ਪ੍ਰੋ. ਮਨਜੀਤ ਸਿੰਘ
ਅੱਜ ਦੇ ਕਿਸਾਨ ਅੰਦੋਲਨ ਦੀ ਘੰਟੀ ਤਾਂ ਕਰੋਨਾ ਕਾਲ ਤੋਂ ਪਹਿਲਾਂ ਫਰਵਰੀ 2020 ਵਿਚ ਉਦੋਂ ਵੱਜ ਗਈ ਸੀ ਜਦੋਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਨੇ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਸਾਨ ਭਵਨ ਵਿਚ ਬੁਲਾ ਕੇ ਜਨਤਕ ਤੌਰ ਤੇ ਸੁਚੇਤ ਕੀਤਾ ਸੀ ਕਿ ਕੇਂਦਰ ਸਰਕਾਰ ਦੇ ਖੇਤੀ ਬਾਰੇ ਇਰਾਦੇ ਪਾਕ ਨਹੀਂ। ਤਿੰਨ ਮਹੀਨਿਆਂ ਬਾਅਦ 5 ਜੂਨ 2020 ਨੂੰ ਜਦੋਂ ਤਿੰਨ ਖੇਤੀ ਆਰਡੀਨੈਂਸ, ਕੈਬਨਿਟ ਨੇ ਪਾਸ ਕਰ ਦਿੱਤੇ ਤਾਂ ਰਾਜੇਵਾਲ ਦੀ ਅਗਾਊਂ ਚਿਤਾਵਨੀ ਸੱਚ ਹੋ ਨਿੱਬੜੀ। ਉਸ ਤੋਂ ਬਾਅਦ ਤਾਂ ਅੰਦੋਲਨ ਦੇ ਵਾਵਰੋਲੇ ਦੀ ਸ਼ੁਰੂਆਤ ਇੰਨਾ ਜ਼ੋਰ ਫੜ ਗਈ ਕਿ ਰੁਕਣ ਦਾ ਨਾਂ ਹੀ ਨਹੀਂ ਲਿਆ।
ਇਸ ਅੰਦੋਲਨ ਨੂੰ ਬਲ ਦੇਣ ਲਈ ਜਿੱਥੇ ਕਿਸਾਨ ਯੂਨੀਅਨਾਂ ਦੀ ਲੀਡਰਸ਼ਿਪ ਦੀ ਅਹਿਮ ਭੂਮਿਕਾ ਹੈ, ਉਥੇ ਪੰਜਾਬ ਦੇ ਬੁੱਧੀਜੀਵੀਆਂ, ਕਲਾਕਾਰਾਂ, ਸਮਾਜੀ ਕਾਰਕੁਨਾਂ ਅਤੇ ਪੰਜਾਬ ਦੇ ਗਰਭ ਵਿਚ ਪਏ ਇਨਕਲਾਬੀ ਵਿਚਾਰਾਂ-ਧਾਰਾਵਾਂ ਦਾ ਰੋਲ ਵੀ ਕੋਈ ਘੱਟ ਨਹੀਂ। ਉਂਜ, ਜਿਸ ਕਦਰ ਅੰਦੋਲਨ ਤੇਜ਼ੀ ਨਾਲ ਅੱਗੇ ਵਧਿਆ, ਉਸ ਦੇ ਹੋਰ ਵੀ ਬਹੁਤ ਸਾਰੇ ਕਾਰਨ ਹਨ: ਕਸ਼ਮੀਰ ਤੇ ਘੱਟ ਗਿਣਤੀਆਂ ਨਾਲ ਧੱਕਾ, ਜਾਤ ਤੇ ਧਰਮ ਦੇ ਨਾਂ ਤੇ ਨਫ਼ਰਤ ਦਾ ਬੋਲਬਾਲਾ, ਸੱਚ ਬੋਲਣ ਵਾਲਿਆਂ ਨੂੰ ਯੂਏਪੀਏ ਵਰਗੇ ਕਾਨੂੰਨਾਂ ਦੀ ਦੁਰਵਰਤੋਂ ਕਰ ਕੇ ਜੇਲ੍ਹਾਂ ਵਿਚ ਸੁੱਟਣਾ, ਐੱਨਆਈਏ ਦੀਆਂ ਵਧੀਕੀਆਂ ਅਤੇ ਸਰਕਾਰ ਵਲੋਂ ਜਮਹੂਰੀ ਤੰਤਰ ਨੂੰ ਲਗਾਤਾਰ ਕਮਜ਼ੋਰ ਕਰਨਾ। ਇਸ ਵਰਤਾਰੇ ਨੂੰ ਪੰਜਾਬ ਦੇ ਚੇਤਨ ਲੋਕ ਲਗਾਤਾਰ ਦੇਖ ਰਹੇ ਸਨ ਅਤੇ ਮੌਕੇ ਦੀ ਤਾਕ ਵਿਚ ਸਨ। ਤਿੰਨਾਂ ਆਰਡੀਨੈਂਸਾਂ ਤੋਂ ਬਾਅਦ ਜਿਉਂ ਹੀ ਕਿਸਾਨ ਵੀਰਾਂ ਨੂੰ ਸਮਝ ਆਈ ਕਿ ਉਨ੍ਹਾਂ ਦੀਆਂ ਜ਼ਮੀਨਾਂ ਦੀ ਹੁਣ ਖ਼ੈਰ ਨਹੀਂ, ਤਾਂ ਉਨ੍ਹਾਂ ਮੁਕਾਬਲਾ ਕਰਨ ਦੀ ਠਾਣ ਲਈ। 25 ਸਤੰਬਰ ਦੇ ਪੰਜਾਬ ਬੰਦ ਨੇ ਤਾਂ ਹੱਦਾਂ-ਬੰਨੇ ਪਾਰ ਕਰ ਦਿੱਤੇ। ਉਸੇ ਦਿਨ ਕਿਸਾਨ ਲੀਡਰਾਂ ਨੂੰ ਅਹਿਸਾਸ ਹੋ ਗਿਆ ਕਿ ਹੁਣ ਪੰਜਾਬ ਆਰ-ਪਾਰ ਦੀ ਲੜਾਈ ਲਈ ਅੰਗੜਾਈ ਲੈ ਰਿਹਾ ਹੈ। ਕਿਸਾਨ ਲੀਡਰਸ਼ਿਪ ਫੂਕ-ਫੂਕ ਕੇ ਕਦਮ ਅੱਗੇ ਵਧਾ ਰਹੀ ਸੀ ਜੋ ਉਨ੍ਹਾਂ ਨੇ ਉਮਰਾਂ ਦੇ ਤਜਰਬੇ ਤੋਂ ਸਿੱਖਿਆ ਸੀ। ਇਸੇ ਲਈ ਲੀਡਰਸ਼ਿਪ ਨੇ ਸ਼ਾਤੀ, ਅਨੁਸ਼ਾਸਨ, ਏਕਾ, ਅੰਦਰੂਨੀ ਜਮਹੂਰੀਅਤ ਦਾ ਲਗਾਤਾਰ ਖਿਆਲ ਤਾਂ ਰੱਖਿਆ ਹੀ, ਉਨ੍ਹਾਂ ਨੇ ਸਭ ਤੋਂ ਅਹਿਮ ਫੈਸਲਾ ਰਾਜਨੀਤਕ ਪਾਰਟੀਆਂ ਦੇ ਲੀਡਰਾਂ ਤੋਂ ਅੰਦੋਲਨ ਨੂੰ ਮੁਕਤ ਰੱਖਣ ਦਾ ਕੀਤਾ। ਨਤੀਜਾ ਇਹ ਨਿਕਲਿਆ ਕਿ ਦਿਨਾਂ ਅੰਦਰ ਹੀ ਕਿਸਾਨ ਅੰਦੋਲਨ ਲੋਕ ਅੰਦੋਲਨ ਵਿਚ ਤਬਦੀਲ ਹੋਣ ਲੱਗ ਪਿਆ।
ਹਰਿਆਣੇ ਦੇ ਕਿਸਾਨਾਂ ਨੇ ਐਨ ਮੌਕੇ ਤੇ ਪੰਜਾਬ ਦੇ ਕਿਸਾਨਾਂ ਦਾ ਅੱਗੋਂ ਵਧ ਕੇ ਜੋ ਸਾਥ ਦਿੱਤਾ, ਉਹ ਸਾਡੀਆਂ ਉਮੀਦਾਂ ਤੋਂ ਕਿਤੇ ਅੱਗੇ ਸੀ। ਅੱਜ ਦਿੱਲੀ ਦੇ ਸਿੰਘੂ, ਟਿਕਰੀ, ਪਲਵਲ ਅਤੇ ਗਾਜ਼ੀਪੁਰ ਬਾਰਡਰ ਤੇ ਜਿਵੇਂ ਕਿਸਾਨਾਂ ਦੀਆਂ ਫੌਜਾਂ ਆਪਣੇ ਸਾਜ਼ੋ-ਸਮਾਨ ਨਾਲ ਤਾਇਨਾਤ ਹਨ, ਉਹ ਅਲੱਗ ਦੁਨੀਆ ਵਸ ਚੁੱਕੀ ਹੈ। ਇਹ ਬੇਗਮਪੁਰਾ ਹੈ ਜਿੱਥੇ ਆਪਸੀ ਭਾਈਚਾਰਾ, ਪਿਆਰ, ਸਤਿਕਾਰ, ਸਹਿਣਸ਼ੀਲਤਾ, ਕਿਰਤ ਕਰਨੀ, ਵੰਡ ਛਕਣਾ ਅਤੇ ਮਿਹਨਤ ਦੇ ਲੰਗਰ ਤੋਂ ਲੈ ਕੇ ਹਰ ਜ਼ਰੂਰਤ ਦਾ ਲੰਗਰ – ਖਾਣ-ਪੀਣ, ਪਹਿਨਣ, ਗਿਆਨ, ਸਿਹਤ ਤੇ ਸਿੱਖਿਆ ਸੇਵਾਵਾਂ ਆਦਿ ਲੱਗਾ ਹੋਇਆ ਹੈ। ਲੱਗਦਾ ਹੈ ਕਿ ਸਾਡੀ ਲੁੱਟ ਚੁੱਕੀ ਮਾਨਵਤਾ ਮੁੜ ਸਾਡੇ ਅੰਦਰ ਬਸੇਰਾ ਕਰਨ ਆ ਗਈ ਹੈ ਅਤੇ ਸਾਡੇ ਰਿਸ਼ਤਿਆਂ ਵਿਚ ਜ਼ਹਿਰ ਘੋਲਣ ਵਾਲੀ ਮੰਡੀ ਉਥੋਂ ਪੂਛ ਦਬਾ ਕੇ ਭੱਜ ਗਈ ਹੈ। ਖਾਲੀ ਹੱਥ ਹੋ ਕੇ ਵੀ ਇਸ ਬੇਗਮਪੁਰੇ ਵਿਚ ਤੁਹਾਡੇ ਕੋਲ ਸਭ ਕੁਝ ਹੈ। ਇਸ ਵਿਵਸਥਾ ਬਾਰੇ ਮਨ ਅੰਦਰ ਦੋ ਹੀ ਨਕਸ਼ੇ ਉੱਤਰਦੇ ਹਨ: ਇਕ ਕਰਤਾਰਪੁਰ ਵਾਲੇ ਬਾਬੇ ਨਾਨਕ ਦਾ ਸ਼ਹਿਰ ਅਤੇ ਦੂਜਾ ਪੱਛਮੀ ਦੁਨੀਆ ਵਿਚ ਮਾਰਕਸ ਦੀ ਕਾਲਪਨਾ ਵਾਲਾ ਕਮਿਊਨ। ਦੋਹਾਂ ਹਾਲਾਤ ਵਿਚ ਮੁਢਲਾ ਅਸੂਲ ਇਹੀ ਹੈ – ਹਰ ਚੀਜ਼ ਸਭ ਦੀ ਅਤੇ ਹਰ ਕੋਈ ਸਭ ਲਈ।
ਜਿਥੇ ਇਕ ਪਾਸੇ ਸਾਰੇ ਇਨਸਾਨੀ ਅਤੇ ਦਾਨੀ ਸੱਜਣ ਇਨ੍ਹਾਂ ਮਾਨਵਵਾਦੀ ਸ਼ਹਿਰਾਂ ਵਿਚ ਆਪੋ-ਆਪਣੇ ਯੋਗਦਾਨ ਵਿਚ ਰੁਝੇ ਹੋਏ ਹਨ, ਉਥੇ ਕਈ ‘ਗਿੱਧਾਂ’, ‘ਬਘਿਆੜ’ ਵੀ ਵਿਉਂਤਾਂ ਵਿਚ ਲੱਗੇ ਹੋਏ ਹਨ ਪਰ ਉਨ੍ਹਾਂ ਦੀ ਉਥੇ ਅਜੇ ਤੱਕ ਕੋਈ ਚਾਲ ਅਸਰਦਾਇਕ ਨਹੀਂ ਹੋ ਸਕੀ। ਇਹ ਅੰਦੋਲਨ ਸ਼ਾਇਦ ਬਹੁਤ ਦੇਰ ਪਹਿਲਾਂ ਹੀ ਖਿੰਡ ਜਾਂਦਾ, ਜੇ ਸਿਆਸੀ ਪਾਰਟੀਆਂ ਦਾ ਸਿੱਧਾ ਦਖਲ ਹੋ ਜਾਂਦਾ। ਇਹੀ ਕਾਰਨ ਹੈ ਕਿ ਸਿੱਧਾ ਸਿਆਸੀ ਲਾਹਾ ਲੈਣ ਵਾਲੇ ਤਰਲੋ-ਮੱਛੀ ਤਾਂ ਬਹੁਤ ਹੋ ਰਹੇ ਹਨ ਪਰ ਉਨ੍ਹਾਂ ਦੀ ਕੋਈ ਪੇਸ਼ ਨਹੀਂ ਚੱਲ ਰਹੀ।
ਹੁਣ ਕੀ ਕਰੀਏ?
1) ਕਿਸਾਨ ਲੀਡਰਸ਼ਿਪ ਲਈ ਇਹ ਅਤਿ ਜ਼ਰੂਰੀ ਹੈ ਕਿ ਉਹ ਆਪਣਾ ਇਤਫ਼ਾਕ ਬਣਾ ਕੇ ਰੱਖੇ। ਸਾਰੇ ਫੈਸਲੇ ਸਹਿਮਤੀ ਨਾਲ ਲਏ ਜਾਣ।
2) ਜੇ ਅੰਦੋਲਨ ਲੰਮਾ ਹੋ ਜਾਂਦਾ ਹੈ ਤਾਂ ਪੈਸੇ ਦੇ ਹਿਸਾਬ-ਕਿਤਾਬ ਬਾਰੇ ਪਾਰਦਰਸ਼ਤਾ ਰੱਖੀ ਜਾਵੇ। ਅਕਸਰ ਪੈਸਾ ਆਪਸੀ ਭਰੋਸੇ ਵਿਚ ਮੋਰੇ ਕਰ ਜਾਂਦਾ ਹੈ।
3) ਕੇਂਦਰ ਸਰਕਾਰ ਦੀਆਂ ਮਿੱਠੀਆਂ ਗੱਲਾਂ ਵਿਚ ਉਲਝਣ ਤੋਂ ਹਮੇਸ਼ਾ ਸੁਚੇਤ ਰਹਿਣਾ ਪਵੇਗਾ। ਜੋ ਫੈਸਲੇ ਹੋਣ, ਉਹ ਸਰਕਾਰੀ ਭਰੋਸਿਆਂ ਤੇ ਛੱਡਣ ਦੀ ਜਗ੍ਹਾ ਲਿਖਤੀ ਲਏ ਜਾਣ।
4) ਤਿੰਨੇ ਕਾਨੂੰਨ ਰੱਦ ਕਰਨ ਨਾਲ ਐੱਮਐੱਸਪੀ ਤੇ ਫਸਲ ਵਿਕਣ ਦੀ ਕੋਈ ਗਰੰਟੀ ਨਹੀਂ। ਇਸ ਲਈ ਐੱਮਐੱਸਪੀ ਨੂੰ ਕਿਸਾਨਾਂ ਦੇ ਕਾਨੂੰਨਨ ਹੱਕ ਵਜੋਂ ਪਾਸ ਕਰਵਾਉਣਾ ਵੀ ਜ਼ਰੂਰੀ ਹੈ। ਇਸ ਨਾਲ ਸਮੁੱਚੇ ਦੇਸ਼ ਦੀ ਕਿਸਾਨੀ ਦਾ ਭਲਾ ਹੋਵੇਗਾ ਅਤੇ ਪੰਜਾਬੀਆਂ ਬਾਰੇ ਬਾਹਰ ਦੇ ਸੂਬਿਆਂ ਵਿਚ ਪੈਦਾ ਕੀਤਾ ਅਕਸ ਬਦਲ ਕੇ ਦੱਸਣ ਦਾ ਮੌਕਾ ਵੀ ਹੈ।
5) ਅਫਸੋਸ ਕਿ ਭਾਜਪਾ ਲੋਕਾਂ ਨੂੰ ਧਰਮਾਂ ਅਤੇ ਜਾਤਾਂ ਦੇ ਨਾਂ ਤੇ ਲੜਾ ਕੇ ਸੱਤਾ ਵਿਚ ਆ ਜਾਂਦੀ ਹੈ। ਨਫ਼ਰਤ ਇਸ ਦੀ ਸਿਆਸਤ ਦਾ ਧੁਰਾ ਹੈ। ਕਿਸਾਨ ਲੀਡਰਾਂ ਨੂੰ ਸਟੇਜਾਂ ਤੋਂ ਲਗਾਤਾਰ ਕਹਿਣਾ ਪਵੇਗਾ – ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ। ਕਿਸਾਨ ਵੀਰਾਂ ਕੋਲੋਂ ਭਰੋਸਾ ਲੈਣਾ ਪਵੇਗਾ ਕਿ ਹੁਣ ਤੋਂ ਬਾਅਦ ਪਿੰਡਾਂ ਵਿਚ ਵਾਪਸ ਜਾ ਕੇ ਉਹ ਧੜੇਬੰਦੀ ਖਤਮ ਕਰਨਗੇ ਅਤੇ ਦਲਿਤ ਭਾਈਚਾਰੇ ਨੂੰ ਗਲਵਕੜੀ ਵਿਚ ਲੈਣਗੇ। ਉਨ੍ਹਾਂ ਨਾਲ ਸਮਾਜਿਕ ਸਾਂਝ ਮਜ਼ਬੂਤ ਕਰਨਗੇ ਤਾਂ ਕਿ ਨਫ਼ਰਤ ਅਤੇ ਫੁੱਟ ਦੇ ਵਪਾਰੀ ਸਾਡੇ ਪਿੰਡਾਂ ਵਿਚ ਆਪਣਾ ਸੌਦਾ ਨਾ ਵੇਚ ਸਕਣ।
6) ਬਹੁਤੇ ਆਪਸੀ ਝਗੜੇ ਕਚਹਿਰੀਆਂ ਵਿਚ ਲਿਜਾਣ ਦੀ ਬਜਾਏ ਆਪਸੀ ਭਾਈਚਾਰੇ ਨਾਲ ਨਜਿੱਠ ਲਏ ਜਾਣਗੇ। ਇਹੋ ਸਾਡੇ ਗੁਰੂਆਂ ਦਾ ਸਾਡੇ ਲਈ ਆਦੇਸ਼ ਹੈ।
7) ਖਪਤਵਾਦ ਦੇ ਜੀਵਨ ਤੋਂ ਮੁਕਤੀ ਪਾ ਕੇ ਸਾਦਗੀ ਦੇ ਜੀਵਨ ਦਾ ਜੋ ਨਿੱਘ ਕਿਸਾਨ ਬੇਗਮਪੁਰੇ ਵਿਚ ਮਾਣ ਰਹੇ ਹਨ, ਇਸ ਨੂੰ ਵਾਪਸ ਪੰਜਾਬ ਪਹੁੰਚ ਕੇ ਜਾਰੀ ਰੱਖਣ ਦਾ ਅਹਿਦ ਵੀ ਕਰਨਾ ਚਾਹੀਦਾ ਹੈ।
ਕਿਸਾਨਾਂ ਦੇ ਸਹਿਜ ਸੰਘਰਸ਼ ਦੇ ਨਾਲ ਨਾਲ ਕੁਝ ਜਵਾਨ ਰਤਾ ਕੁ ਵਧਵਾਂ ਜੋਸ਼ ਵੀ ਦਿਖਾ ਰਹੇ ਹਨ। ਉਹ ਕੇਂਦਰ ਸਰਕਾਰ ਨਾਲ ਸਿੱਧੇ ਦੋ ਦੋ ਹੱਥ ਕਰਨ ਲਈ ਤੱਤਪਰ ਰਹਿੰਦੇ ਹਨ। ਇਸ ਵਿਚ ਅਖਾੜੇ ਵਾਲੇ ਕਲਾਕਾਰ ਵੀ ਭੂਮਿਕਾ ਨਿਭਾ ਰਹੇ ਹਨ। ਕਿਸਾਨ ਲੀਡਰਸ਼ਿਪ ਨੂੰ ਵਾਰ ਵਾਰ ਬੇਗਮਪੁਰੇ ਵਿਚ ਸ਼ਾਂਤੀ ਦਾ ਢੰਡੋਰਾ ਪਿੱਟਣਾ ਪਵੇਗਾ। ਦੁਸ਼ਮਣ ਲਈ ਸਭ ਤੋਂ ਖ਼ਤਰਨਾਕ ਸ਼ਾਂਤਮਈ ਅੰਦੋਲਨ ਹੀ ਹੁੰਦਾ ਹੈ।
ਕਿਸਾਨੀ ਤੋਂ ਸ਼ੁਰੂ ਹੋਇਆ ਅੰਦੋਲਨ ਅੱਜ ਲੋਕ ਅੰਦੋਲਨ ਬਣਨ ਤੋਂ ਬਾਅਦ ਸਮੁੱਚੇ ਜਗਤ ਦੀਆਂ ਲੋਕ ਲਹਿਰਾਂ ਲਈ ਰੌਸ਼ਨੀ ਦਾ ਮਿਨਾਰ ਬਣ ਚੁੱਕਾ ਹੈ। ਹੁਣ ਸਾਰਿਆਂ ਦੀ ਜਿ਼ੰਮੇਵਾਰੀ ਹੈ, ਇਤਿਹਾਸ ਦੇ ਨਵੇਂ ਅਧਿਆਇ ਦਾ ਅੰਤ ਹੋਣ ਤੱਕ ਆਪੋ-ਆਪਣਾ ਯੋਗਦਾਨ ਪਾਉਂਦੇ ਰਹੀਏ। ਇਸ ਕਿਸਾਨ ਯੂਨੀਵਰਸਿਟੀ ਵਿਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਸ਼ਾਮਿਲ ਹੋ ਕੇ ਨਵੀਂ ਜੀਵਨ ਜਾਚ ਸਿੱਖਣ ਦਾ ਇਤਿਹਾਸਕ ਮੌਕਾ ਹੈ।
ਕਈ ਨੌਜਵਾਨ ਕਈ ਵਾਰ ਮੰਢੀਰ ਮੱਤ ਵਿਚ ਵਹਿ ਕੇ ਅਜਿਹਾ ਕਾਰਨਾਮਾ ਕਰ ਬੈਠਦੇ ਹਨ ਜੋ ਸਮੇਂ ਦੇ ਹਾਣ ਦਾ ਨਹੀਂ ਹੁੰਦਾ। ਉਨ੍ਹਾਂ ਨੂੰ ਵੀ ਪੁਰਾਣੀ ਪੀੜ੍ਹੀ ਦੇ ਬਜ਼ੁਰਗਾਂ ਤੋਂ ਸਿੱਖ ਕੇ ਹੁਣ ਸਮਾਜ ਅਤੇ ਦੇਸ਼ ਪ੍ਰਤੀ ਆਪਣਾ ਫਰਜ਼ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਹ ਦਿਨ ਦੂਰ ਨਹੀਂ ਜਦ ਪੰਜਾਬ ਵਿਚੋਂ ਉੱਠੀ ਲਹਿਰ ਸਾਰੇ ਦੇਸ਼ ਦੇ ਕਿਰਤੀ ਅਤੇ ਕਿਸਾਨਾਂ ਨੂੰ ਇਕ ਤਾਕਤਵਰ ਸ਼ਕਤੀ ਬਣਾ ਕੇ ਉਭਾਰਨ ਲਈ ਪ੍ਰੇਰਨਾ ਸ੍ਰੋਤ ਹੋ ਨਿੱਬੜੇਗੀ।
*ਲੇਖਕ ਸਮਾਜ ਸ਼ਾਸਤਰੀ ਹੈ।
ਸੰਪਰਕ: 98767-25391