ਕਮਲਜੀਤ ਸਿੰਘ ਬਨਵੈਤ
ਪੰਜਵੀਂ ਜਮਾਤ ਆਪਣੇ ਪਿੰਡ ਉੜਾਪੜ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚੋਂ ਪਾਸ ਕੀਤੀ ਸੀ। ਦਸਵੀਂ ਤੱਕ ਪੜ੍ਹਾਈ ਲਈ ਨਾਲ ਦੇ ਪਿੰਡ ਚੱਕਦਾਨਾ ਨੂੰ ਰੋਜ਼ ਤੁਰ ਕੇ ਜਾਣਾ ਪੈਂਦਾ ਸੀ। ਅੱਠਵੀਂ ਦਾ ਬੋਰਡ ਦਾ ਇਮਤਿਹਾਨ ਦੇਣ ਲਈ ਅਸੀਂ ਮੀਲਪੁਰ ਲੱਖਾ ਵਿਚ ਕਈ ਸਕੂਲਾਂ ਦੇ ਸਾਂਝੇ ਬਣੇ ਸੈਂਟਰ ਵਿਚ ਢਾਹੇਵਾਲੀ ਨਹਿਰੇ ਨਹਿਰੇ ਤੁਰ ਕੇ ਜਾਂਦੇ ਹੁੰਦੇ ਸਾਂ। ਮੀਲਪੁਰ ਲੱਖਾ ਤੋਂ ਥੋੜ੍ਹੀ ਉਰੇ ਦੋ ਸੂਏ ਨਹਿਰ ਵਿਚ ਡਿੱਗਦੇ ਸਨ। ਅਸੀਂ ਝਰਨਾ ਉਦੋਂ ਪਹਿਲੀ ਵਾਰੀ ਦੇਖਿਆ ਸੀ। ਕਈ ਸਾਲ ਅਸੀਂ ਝਰਨਾ ਦੇਖਣ ਦੇ ਚਾਅ ਨੂੰ ਲੈ ਕੇ ਹੁੱਬਦੇ ਰਹੇ। ਬੀਏ ਸਿੱਖ ਨੈਸ਼ਨਲ ਕਾਲਜ ਬੰਗਾ ਤੋਂ ਕੀਤੀ। ਪ੍ਰੈੱਪ ਤੋਂ ਬੀਏ ਤੱਕ ਕਈ ਮੀਲ ਸਾਈਕਲ ’ਤੇ ਲੱਤਾਂ ਚਲਾਉਣੀਆਂ ਪਈਆਂ। ਉਦੋਂ ਮੇਰੇ ਪਿੰਡ ਤੋਂ ਬੰਗਿਆਂ ਵੱਲ ਦਿਨ ਵਿਚ ਇੱਕੋ ਬੱਸ ਲੰਘਦੀ ਸੀ।
ਬੀਏ ਪਾਸ ਕਰਦਿਆਂ ਇੱਕ ਸਾਲ ਪੱਤਰਕਾਰੀ ਦੀ ਡਿਗਰੀ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਲਾਇਆ ਤਾਂ ਨਾਲ ਦੀ ਨਾਲ ਚੰਡੀਗੜ੍ਹ ਵਿਚ ਨੌਕਰੀ ਮਿਲ ਗਈ। ਵਿਆਹ ਵੀ ਚੰਡੀਗੜ੍ਹ ਹੀ ਹੋ ਗਿਆ। ਸ੍ਰੀਮਤੀ ਦਾ ਦਫ਼ਤਰ ਵੀ ਚੰਡੀਗੜ੍ਹ ਨਾਲ ਲੱਗਦੇ ਮੁਹਾਲੀ ਵਿਚ ਪੈਂਦਾ ਸੀ। ਚੰਡੀਗੜ੍ਹ ਦੀ ਕੁੜੀ ਅਤੇ ਪਿੰਡ ਦੇ ਮੁੰਡੇ ਨੂੰ ਵਿਚ-ਵਿਚਾਲੇ ਦਾ ਰਾਹ ਲੱਭਦਿਆਂ ਕਈ ਸਾਲ ਲੱਗ ਗਏ। ਪਹਿਲਾਂ ਪਹਿਲ ਤਾਂ ਬਾਹਰ ਆਉਣ ਜਾਣ ਜਾਂ ਪਹਿਨਣ-ਪਰਚਣ ਨੂੰ ਲੈ ਕੇ ਤਹਿ ਨਾ ਬੈਠਿਆ ਕਰੇ। ਫਿਰ ਬੱਚੇ ਸਕੂਲ ਪਾਉਣ ਨੂੰ ਲੈ ਕੇ ਕਈ ਸਾਲ ਰੇੜਕਾ ਪਿਆ ਰਿਹਾ। ਉਹ ਕਹੇ, ਚੰਡੀਗੜ੍ਹ ਦੇ ਸਭ ਤੋਂ ਵਧੀਆ ਸਕੂਲ ਵਿਚ ਬੱਚੇ ਪੜ੍ਹਾਉਣੇ ਹਨ। ਮੇਰੀ ਇੱਛਾ ਸੀ ਕਿ ਆਪਣੀ ਵਿਤ ਦੇ ਨਾਲ ਰਲਦਾ ਸਕੂਲ ਲੱਭ ਲਈਏ, ਜੇ ਪੜ੍ਹਨ ਵਾਲੇ ਹੋਏ ਤਾਂ ਆਪ ਹੀ ਅੱਗੇ ਨਿਕਲ ਜਾਣਗੇ। ਕਈ ਚਿਰ ਟੱਕਰਾਂ ਮਾਰਨ ਤੋਂ ਬਾਅਦ ਇੱਕ ਸਕੂਲ ਵਿਚ ਹੱਥ ਪੈ ਗਿਆ ਜਿਹੜਾ ਸਟੈਂਡਰਡ ਦਾ ਵੀ ਸੀ ਅਤੇ ਸਾਡੀ ਪਹੁੰਚ ਵਿਚ ਵੀ। ਦੋਵੇਂ ਬੱਚੇ ਪੜ੍ਹ ਲਿਖ ਕੇ ਅੱਜ ਚੰਗੀਆਂ ਨੌਕਰੀਆਂ ’ਤੇ ਹਨ।
ਆਹ ਜਦੋਂ ਦੀ ਪੋਤਰੀ ਹੋਈ ਹੈ, ਉਸੇ ਦਿਨ ਤੋਂ ਉਹਨੂੰ ਕਿਹੜੇ ਸਕੂਲ ’ਚ ਪਾਉਣਾ, ਕੀ ਬਣਾਉਣਾ, ਬਸ ਸਾਰੀਆਂ ਗੱਲਾਂ ਦਾ ਕੇਂਦਰ ਇਹੋ ਹੋ ਕੇ ਰਹਿ ਗਿਆ ਹੈ। ਕਈ ਵਾਰ ਤਾਂ ਜਦੋਂ ਸਾਰਿਆਂ ਦੀ ਦਾਲ ਨਹੀਂ ਗਲਦੀ ਤਾਂ ਰੋਟੀ ਵੀ ਮੂੰਹ ਵਿਚ ਫੁੱਲਣ ਲੱਗ ਪੈਂਦੀ ਹੈ। ਉਹਦੀ ਮਾਂ ਨੂੰ ਧੀ ਦੀਆਂ ਡਰੈੱਸਾਂ ਦੇ ਡਿਜ਼ਾਇਨ ਦੇਖਣ ਦੀ ਫੁਰਸਤ ਨਹੀਂ। ਦਿਨ ਵਿਚ ਤਿੰਨ ਵਾਰ ਧੀ ਨੂੰ ਖਾਣਾ ਖੁਆਉਣ ਲਈ ਡੇਢ ਡੇਢ ਘੰਟਾ ਉਹਦੇ ਮਗਰ ਪਲੇਟ ਲੈ ਕੇ ਘੁੰਮਣਾ ਪੈਂਦਾ ਹੈ। ਕਦੇ ਉਹ ਫੋਨ ’ਤੇ ਪੇਪਾ ਪੈੱਗ ਦੇਖਣਾ ਚਾਹੁੰਦੀ ਹੈ, ਕਦੇ ਟੀਵੀ ’ਤੇ ਗਾਣਿਆਂ ਦੀ ਫਰਮਾਇਸ਼। ਦੋ ਸਾਲਾਂ ਦੀ ਹੋਈ ਤਾਂ ਇਕ ਕਿੰਡਰਗਾਰਟਨ ਵਿਚ ਦਾਖਲ ਕਰਾ ਦਿੱਤਾ। ਅਖੇ, ਸਟੈਂਡਰਡ ਦੇ ਸਕੂਲ ’ਚ ਦਾਖਲਾ ਇੰਟਰਵਿਊ ਲਈ ਚੰਗੀ ਤਿਆਰੀ ਹੋ ਜਾਵੇਗੀ। ਹਫ਼ਤੇ ਵਿਚ ਤਿੰਨ ਦਿਨ ਦੋ ਦੋ ਘੰਟੇ ਲਈ ਕਿੰਡਰਗਾਰਟਨ ਜਾਂਦੀ ਹੈ, ਫੀਸ ਅੱਠ ਸੌ ਰੁਪਏ। ਲੈਣ ਛੱਡਣ ਦੀ ਗੱਡੀ ਦਾ ਤੇਲ ਖ਼ਰਚਾ ਵੱਖਰਾ। ਪੋਤੀ ਨੂੰ ਨਾਲ ਦਿੱਤੇ ਜਾਣ ਵਾਲੇ ਖਾਣੇ ਦਾ ਮੀਨੂ ਕਿੰਡਰਗਾਰਟਨ ਵਾਲੇ ਦੱਸਦੇ ਹਨ। ਕਦੇ ਪਾਸਤਾ, ਅਗਲੇ ਦਿਨ ਫਰੂਟ, ਫਿਰ ਜੰਕ ਅਤੇ ਇੱਕ ਦਿਨ ਪਰੌਂਠਾ। ਇਹ ਖੇਖਣ ਮੈਨੂੰ ਕਦੇ ਪਸੰਦ ਨਹੀਂ ਆਏ ਪਰ ਸ੍ਰੀਮਤੀ ਕਹਿੰਦੀ ਹੈ- ਬੰਦਾ ਉਹ ਜਿਹੜਾ ਸਮੇਂ ਨਾਲ ਬਦਲ ਜਾਵੇ। ਕਦੇ ਕਦੇ ਬਹੁਤ ਦੁਖੀ ਕਰ ਮਾਰਦੀ ਹੈ ਜਦੋਂ ਉਹ ਕਹਿਣ ਲੱਗ ਪੈਂਦੀ ਹੈ ਕਿ ਬੱਚੇ ਤਾਂ ਪਿਛਲੇ ਜ਼ਮਾਨੇ ਵੱਲ ਮੁੜਨ ਵਾਲੇ ਨਹੀਂ, ਸਾਨੂੰ ਹੀ ਮਾਡਰਨ ਬਣਨਾ ਪੈਣਾ।
ਹੁਣ ਮੇਰੀ ਪੋਤੀ ਤਿੰਨ ਨੂੰ ਆ ਢੁਕੀ ਹੈ। ਉਹਦੇ ਸਕੂਲ ਵਿਚ ਦਾਖਲੇ ਦੀ ਉਮਰ ਹੋ ਗਈ ਹੈ। ਘਰ ਵਿਚ ਰਾਤ ਦੇ ਖਾਣੇ ਵੇਲੇ ਰੋਜ਼ ਸਕੂਲ ਦੀ ਗੱਲ ਤੁਰ ਪੈਂਦੀ ਹੈ। ਮੇਰੀ ਨੂੰਹ ਅਤੇ ਪੁੱਤਰ ਸਭ ਤੋਂ ਮਹਿੰਗੇ ਸਕੂਲ ਵਿਚ ਦਾਖਲਾ ਕਰਾਉਣ ਲਈ ਕੋਈ ਸਿਫ਼ਾਰਸ਼ ਲੱਭਣ ਲਈ ਆਖਦੇ ਹਨ। ਪਤਨੀ ਦੀ ਉਹੋ ਪੁਰਾਣੀ ਸਲਾਹ ਹੁੰਦੀ ਹੈ ਕਿ ਆਪ ਔਖੇ ਹੋ ਜਾਵੋ ਪਰ ਬੱਚੇ ਨੂੰ ਟਾਪ ਦੇ ਸਕੂਲ ਵਿਚ ਦਾਖ਼ਲ ਕਰਵਾਉ। ਸੱਸ ਨੂੰਹ ਅਕਸਰ ਇੱਕੋ ਆਵਾਜ਼ ਵਿਚ ਬੋਲਦੀਆਂ ਹਨ ਕਿ ਪਰਿਵਾਰ ਦਾ ਰੁਤਬਾ ਬੱਚੇ ਦੇ ਸਕੂਲ ਨਾਲ ਜੁੜਨ ਲੱਗਾ ਹੈ, ਬੱਚੇ ਵਿਚ ਵੀ ਚਾਰ ਹੋਰਾਂ ਨਾਲ ਬੈਠ ਕੇ ਗੱਲ ਕਰਨ ਦਾ ਵਿਸ਼ਵਾਸ ਵੀ ਟਾਪ ਦੇ ਸਕੂਲ ਵਿਚ ਪੜ੍ਹਨ ਨਾਲ ਹੀ ਆਉਂਦਾ ਹੈ। ਚੰਗੇ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਦਾ ਵਿਹਾਰ (ਐਟੀਟਿਊਡ) ਵੀ ਬਾਕੀਆਂ ਤੋਂ ਅਲੱਗ ਹੁੰਦਾ ਹੈ। ਮੇਰਾ ਪੁੱਤਰ ਵੀ ਦੋਹਾਂ ਦੀ ਹਾਂ ਵਿਚ ਹਾਂ ਮਿਲਾ ਦਿੰਦਾ ਹੈ ਪਰ ਮੈਂ ਉਦੋਂ ਹਰ ਵਾਰ ਦੀ ਤਰ੍ਹਾਂ ਇਕੱਲਾ ਰਹਿ ਜਾਂਦਾ ਹੈ ਜਦੋਂ ਮੈਥੋਂ ਕਹਿ ਹੋ ਜਾਂਦਾ ਹੈ ਕਿ ਚਲੋ ਦਾਖਲੇ ਦਾ ਪ੍ਰਬੰਧ ਤਾਂ ਔਖੇ ਸੌਖੇ ਹੋ ਕੇ ਕਰ ਲਵਾਂਗੇ ਪਰ ਹਰ ਮਹੀਨੇ ਦੀ ਫੀਸ, ਬੱਸ ਦਾ ਭਾੜਾ ਅਤੇ ਹੋਰ ਖਰਚੇ ਚੁੱਕਣੇ ਮੁਸ਼ਕਿਲ ਹੋ ਜਾਣਗੇ। ਸ਼ਹਿਰ ਦੇ ਟਾਪ ਦੇ ਸਕੂਲ ਦੀ ਫੀਸ ਦਸ ਹਜ਼ਾਰ ਰੁਪਏ ਮਹੀਨਾ ਹੈ। ਬੱਸ ਅਤੇ ਹੋਰ ਖ਼ਰਚੇ ਪਾ ਕੇ ਗੱਲ ਪੰਦਰਾਂ ਹਜ਼ਾਰ ਨੂੰ ਟੱਪ ਜਾਂਦੀ ਹੈ। ਬੱਚੇ ਨੂੰ ਦੂਜੀਆਂ ਗਤੀਵਿਧੀਆਂ (ਐਕਟਿਵਿਟੀਜ਼) ਵਿਚ ਪਾਉਣ ਲਈ ਚਾਰ-ਪੰਜ ਹਜ਼ਾਰ ਦਾ ਖ਼ਰਚਾ ਵਾਧੂ ਆਉਂਦਾ ਹੈ।
ਪੋਤੀ ਦੇ ਦਾਖਲੇ ਦਾ ਮਹੀਨਾ ਆਇਆ ਤਾਂ ਸ਼ਹਿਰ ਦੇ ਟਾਪ ਦੇ ਸਕੂਲਾਂ ਵਿਚ ਫਾਰਮ ਭਰ ਦਿੱਤੇ ਗਏ। ਇੱਕ ਇੱਕ ਫਾਰਮ ਡੇਢ ਡੇਢ ਹਜ਼ਾਰ ਨੂੰ ਪਿਆ। ਦਾਖਲੇ ਲਈ ਸਕੂਲਾਂ ਦੇ ਚੱਕਰ ਕੱਟਦਿਆਂ ਕਿਸੇ ਨੇ ਕੰਨ ਵਿਚ ਫੂਕ ਮਾਰ ਦਿੱਤੀ ਕਿ ਟਾਪ ਦੇ ਸਕੂਲਾਂ ਵਿਚ ਦਾਖਲਾ ਬੱਚੇ ਦੇ ਲਿਖਤੀ ਟੈਸਟ ਅਤੇ ਮਾਪਿਆਂ ਦੀ ਇੰਟਰਵਿਊ ਪਾਸ ਕਰਨ ਨਾਲ ਹੁੰਦਾ ਹੈ। ਜੇ ਬੱਚਾ ਟੈਸਟ ਵਿਚੋਂ ਰਹਿ ਜਾਵੇ ਜਾਂ ਮਾਪਿਆਂ ਦੀ ਇੰਟਰਵਿਊ ਵਿਚ ਕਾਰਗੁਜ਼ਾਰੀ ਮਾੜੀ ਰਹੇ ਤਾਂ ਡੋਨੇਸ਼ਨ ਕੋਟੇ ਦਾ ਰਸਤਾ ਹੀ ਬਚਦਾ ਹੈ। ਉਹਦੇ ਲਈ ਵੀ ਵੱਡੀ ਸਿਫ਼ਾਰਸ਼ ਦੀ ਲੋੜ ਪੈਂਦੀ ਹੈ। ਨੂੰਹ ਜ਼ਿੱਦ ਪੈ ਗਈ ਕਿ ਇੰਟਰਵਿਊ ਵਾਲਾ ਰਿਸਕ ਲੈਣ ਦੀ ਥਾਂ ਸ਼ਹਿਰ ਦੇ ਵੱਡੇ ਅਫਸਰ ਦੇ ਦਫ਼ਤਰ ਵਿਚ ਲੱਗੇ ਪੋਤੀ ਦੇ ਮਾਮੇ ਰਾਹੀਂ ਸਿਫ਼ਾਰਸ਼ ਕਰਾ ਕੇ ਕੋਟੇ ਵਿਚ ਦਾਖਲਾ ਕਰਵਾ ਲਿਆ ਜਾਵੇ। ਵੱਡੇ ਅਫਸਰ ਦੇ ਫੋਨ ਨਾਲ ਪ੍ਰਸ਼ਾਸਨ ਦੇ ਕੋਟੇ ਵਿਚ ਹਾਂ ਤਾਂ ਹੋ ਗਈ ਪਰ ਡੋਨੇਸ਼ਨ ਕੋਟੇ ਦੀ ਸ਼ਰਤ ਬਰਾਬਰ ਲੱਗੀ ਰਹੀ। ਨੂੰਹ ਆਪਣੀ ਧੀ ਦਾ ਕੋਟੇ ਵਿਚ ਦਾਖ਼ਲਾ ਕਰਾ ਕੇ ਖੁਸ਼ੀ ਵਿਚ ਖੀਵੀ ਹੋ ਰਹੀ ਸੀ। ਸਕੂਲ ਤੋਂ ਵਾਪਸ ਮੁੜਦਿਆਂ ਉਹਦੇ ਹੱਥ ਵਿਚ ਬਦਾਮਾਂ ਵਾਲੀ ਬਰਫ਼ੀ ਦਾ ਡੱਬਾ ਸੀ। ਚਾਅ ਉਸ ਕੋਲੋਂ ਸੰਭਾਲਿਆ ਨਾ ਜਾਵੇ। ਉਹਨੇ ਮਠਿਆਈ ਦਾ ਡੱਬਾ ਮੇਰੇ ਅੱਗੇ ਕਰਦਿਆਂ ਕਹਿ ਦਿੱਤਾ, “ਪਾਪਾ ਜੀ, ਪੀਐੱਫ ਵਾਲੇ ਸੱਤ ਲੱਖ ਕਢਵਾ ਲਿਆਉਣਾ, ਤੁਹਾਡੀ ਧੀ ਦੇ ਦਾਖਲੇ ਲਈ ਡੋਨੇਸ਼ਨ ਦੇਣਾ ਹੈ।” ਮੇਰੇ ਮੂੰਹ ਵਿਚ ਬਦਾਮਾਂ ਵਾਲੀ ਬਰਫ਼ੀ ਕੁਸੈਲੀ ਹੋ ਗਈ ਪ੍ਰਤੀਤ ਹੋਈ; ਨਾਲ ਹੀ ਮੇਰੀਆਂ ਅੱਖਾਂ ਮੂਹਰੇ ਗੋਂਦੀ ਹਲਵਾਈ ਦੀ ਦੁਕਾਨ ਤੋਂ ਸੌ ਰੁਪਏ ਦੇ ਪਤਾਸੇ ਵਾਲਾ ਲਿਫ਼ਾਫ਼ਾ ਆ ਘੁੰਮਿਆ ਜਿਹੜਾ ਮੇਰੇ ਦਾਦਾ ਜੀ ਨੇ ਮੈਨੂੰ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਕੱਚੀ ਕਲਾਸ ਵਿਚ ਦਾਖਲਾ ਕਰਾਉਣ ਵੇਲੇ ਵੰਡਣ ਲਈ ਨਾਲ ਲੈ ਕੇ ਗਏ ਸਨ।
ਸੰਪਰਕ: 98147-34035