ਬੂਟਾ ਰਾਮ ਧਰਮਸੌਤ
ਸਬਰ ਸੰਤੋਖ ਅਤੇ ਸਹੀ ਦਿਸ਼ਾ ਵਿੱਚ ਕੀਤੀ ਮਿਹਨਤ ਇੱਕ ਦਿਨ ਜ਼ਰੂਰ ਰੰਗ ਲਿਆਉਂਦੀ ਹੈ। ਇਹ ਗੱਲ ਮੇਰੇ ਲਈ ਬੀਤੀ 22 ਅਕਤੂਬਰ, 2021 ਨੂੰ ਸਹੀ ਸਾਬਿਤ ਹੋਈ ਜਦੋਂ ਇਸ ਦਿਨ ਮੈਂ ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ ਬਤੌਰ ‘ਸਕੂਲ ਲਾਇਬ੍ਰੇਰੀਅਨ’ ਨਿਯੁਕਤ ਹੋਇਆ। ਨਾਲ ਹੀ ਇਸ ਦੌਰਾਨ ਮੈਂ ਆਪਣੇ ਕਈ ਦੋਸਤਾਂ ਨੂੰ ਵੀ ਸਿੱਖਿਆ ਅਤੇ ਮਿਹਨਤ ਦੇ ਬਲਬੂਤੇ ਜ਼ਿੰਦਗੀ ਵਿਚ ਵਧੀਆ ਮੁਕਾਮ ਅਤੇ ਆਪਣੀ ਮੰਜ਼ਲ ਹਾਸਲ ਕਰਦਿਆਂ ਦੇਖਿਆ ਅਤੇ ਜਾਣਿਆ ਕਿ ਸਿੱਖਿਆ ਰਾਹੀਂ ਹਰ ਇਨਸਾਨ ਆਪਣੇ ਜੀਵਨ ਵਿੱਚ ਭਾਰੀ ਤਬਦੀਲੀਆਂ ਲਿਆ ਸਕਦਾ ਹੈ, ਕਿਉਂਕਿ ਜਦ ਕੋਈ ਵੀ ਮਨੁੱਖ ਕਿਸੇ ਵੀ ਖੇਤਰ ਵਿੱਚ ਹੁਨਰ ਪੈਦਾ ਕਰ ਲੈਂਦਾ ਹੈ ਤਾਂ ਉਸ ਨਾਲ ਉਹ ਆਪਣੇ ਆਰਥਿਕ ਹਾਲਤ ਸੁਧਾਰ ਸਕਦਾ ਹੈ ਅਤੇ ਇਸ ਤਰ੍ਹਾਂ ਉਹ ਆਪਣੇ ਬੱਚਿਆਂ ਅਤੇ ਆਪਣੇ ਭੈਣ ਭਰਾਵਾਂ ਦਾ ਭਲਾ ਤੇ ਵਿਕਾਸ ਕਰ ਸਕਦਾ ਹੈ।
ਆਪਣੀ ਛੋਟੀ ਜਿਹੀ ਉਮਰ ਵਿੱਚ ਸਿੱਖਿਆ ਪ੍ਰਾਪਤ ਕਰਨ ਲਈ ਮੈਨੂੰ ਵੀ ਸਮਾਜ ਦੇ ਵੱਡੇ ਹਿੱਸੇ ਵਾਂਗ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨ ਪਿਆ ਪਰ ਮੇਰੇ ਕੁੱਝ ਦੋਸਤ ਮੈਨੂੰ ‘ਮਿਹਨਤੀ ਇਨਸਾਨ’ ਦਾ ਦਰਜਾ ਦਿੰਦੇ ਹਨ ਤੇ ਉਨ੍ਹਾਂ ਦੀ ਹੱਲਾਸ਼ੇਰੀ ਅਤੇ ਚੰਗੀ ਸੰਗਤ ਨਾਲ ਮੈਨੂੰ ਸਹੀ ਰਾਹ ’ਤੇ ਅੱਗੇ ਵਧਣ ਦੀ ਪ੍ਰੇਰਨਾ ਮਿਲਦੀ ਰਹੀ। ਅਜਿਹੇ ਕੁਝ ਦੋਸਤ ਮੈਨੂੰ ਐਨਬੀ ਬੁੱਕ ਡਿੱਪੋ, ਬਰਨਾਲਾ ’ਤੇ ਸੇਲਜ਼ਮੈਨ ਵਜੋਂ ਕੰਮ ਕਰਦੇ ਸਮੇਂ ਮਿਲੇ। ਇਨ੍ਹਾਂ ਵਿਚੋਂ ਇਕ ਦੋਸਤ ਹੈ ਅਰਵਿੰਦ ਸ਼ਰਮਾ, ਜੋ ਉਸ ਸਮੇਂ ਬੀਐਡ ਦੀ ਪੜ੍ਹਾਈ ਕਰਦਾ ਸੀ ਤੇ ਹੁਣ ਇਕ ਸਰਕਾਰੀ ਸਕੂਲ ਵਿੱਚ ਅਧਿਆਪਕ ਹੈ। ਦੂਜਾ ਦੋਸਤ ਜਗਸੀਰ ਧੌਲਾ ਹੈ। ਉਹ ਵੀ ਬੀਐਡ ਹੀ ਕਰਦਾ ਸੀ ਤੇ ਨਾਲ ਹੀ ਆਰਥਿਕ ਤੰਗੀ ਕਾਰਨ ਟਿਊਸ਼ਨਾਂ ਦਾ ਕੰਮ ਕਰਦਾ ਸੀ। ਅੱਜ ਉਹ ਤੰਗ ਤੁਰਸ਼ੀਆਂ ਦੇ ਦਿਨ ਕੱਟਣ ਤੋਂ ਬਾਅਦ ਇਕ ਸਰਕਾਰੀ ਸਕੂਲ ਵਿੱਚ ਅਧਿਆਪਕ ਵਜੋਂ ਤਾਇਨਾਤ ਹੈ।
ਇਕ ਹੋਰ ਦੋਸਤ ਜੋ ਕਾਫ਼ੀ ਗਰੀਬੀ ਵਿੱਚੋਂ ਉਠਿਆ ਸੀ, ਜਿਸ ਦੇ ਘਰ ਵਿੱਚ ਸਿੱਖਿਆ ਦਾ ਕੋਈ ਮਾਹੌਲ ਨਹੀਂ ਸੀ ਤੇ ਪਰਿਵਾਰ ਵਿੱਚ ਕੋਈ ਵੀ ਪੜ੍ਹਿਆ ਨਹੀਂ ਸੀ, ਉਹ ਹੈ ਗੁਰਜੰਟ ਸਿੰਘ, ਜੋ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਤਾਇਨਾਤ ਹੈ। ਇਸ ਨੇ ਪ੍ਰਾਈਵੇਟ ਨੌਕਰੀ ਕਰਦਿਆਂ ਬੱਸ ਵਿੱਚ ਸਫ਼ਰ ਦੌਰਾਨ ਪੜ੍ਹ-ਪੜ੍ਹ ਕੇ ਪ੍ਰਾਈਵੇਟ ਪੜ੍ਹਾਈ ਰਾਹੀਂ ਬੀਏ ਅਤੇ ਟਰੇਨ ਵਿੱਚ ਸਫ਼ਰ ਦੌਰਾਨ ਐਮਏ ਪੰਜਾਬੀ ਪ੍ਰਾਈਵੇਟ ਅਤੇ ਨੈੱਟ ਦੀ ਪ੍ਰੀਖਿਆ ਪਾਸ ਕੀਤੀ ਤੇ ਹੁਣ ਪੀਐਚਡੀ ਕਰ ਰਿਹਾ ਹੈ। ਇਸ ਨੇ ਆਪਣੀ ਪਤਨੀ ਪ੍ਰੋ. ਹਰਦੀਪ ਕੌਰ ਨੂੰ ਵੀ ਬਾਰ੍ਹਵੀਂ ਕਲਾਸ ਤੋਂ ਬਾਅਦ ਖੁਦ ਪੜ੍ਹਾਇਆ, ਜੋ ਐਮਏ ਪੰਜਾਬੀ ਅਤੇ ਨੈੱਟ ਦੀ ਪ੍ਰੀਖਿਆ ਪਾਸ ਕਰਕੇ ਕਾਲਜ ਵਿੱਚ ਲੈਕਚਰਾਰ ਨਿਯੁਕਤ ਹੋਏ ਹਨ ਅਤੇ ਨਾਲ ਹੀ ਪੀਐਚਡੀ ਪੜ੍ਹਾਈ ਪੂਰੀ ਕੀਤੀ। ਇਹ ਦੋਵੇਂ ਪਤੀ-ਪਤਨੀ ਵਿਦਿਆਰਥੀਆਂ ਦੀ ਬਹੁਤ ਮੱਦਦ ਕਰਦੇ ਹਨ। ਹਰ ਐਤਵਾਰ ਇੰਨ੍ਹਾਂ ਦੇ ਕੋਲ ਕਾਫ਼ੀ ਵਿਦਿਆਰਥੀ ਘਰੇ ਸਲਾਹ ਲੈਣ ਲਈ ਆਉਂਦੇ ਹਨ।
ਇਨ੍ਹਾਂ ਦੋਸਤਾਂ ਦੀ ਹੱਲਾਸ਼ੇਰੀ ਨਾਲ ਮੈਂ ਵੀ ਆਪਣੀ ਮੰਜ਼ਿਲ ਵੱਲ ਵਧਿਆ ਅਤੇ ਸਿੱਖਿਆ ਪ੍ਰਾਪਤ ਕੀਤੀ, ਜਦਕਿ ਮੇਰੇ ਘਰ ਵਿੱਚ ਵੀ ਸਿੱਖਿਆ ਦਾ ਕੋਈ ਮਾਹੌਲ ਨਹੀਂ ਸੀ। ਮੇਰੇ ਪਰਿਵਾਰ ਵਿੱਚ ਮੈਂ ਪਹਿਲਾ ਮੈਂਬਰ ਹਾਂ ਜਿਸ ਨੇ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ। ਸਾਡੇ ਪਛੜੇ ਭਾਈਚਾਰੇ ਵਿੱਚ ਬਹੁਤ ਹੀ ਛੋਟੀ ਉਮਰੇ ਬੱਚਿਆਂ ਨੂੰ ਪੜ੍ਹਾਈ ਤੋਂ ਹਟਾ ਕੇ ਵਿਆਹ ਕਰ ਦਿੱਤੇ ਜਾਂਦੇ ਹਨ। ਮੇਰਾ ਵੀ ਛੇਵੀਂ ਜਮਾਤ ਵਿੱਚ ਪੜ੍ਹਦੇ ਸਮੇਂ ਰਿਸ਼ਤਾ ਹੋ ਗਿਆ ਸੀ, ਪਰ ਖ਼ੁਸ਼ਕਿਸਮਤੀ ਨਾਲ ਕੁੱਝ ਕਾਰਨਾਂ ਕਰਕੇ ਰਿਸ਼ਤਾ ਸਿਰੇ ਨਹੀਂ ਲੱਗਾ। ਮੈਂ ਜਿੱਥੇ ਰਹਿੰਦਾ ਹਾਂ, ਇੱਥੇ ਸਾਡੇ ਭਾਈਚਾਰੇ ਦੇ ਕਿਸੇ ਵੀ ਨੌਜਵਾਨ ਨੇ ਗ੍ਰੈਜੂਏਸ਼ਨ ਨਹੀਂ ਕੀਤੀ ਸੀ ਤੇ ਇਹ ਮਾਣ ਮੈਨੂੰ ਹੀ ਹਾਸਿਲ ਹੋਇਆ।
ਇਸ ਦੌਰਾਨ ਪੜ੍ਹਾਈ ਲਈ ਬੜੀਆਂ ਹੀ ਆਰਥਿਕ ਅਤੇ ਮਾਨਸਿਕ ਔਕੜਾਂ ਦਾ ਸਾਹਮਣਾ ਕਰਨਾ ਪਿਆ। ਪੜ੍ਹਨ ਲਈ ਫੀਸਾਂ ਭਰਨ ਵਾਸਤੇ ਪੈਸੇ ਨਹੀਂ ਹੁੰਦੇ ਸਨ। ਪੜ੍ਹਾਈ ਪੂਰੀ ਕਰਨ ਲਈ ਮੈਨੂੰ ਲੋਕਾਂ ਦੇ ਘਰਾਂ ਵਿੱਚ ਦਿਹਾੜੀਆਂ ਕਰਨੀਆਂ ਪਈ, ਬੁੱਕ ਡਿੱਪੋ ’ਤੇ ਵੀ ਕੰਮ ਕੀਤਾ। ਬੁੱਕ ਡਿੱਪੋ ’ਤੇ ਕੰਮ ਕਰਦੇ ਦੌਰਾਨ ਮੈਂ ਲਾਇਬ੍ਰੇਰੀ ਦਾ ਕੋਰਸ ਕਰ ਲਿਆ ਜਿਸ ਦੇ ਫਰਸਰੂਪ ਪਹਿਲਾਂ ਮੈਂ ਇੱਕ ਨਿੱਜੀ ਕਾਲਜ ਵਿੱਚ ਲਾਇਬ੍ਰੇਰੀ ਰੀਸਟੋਰਰ ਲੱਗ ਗਿਆ। ਉਸ ਤੋਂ ਬਾਅਦ ਲਗਾਤਾਰ ਕਈ ਕਾਲਜਾਂ ਵਿੱਚ ਨੌਕਰੀ ਕੀਤੀ ਅਤੇ ਅਖੀਰ ਅੱਜ ਸਰਕਾਰੀ ਸਕੂਲ ਵਿੱਚ ਲਾਇਬੇਰੀਅਨ ਦੀ ਨੌਕਰੀ ਹਾਸਲ ਹੋਈ। ਇਸ ਦੌਰਾਨ ਭਾਈਚਾਰੇ ਵਿਚੋਂ ਵੀ ਹੱਲਾਸ਼ੇਰੀ ਦੇਣ ਵਾਲਾ ਤਾਂ ਕੋਈ ਵਿਰਲਾ ਹੀ ਸੀ, ਪਰ ਦਿਲ ਤੋੜਨ ਵਾਲੇ ਬਥੇਰੇ ਸਨ। ਕਈ ਤਾਂ ਇਥੋਂ ਤੱਕ ਆਖ ਦਿੰਦੇ ਸਨ ਕਿ ‘ਤੂੰ ਪੜ੍ਹ ਕੇ ਕਿਹੜਾ ਜੱਜ ਲੱਗ ਜਾਣੈ’ ਪਰ ਜਿਸ ਦਿਨ ਮੈਨੂੰ ਨੌਕਰੀ ਮਿਲੀ, ਉਹੀ ਲੋਕ ਵਧਾਈਆਂ ਦੇ ਰਹੇ ਸਨ ਅਤੇ ਮੈਨੂੰ ਆਪਣੇ ਬੱਚਿਆਂ ਨੂੰ ਵੀ ਕੋਈ ਸੇਧ ਦੇਣ ਲਈ ਆਖ ਰਹੇ ਸਨ।
ਜਦੋਂ ਉਹ ਮੈਨੂੰ ਮਾਨਸਿਕ ਪੀੜਾ ਦਿੰਦੇ ਸਨ ਤਾਂ ਮੈਨੂੰ ਲਗਦਾ ਕਿ ਇਸ ਵਿਚ ਉਨ੍ਹਾਂ ਦਾ ਬਹੁਤਾ ਦੋਸ਼ ਵੀ ਨਹੀਂ ਹੈ, ਕਿਉਂਕਿ ਉਨ੍ਹਾਂ ਨੂੰ ਪੜ੍ਹਾਈ ਦੀ ਕੀਮਤ ਹੀ ਨਹੀਂ ਪਤਾ ਸੀ, ਉਹ ਵਹਿਮਾਂ ਭਰਮਾਂ ਅਤੇ ਅੰਧ ਵਿਸ਼ਵਾਸਾਂ ਵਿੱਚ ਹੀ ਉਲਝੇ ਰਹਿੰਦੇ ਸਨ ਜੋ ਅੱਜ ਵੀ ਹਨ। ਨਾ ਕੋਈ ਉਨ੍ਹਾਂ ਨੂੰ ਸਿੱਖਿਆ ਦੇ ਮਹੱਤਵ ਬਾਰੇ ਦੱਸਦਾ ਸੀ ਨਾ ਹੀ ਉਹ ਸੁਨਣਾ ਚਾਹੁੰਦੇ ਸਨ ਪਰ ਮੈਨੂੰ ਜਿਉਂ ਜਿਉਂ ਸੂਝ ਆਉਂਦੀ ਗਈ ਮੈਂ ਬਹੁਤ ਸਾਰੇ ਨੌਜਵਾਨਾਂ ਨੂੰ ਸਲਾਹ ਦੇ ਕੇ ਸਿੱਖਿਆ ਵਾਲੇ ਪਾਸੇ ਤੋਰਿਆ, ਜਿਸ ਸਦਕਾ ਹੁਣ ਸਾਡੇ ਭਾਈਚਾਰੇ ਦੇ ਬਹੁਤ ਸਾਰੇ ਲੜਕੇ-ਲੜਕੀਆਂ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਕੁੱਝ ਕੁ ਸਿੱਖਿਆ ਪ੍ਰਾਪਤ ਕਰਕੇ ਪ੍ਰਾਈਵੇਟ, ਅਰਧ ਸਰਕਾਰੀ ਜਾਂ ਸਰਕਾਰੀ ਨੌਕਰੀਆਂ ’ਤੇ ਹਨ। ਪਰ ਕੋਈ ਵੀ ਟੀਚਾ ਹਾਸਲ ਕਰਨ ਲਈ ਮਿਹਨਤ ਤੇ ਲਗਨ ਬਹੁਤ ਜ਼ਰੂਰੀ ਹੈ। ਪੱਕਿਆ ਹੋਇਆ ਫ਼ਲ ਖਾਣ ਲਈ ਇੰਤਜ਼ਾਰ ਕਰਨਾ ਹੀ ਪੈਂਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਵਿਦਿਆਰਥੀਆਂ ਦੇ ਮਨ ਵਿੱਚ ਅੱਜਕ੍ਵਲ ਇਹ ਗੱਲ ਪੱਕੀ ਕੀਤੀ ਜਾ ਰਹੀ ਹੈ ਕੇ ਨੌਕਰੀ ਤਾਂ ਸਿਰਫ਼ ਪੈਸੇ ਨਾਲ ਜਾਂ ਸਿਫ਼ਾਰਸ਼ ਨਾਲ ਹੀ ਮਿਲਦੀ ਹੈ, ਪਰ ਇਹ ਗੱਲ ਪੂਰੀ ਤਰ੍ਹਾਂ ਸੱਚ ਨਹੀਂ ਹੈ। ਕਿਸੇ ਭ੍ਰਿਸ਼ਟ ਹਾਲਾਤ ਨੂੰ ਵੀ ਆਪਣੇ ਦ੍ਰਿੜ੍ਹ ਇਰਾਦੇ ਨਾਲ ਆਪਣੇ ਪੱਖ ਵਿਚ ਮੋੜਿਆ ਜਾ ਸਕਦਾ ਹੈ, ਕਿਉਂਕਿ ਜੇ ਸਹੀ ਸੇਧ ਮਿਲੇ ਅਤੇ ਲਗਨ ਨਾਲ ਸੱਚੀ ਮਿਹਨਤ ਕੀਤੀ ਜਾਵੇ ਅਤੇ ਸਿੱਖਿਆ ਦਾ ਲੜ ਨਾ ਛੱਡਿਆ ਜਾਵੇ ਤਾਂ ਕੋਈ ਵੀ ਮੰਜ਼ਲ ਸਰ ਕਰਨੀ ਅਸੰਭਵ ਨਹੀਂ ਹੁੰਦੀ।
*ਲਾਇਬ੍ਰੇਰੀਅਨ, ਸਸਸ ਸਕੂਲ ਭੱਦਲਵੱਡ, ਜ਼ਿਲ੍ਹਾ ਬਰਨਾਲਾ।
ਸੰਪਰਕ: 85280-37374