ਸੁਪਨਿਆਂ ਦੇ ਸੌਦਾਗ਼ਰ

ਸੁਪਨਿਆਂ ਦੇ ਸੌਦਾਗ਼ਰ

ਰਣਜੀਤ ਲਹਿਰਾ

ਰਣਜੀਤ ਲਹਿਰਾ

ਗੱਲ ਅੱਠ-ਦਸ ਸਾਲ ਪਹਿਲਾਂ ਦੀ ਹੈ ਜਿਨ੍ਹੀਂ ਦਿਨੀਂ ਪੰਜਾਬ ਵਿਚ ਚਿਟ-ਫੰਡ ਕੰਪਨੀਆਂ ਦੀ ਤੂਤੀ ਬੋਲਦੀ ਸੀ। ਨਵੀਆਂ ਤੋਂ ਨਵੀਆਂ ਚਿਟ-ਫੰਡ ਕੰਪਨੀਆਂ ਦੇ ਏਜੰਟ ਸੁਪਨਿਆਂ ਦੇ ਸੌਦਾਗਰ ਬਣ ਕੇ ਭੋਲ਼ੇ-ਭਾਲ਼ੇ ਲੋਕਾਂ ਨੂੰ ਰਾਤੋ-ਰਾਤ ਅਮੀਰ ਬਣਨ ਦੇ ਸੁਪਨੇ ਦਿਖਾ ਕੇ ਠੱਗਣ ਵਿਚ ਮਸਰੂਫ ਸਨ। ਚਿਟ-ਫੰਡ ਕੰਪਨੀਆਂ ਦਾ ਕਾਰੋਬਾਰ ਇੰਨਾ ਸਿਖਰ ਤੇ ਸੀ ਕਿ ਚੰਗੇ ਭਲੇ ਹੱਕ ਹਲਾਲ ਦੀ ਕਮਾਈ ਵਿਚ ਭਰੋਸਾ ਰੱਖਣ ਵਾਲੇ ਬੰਦਿਆਂ ਦੇ ਪੈਰ ਵੀ ਉਖਾੜ ਰਿਹਾ ਸੀ।

ਇੱਕ ਦਿਨ ਬਾਅਦ ਦੁਪਹਿਰ ਮੈਂ ਆਪਣੇ ਜਲ ਘਰ ਦੇ ਗਰਾਊਂਡ ਵਿਚ ਬੈਠਾ ਸੀ। ਮੇਰੇ ਦੋ ਮਿੱਤਰਾਂ ਨਾਲ ਇੱਕ ਅਣਪਛਾਤਾ ਸੂਟਡ-ਬੂਟਡ ਨੌਜਵਾਨ ਉੱਥੇ ਆਣ ਪਹੁੰਚਿਆ। ਮੋਢੇ ਉਹਦੇ ਬੈਗ ਅਤੇ ਹੱਥ ਵਿਚ ਮੋਟੀ ਫਾਈਲ ਟਾਈਪ ਐਲਬਮ ਸੀ। ਮਿੱਤਰਾਂ ਵਿਚੋਂ ਇੱਕ ਨੇ ਉਸ ਨੌਜਵਾਨ ਦੀ ਜਾਣ-ਪਛਾਣ ਕਰਾਉਂਦਿਆਂ ਕਿਹਾ ਕਿ ਇਹ ਆਪਣੇ ਫਲਾਣੇ ਸ਼ਹਿਰ ਵਾਲੇ ਮਿੱਤਰ ਦਾ ਪੁੱਤਰ ਹੈ। ਨੌਜਵਾਨ ‘ਨਮਸਕਾਰ ਅੰਕਲ ਜੀ’ ਕਹਿ ਕੇ ਬੜੇ ਤਪਾਕ ਨਾਲ ਮਿਲਿਆ। ਮਿਲਿਆ ਤਾਂ ਮੈਂ ਵੀ ਤਪਾਕ ਜਿਹੇ ਨਾਲ ਹੀ ਪਰ ਨਾਲ ਹੀ ਮਨ ਵਿਚ ਸ਼ੱਕ ਵੀ ਉੱਭਰੀ ਕਿ ਅੱਗੇ ਨਾ ਪਿੱਛੇ, ਅੱਜ ਸ਼ਹਿਰ ਵਾਲੇ ਮਿੱਤਰ ਦਾ ਪੁੱਤਰ ਕਿੱਧਰੋਂ! ਉਂਜ, ਸ਼ੱਕ ਬਹੁਤੀ ਦੇਰ ਬਰਕਰਾਰ ਨਾ ਰਹੀ।

ਨੌਜਵਾਨ ਕਹਿੰਦਾ, “ਅੰਕਲ ਜੀ ਮੈਂ ਫਲਾਣੀ ਫਾਇਨਾਂਸ ਕੰਪਨੀ ਵਿਚ ਕੰਮ ਕਰਦਾਂ। ਮੇਰੇ ਹੇਠ ਐਨੀਆਂ ਟੀਮਾਂ ਕੰਮ ਕਰਦੀਆਂ। ਮੈਂ ਆਪਣੀ ਕੰਪਨੀ ਬਾਰੇ ਤੁਹਾਨੂੰ ਜਾਣਕਾਰੀ ਦੇਣ ਲਈ ਆਇਆ ਹਾਂ।” ਮੈਂ ਕਿਹਾ, “ਧੰਨਵਾਦ ਪਰ ਕਾਕਾ, ਮੇਰਾ ਅਜਿਹੀ ਕਿਸੇ ਕੰਪਨੀ ਵਿਚ ਕੰਮ ਕਰਨ ਦਾ ਉੱਕਾ ਹੀ ਕੋਈ ਇਰਾਦਾ ਨਹੀਂ।” ਨੌਜਵਾਨ ਨੇ ਫਿਰ ਗੱਲ ਤੋਰਨੀ ਚਾਹੀ ਤਾਂ ਮੈਂ ਜ਼ੋਰ ਦੇ ਕਿਹਾ ਕਿ ਉਹ ਰਾਹ ਪੁੱਛਣ ਦਾ ਕੀ ਫਾਇਦਾ ਜਿਹੜੇ ਰਾਹ ਪੈਣਾ ਹੀ ਨਾ ਹੋਵੇ? ਪਰ ਉਹ ਵੀ ਖਹਿੜਾ ਛੱਡਣ ਲਈ ਤਿਆਰ ਨਹੀਂ ਸੀ। ਉਹਨੇ ਭਾਵਨਾਤਮਿਕ ਪੱਤਾ ਚਲਾਇਆ, “ਤੁਸੀਂ ਮੇਰੇ ਅੰਕਲ ਜੀ ਹੋ, ਇੰਨਾ ਕੁ ਤਾਂ ਮੇਰਾ ਹੱਕ ਬਣਦਾ ਹੀ ਹੈ ਕਿ ਮੈਂ ਆਪਣੀ ਗੱਲ ਸੁਣਾ ਸਕਾਂ।” ਜਦੋਂ ਨਾ ਟਲਦਾ ਦਿਸਿਆ ਤਾਂ ਮੈਂ ਕਿਹਾ, “ਸੁਣਾ ਲੈ ਭਾਈ ਜੇ ਨਹੀਂ ਟਲ਼ਦਾ”, ਨਾਲ ਹੀ ਮਨ ਵਿਚ ਕਿਹਾ- ‘ਪਰ ਫਾਇਦਾ ਕੋਈ ਨਹੀਂ ਹੋਣਾ’।

ਖ਼ੈਰ! ਮੈਥੋਂ ਹਰੀ ਝੰਡੀ ਲੈ ਕੇ ਉਹਨੇ ਰਟੀ ਰਟਾਈ ਕਥਾ ਸ਼ੁਰੂ ਕਰ ਦਿੱਤੀ: “ਅੰਕਲ ਜੀ, ਸਾਡੀ ਕੰਪਨੀ ਦੇ ਪਹਿਲੇ ਸਟੈੱਪ ਚ ਤੁਸੀਂ ਤਿੰਨ ਮੈਂਬਰ ਬਣਾਉਣੇ ਨੇ। ਉਹ ਤਿੰਨ ਅੱਗੇ ਤਿੰਨ ਤਿੰਨ ਨੂੰ ਹੋਰ ਮੈਂਬਰ ਬਣਾਉਣਗੇ। ਫਿਰ ਉਹ ਸਾਰੇ ਅੱਗੇ ਤਿੰਨ ਤਿੰਨ ਨੂੰ ਮੈਂਬਰ ਬਣਾਉਣਗੇ, ਇੰਜ ਚੇਨ ਬਣ ਜਾਵੇਗੀ। ਜਿੰਨੀਆਂ ਟੀਮਾਂ ਤੁਸੀਂ ਬਣਾ ਲਓਗੇ, ਓਨਾ ਹੀ ਕੰਪਨੀ ਵਿਚ ਤੁਹਾਡਾ ਰੁਤਬਾ ਵਧਦਾ ਜਾਵੇਗਾ। ਚਿੱਟ-ਫੰਡ ਕੰਪਨੀਆਂ ਦੇ ਕੰਮ-ਢੰਗ ਨੂੰ ਸਮਝਦਿਆਂ ਵੀ ਮੈਂ ਕਿਹਾ, “ਪਰ ਇਹ ਮੈਂਬਰ ਬਣਾਵਾਂਗਾ ਕਿੱਥੋਂ?” ਉਹ ਕਹਿੰਦਾ, “ਲਓ ਜੀ ਅੰਕਲ ਜੀ, ਥੋਡੀ ਐਨੀ ਜਾਣ-ਪਛਾਣ, ਦੋਸਤ-ਮਿੱਤਰ, ਰਿਸ਼ਤੇ-ਨਾਤੇਦਾਰ; ਤੁਸੀਂ ਤਾਂ ਜਿੰਨੇ ਮਰਜ਼ੀ ਮੈਂਬਰ ਬਣਾ ਲਵੋ।” ਉਹਦੇ ਕਹਿਣ ਦਾ ਭਾਵ ਸੀ ਕਿ ਜੇ ਮਾਇਆ ਦੇ ਗੱਫੇ ਹਾਸਲ ਕਰਨੇ ਹਨ ਤਾਂ ਸਿਰ ਤਾਂ ਆਪਣਿਆਂ ਦੇ ਹੀ ਮੁੰਨਣੇ ਪੈਣੇ। ਦਰਅਸਲ ਇਹ ਕੰਪਨੀਆਂ ਆਪਣੇ ਏਜੰਟਾਂ ਨੂੰ ਅਜਿਹੀ ਟ੍ਰੇਨਿੰਗ ਦਿੰਦੀਆਂ ਹਨ ਕਿ ਬੰਦਾ ਰਿਸ਼ਤੇ-ਨਾਤੇਦਾਰਾਂ ਸਮੇਤ ਸਭ ਮਿੱਤਰ ਪਿਆਰਿਆਂ ਨੂੰ ਆਪਣੇ ਸਵਾਰਥ ਲਈ ਪੌੜੀ ਦੇ ਡੰਡੇ ਵਾਂਗ ਵਰਤਣ ਲਈ ਤਿਆਰ ਹੋ ਜਾਂਦਾ ਹੈ। ਮੋਟੇ ਕਮਿਸ਼ਨ, ਵੱਡੀਆਂ ਗੱਡੀਆਂ, ਪੰਜ ਤਾਰਾ ਹੋਟਲਾਂ ਵਿਚ ਮੀਟਿੰਗਾਂ, ਥਾਈਲੈਂਡ ਵਰਗੇ ਮੁਲਕਾਂ ਦੇ ਟੂਰ ਲਵਾ ਕੇ ਉਹ ਆਪਣੇ ਏਜੰਟਾਂ ਨੂੰ ਨਾ ਸਿਰਫ਼ ‘ਪੈਸੇ ਦਾ ਪੁੱਤ’ ਬਣਾ ਦਿੰਦੀਆਂ ਹਨ ਸਗੋਂ ਨੈਤਿਕ ਨਿਘਾਰ ਦੀ ਖੱਡ ਵਿਚ ਵੀ ਲਿਜਾ ਸੁੱਟਦੀਆਂ ਹਨ।

ਫਿਰ ਉਹਨੇ ਅੱਗੇ ਦੱਸਣਾ ਸ਼ੁਰੂ ਕੀਤਾ, “ਜਦੋਂ ਤੁਹਾਡੇ ਹੇਠ ਐਨੀਆਂ ਟੀਮਾਂ ਕੰਮ ਕਰਨ ਲੱਗ ਪਈਆਂ ਤਾਂ ਤੁਹਾਨੂੰ ਐਨੇ ਹਜ਼ਾਰ ਰੁਪਏ ਦਾ ਚੈੱਕ ਘਰ ਬੈਠੇ ਆਉਣ ਲੱਗ ਪਊ। ਫਿਰ ਜਦੋਂ ਰੈਂਕ ਹੋਰ ਉੱਚਾ ਹੋ ਗਿਆ ਤਾਂ ਤੁਹਾਨੂੰ ਇੰਨੇ ਹਜ਼ਾਰ ਰੁਪਏ ਮਿਲਣ ਲੱਗ ਪੈਣਗੇ।” ਇਸ ਤੋਂ ਬਾਅਦ ਸ਼ਹਿਰ ਵਾਲੇ ਮਿੱਤਰ ਦੇ ਸਲੱਗ ਪੁੱਤਰ ਨੇ ਐਲਬਮ ਖੋਲ੍ਹ ਲਈ, “ਅੰਕਲ ਜੀ, ਆਹ ਫਲਾਣਾ ਸਿੰਘ ਨੇ ਥੋੜ੍ਹੇ ਮਹੀਨੇ ਪਹਿਲਾਂ ਕੰਮ ਸ਼ੁਰੂ ਕੀਤਾ ਸੀ, ਹੁਣ ਇਹ ਚੌਥੇ ਰੈਂਕ ਤੇ ਹੈ, ਮਹੀਨੇ ਬਾਅਦ ਇੰਨੇ ਹਜ਼ਾਰ ਦਾ ਚੈੱਕ ਘਰ ਬੈਠੇ ਨੂੰ ਆ ਜਾਂਦਾ। ਕੀ ਮਾੜਾ?” ਨਾਲ ਹੀ ਉਹ ਪੰਨੇ ਪਲਟਾਈ ਗਿਆ ਤੇ ਸਬਜ਼ਬਾਗ਼ ਦਿਖਾਈ ਗਿਆ। ਇੱਕ ਹੋਰ ਫੋਟੋ ਤੇ ਹੱਥ ਧਰ ਕੇ ਕਹਿੰਦਾ, “ਅੰਕਲ ਜੀ, ਇਹਨੂੰ ਐਨੇ ਲੱਖ ਮਹੀਨੇ ਦੇ ਆਉਂਦੇ ਨੇ, ਨਾਲੇ ਕੰਪਨੀ ਨੇ ਫਲਾਣੀ ਗੱਡੀ ਦਿੱਤੀ ਐ।” ਮੈਂ ਟੋਕਿਆ, “ਯਾਰ, ਮੈਂ ਐਨੇ ਪੈਸਿਆਂ ਦਾ ਕੀ ਕਰਨਾ, ਵਧੀਆ ਆਰਾਮ ਨਾਲ ਰੋਟੀ ਖਾ ਰਿਹਾਂ।” ਅਸਲ ਵਿਚ, ਉਹਦੀਆਂ ਗੱਲਾਂ ਵਿਚ ਮੇਰੀ ਕੋਈ ਦਿਲਚਸਪੀ ਨਹੀਂ ਸੀ। ਉਹ ਝੱਟ ਬੋਲਿਆ, “ਕਮਾਲ ਐ ਅੰਕਲ ਜੀ, ਪੈਸੇ ਦੀ ਕੀਹਨੂੰ ਨ੍ਹੀਂ ਲੋੜ ਹੁੰਦੀ? ਕੱਲ੍ਹ ਨੂੰ ਤੁਸੀਂ ਰਿਟਾਇਰ ਹੋ ਜਾਓਗੇ, ਕੱਲੀ ਪੈਨਸ਼ਨ ਨਾਲ ਕੀ ਬਣਦਾ? ਕੱਲ੍ਹ ਨੂੰ ਨਿਆਣਿਆਂ ਦੇ ਵਿਆਹ ਕਰਨੇ। ਵਿਆਹ ਕਿਹੜਾ ਐਵੇਂ ਹੋ ਜਾਂਦੇ? ਨਾਲੇ ਬਿਮਾਰੀ-ਠਮਾਰੀ ਵਿਚ ਵੀ ਅੱਜਕੱਲ੍ਹ ਕੌਣ ਕਿਸੇ ਨਾਲ ਖੜ੍ਹਦਾ? ਪੈਸਾ ਈ ਕੰਮ ਆਉਂਦਾ।”

ਉਹ ਸਗੋਂ ਅਗਾਂਹ ਦੀ ਅਗਾਂਹ ਮੱਤਾਂ ਦੇਈ ਗਿਆ, “ਜਿਹੜੇ ਐਨਾ ਟੀਚਾ ਪੂਰਾ ਕਰਦੇ, ਕੰਪਨੀ ਉਨ੍ਹਾਂ ਨੂੰ ਆਹ ਸਹੂਲਤ ਦਿੰਦੀ ਆ, ਆਹ ਗੱਡੀ, ਵਿਦੇਸ਼ਾਂ ਦੇ ਟੂਰ।” ਗੱਲ ਕੀ, ਪੰਜਾਂ-ਸੱਤਾਂ ਮਿੰਟਾਂ ਵਿਚ ਹੀ ਉਹਨੇ ਮੈਨੂੰ ਲੱਖਾਂ-ਕਰੋੜਾਂ ਵਿਚ ਖੇਡਣ ਲਾ ਦਿੱਤਾ ਪਰ ਮੈਂ ਸੁਣੀ ਗਿਆ, ਵਿਚ ਦੀ ਕਿਤੇ ਕਿਤੇ ਮਾੜੀ-ਮੋਟੀ ਚੂੰਢੀ ਵੱਢ ਦਿੰਦਾ। ਜਦੋਂ ਉਹ ਗੱਲ ਸਿਖਰ ਤੇ ਲੈ ਗਿਆ ਤਾਂ ਮੈਂ ਇੱਕੋ ਗੱਲ ਨਾਲ ਉਹਦਾ ਹੌਸਲਾ ਪਸਤ ਜਿਹਾ ਕਰ ਦਿੱਤਾ, “ਭਾਈ ਕਾਕਾ, ਇਹ ਦੱਸ, ਭਾਨਮਤੀ ਦਾ ਇਹ ਪਟਾਰਾ ਡਿੱਗੂ ਕਿੱਥੇ ਜਾ ਕੇ?” ਮੇਰੀ ਜਟਕੀ ਗੱਲ ਉਹਦੇ ਪੱਲੇ ਨਾ ਪਈ। ਮੈਂ ਕਿਹਾ, “ਇਹ ਇੱਕ ਤੋਂ ਤਿੰਨ, ਤਿੰਨ ਤੋਂ ਨੌਂ, ਨੌਂ ਤੋਂ ਇੱਕਾਸੀ... ਇਹ ਲੜੀ ਕਿਤੇ ਟੁੱਟੂਗੀ ਵੀ, ਜਾਂ ਸਾਰੀ ਦੁਨੀਆ ਇਸੇ ਗੋਰਖਧੰਦੇ ਵਿਚ ਪਈ ਫਿਰੂ? ਜੇ ਇੰਜ ਹੀ ਇੱਕ ਤੋਂ ਤਿੰਨ, ਤਿੰਨ ਤੋਂ ਨੌ, ਨੌ ਤੋਂ ਇਕਾਸੀ ਹੋਈ ਜਾਣ, ਤੇ ਮਾਇਆ ਦੇ ਗੱਫੇ ਮਿਲੀ ਜਾਣ, ਫਿਰ ਤਾਂ ਕਿਸੇ ਨੂੰ ਕੰਮ ਕਰਨ ਦੀ ਕੀ ਲੋੜ ਰਹਿ ਜੂ?” ਉਹਨੂੰ ਮੌਕੇ ’ਤੇ ਕੋਈ ਗੱਲ ਨਾ ਅਹੁੜੀ।

... ਵੈਸੇ, ਜਿਸ ਮੁਲਕ ਵਿਚ ਕੋਈ ਸੁਪਨਿਆਂ ਦਾ ਸੌਦਾਗ਼ਰ ਆਮ ਲੋਕਾਂ ਨੂੰ ਪੰਦਰਾਂ ਪੰਦਰਾਂ ਲੱਖ ਖਾਤਿਆਂ ਵਿਚ ਪਾਉਣ ਦਾ ਸੁਪਨਾ ਦਿਖਾ ਕੇ, ਮੁਲਕ ਨੂੰ ਬਰਬਾਦ ਕਰ ਕੇ ਵੀ ਪ੍ਰਧਾਨ ਸੇਵਕ ਕਹਾ ਸਕਦਾ ਹੋਵੇ, ਉਸ ਮੁਲਕ ਵਿਚ ਵੀਹ-ਪੰਜਾਹ ਘਰਾਂ ਨੂੰ ਰਾਤੋ-ਰਾਤ ਅਮੀਰ ਬਣਾਉਣ ਦੇ ਸੁਪਨੇ ਦਿਖਾ ਕੇ ਬਰਬਾਦੀ ਦਾ ਸਬੱਬ ਬਣਨ ਵਾਲੇ ਕਿਸੇ ਸ਼ਹਿਰੀ ਮਿੱਤਰ ਦੇ ਪੁੱਤਰ ਦਾ ‘ਗੁਨਾਹ’ ਤਾਂ ਕਿਸੇ ਗਿਣਤੀ ਵਿਚ ਨਹੀਂ ਆਉਂਂਦਾ।

ਸੰਪਰਕ: 94175-88616

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All