ਰਣਜੀਤ ਲਹਿਰਾ
ਪੰਜਾਬ ਦੀ ਨਕਸਲਬਾੜੀ ਲਹਿਰ ਦੇ ਮੁੱਖ ਆਗੂਆਂ ਵਿਚੋਂ ਇੱਕ, ਸ਼ਮਸ਼ੇਰ ਸਿੰਘ ਸ਼ੇਰੀ ਨਾਲ ਦੋਸਤੀ ਅਤੇ ਵਿਚਾਰਾਂ ਦੀ ਸਾਂਝ ਇੰਨੀ ਮਹਿੰਗੀ ਪਵੇਗੀ, ਭਗਵਾਨ ਸਿੰਘ ਉਰਫ ਭਾਨੇ ਬਿਗੜਵਾਲੀਏ ਨੂੂੰ ਚਿੱਤ-ਚੇਤਾ ਵੀ ਨਹੀਂ ਸੀ ਪਰ ਪੁਲੀਸ ਦੀ ਕੁੱਟ ਪਿੰਡੇ `ਤੇ ਝੱਲ ਕੇ ਅਤੇ ਆਪਣੀ ਪੜ੍ਹਾਈ ਤੇ ਖੇਡ ਕਰੀਅਰ ਨੂੂੰ ਵੀ ਦਾਅ `ਤੇ ਲਾ ਕੇ ਭਾਨੇ ਨੇ ਦਿਖਾ ਦਿੱਤਾ ਸੀ ਕਿ ਦੋਸਤੀ ਅਤੇ ਵਿਚਾਰਾਂ ਦੀ ਸਾਂਝ ਦਾ ਉਹਦਾ ਦਾਅਵਾ ‘ਛੋਲਿਆਂ ਦਾ ਵੱਢ’ ਨਹੀਂ ਸੀ; ਉਨ੍ਹਾਂ ਦੀ ਯਾਰੀ ‘ਤੂਤ ਦਾ ਮੋਛਾ’ ਸੀ ਜਿਹੜੀ ਵਿਚਾਲਿਓਂ ਟੁੱਟਣ ਵਾਲੀ ਨਹੀਂ ਸੀ।
ਇਨ੍ਹਾਂ ਗੱਲਾਂ ਨੂੂੰ ਭਾਵੇਂ ਅੱਧੀ ਸਦੀ ਤੋਂ ਵਧੇਰੇ ਸਮਾਂ ਬੀਤ ਚੁੱਕਿਆ ਹੈ ਪਰ ਭਾਨੇ ਨੂੂੰ ਉਹ ਸਭ ਕੁਝ ਕੱਲ੍ਹ ਵਾਂਗ ਯਾਦ ਹੈ। 1968 ਦਾ ਸਾਲ ਸੀ ਜਦੋਂ ਭਾਨੇ ਨੇ ਸਰਕਾਰੀ ਹਾਈ ਸਕੂਲ, ਸੁਨਾਮ (ਸ਼ਹੀਦ ਊਧਮ ਸਿੰਘ ਵਾਲਾ) ਤੋਂ ਮੈਟ੍ਰਿਕ ਪਾਸ ਕਰਨ ਤੋਂ ਬਾਅਦ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਵਿਚ ਪ੍ਰੈੱਪ ਵਿਚ ਦਾਖਲਾ ਲਿਆ। ਉਦੋਂ ਸੁਨਾਮ ਜਿਸ ਦੀ ਜੂਹ ਨਾਲ ਉਹਦਾ ਪਿੰਡ ਲੱਗਦਾ ਸੀ, ਵਿਚ ਅਜੇ ਕਾਲਜ ਨਹੀਂ ਸੀ ਖੁੱਲ੍ਹਿਆ। ਦੇਖਦੇ ਦੇਖਦੇ ਉਹਦੇ ਕਦਮ ਪੰਜਾਬ ਸਟੂਡੈਂਟਸ ਯੂਨੀਅਨ ਨਾਲ ਤਾਲ ਕਰਨ ਲੱਗੇ। ਉਨ੍ਹੀਂ ਦਿਨੀਂ ਨਹਿਰੂ ਮੈਮੋਰੀਅਲ ਕਾਲਜ ਦੇ ਪ੍ਰਿੰਸੀਪਲ ਬੀਪੀ ਮੋਹਨ ਖਿਲਾਫ਼ ਪੰਜਾਬ ਸਟੂਡੈਂਟਸ ਯੂਨੀਅਨ ਤਿੱਖਾ ਸੰਘਰਸ਼ ਲੜ ਰਹੀ ਸੀ। ਇਸ ਸੰਘਰਸ਼ ਵਿਚ ਕਾਲਜ ਨੂੂੰ ਅੱਗ ਲਾਉਣ/ਲੱਗਣ ਦੀ ਘਟਨਾ ਤੱਕ ਵਾਪਰੀ ਸੀ।
ਭਾਨੇ ਨੂੂੰ ਸ਼ੁਰੂ ਤੋਂ ਦੌੜਨ ਦਾ ਸ਼ੌਕ ਸੀ ਤੇ ਉਹ ਚੰਗਾ ਅਥਲੀਟ ਬਣਨਾ ਲੋਚਦਾ ਸੀ। ਜਦੋਂ ਮਾਨਸਾ ਕਾਲਜ ਦਾ ਡੀਪੀ ਮੱਘਰ ਸਿੰਘ ਯੂਨੀਵਰਸਿਟੀ ਦੇ ਖੇਡ ਮੁਕਾਬਲਿਆਂ ਵਿਚ ਭਾਨੇ ਨੂੂੰ ਲੈ ਕੇ ਨਾ ਗਿਆ ਤਾਂ ਭਾਨਾ ਬੱਸ ਚੜ੍ਹ ਕੇ ਪੰਜਾਬੀ ਯੂਨੀਵਰਸਿਟੀ, ਪਟਿਆਲੇ ਜਾ ਵੜਿਆ। ਇਸ `ਤੇ ਉਹਨੂੰ 5000 ਮੀਟਰ ਮੁਕਾਬਲੇ ਵਿਚ ਉਤਾਰਨਾ ਪਿਆ। ਭਾਨੇ ਨੇ ਅਜਿਹੀ ਸ਼ੂਟ ਵੱਟੀ ਕਿ ਉਹਨੇ ਆਪਣੇ ਕਾਲਜ ਦੇ ਦੌੜਾਕ ਸਮੇਤ ਹੋਰਨਾਂ ਨੂੂੰ ਪਛਾੜ ਕੇ ਯੂਨੀਵਰਸਿਟੀ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ; ਉਹ ਵੀ ਯੂਨੀਵਰਸਿਟੀ ਦਾ ਪਿਛਲਾ ਰਿਕਾਰਡ ਤੋੜ ਕੇ।
ਖੈਰ, ਜਦੋਂ 1970 ਵਿਚ ਸੁਨਾਮ ’ਚ ਸ਼ਹੀਦ ਊਧਮ ਸਿੰਘ ਕਾਲਜ ਖੁੱਲ੍ਹਿਆ ਤਾਂ ਭਾਨੇ ਨੇ ਸੈਕਿੰਡ ਈਅਰ ਵਿਚ ਉੱਥੇ ਦਾਖਲਾ ਲੈ ਲਿਆ ਅਤੇ ਰਹਾਇਸ਼ ਇੰਦਰਾ ਬਸਤੀ ਵਿਚ ਆਪਣੇ ਖਾਲੀ ਪਏ ਮਕਾਨ ਵਿਚ ਕਰ ਲਈ। ਇੱਥੇ ਹੀ ਮੇਰੇ ਮਾਮੇ ਲਾਭ ਸਿੰਘ ਬੱਛੋਆਣਾ ਦੀ ਭਾਨੇ ਨਾਲ ਦੋਸਤੀ ਹੋਈ। ਉਹ ਵੀ ਕਬੱਡੀ ਦਾ ਜਾਣਿਆ ਜਾਂਦਾ ਖਿਡਾਰੀ ਤੇ ਅਥਲੀਟ ਸੀ। ਭਾਨੇ ਤੇ ਲਾਭੇ ਦੀ ਜੋੜੀ ਆਪਣੀ ਖੇਡ ਦੇ ਦਮ `ਤੇ ਇਲਾਕੇ ਦੇ ਟੂਰਨਾਮੈਂਟਾਂ ਵਿਚ ਭਰਿਆ ਮੇਲਾ ਲੁੱਟਦੀ ਰਹੀ। ਇਹ ਭਾਨੇ ਤੇ ਲਾਭੇ ਦੀ ਜੋੜੀ ਹੀ ਸੀ ਜਿਹੜੀ ‘ਥਾਣੇਦਾਰ ਦੀ ਢੂਹੀ ‘ਤੇ ਪੋਸਟਰ ਲਾ ਆਉਣ’ ਦਾ ਦਮ ਭਰਦੀ ਸੀ। ਭਾਨਾ ਪੜ੍ਹਾਈ ਵਿਚ ਤਾਂ ਪਿੰਡਾਂ ਦੇ ਮੁੰਡਿਆਂ ਵਰਗਾ ਵਿਚਕਾਰਲਾ ਮੇਲ ਜਿਹਾ ਹੀ ਸੀ ਪਰ ਖੇਡਾਂ ਵਿਚ ਭਾਨੇ ਦਾ ਨਾਂ ਚੱਲਦਾ ਸੀ। ਅਥਲੀਟ ਵਜੋਂ ਉਹ ਬੁਲੰਦੀਆਂ ਛੂਹਣਾ ਚਾਹੁੰਦਾ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਪੁਲੀਸ ਦੇ ਧੱਕੇ ਚੜ੍ਹ ਗਿਆ।
ਅਸਲ ਵਿਚ ਉਹਦੀ ਰਹਾਇਸ਼ ਸ਼ਮਸ਼ੇਰ ਸਿੰਘ ਸ਼ੇਰੀ ਸਮੇਤ ਹੋਰ ਅੰਡਰ-ਗਰਾਊਂਡ ਨਕਸਲੀਆਂ ਦਾ ਅੱਡਾ ਬਣ ਗਈ ਸੀ। ਸ਼ੇਰੀ ਪਹਿਲਾਂ ਤੋਂ ਭਾਨੇ ਦੇ ਮਾਮੇ ਹਰਭਜਨ ਸਿੰਘ ਨੀਰ (ਕਹਾਣੀਕਾਰ) ਅੜਕਵਾਸ ਵਾਲੇ ਦਾ ਦੋਸਤ ਸੀ ਜਿਨ੍ਹਾਂ ਦੇ ਪਿੰਡ ਨਾਲੋ-ਨਾਲ ਸਨ। ਉਹਦੇ ਕਰ ਕੇ ਭਾਨੇ ਦੀ ਵੀ ਸ਼ੇਰੀ ਨਾਲ ਦੋਸਤੀ ਹੋ ਗਈ ਤੇ ਉਹ ਇਨਕਲਾਬੀ ਵਿਚਾਰਾਂ ਦਾ ਹਮਾਇਤੀ ਬਣ ਗਿਆ। ਸ਼ੇਰੀ ਪਹਿਲਾਂ ਪੰਜਾਬ ਸਟੂਡੈਂਟਸ ਯੂਨੀਅਨ ਦਾ ਸੂਬਾਈ ਸਕੱਤਰ ਹੁੰਦਾ ਸੀ, ਬਾਅਦ ਵਿਚ ਪੰਜਾਬ ਅੰਦਰ ਨਕਸਲਬਾੜੀ ਲਹਿਰ ਸ਼ੁਰੂ ਹੋਣ `ਤੇ ਉਹ ਨਕਸਲੀ ਲਹਿਰ ਦਾ ਕੁੱਲਵਕਤੀ ਬਣ ਗਿਆ। ਪੁਲੀਸ ਉਹਦੀ ਭਾਲ ਲਈ ਮਾਰੋ-ਮਾਰ ਕਰਦੀ ਫਿਰ ਰਹੀ ਸੀ ਪਰ ਉਹ 30 ਅਕਤੂਬਰ 2007 ਵਿਚ ਆਪਣੀ ਮੌਤ ਤੱਕ ਪੁਲੀਸ ਦੇ ਹੱਥ ਨਾ ਆਇਆ।
5 ਅਪਰੈਲ 1971 ਦਾ ਦਿਨ ਸੀ ਜਿਸ ਦਿਨ ਕਿਸੇ ਪੋਲੇ ਰੰਗਰੂਟ ਵੱਲੋਂ ਨਾਂ ਲੈਣ `ਤੇ ਪੁਲੀਸ ਨੇ ਭਾਨੇ ਨੂੂੰ ਪਹਿਲੀ ਵਾਰ ਦਬੋਚਿਆ ਸੀ। ਪੁਲੀਸ ਭਾਨੇ ਦੇ ਹੱਡਾਂ ਵਿਚੋਂ ਸ਼ੇਰੀ ਨੂੂੰ ਕੱਢਣਾ ਚਾਹੁੰਦੀ ਸੀ ਪਰ ਭਾਨਾ ਸੀ ਕਿ ਟੱਸ ਤੋਂ ਮੱਸ ਨਹੀਂ ਸੀ ਹੋ ਰਿਹਾ। ਉਹਨੂੰ ਪੰਦਰਾਂ ਦਿਨ ਸੀਆਈਏ ਸਟਾਫ, ਲੱਡਾ ਕੋਠੀ ਰੱਖ ਕੇ ਤਸ਼ੱਦਦ ਦਾ ਹਰ ਢੰਗ ਵਰਤਿਆ ਗਿਆ ਪਰ ਭਾਨੇ ਨੇ ਨਾ ਸ਼ੇਰੀ ਤੇ ਨਾ ਕਿਸੇ ਹੋਰ ਕਾਮਰੇਡ ਦਾ ਥਹੁ-ਪਤਾ ਦੱਸਿਆ। ਉਹ ਇਹ ਮੰਨਦਾ ਰਿਹਾ ਕਿ ਸ਼ੇਰੀ ਹੋਰੀਂ ਉਹਦੇ ਕੋਲ ਆਉਂਦੇ ਨੇ ਪਰ ਨਾਲ ਹੀ ਕਹਿੰਦਾ ਰਿਹਾ, ਤੁਸੀਂ ਫੜ ਲਵੋ ਜੇ ਫੜ ਸਕਦੇ ਹੋ। ਸੁਨਾਮ ਥਾਣੇ ਦੇ ਤਤਕਾਲੀ ਥਾਣੇਦਾਰ ਨੇ ਜ਼ੁਲਮ ਦੀਆਂ ਸਭ ਹੱਦਾਂ ਪਾਰ ਕਰਦੇ ਹੋਏ ਭਾਨੇ ਨੂੰ ਰੇਲਵੇ ਟਰੈਕ `ਤੇ ਲਿਜਾ ਕੇ ਰੇਲਵੇ ਲਾਈਨ ਵਿਚ ਵਿਛਾਏ ਵੱਟਿਆਂ ਨਾਲ ਭਾਨੇ ਦਾ ਸਿਰ ਭੰਨ ਸੁੱਟਿਆ। ਇਨ੍ਹਾਂ ਸੱਟਾਂ ਦੀ ਰੜਕ ਭਾਨੇ ਨੂੰ ਸਿਰ ਵਿਚ ਅੱਜ ਵੀ ਮਹਿਸੂਸ ਹੁੰਦੀ ਹੈ। ਡੀਐੱਸਪੀ ਸਿਕੰਦਰ ਸਿੰਘ ਨੇ ਤਸ਼ੱਦਦ ਤੋਂ ਬਾਅਦ ਪਲੋਸਦੇ ਹੋਏ ਭਾਨੇ ਨੂੰ ਕਿਹਾ ਸੀ ਕਿ ਜੇ ਉਹਦੇ ਕੋਲ ਸ਼ੇਰੀ ਆਉਂਦਾ ਹੈ ਤਾਂ ਤੂੰ ਉਹਨੂੰ ਫੜਾ ਕੇ ਆਪਣਾ ਬਚਾ ਕਿਉਂ ਨਹੀਂ ਲੈਂਦਾ? ਭਾਨਾ ਕਹਿੰਦਾ- ਗ਼ੱਦਾਰੀ ਨਹੀਂ ਕਰ ਸਕਦਾ।
ਜਦੋਂ ਪੁਲੀਸ ਭਾਨੇ ਨੂੂੰ ਝੁਕਾ ਨਾ ਸਕੀ ਤਾਂ ਉਹਨੂੰ ਛੱਡ ਦਿੱਤਾ ਗਿਆ ਪਰ ਭਾਨੇ `ਤੇ ਜ਼ੁਲਮ ਦੀ ਕਹਾਣੀ ਇੱਥੇ ਹੀ ਸਮਾਪਤ ਨਹੀਂ ਹੁੰਦੀ। ਹੁਣ ਜਦੋਂ ਵੀ ਇਲਾਕੇ ਵਿਚ ਕਿਧਰੇ ਨਕਸਲੀ ਵਾਰਦਾਤ ਹੁੰਦੀ ਤਾਂ ਪੁਲੀਸ ਭਾਨੇ ਨੂੂੰ ਚੁੱਕ ਲੈਂਦੀ ਤੇ ਮੁੜ ਮੁੜ ਤਸ਼ੱਦਦ ਢਾਹੁੰਦੀ। ਛਾਜਲੀ ਦੇ ਮਹੰਤ ਨੂੂੰ ਮਾਰਨ ਦੀ ਵਾਰਦਾਤ ਹੋਵੇ, ਜਾਖਲ `ਚ ਕਤਲ ਹੋਵੇ ਜਾਂ ਕੋਈ ਹੋਰ ਵਾਰਦਾਤ ਹੋਵੇ, `ਕੱਠ ਭਾਨੇ ਦੀ ਭੂਰੀ `ਤੇ ਹੁੰਦਾ। ਜਾਖਲ ਵਾਲੀ ਵਾਰਦਾਤ ਤੋਂ ਬਾਅਦ ਹਿਸਾਰ (ਹਰਿਆਣਾ) ਪੁਲੀਸ ਵੱਲੋਂ ਚੁੱਕੇ ਜਾਣ `ਤੇ ਭਾਨਾ ਪੁਲੀਸ ਅਧਿਕਾਰੀ ਚੌਧਰੀ ਕਿਹਰ ਸਿੰਘ ਨੂੰ ਲਲਕਾਰ ਕੇ ਕਹਿਣ ਲਈ ਮਜਬੂਰ ਹੋਇਆ ਸੀ ਕਿ ਤੁਸੀਂ ਜਾਣ ਦਿਓ, ਮੈਂ ਅੱਕਿਆ ਪਿਆਂ, ਕੁਝ ਹੋਰ ਨਾ ਕਰਨਾ ਪੈ ਜਾਵੇ। ਭਾਨਾ ਨਕਸਲੀ ਕਾਰਕੁਨ ਮਿਹਰ ਸਿੰਘ ਮੰਡਵੀ ਨੂੂੰ ਪੁਲੀਸ ਵੱਲੋਂ ਸੁਨਾਮ ਥਾਣੇ ਵਿਚੋਂ ਕੱਢ ਕੇ ਝੂਠੇ ਪੁਲੀਸ ਮੁਕਾਬਲੇ ਵਿਚ ਮਾਰਨ ਦਾ ਚਸ਼ਮਦੀਦ ਗਵਾਹ ਹੈ। ਪੁਲੀਸ ਉਹਨੂੰ ਉਹਦੇ ਕੋਲੋਂ ਸੁਨਾਮ ਥਾਣੇ ਦੀ ਹਵਾਲਾਤ ਵਿਚੋਂ ਕੱਢ ਕੇ ਲੈ ਕੇ ਗਈ ਸੀ। ਭਾਨੇ ਨੂੰ ਪੁਲੀਸ ਨੇ ਕਿੰਨੇ ਵਾਰ ਚੁੱਕਿਆ ਤੇ ਕਿੰਨੇ ਥਾਣਿਆਂ ਵਿਚ ਰੱਖਿਆ, ਇਹ ਤਾਂ ਹੁਣ ਭਾਨੇ ਨੂੰ ਵੀ ਯਾਦ ਨਹੀਂ।
ਅੱਜ ਵੀ ਭਾਨੇ ਨੂੰ ਕਾਮਰੇਡਾਂ ਨਾਲ ਸੰਗਤ ਰੱਖਣ ਅਤੇ ਤਸ਼ੱਦਦ ਝੱਲਣ ਦਾ ਕੋਈ ਮਲਾਲ ਨਹੀਂ। 30 ਅਕਤੂਬਰ 2022 ਨੂੰ ਕਾਮਰੇਡ ਸ਼ਮਸ਼ੇਰ ਸ਼ੇਰੀ ਦੀ 15ਵੀਂ ਬਰਸੀ ਮੌਕੇ ਪਿੰਡ ਖੋਖਰ ਵਿਚ ਭਗਵਾਨ ਸਿੰਘ ਭਾਨੇ ਨੂੰ ਸਨਮਾਨਿਤ ਕੀਤਾ ਜਾਵੇਗਾ।
ਸੰਪਰਕ: 94175-88616