ਪੰਜਾਬ ’ਚ ਕਿਸਾਨ ਲਹਿਰ ਉਭਾਰ ’ਤੇ ਹੈ। ਝੋਨੇ ਦੀ ਫਸਲ ਦੀ ਆਮਦ ਅਤੇ ਖਰੀਦ ਦਾ ਐਲਾਨ ਵੀ ਘੋਲ ਨੂੰ ਮੱਧਮ ਨਹੀਂ ਪਾ ਸਕਿਆ। ਇਹ ਘੋਲ ਹੁਣ ਮਹਿਜ਼ ਕਿਸਾਨ ਘੋਲ ਨਹੀਂ ਰਹਿ ਗਿਆ, ਸਮੁੱਚੇ ਪੰਜਾਬੀਆਂ ਦਾ ਬਣ ਚੁੱਕਾ ਹੈ ਤੇ ਨਾ ਹੀ ਇਸ ਦਾ ਖਾਸਾ ਹੁਣ ਸਿਰਫ ਆਰਥਿਕ ਹੈ। ਇਹ ਘੋਲ ਸਮਾਜਿਕ ਤੇ ਸਿਆਸੀ ਖੇਤਰਾਂ ’ਚ ਅਸਰ ਛੱਡੇਗਾ ਤੇ ਬਿਨਾ ਪ੍ਰਾਪਤੀਆਂ ਰੁਕੇਗਾ ਵੀ ਨਹੀਂ। ਇਸ ਘੋਲ ਨੇ ਬਹੁਤ ਕੁਝ ਤੋੜਨਾ ਅਤੇ ਨਵਾਂ ਸਿਰਜਣਾ ਹੈ। ਸਹਿਜੇ ਸਹਿਜੇ ਸ਼ੁਰੂ ਹੋਇਆ ਸੰਘਰਸ਼ ਹਰਿਆਣੇ ਵਿਚ ਕਿਸਾਨਾਂ ਤੇ ਪੁਲੀਸ ਦੇ ਟਕਰਾਅ ਅਤੇ ਆਰਡੀਨੈਂਸਾਂ ਦੇ ਕਾਨੂੰਨ ਬਣਨ ਨੇ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕੀਤਾ, ਇਉਂ ਸਾਧਾਰਨ ਦਿਸਦਾ ਸੰਘਰਸ਼ ਅਸਾਧਾਰਨ ਹੋ ਗਿਆ। ਪੰਜਾਬ ਦੀਆਂ ਸਿਆਸੀ ਪਾਰਟੀਆਂ ਵਿਚ ਖੁਦ ਨੂੰ ਕਿਸਾਨ ਹਿਤੈਸ਼ੀ ਸਾਬਤ ਕਰਨ ਦਾ ਮੁਕਾਬਲਾ ਸ਼ੁਰੂ ਹੋ ਗਿਆ।
ਪੰਜਾਬ ਵਿਚ ਉੱਠੀ ਕਿਸਾਨ ਲਹਿਰ ਦਾ ਮੁੱਖ ਕਾਰਨ ਜਿੱਥੇ ਕਿਸਾਨੀ ਸੰਕਟ ਅਤੇ ਸਮੁੱਚੇ ਸਮਾਜ ਵਿਚ ਆਰਥਿਕ ਮੰਦੀ ਕਰਕੇ ਪਾਈ ਜਾ ਰਹੀ ਬੇਚੈਨੀ ਹੈ, ਉੱਥੇ ਹੀ ਪੰਜਾਬ ਦੀਆਂ ਕਿਸਾਨ ਤੇ ਹੋਰ ਅਗਾਂਹਵਧੂ ਧਿਰਾਂ, ਖਾਸਕਰ ਇਨਕਲਾਬੀ ਖੱਬੇ-ਪੱਖੀ ਅਤੇ ਜਮਹੂਰੀ ਧਿਰਾਂ ਵੱਲੋਂ 1991 ਦੀਆਂ ਨਰਸਿਮਹਾ ਰਾਓ-ਮਨਮੋਹਨ ਸਿੰਘ ਦੀਆਂ ਆਰਥਿਕ ਨੀਤੀਆਂ (ਜਿਨ੍ਹਾਂ ਤਹਿਤ ਜਲ, ਜੰਗਲ, ਜ਼ਮੀਨ ਲਗਾਤਾਰ ਵੇਚੇ ਜਾ ਰਹੇ ਹਨ), ਦੇ ਪ੍ਰਭਾਵ ਬਾਰੇ ਸਾਲਾਂ ਬੱਧੀ ਪ੍ਰਚਾਰ ਦੇ ਦਿਸ ਰਹੇ ਅਸਰ ਖੇਤੀ ਕਾਨੂੰਨਾਂ ਦੇ ਰੂਪ ਵਿਚ ਸਿਖਰ ਸਾਬਿਤ ਹੋਏ ਅਤੇ ਨਤੀਜੇ ਵਜੋਂ ਪੰਜਾਬ ਦੀ ਕਿਸਾਨੀ ਇਸ ਨੂੰ ਆਖਰੀ ਹਮਲਾ ਸਮਝ ਕੇ ਮੈਦਾਨ ਵਿਚ ਨਿਤਰ ਆਈ। ਇਸ ਨੂੰ ਜ਼ੋਰਦਾਰ ਠੁੰਮ੍ਹਣਾ ਪੰਜਾਬ ਵਿਚ 30 ਜਥੇਬੰਦੀਆਂ ਵੱਲੋਂ ਇਕੱਠੇ ਹੋਣ ਕਾਰਨ ਵੀ ਮਿਲਿਆ ਹੈ। ਇਹ ਪੰਜਾਬ ਦੀ ਵੰਡ ਤੋਂ ਬਾਅਦ ਕਿਸਾਨ ਲਹਿਰ ਦੇ ਇਤਿਹਾਸ ਵਿਚ ਪਹਿਲੀ ਵਾਰੀ ਹੋ ਰਿਹਾ ਹੈ ਕਿ ਸੱਜੇ, ਖੱਬੇ ਤੇ ਗਭਲੇ ਵਿਚਾਰਾਂ ਵਾਲੀਆਂ ਕਿਸਾਨ ਜਥੇਬੰਦੀਆਂ ਪਹਿਲੀ ਵਾਰ ਇੱਕ ਮੰਚ ਤੇ ਇਕੱਠੀਆਂ ਹਨ। ਇਸ ਗੱਲ ਨੇ ਪੰਜਾਬ ਦੀ ਕਿਸਾਨੀ ਵਿਚ ਜ਼ੋਰਦਾਰ ਉਤਸ਼ਾਹ ਭਰਿਆ।
ਇਸ ਕਿਸਾਨ ਅੰਦੋਲਨ ਨੇ ਸਿਆਸੀ ਪਾਰਟੀਆਂ ਦੀ ਹਾਲਤ ਬਹੁਤ ਪਤਲੀ ਕਰ ਦਿੱਤੀ। ਇਸ ਦਾ ਕਾਰਨ ਸਿਆਸੀ ਪਾਰਟੀਆਂ ਦੁਆਰਾ ਜਿਸ ਤਰ੍ਹਾਂ ਵੋਟਾਂ ਦੇ ਦਿਨਾਂ ਵਿਚ ਰੈਲੀਆਂ, ਰੋਡ ਸ਼ੋਅ ਅਤੇ ਪਿੰਡਾਂ ਵਿਚ ਗੇੜੇ ਤੇ ਗੇੜਾ ਰੱਖਿਆ ਜਾਂਦਾ ਹੈ, ਉਸ ਤਰ੍ਹਾਂ ਦੀ ਸਰਗਰਮੀ ਇੰਨੇ ਖਤਰਨਾਕ ਕਾਨੂੰਨਾਂ ਖ਼ਿਲਾਫ਼ ਨਹੀਂ ਕੀਤੀ, ਮਹਿਜ਼ ਰਸਮੀ ਬਿਆਨਬਾਜ਼ੀ ਕਰ ਕੇ ਹੀ ਸਾਰ ਦਿੱਤਾ ਗਿਆ। ਲੋਕ ਜੋ ਪਹਿਲਾਂ ਹੀ ਸਿਆਸੀ ਧਿਰਾਂ ਤੋ ਬਦਜ਼ਨ ਸਨ, ਉਹ ਸਿਆਸੀ ਧਿਰਾਂ ਦੀ ਪਹੁੰਚ ਕਰ ਕੇ ਇਹ ਧਾਰਨਾ ਬਣਾਉਣ ਲੱਗ ਪਏ ਕਿ ਇਹ ਸਾਰੀਆਂ ਪਾਰਟੀਆਂ ਇੱਕੋ ਜਿਹੀਆਂ ਨੇ। ਕਿਸਾਨ ਲਹਿਰ ਦੇ ਉਭਾਰ ਵਿਚ ਨੌਜਵਾਨਾਂ ਦਾ ਵੀ ਅਹਿਮ ਰੋਲ ਹੈ। ਨੌਜਵਾਨਾਂ ਦਾ ਇਸ ਲਹਿਰ ਵਿਚ ਆਉਣ ਦਾ ਮੁੱਖ ਕਾਰਨ ਆਰਥਿਕ ਮੰਦੀ ਅਤੇ ਕਰੋਨਾ ਸੰਕਟ ਕਰਕੇ ਵਿਦੇਸ਼ੀ ਉਡਾਣਾਂ ਵਿਚ ਪਿਆ ਅੜਿੱਕਾ ਅਤੇ ਸਰਕਾਰ ਵੱਲੋਂ ਰੁਜ਼ਗਾਰ ਦੇਣ ਦੇ ਖੋਖਲੇ ਵਾਅਦੇ ਹਨ। ਕਿਸਾਨੀ ਪਰਿਵਾਰਾਂ ਦੀ ਜਵਾਨੀ ਸਮਝ ਰਹੀ ਹੈ ਕਿ ਉਨ੍ਹਾਂ ਦੀ ਰੋਜ਼ੀ ਰੋਟੀ ਦੇ ਅਖੀਰਲੇ ਵਸੀਲੇ ਜ਼ਮੀਨ ਨੂੰ ਵੀ ਹੁਣ ਕਾਰਪੋਰੇਟ ਘਰਾਣੇ ਹੜੱਪਣਾ ਚਾਹੁੰਦੇ ਹਨ। ਨੌਜਵਾਨ ਵੱਡੀ ਗਿਣਤੀ ਵਿਚ ਸੰਘਰਸ਼ ਦੇ ਵਿਚ ਵੀ ਆ ਰਹੇ ਹਨ ਤੇ ਕੁਝ ਕਿਸਾਨ ਜਥੇਬੰਦੀਆਂ ਦੀਆਂ ਆਗੂ ਸਫ਼ਾਂ ਵਿਚ ਵੀ। ਨੌਜਵਾਨਾਂ ਨੂੰ ਤੋਰਨ ਅਤੇ ਇਸ ਲਹਿਰ ਵਿਚ ਪ੍ਰਭਾਵ ਪਾਉਣ ਦੇ ਵਿਚ ਸੋਸ਼ਲ ਮੀਡੀਆ ਦਾ ਵੀ ਅਹਿਮ ਰੋਲ ਹੈ। ‘ਭਾਰਤ ਛੱਡੋ ਅੰਦੋਲਨ’ ਦੀ ਵਰ੍ਹੇਗੰਢ ਤੇ ਦੇਸ਼ ਭਰ ਦੀਆਂ 260 ਜਥੇਬੰਦੀਆਂ ਵੱਲੋਂ ‘ਕਾਰਪੋਰੇਟ ਖੇਤੀ ਖੇਤਰ ਛੱਡੋ’ ਦੇ ਸੱਦੇ ਦੀ ਰਸਾਈ ਹੋਈ ਤੇ ਇਸ ਤਹਿਤ ਪੰਜਾਬ ਭਰ ਵਿਚ ਕੀਤੇ ਮੋਟਰਸਾਈਕਲ ਮਾਰਚ ਨੇ ਵੀ ਕਾਰਪੋਰੇਟ ਨੂੰ ਨਿਸ਼ਾਨੇ ਤੇ ਲਿਆਉਣ ਵਿਚ ਭੂਮਿਕਾ ਅਦਾ ਕੀਤੀ। ਕਾਰਪੋਰੇਟ ਖਿਲਾਫ ਮਾਹੌਲ ਨੌਜਵਾਨਾਂ ਤੇ ਆਮ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਵੀ ਬਣਾਇਆ ਜਿਸ ਵਿਚ ਕਾਰਪੋਰੇਟ ਘਰਾਣੇ, ਖ਼ਾਸ ਕਰ ਰਿਲਾਇੰਸ ਦੀਆਂ ਚੀਜ਼ਾਂ ਦਾ ਬਾਈਕਾਟ ਵਾਲਾ ਪ੍ਰਚਾਰ ਸੋਸ਼ਲ ਮੀਡੀਆ ਤੇ ਚੱਲਿਆ। ਪੰਜਾਬ ਦੀ ਜਵਾਨੀ ਦਾ ਇੱਕ ਹਿੱਸਾ ਕਲਾਕਾਰਾਂ ਪਿੱਛੇ ਵੀ ਜਾਂਦਾ ਹੈ। ਸਭ ਤੋਂ ਪਹਿਲਾਂ ਵਾਰਿਸ ਭਰਾਵਾਂ ਦੇ ‘ਅੱਛੇ ਦਿਨਾਂ ਨੇ ਪੰਜਾਬ ਦੀ ਕਿਸਾਨੀ ਡੋਬਤੀ’ ਗੀਤ ਕਾਰਨ ਵੀ ਪੰਜਾਬ ਦੀ ਜਵਾਨੀ ਉਸ ਹਿੱਸੇ ਨੇ ਕਾਨੂੰਨਾਂ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕੀਤਾ ਪਰ ਇਹ ਕਹਿਣਾ ਕਿ ਜਵਾਨੀ ਇਨ੍ਹਾਂ ਕਲਾਕਾਰਾਂ ਕਰਕੇ ਸੰਘਰਸ਼ ਵਿਚ ਆ ਰਹੀ ਹੈ, ਵਾਜਬਿ ਨਹੀਂ; ਬਲਕਿ ਕਲਾਕਾਰਾਂ ਦੀ ਰੋਜ਼ੀ ਕਿਸਾਨੀ ਅਤੇ ਜਵਾਨੀ ਨਾਲ ਜੁੜੀ ਹੋਈ ਹੈ ਜਿਸ ਕਰ ਕੇ ਬਹੁਗਿਣਤੀ ਕਲਾਕਾਰ ਧਰਨਿਆਂ ਵਿਚ ਆ ਰਹੇ ਨੇ। ਕੁਝ ਕਲਾਕਾਰ ਆਗੂ ਬਣਨਾ ਵੀ ਲੋਚਦੇ ਹਨ।
ਇਨ੍ਹਾਂ ਦਿਨਾਂ ਵਿਚ ਮੁੱਖ ਕਲਾਕਾਰਾਂ ਨੇ ਦਰਜਨ ਤੋਂ ਉੱਪਰ ਗੀਤ ਕਿਸਾਨ ਅੰਦੋਲਨ ਬਾਰੇ ਗਾਏ ਹਨ ਅਤੇ ਇਸ ਅੰਦੋਲਨ ਨੇ ਲੱਚਰ ਗਾਇਕੀ ਨੂੰ ਸੱਟ ਮਾਰੀ ਹੈ। ਮਾਰਧਾੜ ਵਾਲੇ ਗੀਤਾਂ ਨੂੰ ਵੀ ਠੱਲ੍ਹ ਪਈ ਹੈ। ਨੌਜਵਾਨਾਂ ਨੂੰ ਇਸ ਅੰਦੋਲਨ ਵਿਚ ਖਿੱਚੇ ਜਾਣ ਪਿੱਛੇ ਕਿਸਾਨ ਜਥੇਬੰਦੀਆਂ ਦੇ ਨਵੀਂ ਤਰ੍ਹਾਂ ਦੇ ਐਕਸ਼ਨ ਦਿੱਤੇ ਜਾਣਾ ਵੀ ਅਹਿਮ ਹੈ। ਜਿਸ ਤਰ੍ਹਾਂ ਟਰੈਕਟਰ ਮਾਰਚ, ਮੋਟਰਸਾਈਕਲ ਮਾਰਚ; ਇਨ੍ਹਾਂ ਦੋ ਐਕਸ਼ਨਾਂ ਵਿਚ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਨੌਜਵਾਨਾਂ ਤੋਂ ਇਲਾਵਾ ਔਰਤਾਂ ਦੀ ਸ਼ਮੂਲੀਅਤ ਵੀ ਲਗਾਤਾਰ ਵਧ ਰਹੀ ਹੈ। ਔਰਤਾਂ ਆਗੂ ਭੂਮਿਕਾ ਵਿਚ ਵੀ ਆ ਰਹੀਆਂ ਨੇ। ਕੁਝ ਥਾਵਾਂ ਤੇ ਔਰਤਾਂ ਨੇ ਖੁਦ ਕਿਹਾ ਕਿ ਉਨ੍ਹਾਂ ਦੀਆਂ ਕਮੇਟੀਆਂ ਬਣਾਈਆਂ ਜਾਣ।
ਕਿਸਾਨੀ ਘੋਲ ਦੇ ਇਨ੍ਹਾਂ ਪਹਿਲੂਆਂ ਤੋਂ ਇਲਾਵਾ ਇਸ ਦਾ ਸਾਮਰਾਜ ਅਤੇ ਫਾਸ਼ੀਵਾਦੀ ਵਿਰੋਧੀ ਖਾਸਾ ਵੀ ਹੈ। ਪੰਜਾਬੀ ਜਨ-ਸਾਧਾਰਨ ਵਿਚ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਕਰਨ, ਉਨ੍ਹਾਂ ਦੁਆਰਾ ਲੋਕਾਂ ਦੀਆਂ ਜ਼ਮੀਨਾਂ ਨੱਪਣ ਦੀ ਸੰਭਾਵਨਾ ਨੂੰ ਲੋਕਾਂ ਨੇ ਡਟ ਕੇ ਵੰਗਾਰਿਆ ਹੈ। ਅੰਬਾਨੀਆਂ-ਅਡਾਨੀਆਂ ਦੇ ਸਮਾਨ ਦਾ ਬਾਈਕਾਟ ਅਤੇ ਉਨ੍ਹਾਂ ਦੇ ਕਾਰੋਬਾਰ ਦਾ ਘਿਰਾਓ ਦੇਸੀ ਅਤੇ ਵਿਦੇਸ਼ੀ ਸਰਮਾਏਦਾਰੀ ਲਈ ਚੁਣੌਤੀ ਬਣ ਕੇ ਉਭਰਨ ਦੀ ਸਮਰੱਥਾ ਰੱਖਦਾ ਹੈ। ਪੰਜਾਬ ਵਿਚ ਸਾਮਰਾਜ ਵਿਰੋਧੀ ਘੋਲਾਂ ਦੀ ਵਿਰਾਸਤ ਦਾ ਹੋਣਾ ਵੀ ਅਤੇ ਮੌਜੂਦਾ ਕਾਰਪੋਰੇਟ ਦਾ ਬਾਈਕਾਟ ਉਸੇ ਵਿਰਾਸਤ ਨੂੰ ਹੀ ਅੱਗੇ ਤੋਰ ਰਿਹਾ ਹੈ। ਕਿਸਾਨ ਉਭਾਰ ਨੇ ਪੰਜਾਬ ਅਤੇ ਹਰਿਆਣਾ ਸਮੇਤ ਪੂਰੇ ਦੇਸ਼ ਵਿਚ ਹਿਲਜੁਲ ਪੈਦਾ ਕੀਤੀ ਹੈ।
ਮੋਦੀ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਉੱਠੇ ਜਨਤਕ ਉਭਾਰ ਨੂੰ ਕਰੋਨਾ ਦੀ ਆੜ ਵਿਚ ਦਬਾ ਦਿੱਤਾ ਸੀ ਅਤੇ ਲੋਕਾਂ ਨੂੰ ਘਰਾਂ ਅੰਦਰ ਬੰਦ ਕਰ ਕੇ ਧੜਾਧੜ ਕਾਰਪੋਰੇਟ ਪੱਖੀ ਫ਼ੈਸਲੇ ਕਰ ਕੇ ਜਮਹੂਰੀ ਸਪੇਸ ਨੂੰ ਬਿਲਕੁਲ ਘਟਾ ਦਿੱਤਾ ਸੀ; ਇਸ ਉਭਾਰ ਨੇ ਜਿੱਥੇ 144 ਤੋੜਦਿਆਂ ਇਸ ਅਮਲ ਨੂੰ ਵੰਗਾਰਿਆ ਹੈ, ਉੱਥੇ ਹੀ ਮੋਦੀ ਸਰਕਾਰ ਦੇ ਫਾਸ਼ੀਵਾਦੀ ਹਮਲੇ ਖ਼ਿਲਾਫ਼ ਵੀ ਚੁਣੌਤੀ ਪੇਸ਼ ਕੀਤੀ ਹੈ। ਲੋਕ ਘੋਲ ਨੇ ਸਾਬਿਤ ਕਰ ਦਿੱਤਾ ਕਿ ਜਮਹੂਰੀ ਸਪੇਸ ਬਚਾਉਣ ਲਈ ਚੋਣਾਂ ਨਹੀਂ, ਲਹਿਰ ਦੀ ਜ਼ਰੂਰਤ ਹੈ। ਪੰਜਾਬ ਵਿਚ ਤਾਂ ਭਾਜਪਾ ਹੋਂਦ ਦੀ ਲੜਾਈ ਲੜਦੀ ਦਿਖਾਈ ਦੇ ਰਹੀ ਹੈ।
ਮੌਜੂਦਾ ਘੋਲ ਅਥਾਹ ਸੰਭਾਵਨਾਵਾਂ ਨਾਲ ਲਬਰੇਜ਼ ਹੈ। ਜੇ ਇਨ੍ਹਾਂ ਸੰਭਾਵਨਾਵਾਂ ਨੂੰ ਇਨਕਲਾਬੀ-ਜਮਹੂਰੀ ਅਤੇ ਅਗਾਂਹਵਧੂ ਤਾਕਤਾਂ ਸੁਹਿਰਦ ਅਤੇ ਢੁਕਵੇਂ ਯਤਨਾਂ ਦੇ ਨਾਲ ਹਾਕਮਾਂ ਦੀਆਂ ਵਿਰੋਧਤਾਈਆਂ ਨੂੰ ਵਰਤਦਿਆਂ ਸੰਘਰਸ਼ ਅੱਗੇ ਵਧਾਉਣ ਵਿਚ ਕਾਮਯਾਬ ਹੋ ਜਾਣ ਤਾਂ ਇਹ ਘੋਲ ਨਿਰਾਸ਼ਾ ਤੇ ਨਸ਼ੇ ਨੂੰ ਵੀ ਪੰਜਾਬ ਵਿਚ ਸੱਟ ਮਾਰੇਗਾ। ਮੌਜੂਦਾ ਘੋਲ ਚੰਗੇ ਨਤੀਜੇ ਲਿਆ ਸਕਦਾ ਹੈ, ਜੇ ਖੇਤੀ ਬਦਲ ਦਾ ਠੋਸ ਨਕਸ਼ ਕਿਸਾਨ ਜੱਥੇਬੰਦੀਆਂ ਪੇਸ਼ ਕਰਨ ਵਿਚ ਸਫਲ ਰਹਿਣ। ਕਿਸਾਨ ਜਥੇਬੰਦੀਆਂ ਨੂੰ ਸਮੁੱਚੇ ਪੰਜਾਬ ਨੇ ਹਮਾਇਤ ਦਿੱਤੀ ਹੈ ਅਤੇ ਕਿਸਾਨ ਜਥੇਬੰਦੀਆਂ ਨੂੰ ਵੀ ਕੁਝ ਹੋਰ ਸੰਘਰਸ਼ਾਂ ਨੂੰ ਹਮਾਇਤ ਦੇਣੀ ਚਾਹੀਦੀ ਹੈ; ਮਸਲਨ ਹਾਥਰਸ ਤੇ ਹੋਰ ਜਾਤੀ ਦਮਨ ਦੀਆਂ ਘਟਨਾਵਾਂ ਆਦਿ। ਇਹ ਕਿਸਾਨ ਘੋਲ ਪੰਜਾਬ ਦੇ ਸਿਆਸੀ ਦ੍ਰਿਸ਼ ਉੱਪਰ ਵੀ ਜ਼ੋਰਦਾਰ ਪ੍ਰਭਾਵ ਛੱਡ ਸਕਦਾ ਹੈ, ਜੇ ਇਨਕਲਾਬੀ ਤੇ ਅਗਾਂਹਵਧੂ ਸਿਆਸੀ ਧਿਰਾਂ ਢੁੱਕਵੇਂ ਸਿਆਸੀ ਨਾਅਰੇ ਤੇ ਸਿਆਸੀ ਪ੍ਰੋਗਰਾਮ ਲੋਕਾਂ ਦੇ ਸਾਹਮਣੇ ਰੱਖਣ ਵਿਚ ਕਾਮਯਾਬ ਹੋ ਜਾਣ ਤਾਂ ਸਾਮਰਾਜੀ ਦਿਸ਼ਾ ਨਿਰਦੇਸ਼ਤ ਲੋਕ-ਮਾਰੂ ਨੀਤੀਆਂ ਦੇ ਬੇਲਗਾਮ ਘੋੜੇ ਨੂੰ ਠੱਲ੍ਹਿਆ ਜਾ ਸਕਦਾ ਹੈ।
ਸੰਪਰਕ: 84279-92567