ਜੈਤੇਗ ਸਿੰਘ ਅਨੰਤ
ਕਲਾ ਦੇ ਪਿੜ ਵਿੱਚ ਮੇਹਰ ਸਿੰਘ ਚਿੱਤਰਕਾਰ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਸੀ। ਉਹ ਕਲਾ ਜਗਤ ਦਾ ਸਿਰਤਾਜ ਸੀ ਜਿਸ ਨੇ ਪਿਛਲੇ ਸੱਤ ਦਹਾਕੇ ਨਿਰੰਤਰ ਆਪਣੇ ਰੰਗਾਂ ਤੇ ਬੁਰਸ਼ਾਂ ਦੀਆਂ ਛੋਹਾਂ ਨਾਲ ਸੈਂਕੜੇ ਸ਼ਾਹਕਾਰ ਸਿਰਜੇ ਅਤੇ ਕਲਾ ਜਗਤ ਵਿੱਚ ਅਮਿੱਟ ਛਾਪ ਛੱਡੀ। ਉਹ ਯਥਾਰਥ ਸ਼ੈਲੀ ਦਾ ਚਿਤੇਰਾ ਸੀ। ਉਸ ਦੀ ਕਲਾ ਦਾ ਵਿਸ਼ਾ ਵਸਤੂ ਵਧੇਰੇ ਪੋਰਟਰੇਚਰ, ਭੂ ਦ੍ਰਿਸ਼, ਸਿੱਖ ਇਤਿਹਾਸ ਅਤੇ ਨਿਹੰਗ ਸਿੰਘ ਸੀ। ਉਹ ਅਮੂਰਤ ਕਲਾ ਵਿੱਚ ਵਿਸ਼ਵਾਸ ਨਹੀਂ ਸੀ ਰੱਖਦਾ। ਉਸ ਕਲਾ ਦੀ ਦ੍ਰਿਸ਼ਟੀ ਤੋਂ ਜੋ ਵੀ ਸਿਰਜਿਆ, ਉਹ ਅਮਰ ਹੋ ਗਿਆ।
ਉਸ ਦਾ ਜਨਮ 1 ਅਕਤੂਬਰ 1929 ਨੂੰ ਸਰਦਾਰ ਸੁਦਾਗਰ ਸਿੰਘ ਦੇ ਘਰ ਲਾਹੌਰ ਵਿਖੇ ਹੋਇਆ। ਮੁੱਢਲੀ ਵਿੱਦਿਆ ਲਾਹੌਰ ਤੋਂ ਪ੍ਰਾਪਤ ਕੀਤੀ । ਸੰਨ 1946 ਵਿੱਚ ਸਰਦਾਰ ਸੋਭਾ ਸਿੰਘ ਚਿੱਤਰਕਾਰ ਦੇ ਸੰਪਰਕ ਵਿੱਚ ਆਇਆ ਅਤੇ ਉਸ ਦੀ ਕਲਾ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਆਪਣਾ ਕਲਾ ਗੁਰੂ ਧਾਰ ਲਿਆ। ਦੇਸ਼ ਦੀ ਵੰਡ ਮਗਰੋਂ ਭਾਰਤ ਦੀ ਰਾਜਧਾਨੀ ਦਿੱਲੀ ਆ ਗਿਆ। 1948-1950 ਤੱਕ ਫ੍ਰੀਲਾਂਸਰ ਦਿੱਲੀ ਵਿਖੇ ਕੰਮ ਕੀਤਾ। ਸੰਨ 1949-54 ਤੋਂ ਤੱਕ ਦਿੱਲੀ ਪਾਲੀਟੈਕਨਿਕ ਤੋਂ ਪੰਜ ਸਾਲ ਦਾ ਫਾਈਨ ਆਰਟਸ ਦਾ ਡਿਪਲੋਮਾ ਕਰ ਲਿਆ। ਸੰਨ 1958 ਤੋਂ 1972 ਤੱਕ ਅਮਰੀਕੀ ਸਫ਼ਾਰਤਖਾਨੇ ਵਿੱਚ ਆਰਟਿਸਟ ਦੇ ਤੌਰ ’ਤੇ ਕੰਮ ਕੀਤਾ। ਇਸ ਸਮੇਂ ਦੌਰਾਨ ਅਮਰੀਕੀ ਰਾਸ਼ਟਰਪਤੀ ਅਤੇ ਹੋਰ ਵੱਡੀਆਂ ਹਸਤੀਆਂ ਦੇ ਅਨੇਕਾਂ ਚਿੱਤਰ ਬਣਾ ਕੇ ਨਾਮਣਾ ਖੱਟਿਆ। ਸੰਨ 1972 ਤੋਂ 1986 ਤੱਕ ਕਨਾਟ ਪਲੇਸ ਦਿੱਲੀ ਵਿਖੇ ਰੀਗਲ ਥੀਏਟਰ ਦੇ ਉੱਤੇ ‘ਐੱਮ.ਜੀ.ਐੱਮ. ਐਸੋਸੀਏਟਸ’ ਸਾਂਝੀ ਕਲਾ ਫਰਮ ਦੀ ਸਥਾਪਨਾ ਕੀਤੀ ਅਤੇ ਦਿੱਲੀ ਵਿਖੇ ਕਲਾ ਦੇ ਵੱਡੇ ਪ੍ਰਾਜੈਕਟ ਸੰਪੂਰਨ ਕੀਤੇ।
ਸੰਨ 1982 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਦੂਜੀ ਜਨਮ ਸ਼ਤਾਬਦੀ ਅਤੇ ਆਲ ਇੰਡੀਆ ਪੋਰਟਰੇਟਸ ਮੁਕਾਬਲੇ ਵਿਚ ਉਸ ਦੀ ਬਣਾਈ ਮਹਾਰਾਜਾ ਰਣਜੀਤ ਸਿੰਘ ਦੀ ਪੇਂਟਿੰਗ ਨੂੰ ਪੰਜ ਹਜ਼ਾਰ ਰੁਪਏ ਦੇ ਪਹਿਲੇ ਇਨਾਮ ਨਾਲ ਨਿਵਾਜਿਆ ਗਿਆ। ਉਸ ਦੀ ਬਣਾਈ ਪੇਂਟਿੰਗ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਦਿੱਤੀ ਗਈ ਜਿਸ ਵਿਚ ਉਸ ਨੇ ਮਹਾਰਾਜਾ ਰਣਜੀਤ ਸਿੰਘ ਦੀ ਸਰੀਰਕ ਬਣਤਰ ਦਾ ਚਿਹਰਾ ਮੋਹਰਾ, ਰੰਗ, ਪਹਿਰਾਵੇ ਦੀ ਸਾਦਗੀ ਨੂੰ ਸਾਕਾਰ ਕੀਤਾ ਸੀ। ਉਸ ਸਮੇਂ ਦੇ ਸ਼ਸਤਰਾਂ ਦੇ ਨਮੂਨੇ ਅਤੇ ਸਮੇਂ ਮੁਤਾਬਿਕ ਹੀ ਮਾਹੌਲ ਚਿਤਰਨ ਲਈ ਰੰਗਾਂ ਦੀ ਯੋਗ ਵਰਤੋਂ ਦਾ ਧਿਆਨ ਰੱਖਿਆ ਗਿਆ। ਉਸ ਦਾ ਬਣਾਇਆ ਇਹ ਸ਼ਾਹਕਾਰ ਕਲਾ ਜਗਤ ਵਿੱਚ ਅਮਰ ਹੋ ਗਿਆ। 1985 ਵਿੱਚ ਸੱਭਿਆਚਾਰ ਵਿਭਾਗ ਪੰਜਾਬ ਵੱਲੋਂ ਚੰਡੀਗੜ੍ਹ ਵਿਖੇ ਪਹਿਲੀ ਰਬੀ ਕਲਾ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਸ ਦੀਆਂ 28 ਕਲਾ-ਕਿਰਤੀਆਂ ਦਰਸਾਈਆਂ ਗਈਆਂ। ਬਾਬਾ ਜੱਸਾ ਸਿੰਘ ਆਹਲੂਵਾਲੀਆ, ਭੂਮੀ ਦ੍ਰਿਸ਼, ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਕਾਰ ਸੇਵਾ ਅਤੇ ਕੁਝ ਨਿਹੰਗ ਸਿੰਘਾਂ ਦੇ ਪੋਰਟਰੇਟ ਖਿੱਚ ਦਾ ਕੇਂਦਰ ਸਨ। ਪ੍ਰਦਰਸ਼ਨੀ ਬਹੁਤ ਹੀ ਸਫਲ ਰਹੀ। ਅਗਸਤ 1985 ਵਿੱਚ ਹੀ ਇੱਕ ਵੱਡੇ ਸਮਾਗਮ ਦੌਰਾਨ ਚੰਡੀਗੜ੍ਹ ਵਿਖੇ ਕੰਸੈਪਟ ਵੱਲੋਂ ਆਰਟਿਸਟ ਆਫ ਦਾ ਯੀਅਰ ਐਵਾਰਡ ਮਿਲਿਆ।
ਸੰਨ 1986 ਵਿੱਚ ਉਹ ਪੱਕੇ ਤੌਰ ’ਤੇ ਚੰਡੀਗੜ੍ਹ ਦਾ ਵਾਸੀ ਬਣ ਗਿਆ ਅਤੇ ਸੈਕਟਰ 44 ਸੀ ਵਿੱਚ ਆਪਣਾ ਸਟੂਡੀਓ ਬਣਾ ਲਿਆ। ਸੰਨ 1998-99 ਵਿੱਚ ਪੰਜਾਬ ਲਲਿਤ ਕਲਾ ਅਕਾਡਮੀ ਦੇ ਪ੍ਰਧਾਨ ਅਤੇ ਫਿਰ ਪੰਜਾਬ ਆਰਟ ਕੌਂਸਲ ਦੇ ਮੀਤ ਪ੍ਰਧਾਨ ਦੇ ਪਦ ’ਤੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਸ ਨੂੰ ਕਲਾ ਖੇਤਰ ਵਿਚ ਵੱਡੀ ਗਿਣਤੀ ਵਿੱਚ ਮਾਣ ਸਨਮਾਨ ਮਿਲਦੇ ਰਹੇ। ਉਸ ਨੂੰ ਫਾਈਨ ਆਰਟ ਅਕੈਡਮੀ ਸ੍ਰੀ ਅੰਮ੍ਰਿਤਸਰ, ਪੰਜਾਬ ਲਲਿਤ ਕਲਾ ਅਕਾਦਮੀ, ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸੰਨ 2012 ਵਿੱਚ ਉਸ ਨੂੰ ਪੰਜਾਬ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਕਲਾ ਦੇ ਪਿੜ ਵਿੱਚ ਉਸ ਜਿਹੜੇ ਵੀ ਸ਼ਾਹਕਾਰ ਸਿਰਜੇ ਉਹ ਅੱਜ ਵੀ ਮੂੰਹੋਂ ਬੋਲਦੇ ਦਿਖਾਈ ਦਿੰਦੇ ਹਨ। ਰੰਗਾਂ ਦੀਆਂ ਛੋਹਾਂ ਨੇ ਕਲਾਤਮਿਕ ਹੁਲਾਰਿਆਂ ਨੂੰ ਜਨਮ ਦਿੱਤਾ। ਉਸ ਨੇ ਜਿੱਥੇ ਵੱਡੀ ਗਿਣਤੀ ਵਿੱਚ ਸਿੱਖ ਇਤਿਹਾਸ ਅਤੇ ਸੱਭਿਆਚਾਰ ਨੂੰ ਪੇਂਟ ਕੀਤਾ ਹੈ ਉੱਥੇ ਹੀ ਵੱਡੀ ਗਿਣਤੀ ਵਿਚ ਸਿੱਖ ਇਤਿਹਾਸ ਦੀਆਂ ਨਾਮਵਰ ਸ਼ਖ਼ਸੀਅਤਾਂ ਨੂੰ ਆਪਣੇ ਬੁਰਸ਼ਾਂ ਦੀਆਂ ਛੋਹਾਂ ਨਾਲ ਸਾਕਾਰ ਕੀਤਾ। ਇਨ੍ਹਾਂ ਵਿੱਚ ਭਾਈ ਵੀਰ ਸਿੰਘ, ਸਰ ਗੰਗਾ ਰਾਮ, ਸਰ ਛੋਟੂ ਰਾਮ, ਸਰ ਜੋਗਿੰਦਰ ਸਿੰਘ, ਫੈਜ਼ ਅਹਿਮਦ ਫੈਜ਼, ਮਹਾਤਮਾ ਗਾਂਧੀ, ਪ੍ਰਿਥਵੀ ਰਾਜ ਕਪੂਰ, ਸ੍ਰੀ ਪ੍ਰੇਮ ਭਾਟੀਆ, ਮਹਿੰਦਰ ਸਿੰਘ ਰੰਧਾਵਾ ਅਤੇ ਸ਼ੀਲਾ ਭਾਟੀਆ ਦੀ ਪੇਂਟਿੰਗ, ਕਲਾ ਦੇ ਸਰਵੋਤਮ ਨਮੂਨੇ ਹਨ। ਉਸ ਦੀਆਂ ਪੇਂਟਿੰਗਜ਼ ਅਨੇਕਾਂ ਸਿੱਖ ਅਜਾਇਬਘਰਾਂ ਵਿਚ ਸੁਸ਼ੋਭਿਤ ਹਨ। ਉਸ ਨੇ ਪੰਜਾਬ, ਪੰਜਾਬੀ ਅਤੇ ਖੇਤੀਬਾੜੀ ਯੂਨੀਵਰਸਿਟੀ, ਪੰਜਾਬ ਆਰਟ ਕੌਂਸਲ, ਪੰਜਾਬ ਸਿੰਧ ਬੈਂਕ, ਬੈਂਕ ਆਫ਼ ਪੰਜਾਬ ਅਤੇ ਹੋਰ ਅਦਾਰਿਆਂ ਲਈ ਆਪਣੇ ਸ਼ਾਹਕਾਰ ਬਣਾ ਕੇ ਦਿੱਤੇ।
ਪੌਣੀ ਸਦੀ ਕਲਾ ਨੂੰ ਸਮਰਪਿਤ ਰਹੇ ਨਾਮਵਰ ਕਲਾਕਾਰ ਮੇਹਰ ਸਿੰਘ ਦੀ ਤਬੀਅਤ ਕੁਝ ਵਧੇਰੇ ਢਿੱਲੀ ਹੋਣ ਲੱਗੀ ਤਾਂ ਪਿਛਲੇ ਸਾਲ ਨਵੰਬਰ ਵਿੱਚ ਉਸ ਦੇ ਸਪੁੱਤਰ ਉਸ ਨੂੰ ਚੰਡੀਗੜ੍ਹ ਤੋਂ ਦਿੱਲੀ ਆਪਣੇ ਪਾਸ ਲੈ ਆਏ। 26 ਅਗਸਤ 2020 ਦਿਨ ਬੁੱਧਵਾਰ ਨੂੰ ਸਵੇਰੇ ਸਵਾ ਦਸ ਵਜੇ ਦਿੱਲੀ ਵਿਖੇ ਉਹ ਆਪਣੇ ਸਪੁੱਤਰ ਪਾਸ ਸਦਾ ਦੀ ਨੀਂਦ ਸੌਂ ਗਿਆ। ਉਸ ਦਾ ਸਸਕਾਰ ਉਸੇ ਦਿਨ ਪੰਜਾਬੀ ਬਾਗ਼ ਦੇ ਸ਼ਮਸ਼ਾਨਘਾਟ ਦਿੱਲੀ ਵਿਖੇ ਕਰ ਦਿੱਤਾ ਗਿਆ। 31 ਅਗਸਤ ਸੋਮਵਾਰ ਦਿੱਲੀ ਵਿਖੇ ਉਸ ਦੇ ਭੋਗ ਅਤੇ ਅੰਤਿਮ ਅਰਦਾਸ ਲਈ ਪਰਿਵਾਰ ਵੱਲੋਂ ਨਿਸ਼ਚਿਤ ਕੀਤੀ ਗਈ ਹੈ। ਸਰਦਾਰ ਮੇਹਰ ਸਿੰਘ ਦਾ ਨਾਉਂ ਕਲਾ ਜਗਤ ਵਿਚ ਸਦਾ ਅਮਰ ਰਹੇਗਾ। ਉਸ ਦੀ ਕਲਾ ਸਾਨੂੰ ਸਦਾ ਮਾਰਗ ਦਰਸ਼ਨ ਦਿੰਦੀ ਰਹੇਗੀ ਅਤੇ ਉਸ ਦੀ ਯਾਦ ਸਦਾ ਸਾਡੇ ਦਿਲਾਂ ਵਿੱਚ ਰਹੇਗੀ।
ਸੰਪਰਕ: +1-778-385-8141