ਤ੍ਰੈਲੋਚਨ ਲੋਚੀ
ਪਿਛਾਂਹ ਨੂੰ ਪਰਤ ਕੇ ਜਦ ਵੇਖਦਾ ਹਾਂ,
ਬੜਾ ਕੁਝ ਤੁਰਦਾ ਨਾਲੋ-ਨਾਲ ਮੇਰੇ।
ਕਦੇ ਕਦੇ ਜਦੋਂ ਉਪਰੋਕਤ ਸ਼ਿਅਰ ਜ਼ਿਹਨ ਵਿਚ ਘੁੰਮਦਾ ਹੈ ਤਾਂ ਸੱਚਮੁੱਚ ਬੜਾ ਕੁਝ ਨਾਲੋ-ਨਾਲ ਹੋ ਤੁਰਦਾ ਹੈ। ਅਤੀਤ ਦੇ ਕਈ ਪਲ ਚੇਤਿਆਂ ਵਿਚ ਆ ਜਾਂਦੇ ਨੇ। ਉਨ੍ਹਾਂ ਵਿਚੋਂ ਕਈ ਖ਼ੂਬਸੂਰਤ ਪਲਾਂ ਦਾ ਆਪਣਾ ਹੀ ਰੰਗ ਹੁੰਦਾ ਹੈ ਤੇ ਅੱਜ ਮੇਰੇ ਕਾਲਜ ਦਾ ਮਿੱਤਰ ਆਤਮਾ ਸਿੰਘ ਬਰਾੜ ਮੇਰੇ ਚੇਤਿਆਂ ਵਿਚ ਆਣ ਬੈਠਾ ਹੈ। ਸਾਊ, ਸ਼ਰਮਾਊ ਤੇ ਮੁਹੱਬਤੀ ਇਨਸਾਨ ਸਾਡੇ ਸਭਨਾਂ ਦਾ ਬੜਾ ਹੀ ਪਿਆਰਾ ਮਿੱਤਰ। ਸੰਗਾਊ ਇੰਨਾ ਕਿ ਕੁੜੀਆਂ ਨਾਲ ਜੇ ਗੱਲ ਕਰਨੀ ਪੈ ਜਾਂਦੀ ਤਾਂ ਉਸ ਦੇ ਭਾਅ ਦੀ ਬਣ ਜਾਂਦੀ, ਬਸ ਉਹ ਉੱਥੋਂ ਖਿਸਕਣ ਦੀ ਕਰਦਾ। ਅਸੀਂ ਬਾਅਦ ਵਿਚ ਉਸ ਨੂੰ ਮਜ਼ਾਕ ਕਰਦੇ ਤਾਂ ਉਹ ਹਰ ਗੱਲ ਹੱਸ ਕੇ ਟਾਲ ਜਾਂਦਾ ਪਰ ਜਦੋਂ ਉਹ ਕਬੱਡੀ ਦੇ ਮੈਦਾਨ ਵਿਚ ਆਉਂਦਾ, ਰੇਡ ਪਾਉਂਦਾ ਤਾਂ ਵਿਰੋਧੀਆਂ ਵਿਚ ਹਲਚਲ ਪੈਦਾ ਹੋ ਜਾਂਦੀ ਤੇ ਉਹ ਵਿਰੋਧੀਆਂ ਦੀਆਂ ਛਾਲਾਂ ਚੁਕਾ ਦਿੰਦਾ। ਹਰ ਪਾਸੇ ਆਤਮਾ ਆਤਮਾ ਹੁੰਦੀ।
ਕਾਲਜ ਸਮੇਂ ਦੀ ਬਹੁਤ ਖ਼ੂਬਸੂਰਤ ਘਟਨਾ ਚੇਤਿਆਂ ਵਿਚ ਆਈ ਹੈ ਜਿਸ ਦਾ ਸਿੱਧਾ ਸਬੰਧ ਆਤਮਾ ਸਿੰਘ ਨਾਲ ਹੈ। ਇੱਕ ਵਾਰ ਸਾਡੇ ਸਰਕਾਰੀ ਕਾਲਜ ਮੁਕਤਸਰ ਵਿਚ ਗੁੰਗੇ ਤੇ ਬੋਲ਼ੇ ਸਕੂਲੀ ਬੱਚਿਆਂ ਦਾ ਟਰੁੱਪ ਘੁੰਮਣ ਲਈ ਆਇਆ। ਮੁੱਖ ਮਕਸਦ ਬੱਚਿਆਂ ਨੂੰ ਇਹ ਦਿਖਾਉਣਾ ਸੀ ਕਿ ਕਾਲਜ ਕਿਸ ਤਰ੍ਹਾਂ ਦੇ ਹੁੰਦੇ ਨੇ, ਉੱਥੋਂ ਦਾ ਮਾਹੌਲ ਕੀ ਹੁੰਦਾ ਹੈ ਤੇ ਕਲਾਸਾਂ ਵਿਚ ਵਿਦਿਆਰਥੀ ਕਿਵੇਂ ਪੜ੍ਹਦੇ ਨੇ। ਉਹ ਮਾਸੂਮ ਬਾਲ ਆਪਣੇ ਇੰਚਾਰਜ ਮੈਡਮ ਨਾਲ ਹਰ ਕਲਾਸ ਵਿਚ ਜਾ ਰਹੇ ਸਨ। ਜਦੋਂ ਉਹ ਨਿੱਕੇ ਨਿੱਕੇ ਬੱਚੇ ਆਪਣੀ ਮੈਡਮ ਸਮੇਤ ਸਾਡੀ ਕਲਾਸ ਵਿਚ ਆਏ ਤਾਂ ਅਸੀਂ ਸਭਨਾਂ ਨੇ ਖੜ੍ਹੇ ਹੋ ਕੇ ਤਾੜੀਆਂ ਮਾਰ ਕੇ ਉਨ੍ਹਾਂ ਦਾ ਸਵਾਗਤ ਕੀਤਾ। ਬੱਚੇ ਬੜੇ ਹੀ ਪਿਆਰ ਨਾਲ ਸਾਡੇ ਵੱਲ ਦੇਖ ਰਹੇ ਸਨ। ਉਨ੍ਹਾਂ ਗੁੰਗੇ ਤੇ ਬੋਲ਼ੇ ਬਾਲਾਂ ਨੂੰ ਦੇਖ ਕੇ ਸਾਡੇ ਮਨ ਪਸੀਜ ਗਏ। ਉਨ੍ਹਾਂ ਦੇ ਮੈਡਮ ਸਾਨੂੰ ਸਾਰਿਆਂ ਨੂੰ ਮੁਖ਼ਾਤਬਿ ਹੋ ਕੇ ਕਹਿਣ ਲੱਗੇ, “ਪਿਆਰੇ ਵਿਦਿਆਰਥੀਓ, ਇਹ ਨਿੱਕੇ ਨਿੱਕੇ ਬਾਲ ਗੁੰਗੇ ਤੇ ਬੋਲ਼ੇ ਨੇ, ਤੇ ਇਸ ਤੋਂ ਵੀ ਦੁੱਖ ਦੀ ਗੱਲ ਇਹ ਹੈ ਕਿ ਇਹ ਵਿਚਾਰੇ ਸਾਰੇ ਹੀ ਅਨਾਥ ਨੇ, ਫਿਰ ਵੀ ਇਨ੍ਹਾਂ ਦਾ ਸਿਰੜ ਦੇਖੋ, ਇਹ ਪੜ੍ਹ ਰਹੇ ਨੇ, ਤੇ ਨਾਲ ਨਿੱਕਾ ਮੋਟਾ ਕੰਮ ਵੀ ਕਰ ਰਹੇ ਨੇ। ਤੁਸੀਂ ਆਪਣੀ ਇੱਛਾ ਮੁਤਾਬਕ ਇਨ੍ਹਾਂ ਦੀ ਜੋ ਵੀ ਮਦਦ ਕਰੋਗੇ ਤਾਂ ਇਨ੍ਹਾਂ ਨੂੰ ਖੁਸ਼ੀ ਹੋਵੇਗੀ।
ਇੰਨਾ ਕਹਿ ਕੇ ਮੈਡਮ ਬੜੀ ਹੀ ਆਸ ਨਾਲ ਸਾਡੇ ਵੱਲ ਦੇਖਣ ਲੱਗੇ, ਤੇ ਅਸੀਂ ਸਾਰੇ ਵਿਦਿਆਰਥੀ ਇਕ ਦੂਜੇ ਵੱਲ ਤੱਕਣ ਲੱਗੇ ਕਿਉਂਕਿ ਇੱਕ ਦੂਜੇ ਦੇ ਹੱਥਾਂ ਵਿਚੋਂ ਖੋਹ ਖੋਹ ਕੇ ਸਮੋਸੇ ਖਾਣ ਅਤੇ ਚਾਹ ਪੀਣ ਵਾਲੇ ਸੂਰਮਿਆਂ ਲਈ ਸੱਚਮੁੱਚ ਹੀ ਇਹ ਔਖੀ ਘੜੀ ਸੀ। ਘਰੋਂ ਦੋ ਦੋ ਰੁਪਏ ਖਿਸਕਾ ਕੇ ਚੋਰੀ ਫਿਲਮ ਦੇਖਣ ਵਾਲੇ ਯੋਧਿਆਂ ਤੇ ਸੰਕਟ ਦਾ ਸਮਾਂ ਬਣ ਗਿਆ ਸੀ। ਸੂਰਮਿਆਂ ਲਈ ਮਾਹੌਲ ਥੋੜ੍ਹਾ ਜਿਹਾ ਵਿਗੜਿਆ ਹੋਇਆ ਸੀ ਪਰ ਅਚਾਨਕ ਸਾਡਾ ਮਿੱਤਰ ਆਤਮਾ ਸਿੰਘ ਆਪਣੀ ਸੀਟ ਤੋਂ ਉੱਠਿਆ ਅਤੇ ਉਸ ਨੇ ਆਪਣੀ ਜੇਬ ਵਿਚੋਂ ਸੌ ਸੌ ਦੇ ਪੰਜ ਨੋਟ ਕੱਢ ਕੇ ਬੜੇ ਹੀ ਅਦਬ ਨਾਲ ਮੈਡਮ ਦੇ ਹਵਾਲੇ ਕਰ ਦਿੱਤੇ। ਇਹ ਦ੍ਰਿਸ਼ ਦੇਖ ਕੇ ਮੈਡਮ ਦੇ ਨਾਲ ਨਾਲ ਅਸੀਂ ਵੀ ਸਾਰੇ ਡੌਰ ਭੌਰ ਹੋ ਗਏ ਪਰ ਮਾਸੂਮ ਬੱਚਿਆਂ ਦੀਆਂ ਤਾੜੀਆਂ ਨਾਲ ਕਮਰਾ ਗੂੰਜ ਉੱਠਿਆ। ਉਸ ਤੋਂ ਬਾਅਦ ਸੰਗ ਸੰਗ ਵਿਚ ਕਿਸੇ ਨੇ ਪੰਜ, ਕਿਸੇ ਨੇ ਦਸ ਤੇ ਕਿਸੇ ਨੇ ਵੀਹ ਰੁਪਏ ਦੇ ਕੇ ਭਰੇ ਜਿਹੇ ਮਨ ਨਾਲ ਆਪੋ-ਆਪਣਾ ਯੋਗਦਾਨ ਪਾਇਆ।
ਪੀਰੀਅਡ ਖ਼ਤਮ ਹੋਣ ਤੋਂ ਬਾਅਦ ਅਸੀਂ ਸਾਰੇ ਰੋਜ਼ ਵਾਂਗ ਕੰਟੀਨ ਵਿਚ ਆਣ ਬੈਠੇ। ਹੈਰਾਨ ਪਰੇਸ਼ਾਨ ਹੋਏ ਸਾਰੇ ਹੀ ਆਤਮਾ ਸਿੰਘ ਵੱਲ ਦੇਖ ਰਹੇ ਸਨ, ਜਿਵੇਂ ਉਸ ਨੇ ਕੋਈ ਜੱਗੋਂ ਤੇਰ੍ਹਵੀਂ ਕਰ ਦਿੱਤੀ ਹੋਵੇ। ਉਸ ਦੇ ਦਿੱਤੇ ਪੰਜ ਸੌ ਦਮੜੇ ਸਾਡੀਆਂ ਅੱਖਾਂ ਮੂਹਰੇ ਘੁੰਮ ਰਹੇ ਸੀ। ਸਾਡਾ ਮਿੱਤਰ ਭੁਪਿੰਦਰ ਆਤਮਾ ਸਿੰਘ ਵੱਲ ਇਸ਼ਾਰਾ ਕਰਕੇ ਬੋਲਿਆ, “ਅੱਜ ਚਾਹ ਕਿਵੇਂ ਪੀਵਾਂਗੇ, ਇਹਨੇ ਵੱਡੇ ਸੂਰਮੇ ਨੇ ਸਾਨੂੰ ਵੀ ਨੰਗ ਕਰ ਦਿੱਤਾ।” ਅਜੇ ਬੋਲ ਭੁਪਿੰਦਰ ਦੇ ਮੂੰਹ ਵਿਚ ਹੀ ਸਨ ਕਿ ਆਤਮਾ ਸਿੰਘ ਨੇ ਆਪਣੀ ਜੇਬ ਵਿਚੋਂ ਪੰਜਾਹ ਦਾ ਨੋਟ ਕੱਢਿਆ ਤੇ ਕੰਟੀਨ ਵਾਲੇ ਪੰਡਤ ਜੀ ਨੂੰ ਚਾਹ ਤੇ ਸਮੋਸਿਆਂ ਲਈ ਕਹਿ ਦਿੱਤਾ। ਹੁਣ ਸਾਡੇ ਕੋਲ ਨੀਵੀਆਂ ਪਾਉਣ ਤੋਂ ਬਿਨਾ ਕੋਈ ਹੋਰ ਚਾਰਾ ਨਹੀਂ ਸੀ। ਚਾਹ ਪੀਂਦੇ ਪੀਂਦੇ ਇੱਕ ਹੋਰ ਮਿੱਤਰ ਅੰਗਰੇਜ਼ ਨੇ ਆਤਮੇ ਨੂੰ ਪੁੱਛਿਆ, “ਆਤਮਾ ਸਿਆਂ! ਏਨੇ ਪੈਸੇ ਤੇਰੇ ਕੋਲ ਆਏ ਤਾਂ ਆਏ ਕਿੱਥੋਂ?”
“ਯਾਰ! … ਅੱਜ ਤੜਕੇ ਬਾਪੂ ਨੇ ਕਿਹਾ ਸੀ ਕਿ ਆੜ੍ਹਤੀਏ ਕੋਲੋਂ ਪੰਜ ਸੌ ਰੁਪਏ ਫੜ ਕੇ ਲਿਆਈਂ, ਘਰੇ ਬਹੁਤ ਹੀ ਤੰਗੀ ਫੰਗੀ ਹੈ। ਇਹ ਉਹੀ ਆੜ੍ਹਤੀਏ ਆਲੇ ਹੀ ਪੈਸੇ ਸਨ। ਯਾਰ ਮੈਥੋਂ ਅਨਾਥ ਬੱਚਿਆਂ ਦੇ ਚਿਹਰੇ ਦੇਖੇ ਨਹੀਂ ਗਏ। ਸੱਚੀਂ ਮੇਰੇ ਕੋਲ ਹੋਰ ਪੈਸੇ ਹੁੰਦੇ ਤਾਂ ਉਹ ਵੀ ਮੈਂ ਦੇ ਦਿੰਦਾ।” ਇੰਨਾ ਆਖ ਕੇ ਆਤਮਾ ਸਿੰਘ ਚੁੱਪ ਕਰ ਗਿਆ ਪਰ ਅਸੀਂ ਸਾਰਿਆਂ ਨੇ ਉਸ ਦੇ ਚਿਹਰੇ ‘ਤੇ ਪਹਿਲੀ ਵਾਰ ਇੰਨੀ ਉਦਾਸੀ ਦੇਖੀ ਸੀ।
“ਮਿੱਤਰਾ ਹੁਣ ਬਾਪੂ ਨੂੰ ਕੀ ਜਵਾਬ ਦਏਂਗਾ? ਅੱਜ ਤਾਂ ਛਿੱਤਰ ਪਰੇਡ ਪੱਕੀ ਸਮਝ। ਬਾਪੂ ਨੂੰ ਕਿਵੇਂ ਸਮਝਾਏਂਗਾ?” ਭੁਪਿੰਦਰ ਨੇ ਹੌਲੇ ਜਿਹੇ ਉਸ ਨੂੰ ਪੁੱਛਿਆ।
“ਯਾਰ, ਬਾਪੂ ਏਡਾ ਮਾੜਾ ਤਾਂ ਨਈਂ।” ਕਹਿ ਕੇ ਆਤਮਾ ਸਿੰਘ ਸਾਡੇ ਸਾਰਿਆਂ ਤੋਂ ਬਾਜ਼ੀ ਮਾਰ ਗਿਆ, ਜਿਵੇਂ ਕਬੱਡੀ ਖੇਡਦਾ ਉਹ ਮੈਦਾਨ ਵਿਚ ਵਿਰੋਧੀਆਂ ਨੂੰ ਚਿੱਤ ਕਰਦਾ ਸੀ, ਅੱਜ ਸ਼ਰੇਆਮ ਉਹ ਸਾਨੂੰ ਸਾਰਿਆਂ ਨੂੰ ਚਿੱਤ ਕਰ ਗਿਆ ਸੀ।
ਮੈਂ ਮਨ ਹੀ ਮਨ ਉਸ ਦੇ ‘ਸੱਚੇ ਸੌਦੇ’ ਨੂੰ ਸਲਾਮ ਕਰ ਰਿਹਾ ਸਾਂ। ਅੱਜ ਵੀ ਜਦੋਂ ਆਤਮਾ ਸਿੰਘ ਮੇਰੇ ਚੇਤਿਆਂ ਵਿਚ ਆਉਂਦਾ ਹੈ ਤਾਂ ਮੈਂ ਉਸ ਨੂੰ ਪੌਣਾਂ ਹੱਥ ਸਲਾਮ ਭੇਜ ਦਿੰਦਾ ਹਾਂ…।
ਸੰਪਰਕ: 98142-53315