪਣੇ ਗੀਤਾਂ ਦੀ ਸ਼ੁਰੂਆਤ ਕਿਸਾਨੀ ਗੀਤ ਤੋਂ ਕੀਤੀ। ਵਿਆਹ ’ਚ ਦੋਹਾਂ ਪਰਿਵਾਰਾਂ ਨੇ ਮੰਚ ਤੋਂ ਕਿਸਾਨ ਸੰਘਰਸ਼ ਲਈ ਦਿੱਤੇ ਫੰਡ ਬਾਰੇ ਸੁਣ ਕੇ ਅਨੂਠੀ ਖੁਸ਼ੀ ਮਿਲੀ।
ਵਿਆਹ ਦੀ ਖੁਸ਼ੀ ਮਾਣਦਿਆਂ ਅਸੀਂ ਲੜਕੀ ਵਾਲੇ ਪਰਿਵਾਰ ਵੱਲੋਂ ਆਈਆਂ ਮਾਵਾਂ ਕੋਲ ਜਾ ਖੜ੍ਹੀਆਂ। ਸਾਰੇ ਚਿਹਰਿਆਂ ’ਤੇ ਖੁਸ਼ੀ ਦਾ ਜਲੌਅ ਤੱਕਿਆ। ਖਾਣ ਪੀਣ ਤੋਂ ਵਿਹਲੀਆਂ ਹੋ, ਉਹ ‘ਚੁਗਲੀਆਂ’ ਵਿੱਚ ਮਸਰੂਫ ਸਨ। ‘ਦੇਸ਼ ਦੇ ਚੌਕੀਦਾਰ’ ਨੇ ਆਪਣੇ ਨਾਲ ਵਫਾ ਨਹੀਂ ਕੀਤੀ। ਚੋਣਾਂ ਤੋਂ ਪਹਿਲਾਂ ‘ਦੇਸ਼ ਕੋ ਬਿਕਨੇ ਨਹੀਂ ਦੂੰਗਾ’ ਕਹਿਣ ਵਾਲ਼ਾ ਆਪਣੇ ਖੇਤ ਵੇਚਣ ’ਤੇ ਉਤਰ ਆਇਆ। ਭੈਣੋ, ਇਹ ਥੋੜ੍ਹ ਚਿਰੀਆਂ ਖ਼ੁਸ਼ੀਆਂ ਤੇ ਸੁਖ ਆਪਣੇ ਖੇਤਾਂ ਦੀ ਦੇਣ ਨੇ। ਖੇਤ ਨਾ ਰਹੇ ਤਾਂ ਜਿਉਣਾ ਕਿਸ ਕੰਮ ਦਾ। ਆਪਣੇ ਖੇਤਾਂ ’ਚ ਕੰਮ ਕਰਦੇ ਭੈਣ ਭਰਾ ਵੀ ਆਪਣੇ ਨਾਲ ਨੇ।
ਵਿਆਹ ਤੋਂ ਪਰਤਦਿਆਂ ਮਨ ਉਤਸ਼ਾਹ ਨਾਲ ਭਰਿਆ ਸੀ। ਖੁਸ਼ੀ ਦੇ ਰੰਗ ਵਿੱਚ ਸੰਘਰਸ਼ ਦਾ ਸੂਹਾ ਰੰਗ ਮਨ ਨੂੰ ਭਾਇਆ। ਘਰ ਪਹੁੰਚ ਕੇ ਚੈਨ ਦੀ ਨੀਂਦ ਸੁੱਤੇ। ਸਵੇਰ ਸਾਰ ਸਹੇਲੀ ਨੇ ਜਗਾਉਣ ਲਈ ਹਲੂਣਿਆ ਤਾਂ ਸੁਪਨਮਈ ਅਵਸਥਾ ਵਿੱਚ ਸਾਂ। ਮਨ ‘ਰੰਗ ਦੇ ਬਸੰਤੀ’ ਦੀ ਭਾਵਨਾ ਨਾਲ ਇੱਕ ਮਿੱਕ ਸੀ। ਵਾਪਸ ਪਰਤਣ ਤੋਂ ਪਹਿਲਾਂ ਅਖ਼ਬਾਰਾਂ ’ਤੇ ਨਜ਼ਰ ਮਾਰੀ। ਔਰਤ ਦਿਵਸ ’ਤੇ ਦਿੱਲੀ ਮੋਰਚੇ ਵਿੱਚ ਜੁੜੀਆਂ ਬਸੰਤੀ ਚੁੰਨੀਆਂ ਦਾ ਹੜ੍ਹ ਰਾਹ ਰੁਸ਼ਨਾਉਂਦਾ ਨਜ਼ਰ ਆ ਰਿਹਾ ਸੀ। ਵਿਆਹ ਤੋਂ ਘਰ ਮੁੜਦਿਆਂ ਸੜਕਾਂ ’ਤੇ ਚਲਦੇ ਵਾਹਨਾਂ ’ਤੇ ਝੂਲਦੇ ਕਿਸਾਨੀ ਝੰਡੇ ਬਸੰਤੀ ਚੋਲੇ ਵਾਲੇ ਸ਼ਹੀਦ-ਏ-ਆਜ਼ਮ ਦੇ ਸੁਪਨਿਆਂ ਦੇ ਪ੍ਰਤੀਕ ਜਾਪ ਰਹੇ ਸਨ। ਖਿਆਲਾਂ ਦੀ ਬੁਲੰਦੀ ਸੰਘਰਸ਼ ਨੂੰ ਸਮੇਂ ਦੀ ਮੰਗ ਅਤੇ ਲੋੜ ਦਰਸਾ ਰਹੀ ਸੀ।
ਸੰਪਰਕ: salamzindgi88gmail.com