ਕੁਲਦੀਪ ਸਿੰਘ ਧਨੌਲਾ
ਫੋਨ ਕਰਨ ਵਾਲੇ ਨੇ ਜਦੋਂ ਇਕੋ ਸਾਹੇ ਕਈ ਸਵਾਲ ਦਾਗ ਦਿੱਤੇ ਸਨ; “ਤੁਸੀਂ ਕੁਲਦੀਪ ਸਿੰਘ ਬੋਲ ਰਹੇ ਹੋ? ਤੁਹਾਡਾ ਲੋਹਗੜ੍ਹ (ਜ਼ੀਰਕਪੁਰ) ਗੋਲਡਨ ਐਨਕਲੇਵ ਵਿਚ ਪਲਾਟ ਹੈ?” ਮੈਂ ਪੁੱਛਿਆ ਕਿ ਕੌਣ ਅਤੇ ਕਿੱਥੋਂ ਬੋਲ ਰਿਹਾ ਹੈ? ਜਵਾਬ ਆਇਆ, “ਥਾਣੇ ਤੋਂ ਬੋਲ ਰਿਹਾਂ।” ਇਸ ਤੋਂ ਪਹਿਲਾਂ ਕਿ ਮੈਂ ਆਪਣੇ ਮਨ ਉਤੇ ਬੋਝ ਪਾਉਂਦਾ ਕਿ ਥਾਣੇ ਕਿਉਂ ਬੁਲਾਇਆ ਜਾ ਰਿਹੈ, ਉਹਨੇ ਆਪ ਹੀ ਦੱਸ ਹੀ ਦਿੱਤਾ, “ਤੁਹਾਡੇ ਪਲਾਟ ’ਤੇ ਪੰਜ ਲੱਖ ਦੀ ਠੱਗੀ ਵੱਜ ਗਈ ਹੈ। ਤੁਸੀਂ ਆਪਣੇ ਕਾਗਜ਼-ਪੱਤਰ ਲੈ ਕੇ ਥਾਣੇ ਆਓ।”
ਗੱਲ ਨਵੇਂ ਚੜ੍ਹੇ ਸਾਲ ਦੇ ਪਹਿਲੇ ਮਹੀਨੇ ਦੀ ਹੈ। ਛੁੱਟੀ ਵਾਲਾ ਦਿਨ ਹੋਣ ਕਰਕੇ ਮੈਂ ਦਾੜ੍ਹੀ ਉਤੇ ਮਹਿੰਦੀ ਲਾਈ ਬੈਠਾ ਸਾਂ, ਇਸ ਲਈ ਫੋਨ ਵਾਲੇ ਨੂੰ ਆਖ ਦਿੱਤਾ ਕਿ ਅੱਧਾ-ਪੌਣਾ ਘੰਟਾ ਲੱਗ ਜਾਣਾ ਹੈ। ਅਗਾਂਹ ਉਹ ਵੀ ਕਾਹਲ ਵਿਚ ਨਹੀਂ ਸੀ, “ਕੋਈ ਗੱਲ ਨਹੀਂ, ਘੰਟੇ ਕੁ ਤਕ ਆ ਜਾਣਾ, ਹੁਣ ਤਾਂ ਦੁਪਹਿਰ ਵਾਲੇ ਖਾਣੇ ਦਾ ਟਾਈਮ ਵੀ ਹੋ ਰਿਹਾ ਹੈ।” ਹਰਿਆਣਵੀ ਪੁਲੀਸ ਮੁਲਾਜ਼ਮ ਬੜੇ ਠਰੰਮੇ ਨਾਲ ਬੋਲ ਰਿਹਾ ਸੀ।
ਜਦੋਂ ਅਸੀਂ ਕਾਗਜ਼-ਪੱਤਰ ਲੈ ਕੇ ਥਾਣੇ ਪਹੁੰਚੇ ਤਾਂ ਸ਼ਿਕਾਇਤਕਰਤਾ ਉਦੋਂ ਤਕ ਜਾ ਚੁੱਕਿਆ ਸੀ। ਪੁਲੀਸ ਅਧਿਕਾਰੀ ਕੋਲ ਐੱਸਐੱਸਪੀ ਦਫ਼ਤਰੋਂ ਆਈ ਲੰਮੀ-ਚੌੜੀ ਸ਼ਿਕਾਇਤ ਵਾਲੀ ਫਾਈਲ ਪਈ ਸੀ। ਉਹਨੇ ਸਾਡੇ ਕਾਗਜ਼-ਪੱਤਰ ਦੇਖੇ, ਫਿਰ ਦੱਸਿਆ: ਸ਼ਿਕਾਇਤਕਰਤਾ ਨੇ ਲਿਖਿਆ ਹੈ ਕਿ ਕਰੋਨਾ ਕਾਲ ਦੌਰਾਨ ਉਸ ਨਾਲ ਤੁਹਾਡੇ ਪਲਾਟ ਪਿੱਛੇ 5 ਲੱਖ ਦੀ ਠੱਗੀ ਵੱਜੀ ਹੈ। ਹੋਇਆ ਇਸ ਤਰ੍ਹਾਂ ਕਿ ਕਰੋਨਾ ਵੇਲੇ ਠੱਗ ਨੇ ਉਹਨੂੰ ਸਾਡਾ ਪਲਾਟ ਦਿਖਾ ਕੇ ਉਹਦੀ ‘ਤਸੱਲੀ’ ਕਰਵਾ ਦਿੱਤੀ। ਕੋਈ ਫ਼ਰਦ ਨਹੀਂ ਦਿਖਾਈ, ਬੱਸ ਗੱਲੀਂ-ਬਾਤੀਂ ਹੀ ਅਗਲੇ ਦੀ ਮੱਤ ਮਾਰ ਛੱਡੀ। ਉਹ ਬੰਦਾ ਠੱਗ ਦੀਆਂ ਗੱਲਾਂ ਵਿਚ ਆ ਗਿਆ। ਆਲੇ-ਦੁਆਲੇ ਦੀਆਂ ਦੋਵੇਂ ਕੰਧਾਂ ਉਤੇ ਲਿਖੇ ਸਾਡੇ ਫੋਨ ਨੰਬਰਾਂ ਉਤੇ ਪਹਿਲਾਂ ਹੀ ਕਾਲਾ ਰੰਗ ਕੀਤਾ ਹੋਇਆ ਸੀ। ਇਹ ਸਭ ਦੇਖ ਕੇ ਵੀ ਉਹਦਾ ਮੱਥਾ ਨਾ ਠਣਕਿਆ।
ਸ਼ਿਕਾਇਤਕਰਤਾ ਨੇ ਆਪਣੀ ਸਿ਼ਕਾਇਤ ਵਿਚ ਲਿਖਿਆ ਸੀ ਕਿ ਪਲਾਟ ਦਿਖਾਉਣ ਤੋਂ ਕੁਝ ਦਿਨ ਬਾਅਦ ਠੱਗ ਨੇ ਇਲਾਂਟੇ ਮਾੱਲ ਕੋਲ ਬੁਲਾ ਕੇ ਉਨ੍ਹਾਂ ਕੋਲੋਂ ਪੰਜ ਲੱਖ ਰੁਪਏ ਲੈ ਲਏ, ਉਨ੍ਹਾਂ ਦਾ ਯਕੀਨ ਬੰਨ੍ਹਾਉਣ ਲਈ ਦੋ ਖਾਲੀ ਚੈੱਕ ਵੀ ਫੜਾ ਦਿੱਤੇ ਤੇ ਐਵੇਂ ਲਿਖਤ ਜਿਹੀ ਵੀ ਕਰਵਾ ਦਿੱਤੀ। ਇਸ ਦੀ ਪੋਲ ਉਸ ਵੇਲੇ ਖੁੱਲ੍ਹੀ ਜਦੋਂ ਰਜਿਸਟਰੀ ਕਰਵਾਉਣ ਲਈ ਜ਼ੋਰ ਪਾਉਣ ’ਤੇ ਉਹ ਫੋਨ ਚੁੱਕਣੋਂ ਹੀ ਹਟ ਗਿਆ। ਸ਼ੱਕ ਪੈਣ ਉਤੇ ਖ਼ਰੀਦਦਾਰ ਉਹਦੇ ਦਫ਼ਤਰ ਗਿਆ। ਪਤਾ ਲੱਗਿਆ ਕਿ ਉਹ ਤਾਂ ਵੀਆਰਐੱਸ ਲੈ ਚੁੱਕਿਆ ਹੈ। ਕੁਝ ਜਣਿਆਂ ਨੇ ਇਹ ਵੀ ਪੁੱਛਿਆ, “ਤੁਸੀਂ ਕਿਤੇ ਉਹਦੇ ਜਾਲ ਵਿਚ ਤਾਂ ਨਹੀਂ ਫਸ ਗਏ।” ਜਿੰਨੇ ਮੂੰਹ ਓਨੀਆਂ ਗੱਲਾਂ! ਉਸ ਬਾਰੇ ਠੱਗੀ-ਠੋਰੀਆਂ ਵਾਲੀਆਂ ਗੱਲਾਂ ਸੁਣ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹ ਘਰ ਆਉਣ ਦੀ ਥਾਂ ਸਿੱਧਾ ਪਲਾਟ ਵਾਲੀ ਥਾਂ ਚਲਾ ਗਿਆ। ਕੁਝ ਸਮਾਂ ਗੁੰਮ-ਸੁੰਮ ਜਿਹਾ ਉਥੇ ਘੁੰਮਦਾ ਰਿਹਾ, ਆਖ਼ਿਰ ਸਾਹਮਣੇ ਵਾਲੇ ਘਰ ਦੀ ਘੰਟੀ ਵਜਾ ਦਿੱਤੀ। ਇਕ ਬਜ਼ੁਰਗ ਦੇ ਬਾਹਰ ਆਉਣ ’ਤੇ ਪੁੱਛਿਆ, “ਇਹ ਪਲਾਟ ਕਿਸ ਦਾ ਹੈ ਭਲਾ?” ਬਜ਼ੁਰਗ ਨੇ ਉਹਨੂੰ ਸਾਡੇ ਘਰ ਦਾ ਪਤਾ ਅਤੇ ਫੋਨ ਨੰਬਰ ਵਗੈਰਾ ਦੇਣ ਤੋਂ ਇਲਾਵਾ ਸਾਡੇ ਬਾਰੇ ਹੋਰ ਜਾਣਕਾਰੀ ਵੀ ਮੁਹੱਈਆ ਕਰਵਾ ਦਿੱਤੀ। ਉਹਨੇ ਬਜ਼ੁਰਗ ਨਾਲ ਆਪਣੇ ਨਾਲ ਹੋਈ ਠੱਗੀ ਬਾਰੇ ਕੋਈ ਗੱਲ ਨਾ ਕੀਤੀ। ਥਾਣੇ ਆ ਕੇ ਜਾਂਚ ਅਧਿਕਾਰੀ ਨੂੰ ਸਾਡਾ ਅਤਾ-ਪਤਾ ਦੱਸ ਦਿੱਤਾ ਕਿ ਹੋ ਸਕਦੈ, ਕਹਾਣੀ ਕਿਸੇ ਰਾਹ ਪੈ ਜਾਵੇ।
ਇਹ ਆਮ ਹੀ ਹੈ ਕਿ ਨੁਕਸਾਨ ਭਾਵੇਂ 50 ਹਜ਼ਾਰ ਰੁਪਏ ਦਾ ਹੋਇਆ ਹੋਵੇ, ਬੰਦਾ ਸ਼ਿਕਾਇਤ ਲਿਖਾਉਣ ਵੇਲੇ ਵਧਾ-ਚੜ੍ਹਾ ਕੇ ਦੱਸਦਾ ਹੈ। ਇਸੇ ਤਰ੍ਹਾਂ ਦੀ ਗੱਲ ਸ਼ਿਕਾਇਤਕਰਤਾ ਨੇ ਕੀਤੀ। ਜਦੋਂ ਪੁਲੀਸ ਅਫਸਰ ਨੇ ਆਪਣੇ ਫੋਨ ਉਤੇ ਠੱਗੀ ਦਾ ਸ਼ਿਕਾਰ ਹੋਏ ਸ਼ਖ਼ਸ ਨਾਲ ਮੇਰੀ ਗੱਲ ਕਰਵਾਈ ਤਾਂ ਉਹਨੇ ਦੱਸਿਆ ਕਿ ਸੌਦਾ 45 ਲੱਖ ਰੁਪਏ ਦਾ ਹੋਇਆ ਸੀ, 5 ਲੱਖ ਰੁਪਏ ਉਹ ਨਕਦ ਲੈ ਗਿਆ ਹੈ। ਮੈਂ ਉਹਦੀ ਗੱਲ ਵਿਚੋਂ ਟੋਕ ਕੇ ਕਿਹਾ, “ਫਿਰ ਤਾਂ ਕੋਈ ਝਮੇਲਾ ਹੀ ਨਹੀਂ, ਤੁਹਾਡਾ ਮਸਲਾ ਤਾਂ ਹੱਲ ਹੋ ਗਿਆ… 5 ਲੱਖ ਉਹ ਤੁਹਾਡੇ ਕੋਲੋਂ ਲੈ ਗਿਆ, ਤੁਸੀਂ ਰਹਿੰਦਾ 40 ਲੱਖ ਸਾਨੂੰ ਦਿਓ ਤੇ ਸਵੇਰੇ ਰਜਿਸਟਰੀ ਕਰਵਾ ਲਓ।” ਗੱਲ ਅਸਲ ਵਿਚ ਹੋਰ ਸੀ। ਠੱਗ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਮਾਲਕਾਂ ਨੂੰ ਰਕਮ ਦੀ ਸਖ਼ਤ ਜ਼ਰੂਰਤ ਹੈ, ਜੇ ਛੇਤੀ ਰਜਿਸਟਰੀ ਕਰਵਾ ਲਓਗੇ ਤਾਂ 20-22 ਲੱਖ ਰੁਪਏ ਵਿਚ ਹੀ ਸੌਦਾ ਕਰਵਾ ਦੇਵੇਗਾ। ਇਸੇ ਲਾਲਚ ਵਿਚ ਆ ਕੇ ਉਹ ਉਹਦੀਆਂ ਲੂੰਬੜ ਚਾਲਾਂ ਵਿਚ ਫਸ ਗਏ।
ਖ਼ੈਰ! ਜਾਂਚ ਅਫਸਰ ਅਤੇ ਸ਼ਿਕਾਇਤਕਰਤਾ ਨੂੰ ਅਸੀਂ ਭਰੋਸਾ ਦਿੱਤਾ ਕਿ ਅਸੀਂ ਬਣਦੀ ਇਮਦਾਦ ਲਈ ਤਿਆਰ ਹਾਂ। ਜਾਂਚ ਅਫਸਰ ਨੇ ਸਾਡੇ ਕਾਗਜ਼ਾਂ ਦੀਆਂ ਕਾਪੀਆਂ ਸ਼ਿਕਾਇਤਕਰਤਾ ਦੀ ਅਰਜ਼ੀ ਨਾਲ ਨੱਥੀ ਕਰਦਿਆਂ ਸਾਡੇ ਦਸਤਖ਼ਤ ਵਗੈਰਾ ਕਰਵਾ ਕੇ ਸਾਨੂੰ ਤਾਂ ਆਖ ਦਿੱਤਾ ਕਿ ਅਸੀਂ ਘਰ ਜਾਈਏ।
ਬਾਅਦ ’ਚ ਸ਼ਿਕਾਇਤਕਰਤਾ ਨੂੰ ਫੋਨ ’ਤੇ ਪੁੱਛਿਆ, “ਤੁਸੀਂ ਲਾਰੇ ਵਿਚ ਕਿਸ ਤਰ੍ਹਾਂ ਆ ਗਏ, ਨਾ ਕੋਈ ਫ਼ਰਦ, ਨਾ ਮਾਲਕ ਨਾਲ ਗੱਲ ਕਰਵਾਈ?” ਉਹਦਾ ਜਵਾਬ ਸੀ, “ਇਸ ਬੰਦੇ ਨੇ ਇਸੇ ਕਲੋਨੀ ਵਿਚ ਪਹਿਲਾਂ ਕਈ ਬੰਦਿਆਂ ਨੂੰ ਪਲਾਟ ਦਿਵਾਏ ਸਨ। ਜਾਣ-ਪਛਾਣ ਦੇ ਬੰਦੇ ਕਾਰਨ ਸਾਡੇ ਤਾਂ ਦਿਮਾਗ ਉਤੇ ਠੀਕਰਾ ਮੂਧਾ ਵੱਜ ਗਿਆ ਤੇ ਉਹਦੀਆਂ ਗੱਲਾਂ ਵਿਚ ਆ ਕੇ ਰਗੜੇ ਗਏ।” ਜੇ ਕਿਤੇ ਉਹਨੇ ਸਾਹਮਣੇ ਵਾਲੇ ਘਰ ਦੀ ਘੰਟੀ ਪਹਿਲੇ ਦਿਨ ਹੀ ਵਜਾਈ ਹੁੰਦੀ ਤਾਂ ਸ਼ਾਇਦ ਠੱਗੀ ਨਾ ਵੱਜਦੀ।
ਸੰਪਰਕ: 94642-91023