ਕੈਫ਼ੀ ਕੌਣ
ਕਿੰਝ ਸਮਝਾਈਏ, ਕਿੰਝ ਸਮਝੀਏ
ਕੀ ਹੈ ਮਤਲਬ, ਕੌਣ ਨੇ ਭਈਏ
ਲਫ਼ਜ਼ਾਂ ਵਿੱਚ ਕੀ ਹੁੰਦਾ ਹੈ?
ਕੋਈ ਨਾ ਕੋਈ ਮਤਲਬ
ਕੋਈ ਨਾ ਕੋਈ ਭਾਵ
ਕੋਈ ਜ਼ਾਤ ਜਾਂ ਪਛਾਣ
ਮਾਣ ਜਾਂ ਅਪਮਾਨ
ਅਸੀਂ ਜ਼ਿਆਦਾਤਰ ਪੰਜਾਬੀ ਜਦੋਂ ਹਿੰਦੀ ਦਾ ਕੋਈ ਲਫ਼ਜ਼ ਬੋਲਦੇ ਜਾਂ ਬੋਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਕਸਰ ਅਣਗੌਲਿਆਂ ਹੀ ਉਸ ਲਫ਼ਜ਼ ਦੀ ਮਿੱਟੀ ਪਲੀਤ ਕਰ ਦਿੰਦੇ ਹਾਂ। ਅਸੀਂ ਤੁਸੀਂ ਦੀ ਥਾਂ ਹਮ ਤੁਮ ਜਾਂ ਆਪ ਬੋਲਦਾ ਹੋਇਆ ਠੇਠ ਪੰਜਾਬੀ ਇੰਝ ਲੱਗਦਾ ਹੈ ਜਿਵੇਂ ਦੰਦਾਂ ਨਾਲ ਕੱਚੇ ਛੋਲੇ ਚਬਾ ਰਿਹਾ ਹੋਵੇ। ਹਾਲਾਂਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬੀਆਂ ਨੇ ‘ਆਪ’ ਨਾਲ ਬੜਾ ਗੂੜ੍ਹਾ ਪਿਆਰ ਪਾਇਆ ਹੈ।
ਇਨ੍ਹਾਂ ਚੋਣਾਂ ਵਿਚ ਇਕ ਹੋਰ ਲਫ਼ਜ਼ ਨੇ ਬੜਾ ਰੌਲ਼ਾ ਪਾਇਆ, ਜਦੋਂ ਇਕ ਲੀਡਰ ਸਾਹਿਬ ਨੇ ਗ਼ੈਰ ਪੰਜਾਬੀਆਂ ਲਈ ‘ਭਈਏ’ ਲਫ਼ਜ਼ ਵਰਤਿਆ। ਇਸ ਗੱਲ ’ਤੇ ਬਹੁਤ ਵੱਡਾ ਤੂਫ਼ਾਨ ਉਠਿਆ ਤੇ ਅਜਿਹਾ ਕਹਿਣ ਵਾਲੇ ਲੀਡਰ ਸਾਹਿਬ ਨੂੰ ਸਫ਼ਾਈਆਂ ਵੀ ਦੇਣੀਆਂ ਪਈਆਂ। ਇਸ ਵਾਵਰੋਲੇ ਦਾ ਚੋਣਾਂ ਦੇ ਨਤੀਜਿਆਂ ’ਤੇ ਕੋਈ ਅਸਰ ਹੋਇਆ ਜਾਂ ਨਹੀਂ, ਪਰ ਇਸ ਸਾਰੇ ਤਮਾਸ਼ੇ ਨੇ ਸਾਡੀ ਸਾਂਝੀ ਸਮਾਜਿਕ ਸੋਚ ਨੂੰ ਬੇਪਰਦ ਜ਼ਰੂਰ ਕਰ ਦਿੱਤਾ। ਅਸੀਂ ਸਾਰਿਆਂ ਨੇ ਹੀ (ਤੇ ਮੈਂ ਲਗਭਗ ਵੀ ਨਹੀਂ ਕਹਾਂਗਾ) ਕਿਉਂਕਿ ਵਾਕ਼ਈ ਅਸੀਂ ਸਾਰਿਆਂ ਨੇ ਯੂਪੀ ਬਿਹਾਰ ਤੋਂ ਆ ਕੇ ਮਜ਼ਦੂਰੀ ਕਰਨ ਵਾਲਿਆਂ ਲਈ ਇਕੋ ਲਫ਼ਜ਼ ਮੁਕੱਰਰ ਕਰ ਦਿੱਤਾ ਹੈ “ਭਈਏ”। ਸਾਡੀਆਂ ਨਜ਼ਰਾਂ ਵਿਚ ਉਨ੍ਹਾਂ ਦਾ ਕੋਈ ਨਾਮ, ਕੋਈ ਪਛਾਣ ਜਾਂ ਕੋਈ ਸਭਿਆਚਾਰ ਨਹੀਂ। ਉਹ ਸਿਰਫ਼ ਭਈਏ ਨੇ ਤੇ ਭਈਏ ਦਾ ਮਤਲਬ ਸਾਢੇ ਚਾਰ ਸੌ ਰੁਪਈਏ ਦਿਹਾੜੀ।
ਦਿਹਾੜੀ ਯਾਨੀ ਦਿਨ ਭਰ ਮਿਹਨਤ ਜਾਂ ਮਜ਼ਦੂਰੀ ਕਰ ਕੇ ਕੁਝ ਕਮਾਉਣਾ ਤੇ ਸ਼ਾਮ ਨੂੰ ਆਪਣੇ ਘਰ ਮੁੜ ਜਾਣਾ। ਸੋਚਦਾ ਹਾਂ ਕਿ ਸਰਕਾਰੀ ਦਫ਼ਤਰਾਂ ਦੇ ਸਾਰੇ ਛੋਟੇ ਵੱਡੇ ਅਫ਼ਸਰ ਵੀ ਸਵੇਰੇ ਆਉਂਦੇ ਨੇ, ਦਿਨ ਭਰ ਕੰਮ ਕਰਦੇ ਨੇ ਤੇ ਸ਼ਾਮ ਨੂੰ ਘਰ ਚਲੇ ਜਾਂਦੇ ਨੇ। ਉਨ੍ਹਾਂ ਦੀਆਂ ਦਿਹਾੜੀਆਂ ਇਕੱਠੀਆਂ ਹੋ ਕੇ ਮਹੀਨੇ ਮਗਰੋਂ ਖਾਤੇ ਵਿਚ ਜਮ੍ਹਾਂ ਹੋ ਜਾਂਦੀਆਂ ਨੇ।
ਖਿੜਕੀ ਤੋਂ ਬਾਹਰ ਵੇਖਦਾ ਹਾਂ, ਰੋਜ਼ ਸਵੇਰੇ ਪੰਛੀ ਵਿਹੜੇ ਵਿਚ ਆਉਂਦੇ ਨੇ, ਦਿਨ ਭਰ ਦਾਣੇ ਚੁਗਦੇ ਨੇ, ਤੀਲ੍ਹੇ ਤਿਣਕੇ ਇਕੱਠੇ ਕਰਦੇ ਨੇ ਤੇ ਸ਼ਾਮ ਨੂੰ ਆਪੋ ਆਪਣੇ ਆਲ੍ਹਣਿਆਂ ਵਿਚ ਪਰਤ ਜਾਂਦੇ ਨੇ।
ਕਦੇ ਕਦੇ ਲੱਗਦਾ ਹੈ ਕਿ ਅਸੀਂ ਸਾਰੇ ਹੀ ਆਪਣੇ ਅਸਲੀ ਘਰ ਤੋਂ ਨਿਕਲ ਕੇ ਇਸ ਦੁਨੀਆ ’ਤੇ ਜ਼ਿੰਦਗੀ ਦੀ ਇਕ ਦਿਹਾੜੀ ਲਾਉਣ ਆਏ ਹੋਏ ਹਾਂ ਪਰ ਇਹ ਨਹੀਂ ਪਤਾ ਕੀ ਕਮਾ ਕੇ ਲੈ ਜਾਵਾਂਗੇ। ਸ਼ਾਇਦ ਸਾਨੂੰ ਵੇਖ ਕੇ ਵੀ ਕੋਈ ਕਹਿੰਦਾ ਹੋਵੇ “ਉਹ ਆ ਗਏ ਭਈਏ।”
ਹਾਲਾਂਕਿ ਭਈਆ ਹਿੰਦੀ ਦਾ ਇਕ ਬੜਾ ਪਿਆਰਾ ਲਫ਼ਜ਼ ਹੈ। ਦੱਸਣ ਦੀ ਲੋੜ ਨਹੀਂ ਕਿ ਇਸ ਦਾ ਮਤਲਬ ‘ਭਰਾ’ ਹੈ। ਸੋ ਅਣਜਾਣਪੁਣੇ ਵਿਚ ਹੀ ਸਹੀ, ਅਸੀਂ ਯੂਪੀ ਬਿਹਾਰ ਵਾਲੇ ਮਜ਼ਦੂਰਾਂ ਨੂੰ ਵੀ ਭਰਾ ਹੀ ਕਹਿ ਰਹੇ ਹਾਂ। ਪਰ ਲਫ਼ਜ਼ਾਂ ਦੀ ਕਹਾਣੀ ਇੰਨੀ ਸਿੱਧੀ ਨਹੀਂ ਹੁੰਦੀ। ਕਿਸੇ ਦੇ ਮੂੰਹ ’ਤੇ ਗੁਲਾਬ ਵੀ ਜ਼ੋਰ ਨਾਲ ਮਾਰਿਆ ਜਾਵੇ ਤਾਂ ਉਹ ਗੁਲਾਬ ਨਹੀਂ ਰਹਿ ਜਾਂਦਾ। ਲਫ਼ਜ਼ ਦਾ ਮਤਲਬ ਵੀ ਹੋਰ ਹੋ ਜਾਂਦਾ ਹੈ, ਜੇ ਉਸ ਨੂੰ ਕਿਸੇ ਹੋਰ ਅੰਦਾਜ਼ ਨਾਲ ਬੋਲਿਆ ਜਾਵੇ।
ਭਈਆ ਲਫ਼ਜ਼ ਕਦੋਂ ਤੋਂ ਤੇ ਕਿਵੇਂ ਪੰਜਾਬੀਆਂ ਨੇ ਅਪਮਾਨਜਨਕ ਸੰਬੋਧਨ ਦੀ ਤਰ੍ਹਾਂ ਇਸਤੇਮਾਲ ਕਰਨਾ ਸ਼ੁਰੂ ਕੀਤਾ, ਇਹ ਸਮਾਜਿਕ ਗਿਆਨ ਦੀ ਕਿਸੇ ਖੋਜ ਦਾ ਵਿਸ਼ਾ ਹੋ ਸਕਦਾ ਹੈ, ਪਰ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਤੇ ਸ਼ਹਿਰਾਂ ਵਿਚ ਥੋੜ੍ਹਾ ਜਾਂ ਬਹੁਤ ਸਮਾਂ ਬਿਤਾਉਣ ਕਰਕੇ ਮੈਨੂੰ ਇੰਨਾ ਕੁ ਤਜਰਬਾ ਹੋਇਆ ਹੈ ਕਿ ਹਰ ਇਲਾਕੇ ਦੇ ਲੋਕਾਂ ਵਿਚ ਇਕ ਖ਼ਾਸ ਤਰ੍ਹਾਂ ਦਾ ਇਹਸਾਸ ਏ ਬਰਤਰੀ (Superiority complex) ਹੁੰਦਾ ਹੈ ਜਿਸ ਨੂੰ ਜ਼ਾਹਿਰ ਕਰਨ ਲਈ ਉਹ ਗ਼ੈਰਾਂ ਜਾਂ ਬਾਹਰਲਿਆਂ ਲਈ ਕੋਈ ਨਾ ਕੋਈ ਅਜਿਹਾ ਲਫ਼ਜ਼ ਲੱਭ ਲੈਂਦੇ ਨੇ, ਜਾਂ ਉਸ ਨੂੰ ਬੋਲਣ ਦਾ ਕੋਈ ਤਨਜ਼ੀਆ ਅੰਦਾਜ਼ ਬਣਾ ਲੈਂਦੇ ਨੇ, ਜਿਸ ਨਾਲ ਉਨ੍ਹਾਂ ਨੂੰ ਇਕ ਅਜੀਬ ਜਿਹੀ ਜ਼ਿਹਨੀ ਲੱਜ਼ਤ ਮਿਲਦੀ ਹੈ। ਉਨ੍ਹਾਂ ਦੀ ਹਉਮੈਂ ਸੰਤੁਸ਼ਟ ਹੁੰਦੀ ਹੈ।
ਇਹ ਇਕ ਫਿਤਰਤ ਹੈ ਪਰ ਵਧਦੀ ਵਧਦੀ ਇਹ ਬਿਮਾਰੀ ਵੀ ਬਣ ਜਾਂਦੀ ਹੈ ਤੇ ਇਹ ਜ਼ਿਹਨੀ ਬਿਮਾਰੀ ਸਿਰਫ਼ ਪੰਜਾਬੀਆਂ ਦੀ ਨਹੀਂ ਸਗੋਂ ਦੇਸ਼ ਤੇ ਦੁਨੀਆ ਦੇ ਹਰ ਇਲਾਕੇ, ਹਰ ਮੁਲਕ ਦੀ ਹੈ। ਇਸ ਦਾ ਅਸਰ ਪੰਜਾਬੀ ਜਾਂ ਹੋਰ ਹਿੰਦੋਸਤਾਨੀ ਵੀ ਮਹਿਸੂਸ ਕਰਦੇ ਨੇ, ਜਦੋਂ ਵਿਦੇਸ਼ਾਂ ਵਿਚ ਜਾ ਕੇ ਮਜ਼ਦੂਰੀ ਕਰਦੇ ਨੇ (ਹਾਂ ਜੀ, ਕਰਦੇ ਤਾਂ ਮਜ਼ਦੂਰੀ ਹੀ ਨੇ ਬੇਸ਼ੱਕ ਉਨ੍ਹਾਂ ਦੀ ਦਿਹਾੜੀ ਡਾਲਰਾਂ/ਪੌਂਡਾਂ ਵਿਚ ਹੁੰਦੀ ਹੈ)। ਇਹ ਗੱਲ ਲਿਖਦੇ ਹੋਏ ਮੈਨੂੰ ਮਹਿਸੂਸ ਹੋਇਆ ਕਿ ਸ਼ਾਇਦ ਮੈਂ ਵੀ ਇਹ ਗੱਲ ਕਿਸੇ ਈਰਖਾ ਜਾਂ ਇਹਸਾਸ ਏ ਕਮਤਰੀ ਦੀ ਵਜ੍ਹਾ ਨਾਲ ਲਿਖ ਰਿਹਾ ਹਾਂ। ਬੈਂਕ ਦੀ ਨੌਕਰੀ ਕਰਦੇ ਹੋਏ ਮੈਂ ਵੀ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਦਿਹਾੜੀ ਹੀ ਲਗਾਉਂਦਾ ਹਾਂ ਪਰ ਡਾਲਰਾਂ ਦੇ ਮੁਕਾਬਲੇ ਰੁਪਈਏ ਦੀ ਚਮਕ ਬੜੀ ਫਿੱਕੀ ਫਿੱਕੀ ਹੁੰਦੀ ਹੈ।
ਆਖ਼ਰ ਸੱਚ ਤਾਂ ਇਹੀ ਹੈ, ਇਹ ਸਾਰੀਆਂ ਭਾਵਨਾਵਾਂ, ਕੁਦਰਤੀ ਇਨਸਾਨੀ ਫਿਤਰਤਾਂ ਨੇ। ਇਨ੍ਹਾਂ ਦੇ ਪ੍ਰਭਾਅ ਹੇਠ ਆ ਕੇ ਦੂਜਿਆਂ ਬਾਰੇ ਕੁਝ ਛੋਟਾ ਸੋਚ ਲੈਣਾ, ਕੁਝ ਮੰਦਾ ਬੋਲ ਦੇਣਾ ਵੀ ਸ਼ਾਇਦ ਸਾਡੀ ਕੁਦਰਤੀ ਕਿਰਿਆ ਤੇ ਪ੍ਰਤੀਕਿਰਿਆ ਹੈ।
ਪਰ ਜ਼ਰੂਰੀ ਇਹ ਹੁੰਦਾ ਹੈ ਕਿ ਅਸੀਂ ਆਪਣੇ ਆਪ ’ਤੇ ਥੋੜ੍ਹੀ ਨਜ਼ਰ ਰੱਖੀਏ। ਨਹਾ ਧੋ ਕੇ, ਸੋਹਣੇ ਕੱਪੜੇ ਪਾ ਕੇ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਅਸੀਂ ਇਕ ਵਾਰ ਸ਼ੀਸ਼ਾ ਜ਼ਰੂਰ ਵੇਖਦੇ ਹਾਂ ਕਿ ਕਿਤੇ ਕੋਈ ਕਮੀ ਤਾਂ ਨਹੀਂ ਰਹਿ ਗਈ, ਅਸੀਂ ਮਾੜੇ ਤਾਂ ਨਹੀਂ ਲੱਗ ਰਹੇ। ਇਹੋ ਜਿਹਾ ਕੋਈ ਸ਼ੀਸ਼ਾ ਵੀ ਸਾਨੂੰ ਰੱਖਣਾ ਚਾਹੀਦਾ ਹੈ ਜਿਸ ਵਿਚ ਵੇਖ ਕੇ ਅਸੀਂ ਆਪਣੇ ਅੰਦਰ ਝਾਤ ਮਾਰ ਸਕੀਏ ਕਿ ਅਸੀਂ ਕੁਝ ਗ਼ਲਤ ਤਾਂ ਨਹੀਂ ਸੋਚ ਰਹੇ, ਕੁਝ ਮਾੜਾ ਤਾਂ ਨਹੀਂ ਬੋਲ ਰਹੇ।
ਜੇ ਕਿਤੇ ਕੁਝ ਕਮੀ ਹੈ ਤਾਂ ਖ਼ੁਦ ਨੂੰ ਥੋੜ੍ਹਾ ਬਹੁਤ ਬਦਲ ਲੈਣਾ ਚਾਹੀਦਾ ਹੈ। ਜ਼ਿੰਦਗੀ ਵਿਚ ਸਿੱਖਣਾ ਬਹੁਤ ਜ਼ਰੂਰੀ ਹੈ, ਸਿੱਖਦੇ ਰਹਿਣਾ ਵੀ ਬਹੁਤ ਜ਼ਰੂਰੀ ਹੈ, ਪਰ ਉਸ ਨਾਲੋਂ ਵੀ ਵੱਧ ਜ਼ਰੂਰੀ ਕਦੇ ਕਦੇ ਹੋ ਜਾਂਦਾ ਹੈ ਸਿੱਖੇ ਹੋਏ ਨੂੰ ਭੁਲਾਉਣਾ, ਗ਼ਲਤ ਸਿੱਖੇ ਹੋਏ ਨੂੰ ਅਣਸਿੱਖਣਾ।
ਜਦੋਂ ਇਹ ‘ਭਈਏ’ ਲਫ਼ਜ਼ ਵਾਲਾ ਕਿੱਸਾ ਵਾਪਰਿਆ ਤਾਂ ਮੈਂ ਵੀ ਆਪਣੇ ਆਪ ਨੂੰ ਚੰਗੀ ਤਰ੍ਹਾਂ ਸ਼ੀਸ਼ੇ ਵਿਚ ਵੇਖਿਆ ਤੇ ਮੈਨੂੰ ਸ਼ਰਮਿੰਦਗੀ ਵੀ ਹੋਈ ਕਿਉਂਕਿ ਜਾਣੇ ਅਣਜਾਣੇ ਅਸੀਂ ਸਭ ਇਸੇ ਤਰ੍ਹਾਂ ਬੋਲਣਾ ਸਿੱਖ ਚੁੱਕੇ ਹਾਂ। ਇਸ ਨੂੰ ਬਦਲਣ ਲਈ ਇਕ ਛੋਟੀ ਜਿਹੀ ਕੋਸ਼ਿਸ਼ ਮੈਂ ਇਹ ਕੀਤੀ ਹੈ ਕਿ ਜਦੋਂ ਵੀ ਕਿਸੇ ਯੂਪੀ ਬਿਹਾਰ ਦੇ ਮਿਹਨਤਕਸ਼ ਨਾਲ ਵਾਹ ਪੈਂਦਾ ਹੈ ਤਾਂ ਉਸ ਦਾ ਨਾਮ ਪੁੱਛ ਲੈਂਦਾ ਹਾਂ ਤੇ ਉਸ ਨੂੰ ਉਸ ਦੇ ਨਾਮ ਨਾਲ ਹੀ ਬੁਲਾਉਣ ਦੀ ਕੋਸ਼ਿਸ਼ ਕਰਦਾ ਹਾਂ। ਹਾਲੇ ਵੀ ਅਕ਼ਸਰ ਭਈਆ ਲਫ਼ਜ਼ ਮੂੰਹੋਂ ਨਿਕਲ ਜਾਂਦਾ ਹੈ ਪਰ ਮੈਂ ਇਸ ਨੂੰ ਪੰਜਾਬੀ ਵਾਲੇ ਲਹਿਜੇ ਦੀ ਥਾਂ ਹਿੰਦੀ ਵਾਲੇ ਅੰਦਾਜ਼ ਵਿਚ ਬੋਲਣ ਦੀ ਕੋਸ਼ਿਸ਼ ਕਰਦਾ ਹਾਂ ਜੋ ਇਸ ਦੇ ਅਸਲੀ ਤੇ ਪਿਆਰੇ ਭਾਵ ਦਾ ਇਜ਼ਹਾਰ ਕਰਦਾ ਹੈ।
ਮੈਂ ਮਹਿਸੂਸ ਕੀਤਾ ਹੈ ਕਿ ਇਹ ਕੋਈ ਇੰਨਾ ਔਖਾ ਕੰਮ ਨਹੀਂ। ਲੋੜ ਬਸ ਸੋਚਣ ਤੇ ਸਮਝਣ ਦਾ ਇਕ ਨਵਾਂ ਢੰਗ ਅਪਨਾਉਣ ਦੀ ਹੈ।
ਇੰਝ ਸੋਚੀਏ ਇੰਝ ਸਮਝੀਏ
ਦਾਣਾ ਲੱਭਦੇ ਰਿਜ਼ਕ ਖੋਜਦੇ
ਸਭ ਨੇ ਪੰਛੀ, ਸਭ ਨੇ ਭਈਏ
ਸੰਪਰਕ: 98156-38668