ਸੁਪਿੰਦਰ ਸਿੰਘ ਰਾਣਾ
ਦੋ ਦਹਾਕੇ ਪਹਿਲਾਂ ਦੀ ਗੱਲ ਹੈ। ਦਫ਼ਤਰ ਵਿੱਚ ਕੰਮ ਨਿਪਟਾ ਕੇ ਘਰ ਜਾਣ ਦੀ ਤਿਆਰੀ ਕਰ ਲਈ। ਐਨ ਵਖ਼ਤ ’ਤੇ ਸਾਹਿਬ ਨੇ ਘੰਟੀ ਮਾਰ ਦਿੱਤੀ। ਅੰਦਰੋਂ ਸੁਨੇਹਾ ਮਿਲਿਆ ਕਿ ਸਾਹਿਬ ਤੁਹਾਨੂੰ ਯਾਦ ਕਰ ਰਹੇ ਨੇ। ਮੈਂ ਸੋਚਿਆ ਕਿ ਹੁਣ ਘਰ ਜਾਣ ਦਾ ਸਮਾਂ ਸੀ, ਅਫ਼ਸਰ ਕਿਤੇ ਹੋਰ ਕੰਮ ਲਈ ਬੈਠਣ ਲਈ ਨਾ ਆਖ ਦੇਵੇ। ਪਹਿਲਾਂ ਕਈ ਵਾਰ ਇੰਜ ਹੀ ਹੋਇਆ। ਉਧਰ, ਘਰ ਜਾਣ ਦੀ ਕਾਹਲੀ ਤੇ ਦੂਜੇ ਪਾਸਿਓਂ ਸਾਹਿਬ ਨੇ ਇੱਕ ਦੋ ਸਫ਼ੇ ਟਾਈਪ ਕਰਨ ਲਈ ਦੇ ਦਿੱਤੇ। ਕਾਹਲੀ-ਕਾਹਲੀ ਦਫ਼ਤਰ ਅੰਦਰ ਵੜਿਆ। ਅੱਗੋਂ ਉਨ੍ਹਾਂ ਕੁਰਸੀ ’ਤੇ ਬੈਠਣ ਦਾ ਇਸ਼ਾਰਾ ਕੀਤਾ। ਉਹ ਗੱਲਾਂ ਕਰਨ ਲੱਗੇ। ਮੇਰੇ ਘਰ ਦਾ ਪਤਾ ਪੁੱਛਿਆ। ਪਤਾ ਦੱਸਣ ’ਤੇ ਕਹਿਣ ਲੱਗੇ ਕਿ ਇਹ ਫਲਾਣਾ ਵਿਅਕਤੀ ਤੁਹਾਡੇ ਘਰ ਦੇ ਨੇੜੇ ਹੀ ਰਹਿੰਦਾ ਹੈ। ਉਸ ਦਾ ਚੈੱਕ ਬਣਿਆ ਹੋਇਆ ਹੈ, ਜਾਂਦੇ ਸਮੇਂ ਉਨ੍ਹਾਂ ਨੂੰ ਜ਼ਰੂਰ ਫੜਾ ਦੇਵੀਂ। ਮੈਂ ਚੈੱਕ ਫੜ ਲਿਆ ਤੇ ਜਾਣ ਦੀ ਇਜਾਜ਼ਤ ਮੰਗੀ। ਉਨ੍ਹਾਂ ਜਾਣ ਲਈ ਹਾਂ ਆਖ ਦਿੱਤੀ। ਚੈੱਕ ਫੜਾਉਣ ਵਾਲਾ ਸਾਹਿਬ ਦਾ ਖ਼ਾਸ ਹੀ ਹੋਵੇਗਾ। ਇਸ ਲਈ ਪਹਿਲਾਂ ਉਨ੍ਹਾਂ ਦੇ ਘਰ ਹੀ ਪਹੁੰਚਣ ਦਾ ਮਨ ਬਣਾਇਆ। ਦਫ਼ਤਰ ਦੀ ਇਮਾਰਤ ਤੋਂ ਹੇਠਾਂ ਉਤਰ ਕੇ ਸਕੂਟਰ ਚੁੱਕਿਆ ਤੇ ਸਿੱਧਾ ਚੈੱਕ ਫੜਾਉਣ ਵਾਲੇ ਘਰ ਦੇ ਪਤੇ ਅੱਗੇ ਪਹੁੰਚ ਗਿਆ। ਘੰਟੀ ਮਾਰੀ। ਅੰਦਰੋਂ ਇੱਕ ਸੱਜਣ ਬਾਹਰ ਨਿਕਲੇ। ਮੈਂ ਉਨ੍ਹਾਂ ਦਾ ਨਾਮ ਪੁੱਛਿਆ। ਉਨ੍ਹਾਂ ਦੇ ਨਾਮ ਦੱਸਣ ’ਤੇ ਆਪਣੇ ਦਫ਼ਤਰ ਬਾਰੇ ਦੱਸਿਆ ਤੇ ਚੈੱਕ ਫੜਾ ਦਿੱਤਾ। ਉਨ੍ਹਾਂ ਮੈਨੂੰ ਅੰਦਰ ਆਉਣ ਲਈ ਕਿਹਾ। ਮੈਂ ਕਿਹਾ ‘ਚਲਦਾ ਹਾਂ ਫੇਰ ਸਹੀ।’ ਉਨ੍ਹਾਂ ਕਿਹਾ ‘ਇੰਜ ਚੰਗਾ ਨਹੀਂ ਲੱਗਦਾ। ਤੁਸੀਂ ਦੋ ਮਿੰਟ ਲਈ ਅੰਦਰ ਤਾਂ ਆਓ।’ ਉਮਰ ਵਿੱਚ ਵੱਡੇ ਹੋਣ ਤੇ ਸਾਡੇ ਘਰ ਦੇ ਨੇੜੇ ਹੀ ਰਹਿਣ ਕਾਰਨ ਮੈਂ ਉਨ੍ਹਾਂ ਨੂੰ ਨਾਂਹ ਨਾ ਕਰ ਸਕਿਆ। ਘਰ ਦੇ ਨੇੜੇ ਰਹਿਣ ਦੇ ਬਾਵਜੂਦ ਮੈਂ ਕਦੇ ਉਨ੍ਹਾਂ ਨੂੰ ਪਹਿਲਾਂ ਮਿਲਿਆ ਨਹੀਂ ਸੀ। ਉਨ੍ਹਾਂ ਵੱਲੋਂ ਇਸ਼ਾਰਾ ਕਰਨ ’ਤੇ ਮੈਂ ਸੋਫ਼ੇ ’ਤੇ ਬੈਠ ਗਿਆ। ਉਨ੍ਹਾਂ ਆਪਣੀ ਪਤਨੀ ਨੂੰ ਆਵਾਜ਼ ਮਾਰੀ ਤੇ ਪਾਣੀ ਲਿਆਉਣ ਲਈ ਕਿਹਾ। ਉਨ੍ਹਾਂ ਆਪਣੀ ਪਤਨੀ ਬਾਰੇ ਮੈਨੂੰ ਤੇ ਮੇਰੇ ਬਾਰੇ ਉਨ੍ਹਾਂ ਨੂੰ ਜਾਣੂੰ ਕਰਵਾਇਆ। ਮੈਂ ਉਨ੍ਹਾਂ ਦੇ ਪੈਰੀਂ ਹੱਥ ਲਾਏ। ਉਨ੍ਹਾਂ ਦੀ ਪਤਨੀ ਮੇਰੇ ਲਈ ਪਾਣੀ ਲੈ ਲਾਈ। ਉਨ੍ਹਾਂ ਪੁੱਛਿਆ, ‘‘ਕਾਕਾ, ਇੱਥੇ ਹੀ ਰਹਿੰਦਾ ਏਂ?’’ ਮੈਂ ਕਿਹਾ, ‘‘ਹਾਂ ਜੀ, ਬੱਸ ਪਾਰਕ ਤੋਂ ਅੱਗੇ ਸਾਡਾ ਘਰ ਹੈ।’’ ਉਹ ਆਖਣ ਲੱਗੇ, ‘‘ਤੇਰੀ ਮਾਂ, ਪੁੱਤ ਸਵੇਰੇ ਹਸਪਤਾਲ ਦੇ ਅੱਗੇ ਸੈਰ ਤਾਂ ਨਹੀਂ ਕਰਦੀ ਹੁੰਦੀ।’’ ਮੈਂ ‘ਹਾਂ’ ਵਿੱਚ ਸਿਰ ਹਿਲਾਇਆ। ਉਨ੍ਹਾਂ ਕਿਹਾ ਕਿ ਤੇਰਾ ਮੜੰਗਾ ਬਿਲਕੁਲ ਤੇਰੀ ਮਾਂ ’ਤੇ ਗਿਆ ਹੈ। ਉਨ੍ਹਾਂ ਆਪਣੇ ਪਤੀ ਨੂੰ ਕਿਹਾ, ‘‘ਲੱਗਦਾ ਨਹੀਂ ਇਸ ਮੁੰਡੇ ਦਾ ਮੜੰਗਾ ਇੰਨ-ਬਿੰਨ ਉਸ ਔਰਤ ਵਰਗਾ ਜਿਹੜੀ ਆਪਣੇ ਅੱਗੇ ਕਾਫ਼ੀ ਤੇਜ਼ ਸੈਰ ਕਰਦੀ ਹੁੰਦੀ ਹੈ।’’ ਉਨ੍ਹਾਂ ਇਸ ਗੱਲ ਦੀ ਹਾਮੀ ਭਰੀ। ਉਸ ਵਿਅਕਤੀ ਨੇ ਆਪਣੀ ਪਤਨੀ ਨੂੰ ਚਾਹ ਬਣਾਉਣ ਲਈ ਕਿਹਾ। ਮੈਂ ਨਾਂਹ ਕਰ ਦਿੱਤੀ। ਮੈਂ ਕਿਹਾ, ‘‘ਘਰ ਨੇੜੇ ਹੈ, ਜਾ ਕੇ ਪੀ ਲੈਣੀ ਹੈ। ਫੇਰ ਕਦੇ ਸਬੱਬ ਬਣਿਆ ਤਾਂ ਜ਼ਰੂਰ ਪੀਵਾਂਗਾ।’’ ਉਨ੍ਹਾਂ ਦੇ ਪੁੱਛਣ ’ਤੇ ਮੈਂ ਆਪਣੇ ਅਹੁਦੇ ਬਾਰੇ ਦੱਸਿਆ। ਥੋੜ੍ਹੇ ਚਿਰ ਦੀ ਮਿਲਣੀ ਮਗਰੋਂ ਜਾਣ ਦੀ ਇਜਾਜ਼ਤ ਮੰਗੀ ਤੇ ਖੜ੍ਹਾ ਹੋ ਗਿਆ। ਉਨ੍ਹਾਂ ਹੱਥ ਜੋੜ ਕੇ ਕਿਹਾ ਕਿ ਅੱਗੋਂ ਮਿਲਦੇ ਰਿਹਾ ਕਰੋ। ਮੈਂ ਘਰ ਜਾ ਕੇ ਚਾਹ ਪਾਣੀ ਪੀਤਾ ਤੇ ਬੱਚਿਆਂ ਦਾ ਸਾਮਾਨ ਤੇ ਪਿਤਾ ਜੀ ਦੀਆਂ ਦਵਾਈਆਂ ਲੈਣ ਲਈ ਬਾਜ਼ਾਰ ਤੁਰ ਪਿਆ। ਸਮਾਂ ਬੀਤਦਾ ਗਿਆ। ਉਸ ਸੱਜਣ ਨੇ ਹੁਣ ਕਈ ਵਾਰ ਆਪਣੀਆਂ ਰਚਨਾਵਾਂ ਮੈਨੂੰ ਘਰੇ ਫੜਾ ਜਾਣੀਆਂ ਤੇ ਦਫ਼ਤਰ ਪਹੁੰਚਾਉਣ ਲਈ ਆਖਣਾ। ਹੌਲੀ-ਹੌਲੀ ਉਨ੍ਹਾਂ ਨਾਲ ਮੇਲ-ਜੋਲ ਵਧਣ ਲੱਗਿਆ। ਉਨ੍ਹਾਂ ਨੇ ਜਿੱਥੇ ਵੀ ਮਿਲਣਾ ਮੈਨੂੰ ਕੁਝ ਨਾ ਕੁਝ ਲਿਖਣ ਲਈ ਜ਼ਰੂਰ ਕਹਿਣਾ। ਉਨ੍ਹਾਂ ਆਪਣੀਆਂ ਕਈ ਪੁਸਤਕਾਂ ਮੈਨੂੰ ਪੜ੍ਹਨ ਲਈ ਦਿੱਤੀਆਂ। ਮੇਰੇ ਵੱਲੋਂ ਕੋਈ ਵਿਸ਼ਾ ਨਾ ਮਿਲਣ ’ਤੇ ਉਨ੍ਹਾਂ ਕਹਿਣਾ ਕਿ ਵਿਸ਼ੇ ਤਾਂ ਤੁਹਾਡੇ ਆਲੇ-ਦੁਆਲੇ ਬਹੁਤ ਹਨ। ਬੱਸ ਤੁਹਾਡੀ ਪਾਰਖੂ ਨਿਗ੍ਹਾ ਚਾਹੀਦੀ ਹੈ। ਉਨ੍ਹਾਂ ਦੀ ਸੰਗਤ ਇੱਕ ਦਿਨ ਰੰਗ ਲੈ ਆਈ। ਕਈ ਦਿਨਾਂ ਦੀ ਮਿਹਨਤ ਮਗਰੋਂ ਇੱਕ ਰਚਨਾ ਲਿਖੀ। ਡਰਦੇ ਡਰਦੇ ਨੇ ਉਹ ਰਚਨਾ ਛਪਣ ਲਈ ਸਹਾਇਕ ਸੰਪਾਦਕ ਰਾਹੀਂ ਸੰਪਾਦਕ ਜੀ ਕੋਲ ਪਹੁੰਚਦੀ ਕਰ ਦਿੱਤੀ। ਦੂਜੇ ਦਿਨ ਹੀ ਉਹ ਰਚਨਾ ਅਖ਼ਬਾਰ ਵਿੱਚ ਛਪ ਗਈ। ਜਦੋਂ ਮੈਂ ਦਫ਼ਤਰ ਗਿਆ ਤਾਂ ਸਹਾਇਕ ਸੰਪਾਦਕ ਜੀ ਨੇ ਮੈਨੂੰ ਬੁਲਾ ਕੇ ਕਿਹਾ, ‘‘ਅੱਗੋਂ ਲਿਖਣਾ ਜਾਰੀ ਰੱਖਣਾ ਹੈ। ਰਚਨਾ ਚਾਹੇ ਅਖ਼ਬਾਰ ਜਾਂ ਕਿਸੇ ਮੈਗਜ਼ੀਨ ਦਾ ਸ਼ਿੰਗਾਰ ਬਣੇ ਚਾਹੇ ਨਾ ਬਣੇ, ਪਰ ਤੂੰ ਲਿਖਣਾ ਨਹੀਂ ਛੱਡਣਾ।’’ ਜਦੋਂ ਘਰ ਆਇਆ ਤਾਂ ਨੇੜੇ ਰਹਿਣ ਵਾਲੇ ਉਸ ਸੱਜਣ ਨੇ ਵੀ ਮੈਨੂੰ ਸ਼ਾਬਾਸ਼ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਲਿਖਣਾ ਤੇ ਪੜ੍ਹਨਾ ਜਾਰੀ ਰੱਖਣਾ ਹੈ। ਪਿਤਾ ਜੀ ਦੀ ਮੌਤ ਵੇਲੇ ਉਨ੍ਹਾਂ ਸਾਡੇ ਪਰਿਵਾਰ ਨੂੰ ਕਾਫ਼ੀ ਦਿਲਾਸਾ ਦਿੱਤਾ ਤੇ ਕਈ ਦਿਨ ਘਰ ਆਉਂਦੇ ਰਹੇ। ਫੇਰ ਦਫ਼ਤਰ ਵਿੱਚ ਤਰੱਕੀ ਹੋ ਗਈ। ਕਈ ਰਚਨਾਵਾਂ ਅਖ਼ਬਾਰ ਵਿੱਚ ਛਪੀਆਂ ਤੇ ਕਈ ਛਪਣੋਂ ਰਹਿ ਗਈਆਂ, ਪਰ ਲਿਖਣਾ ਤੇ ਪੜ੍ਹਨਾ ਬੰਦ ਨਾ ਕੀਤਾ। ਜਦੋਂ ਮੇਰੀ ਕੋਈ ਰਚਨਾ ਛਪਦੀ ਤਾਂ ਉਸ ਸੱਜਣ ਨੇ ਹੱਲਾਸ਼ੇਰੀ ਦੇਣੀ ਅਤੇ ਲਿਖਤ ਵਿਚਲੀਆਂ ਊਣਤਾਈਆਂ ਬਾਰੇ ਜ਼ਰੂਰ ਦੱਸਣਾ। ਰਚਨਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਗੁਰ ਦੱਸਣੇ। ਤਕਰੀਬਨ ਪੰਜ ਸਾਲ ਦੀ ਮਿਹਨਤ ਮਗਰੋਂ ਇੱਕ ਪੁਸਤਕ ਦਾ ਖਰੜਾ ਤਿਆਰ ਕਰ ਲਿਆ। ਉਨ੍ਹਾਂ ਦੀ ਰਹਿਨੁਮਾਈ ਵਿੱਚ ਪੁਸਤਕ ਛਪ ਗਈ। ਪੜ੍ਹਨ-ਲਿਖਣ ਦਾ ਅਜਿਹਾ ਸ਼ੌਕ ਪਿਆ ਕਿ ਹੁਣ ਕਈ ਵਾਰ ਦੁੱਖਾਂ ਦਾ ਸਾਹਮਣਾ ਕਰਨ ਵੇਲੇ ਮਨ ਡੋਲਦਾ ਨਹੀਂ। ਸਮੇਂ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਦਿਨ ਬੀਤ ਜਾਂਦਾ ਹੈ ਤੇ ਕਦੋਂ ਰਾਤ। ਕਈ ਵਾਰ ਸੋਚਦਾ ਹਾਂ ਕਿ ਜੇ ਉਹ ਸੱਜਣ ਮੇਰੀ ਜ਼ਿੰਦਗੀ ਵਿੱਚ ਨਾ ਆਉਂਦੇ ਤਾਂ ਸ਼ਾਇਦ ਮੈਨੂੰ ਆਪਣੇ ਅੰਦਰ ਛੁਪੀ ਪ੍ਰਤਿਭਾ ਦਾ ਪਤਾ ਹੀ ਨਾ ਲੱਗਦਾ। ਉਨ੍ਹਾਂ ਦੀ ਹੱਲਾਸ਼ੇਰੀ ਨਾਲ ਸਾਹਿਤ ਪੜ੍ਹਨ ਤੇ ਲਿਖਣ ਦੀ ਚੇਟਕ ਲੱਗ ਗਈ ਅਤੇ ਨਾਲ ਹੀ ਦਫ਼ਤਰ ਵਿੱਚ ਤਰੱਕੀ ਵੀ ਹੋ ਗਈ। ਉਸ ਸੱਜਣ ਦਾ ਨਾਮ ਡਾ. ਕਰਨੈਲ ਸਿੰਘ ਸੋਮਲ ਹੈ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚੋਂ ਅਸਿਸਟੈਂਟ ਡਾਇਰੈਕਟਰ ਵਜੋਂ ਸੇਵਾਮੁਕਤ ਹੋਏ ਹਨ। ਉਨ੍ਹਾਂ ਤਾਂ ਮੇਰੇ ਵਰਗੇ ਕਈ ਹੋਰ ਵਿਅਕਤੀਆਂ ਨੂੰ ਸਾਹਿਤ ਦਾ ਜਾਗ ਲਾਇਆ ਹੋਇਆ ਹੈ। ਸੋਚਦਾ ਹਾਂ ਕਿ ਜਗਦੇ ਦੀਵੇ ਨਾਲ ਹੀ ਹੋਰ ਦੀਵੇ ਬਾਲੇ ਜਾਂਦੇ ਹਨ। ਇੰਜ ਹੀ ਇਹ ਲੜੀ ਜਗਦੀ ਚੰਗੀ ਲੱਗਦੀ ਹੈ।
ਸੰਪਰਕ: 98152-33232