ਪ੍ਰੀਤਮਾ ਦੋਮੇਲ
ਮੇਰੀਆਂ ਭੈਣਾਂ- ਜੀਤ ਤੇ ਮੀਤ ਆਪੋ-ਆਪਣੇ ਘਰੀਂ ਸੁਖੀ ਵੱਸਦੀਆਂ ਹਨ। ਉਂਜ ਤਾਂ ਉਨ੍ਹਾਂ ਨੂੰ ਜਿ਼ੰਦਗੀ ਦੀ ਹਰ ਛੋਟੀ ਵੱਡੀ ਚੀਜ਼ ਵਿਚ ਦਿਲਚਸਪੀ ਹੈ ਪਰ ਉਹ ਵੇਲਾਂ-ਬੂਟਿਆਂ ਦੀਆਂ ਬਹੁਤੀਆਂ ਸ਼ੌਕੀਨ ਨਹੀਂ। ਇਕ ਦਿਨ ਮੀਤ ਭੈਣ ਆਪਣੀ ਕਿਸੇ ਸਹੇਲੀ ਨੂੰ ਮਿਲਣ ਉਸ ਦੇ ਘਰ ਗਈ। ਡਰਾਇੰਗ ਰੂਮ ਵਿਚ ਹਰੇ ਭਰੇ ਪੱਤਿਆਂ ਵਾਲਾ ਮਨੀ ਪਲਾਂਟ ਦੇਖ ਕੇ ਪੁੱਛਣ ਲੱਗੀ, “ਕਿਉਂ ਬਈ, ਇਹ ਮਨੀ ਪਲਾਂਟ ਸਿਰਫ ਨਾਂ ਦਾ ਹੀ ਹੈ ਜਾਂ ਮਨੀ (ਪੈਸਾ-ਧੇਲਾ) ਵੀ ਲਿਆਉਂਦਾ ਹੈ।” ਸਹੇਲੀ ਨੇ ਹੱਸ ਕੇ ਕਿਹਾ, “ਲੈ ਹੋਰ! ਮਨੀ ਤਾਂ ਆਉਂਦੀ ਹੀ ਹੈ। ਹਰ ਮਹੀਨੇ ‘ਇਨ੍ਹਾਂ’ ਨੂੰ ਤਨਖ਼ਾਹ ਮਿਲ ਜਾਂਦੀ ਹੈ। ਐੱਫਡੀ ਦਾ ਵਿਆਜ ਆ ਜਾਂਦਾ, ਤੇ ਹਰ ਛੇ ਮਹੀਨੇ ਬਾਅਦ ਜ਼ਮੀਨ ਦਾ ਠੇਕਾ ਵੀ ਮਿਲ ਜਾਂਦਾ।”
“ਪਰ ਇਸ ਵਿਚ ਇਸ ਮਨੀ ਪਲਾਂਟ ਦਾ ਕੀ ਹਿੱਸਾ? ਨੌਕਰੀ ਕਰਨ ਵਾਲੇ ਨੂੰ ਤਨਖ਼ਾਹ ਤਾਂ ਹਰ ਮਹੀਨੇ ਮਿਲਦੀ ਹੀ ਹੈ। ਬੈਂਕ ਵਾਲਿਆਂ ਨੇ ਵੀ ਐੱਫਡੀ ਦੀਆਂ ਸ਼ਰਤਾਂ ਮੁਤਾਬਿਕ ਬਣਦਾ ਸੂਦ ਦੇਣਾ ਹੀ ਹੈ। ਬਾਕੀ, ਠੇਕੇ ਦੀ ਰਕਮ ਵੀ ਅਗਲਿਆਂ ਨੇ ਦੇਣੀ ਹੀ ਹੁੰਦੀ ਹੈ। ਤੁਸੀਂ ਐਵੇਂ ਈ ਮਨੀ ਪਲਾਂਟ ਦੇ ਬੱਚੇ ਨੂੰ ਚਨੇ ਦੇ ਝਾੜ ਤੇ ਚੜ੍ਹਾਈ ਜਾਂਦੇ ਹੋ।”
“ਨਹੀਂ ਇਹ ਗੱਲ ਨਹੀਂ। ਪ੍ਰਾਈਵੇਟ ਕੰਪਨੀ ਦੀ ਨੌਕਰੀ ਹੈ, ਮੰਦਾ ਲੱਗਿਆ ਰਹਿੰਦਾ। ਕੰਪਨੀ ਭਾਵੇਂ ਅੱਜ ਬੰਦ ਹੋ ਜਾਵੇ ਪਰ ਜਦ ਤੋਂ ਇਹ ਭਲਾਮਾਨਸ ਸਾਡੇ ਘਰ ਆਇਆ ਹੈ, ਸਭ ਕੁਝ ਠੀਕ ਚੱਲ ਰਿਹਾ ਹੈ। ਐੱਫਡੀ ਦਾ ਵਿਆਜ ਵੀ ਤਾਂ ਹੀ ਮਿਲੇਗਾ, ਜੇ ਤੁਹਾਡੇ ਕੋਲ ਐੱਫਡੀ ਕਰਾਉਣ ਜੋਗੇ ਪੈਸੇ ਹੋਣਗੇ। … ਇਹ ਠੇਕੇ ਵਾਲੇ ਪਤੈ ਅੱਜ ਕੱਲ੍ਹ ਕਿਵੇਂ ਰੋ ਰੋ ਕੇ ਪੈਸੇ ਦਿੰਦੇ ਹਨ!… ਸ਼ੁਕਰ ਹੈ, ਜਦ ਤੋਂ ਇਹ ਮਨੀ ਪਲਾਂਟ ਘਰੇ ਲਿਆਂਦਾ ਹੈ, ਸਭ ਕੁਝ ਠੀਕ ਹੈ। ਜਦ ਇਸ ਦਾ ਕੋਈ ਨਵਾਂ ਪੱਤਾ ਨਿਕਲਦਾ ਹੈ ਤਾਂ ਘਰ ਵਿਚ ਬੜਾ ਕੁਝ ਚੰਗਾ ਚੰਗਾ ਹੋ ਜਾਂਦਾ।” ਸਹੇਲੀ ਨੇ ਖੁਸ਼ ਹੋ ਕੇ ਕਿਹਾ।
ਮੀਤ ਭੈਣ ਨੇ ਭਾਵੇਂ ਉਸ ਦੀ ਗੱਲ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ ਪਰ ਉਸ ਨੇ ਹੱਸ ਕੇ ਆਪਣੀ ਸਹੇਲੀ ਨੂੰ ਕਿਹਾ, “ਚੰਗਾ ਫੇਰ ਅੜੀਏ ਮੈਨੂੰ ਵੀ ਮੰਗਵਾਂ ਦੇ ਛੋਟਾ ਮੋਟਾ ਮਨੀ ਪਲਾਂਟ, ਮੇਰੇ ਵੀ ਕਈ ਕੰਮ ਵਿਗੜੇ ਪਏ ਹਨ।”
ਅਗਲੇ ਦਿਨ ਮੀਤ ਭੈਣ ਦੇ ਘਰ ਸਾਫ ਸੁਥਰੇ ਗਮਲੇ ਵਿਚ ਮਨੀ ਪਲਾਂਟ ਦਾ ਛੋਟਾ ਜਿਹਾ ਪੌਦਾ ਆ ਗਿਆ। ਜੀਤ ਭੈਣ ਨਾਲ ਜਦ ਗੱਲ ਹੋਈ ਤਾਂ ਉਸ ਨੇ ਵੀ ਕਿਹਾ, “ਅਗਰ ਮਨੀ ਪਲਾਂਟ ਇੱਦਾਂ ਪੈਸੇ ਲਿਆਉਂਦਾ ਤੇ ਕੰਮ ਸੁਆਰਦਾ ਤਾਂ ਮੈਂ ਵੀ ਅੱਜ ਹੀ ਮਨੀ ਪਲਾਂਟ ਮੰਗਵਾਉਂਦੀ ਹਾਂ। ਸਾਨੂੰ ਨਾ ਅੱਜ
ਕੱਲ੍ਹ ਪੈਸਿਆਂ ਦੀ ਬਹੁਤ ਲੋੜ ਹੈ।”… ਤੇ ਜੀਤ ਭੈਣ ਨੇ ਵੀ ਮਨੀ ਪਲਾਂਟ ਮੰਗਵਾ ਲਿਆ।
ਕੁਝ ਦਿਨਾਂ ਬਾਅਦ ਮੀਤ ਭੈਣ ਦੇ ਮਨੀ ਪਲਾਂਟ ਉੱਤੇ ਨਿੱਕਾ ਜਿਹਾ ਪਿਆਰਾ ਪਿਆਰਾ ਕੂਲਾ ਜਿਹਾ ਪੱਤਾ ਫੁੱਟ ਪਿਆ। ਦੋ ਚਾਰ ਦਿਨਾਂ ਬਾਅਦ ਹੀ ਉਸ ਨੂੰ ਖੁਸ਼ਖਬਰੀ ਮਿਲ ਗਈ। ਉਸ ਦੀ ਵੱਡੀ ਧੀ ਦੀ ਸ਼ਾਦੀ ਨੂੰ 12 ਸਾਲ ਹੋ ਗਏ ਸਨ ਪਰ ਅਜੇ ਤੱਕ ਔਲਾਦ ਦਾ ਸੁਖ ਪ੍ਰਾਪਤ ਨਹੀਂ ਸੀ ਹੋਇਆ, ਹੁਣ ਉਮੀਦ ਹੋ ਗਈ ਸੀ। ਜੀਤ ਭੈਣ ਨੇ ਵੀ ਜਦ ਇਹ ਖਬਰ ਸੁਣੀ ਤਾਂ ਮੀਤ ਭੈਣ ਨੂੰ ਵਧਾਈ ਦਿੱਤੀ ਤੇ ਦੱਸਿਆ ਕਿ ਉਸ ਦੇ ਮਨੀ ਪਲਾਂਟ ਤੇ ਵੀ ਇਕ ਨਵਾਂ ਪੱਤਾ ਉੱਗ ਪਿਆ ਹੈ, ਦੇਖੋ ਉਹ ਉਨ੍ਹਾਂ ਨੂੰ ਕੀ ਤੋਹਫਾ ਦਿੰਦਾ ਹੈ!
ਅਗਲੇ ਦਿਨ ਹੀ ਜੀਤ ਭੈਣ ਦੀ ਮੋਟਰ ਸੜ ਗਈ ਤੇ ਠੀਕ ਕਰਾਉਣ ਤੇ ਕਈ ਹਜ਼ਾਰ ਰੁਪਏ ਲੱਗ ਗਏ। ਦੋ ਤਿੰਨ ਦਿਨ ਬਾਅਦ ਉਹ ਚੁੱਲ੍ਹੇ ਅੱਗੇ ਬੈਠੀ ਸਾਗ ਬਣਾ ਰਹੀ ਸੀ ਕਿ ਅਣਗਹਿਲੀ ਵਿਚ ਚੁੰਨੀ ਨੂੰ ਅੱਗ ਪੈ ਗਈ ਤੇ ਉਹ ਜਲ ਗਈ। ਜ਼ਖ਼ਮ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਸੀ ਹੋਏ ਕਿ ਲੱਤ ਤੇ ਸੱਟ ਲੱਗ ਗਈ। ਕਈ ਦਿਨ ਹਸਪਤਾਲ ਰਹੀ। ਲੱਤ ਠੀਕ ਹੁੰਦਿਆਂ ਕਈ ਮਹੀਨੇ ਲੱਗ ਗਏ। ਹਸਪਤਾਲ ਤੋਂ ਘਰ ਆਈ ਨੂੰ ਅਜੇ ਥੋੜ੍ਹੇ ਦਿਨ ਹੀ ਹੋਏ ਸਨ ਕਿ ਇਕ ਰਾਤ ਉਹ ਸੁੱਤਿਆਂ ਬੈੱਡ ਤੋਂ ਹੇਠਾਂ ਡਿੱਗ ਪਈ। ਜੀਤ ਭੈਣ ਸੁੱਖ ਨਾਲ ਕਾਫੀ ਭਾਰੀ ਹੈ, ਉਸ ਦੀ ਸੱਜੀ ਬਾਂਹ ਤੇ ਸੱਟ ਲੱਗ ਗਈ। ਮਾਲਿਸ਼ ਕਰਕੇ ਤੇ ਸੇਕ ਦਿੰਦਿਆਂ ਕਾਫੀ ਵਕਤ ਉਹਨੂੰ ਠੀਕ ਹੋਣ ਲਈ ਲੱਗ ਗਿਆ। ਇਨ੍ਹਾਂ ਸਾਰੀਆਂ ਮੁਸੀਬਤਾਂ ਤੋਂ ਬਾਅਦ ਜਦ ਇਕ ਦਿਨ ਅਚਾਨਕ ਉਹਦਾ ਧਿਆਨ ਆਪਣੇ ਮਨੀ ਪਲਾਂਟ ਵੱਲ ਗਿਆ ਤਾਂ ਉਸ ਨੇ ਦੇਖਿਆ ਕਿ ਉਸ ਤੇ ਕਈ ਨਵੇਂ ਪੱਤੇ ਨਿਕਲ ਆਏ ਸਨ ਤੇ ਕਾਫੀ ਵੱਡੇ ਵੀ ਹੋ ਗਏ ਸਨ।
ਮੈਂ ਤੇ ਮੀਤ ਭੈਣ ਉਹਦਾ ਹਾਲ ਪੁੱਛਣ ਗਈਆਂ ਤਾਂ ਮੀਤ ਭੈਣ ਨੇ ਦੱਸਿਆ ਕਿ ਜਦ ਉਹਦੇ ਮਨੀ ਪਲਾਂਟ ਤੇ ਦੂਜਾ ਪੱਤਾ ਫੁੱਟਿਆ ਸੀ ਤਾਂ ਉਸ ਦਾ ਇਨਕਰੀਮੈਂਟ ਦਾ ਜਿਹੜਾ ਕੇਸ ਕਈ ਸਾਲਾਂ ਤੋਂ ਲਟਕਿਆ ਹੋਇਆ ਸੀ, ਉਸ ਦਾ ਫੈਸਲਾ ਉਸ ਦੇ ਹੱਕ ਵਿਚ ਹੋ ਗਿਆ, ਤੇ ਉਹਨੂੰ ਕਈ ਹਜ਼ਾਰ ਦਾ ਬਕਾਇਆ ਮਿਲ ਗਿਆ।
ਮੈਂ ਜੀਤ ਭੈਣ ਨੂੰ ਪੁੱਛਿਆ ਕਿ ਉਹਦੇ ਮਨੀ ਪਲਾਂਟ ਦਾ ਕੀ ਹਾਲ ਹੈ? ਸੁਣ ਕੇ ਉਹ ਗੁੱਸੇ ਨਾਲ ਬੋਲੀ, “ਹਾਲ ਤੁਹਾਡੇ ਸਾਹਮਣੇ ਹੀ ਹੈ। ਤਿੰਨ ਪੱਤੇ ਨਿਕਲੇ, ਤਿੰਨੇ ਵਾਰੀ ਮੈਨੂੰ ਫਾਹ ਲਿਆ। ਮੈਂ ਤਾਂ ਮਸੀਂ ਹੁਣ ਥੋੜਾ ਤੁਰਨ ਫਿਰਨ ਲੱਗੀ ਹਾਂ।”
ਮੈਂ ਉਸ ਨੂੰ ਦਿਲਾਸਾ ਦੇਣ ਲਈ ਕੁਝ ਕਹਿਣ ਹੀ ਲੱਗੀ ਸਾਂ ਕਿ ਕੋਲੋਂ ਜੀਤ ਭੈਣ ਦੀ ਸੱਸ ਬੜੇ ਉਦਾਸ ਜਿਹੇ ਲਹਿਜੇ ਵਿਚ ਬੋਲੀ, “ਤੁਹਾਨੂੰ ਪਤਾ ਹੀ ਹੈ ਧੀਏ, ਕੱਲਜੁੱਗ ਐ। ਇਹ ਪਲੈਂਟ ਪਲੂੰਟ ਵੀ ਤਾਂ ਇਸੇ ਕੱਲਜੁਗ ਦੀ ਉਪਜ ਆ। ਤੁਸੀਂ ਤਾਂ ਪੜ੍ਹੀਆਂ ਲਿਖੀਆਂ ਹੋ, ਸਭ ਸਮਝਦੀਆਂ ਹੋ।… ਜਿਵੇਂ ਖਾਨਦਾਨ ਦਾ ਅਸਰ ਅੱਗੇ ਜੁਆਕਾਂ ਉੱਤੇ ਪੈਂਦਾ, ਮੀਤ ਵਾਲਾ ਪਲੈਂਟ ਜ਼ਰੂਰ ਕਿਸੇ ਚੰਗੇ ਘਰਾਣੇ ਦਾ ਹੋਊਗਾ, ਤੇ ਸਾਡਾ ਵਾਲਾ ਕੋਈ ਕੁਲੱਛਣਾ। … ਮੈਂ ਤਾਂ ਕਹਿੰਦੀ ਆਂ ਸਿੱਟ ਕੇ ਆਉ ਇਸ ਭੂਤਨੇ ਨੂੰ ਪਰ੍ਹਾਂ ਕਿਸੇ ਢੇਰ ਤੇ।” ਉਹ ਬੁੜਬੁੜ ਕਰਦੀ ਉੱਠ ਕੇ ਚਲੀ ਗਈ।
ਮੈਂ ਜੋ ਤਰਕ ਦੇ ਕੇ ਉਨ੍ਹਾਂ ਨੂੰ ਸਮਝਾਉਂਣਾ ਚਾਹੁੰਦੀ ਸਾਂ, ਬਈ ਇਹ ਸਭ ਸੰਜੋਗ ਹੀ ਸੀ। ਇਸ ਵਿਚ ਮਨੀ ਪਲਾਂਟ ਦਾ ਕੋਈ ਹੱਥ ਨਹੀਂ, ਉਹ ਤਾਂ ਛੋਟਾ ਜਿੰਨਾ ਪੌਦਾ ਹੈ ਬਾਕੀ ਪੌਦਿਆਂ ਵਰਗਾ। ਹੋ ਸਕਦਾ, ਕਿਸੇ ਨੇ ਪੌਦਿਆਂ ਦੀ ਵਿਕਰੀ ਵਧਾਉਣ ਖ਼ਾਤਿਰ ਇਹ ਕਥਾ ਘੜ ਲਈ ਹੋਵੇ ਜੋ ਹੁਣ ਅੱਗੇ ਅੱਗੇ ਤੁਰ ਰਹੀ ਹੈ ਪਰ ਮਾਸੀ ਦੇ ਲਾਜਵਾਬ ਤਰਕ ਅੱਗੇ ਮੇਰਾ ਤਰਕ ਸ਼ਾਇਦ ਬਿਲਕੁਲ ਬੌਨਾ ਰਹਿ ਗਿਆ। ਅਸੀਂ ਸਾਰੀਆਂ ਭੈਣਾਂ ਸੁੰਨ ਜਿਹੀਆਂ ਹੋ ਕੇ ਬੈਠੀਆਂ ਰਹਿ ਗਈਆਂ।
ਸੰਪਰਕ: 99881-52523