ਅਰਸ਼ਦੀਪ ਸਿੰਘ
ਦੋ ਕੁ ਵਰ੍ਹੇ ਪਹਿਲਾਂ ਦੀ ਗੱਲ ਹੈ। ਮੈਂ ਫਾਜ਼ਿਲਕਾ ਤੋਂ ਪਿੰਡ ਨੂੰ ਮੁੜ ਰਿਹਾ ਸੀ। ਅਚਾਨਕ ਮੈਨੂੰ ਲੱਗਾ ਜਿਵੇਂ ਕਿਸੇ ਨੇ ਆਵਾਜ਼ ਮਾਰੀ ਹੋਵੇ। ਮੈਂ ਮੋਟਰਸਾਈਕਲ ਹੌਲੀ ਕੀਤਾ ਤੇ ਵੇਖਿਆ ਅਧਖੜ ਉਮਰ ਦਾ ਇਕ ਬੰਦਾ, ਖੁੱਲ੍ਹੀ ਹੋਈ ਲੰਮੀ ਦਾੜ੍ਹੀ, ਘਸਿਆ ਹੋਇਆ ਕੁੜਤਾ-ਚਾਦਰਾ ਤੇ ਟੁੱਟੀ ਹੋਈ ਜੁੱਤੀ ਪਾਈ, ਸੜਕ ਤੋਂ ਥੋੜ੍ਹਾ ਜਿਹੇ ਪਿੱਛੇ ਹਟਵੇਂ ਛੱਪਰ ਦੇ ਬਾਹਰ ਬੈਠਾ ਸੀ। ਮੈਨੂੰ ਇੰਞ ਪ੍ਰਤੀਤ ਹੋਇਆ ਜਿਵੇਂ ਉਸ ਤੋਂ ਉੱਠਿਆ ਨਾ ਜਾ ਰਿਹਾ ਹੋਵੇ। ਉਸ ਨੇ ਇਸ਼ਾਰਾ ਕਰਕੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ, ‘‘ਪੁੱਤ, ਕੁਝ ਖਾਣ ਨੂੰ ਦੇ ਜਾ ਬਾਬੇ ਨੂੰ।’’ ਇਹ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋਈ ਕਿਉਂਕਿ ਵੇਖਣ ਨੂੰ ਮੰਗਣ ਵਾਲਾ ਨਹੀਂ ਸੀ ਜਾਪਿਆ, ਇਕ ਤਾਂ ਉਹਦੇ ਬੋਲਣ ਦਾ ਲਹਿਜਾ ਤੇ ਦੂਜਾ ਉਹਦਾ ਪੱਗ ਬੰਨ੍ਹਣ ਦਾ ਤਰੀਕਾ। ਮੈਨੂੰ ਉਹ ਚੰਗੇ ਘਰ ਦਾ ਪ੍ਰਤੀਤ ਹੋਇਆ ਸੀ। ਖ਼ੈਰ, ਮੈਂ ਜੇਬ੍ਹ ’ਚੋਂ ਦਸ ਰੁਪਏ ਦਾ ਨੋਟ ਕੱਢ ਕੇ ਉਸ ਨੂੰ ਫੜਾਉਣ ਲਈ ਹੱਥ ਅੱਗੇ ਵਧਾਇਆ ਤਾਂ ਨੋਟ ਵੇਖ ਕੇ ਉਸ ਨੇ ਕਿਹਾ, ‘‘ਨਾ ਪੁੱਤ, ਪੈਸੇ ਕੀ ਕਰਨੇ? ਕੁਝ ਖਾਣ ਲਈ ਦੇ ਜਾ।’’ ਮੈਂ ਮੋਟਰਸਾਈਕਲ ’ਚੋਂ ਅਮਰੂਦਾਂ ਵਾਲਾ ਲਿਫ਼ਾਫ਼ਾ ਕੱਢਿਆ ਤੇ ਉਸ ਨੂੰ ਫੜਾ ਦਿੱਤਾ। ਉਹਨੇ ਦੁਆ ਦਿੱਤੀ, ‘‘ਜਿਉਂਦਾ ਰਹਿ।’’ ਮੈਂ ਰਾਹ ਵਿਚ ਸੋਚਦਾ ਰਿਹਾ ਕਿ ਉਸ ਨੇ ਪੈਸੇ ਲੈਣ ਤੋਂ ਵੀ ਮਨ੍ਹਾ ਕਰ ਦਿੱਤਾ ਤੇ ਵੇਖਣ ਨੂੰ ਵੀ ਉਹ ਮੰਗਤਾ ਨਹੀਂ ਸੀ ਲੱਗਦਾ। ਆਖ਼ਰ ਉਸ ਦਾ ਸੱਚ ਕੀ ਹੈ।
ਸਬੱਬ ਨਾਲ ਮੈਨੂੰ ਮਹੀਨੇ ਕੁ ਬਾਅਦ ਕਿਸੇ ਕੰਮ ਕਰਕੇ ਉਸੇ ਪਿੰਡ ਜਾਣ ਦਾ ਮੌਕਾ ਮਿਲਿਆ। ਜਦੋਂ ਮੈਂ ਓਸ ਛੱਪਰ ਕੋਲੋਂ ਲੰਘਿਆ ਤਾਂ ਮੈਂ ਵੇਖਿਆ ਕਿ ਬਾਬਾ ਓਥੇ ਨਹੀਂ ਸੀ। ਮੈਂ ਪਿੰਡ ਵਿਚ ਗਿਆ। ਜਿਸ ਨੂੰ ਮਿਲਣਾ ਸੀ ਮਿਲ ਕੇ ਕੰਮ ਮੁਕਾ ਲਿਆ। ਬਾਅਦ ਵਿਚ ਚਾਹ ਪੀਂਦੇ-ਪੀਂਦੇ ਮੈਂ ਸਹਿਜੇ ਹੀ ਬਾਬੇ ਦੀ ਗੱਲ ਤੋਰੀ ਤੇ ਉਨ੍ਹਾਂ ਨੇ ਮੈਨੂੰ ਦੱਸਿਆ, ‘‘ਬਾਬਾ ਦੋ ਦਿਨ ਪਹਿਲਾਂ ਰੱਬ ਨੂੰ ਪਿਆਰਾ ਹੋ ਗਿਆ। ਉਸ ਕੋਲ ਪਹਿਲਾਂ ਕਾਫ਼ੀ ਜ਼ਮੀਨ ਸੀ ਤੇ ਐਸ਼ੋ-ਆਰਾਮ ਦੀ ਜ਼ਿੰਦਗੀ ਜਿਉਂਦਾ ਸੀ।’’ ਇਹ ਸੁਣ ਕੇ ਮੇਰੇ ਮਨ ਅੰਦਰ ਬਾਬੇ ਦੀ ਸੱਚਾਈ ਜਾਨਣ ਦੀ ਇੱਛਾ ਹੋਰ ਵੀ ਵਧ ਗਈ।
ਗੱਲਾਂ ਕਰਦੇ-ਕਰਦੇ ਮੈਨੂੰ ਪਤਾ ਲੱਗਾ ਕਿ ਜਦੋਂ ਬਾਬੇ ਦੇ ਭਰਾਵਾਂ ਵਿਚ ਜ਼ਮੀਨ ਦੀ ਵੰਡ ਹੋਣੀ ਸੀ ਤਾਂ ਉਸ ਨੇ ਆਪਣੇ ਪਿਓ ਦਾ ਅੰਗੂਠਾ ਧੋਖੇ ਨਾਲ ਲਗਵਾ ਕੇ ਭਰਾਵਾਂ ਦੀ ਜ਼ਮੀਨ ਵੀ ਹੜੱਪ ਲਈ ਸੀ। ਪੈਸੇ ਦੇ ਜ਼ੋਰ ’ਤੇ ਸਰਪੰਚੀ ਜਿੱਤ ਕੇ ਪੰਜ ਸਾਲ ਹੋਰ ਲੋਕਾਂ ਦੇ ਹੱਕ ਦਾ ਪੈਸਾ ਹਜ਼ਮ ਕੀਤਾ। ਹੰਕਾਰ ਤੇ ਲਾਲਚ ’ਚ ਡੁੱਬੇ ਨੂੰ ਪੈਸੇ ਤੋਂ ਬਿਨਾਂ ਹੋਰ ਕੁਝ ਵਿਖਾਈ ਨਹੀਂ ਸੀ ਦਿੰਦਾ। ਮਾੜੇ ਦਾ ਅੰਜਾਮ ਤਾਂ ਆਖ਼ਰ ਮਾੜਾ ਹੀ ਹੋਣਾ ਸੀ। ਅਚਾਨਕ ਪਤਨੀ ਬਿਮਾਰ ਹੋ ਗਈ। ਪੈਸਾ ਪਾਣੀ ਵਾਂਗ ਵਹਾਉਣ ਤੋਂ ਬਾਅਦ ਵੀ ਬਚ ਨਾ ਸਕੀ। ਪਤਨੀ ਦੇ ਸਦਮੇ ’ਚੋਂ ਅਜੇ ਬਾਹਰ ਨਿਕਲਿਆ ਹੀ ਸੀ ਕਿ ਪੁੱਤ ਦੀ ਵੀ ਭਿਆਨਕ ਹਾਦਸੇ ਵਿਚ ਮੌਤ ਹੋ ਗਈ। ਪੁੱਤਰ ਦੀ ਮੌਤ ਤੋਂ ਥੋੜ੍ਹੇ ਦਿਨ ਬਾਅਦ ਹੀ ਨੂੰਹ ਨੇ ਜ਼ਮੀਨ ਆਪਣੇ ਨਾਂ ਲਗਵਾ ਲਈ ਕਿਉਂਕਿ ਜ਼ਮੀਨ ਪੁੱਤ ਦੇ ਨਾਂ ਹੀ ਸੀ। ਉਸ ਤੋਂ ਬਾਅਦ ਨੂੰਹ ਨੇ ਭਰਾਵਾਂ ਨਾਲ ਰਲ ਕੇ ਜਿਵੇਂ ਉਸ ਨੂੰ ਧੱਕੇ ਮਾਰ ਕੇ ਘਰੋਂ ਕੱਢਿਆ ਸੀ ਇਹ ਸਾਰੇ ਪਿੰਡ ਨੇ ਵੇਖਿਆ ਸੀ। ਫਿਰ ਵੱਡੀ ਸੜਕ ’ਤੇ ਬਣੇ ਛੱਪਰ ਤੋਂ ਬਿਨਾਂ ਕੁਝ ਨਹੀਂ ਸੀ ਰਿਹਾ। ਉੱਥੇ ਭੁੱਖਾ ਮਰਦਾ ਹੋਣ ਕਰਕੇ ਪਿਛਲੀ ਦਿਨੀਂ ਪਿੰਡ ’ਚ ਹੀ ਮੰਗਣ ਲੱਗ ਗਿਆ ਸੀ। ਜਦੋਂ ਕੋਈ ਰੋਟੀ ਦਿੰਦਾ ਤਾਂ ਉਸ ਨੂੰ ਨਸੀਹਤਾਂ ਦਿੰਦਾ ਕਿ ‘‘ਪੈਸਾ ਕਿਸੇ ਕੰਮ ਨਹੀਂ ਆਉਂਦਾ, ਇਹਦਾ ਲਾਲਚ ਕਦੇ ਨਾ ਕਰੋ। ਧੋਖਾਧੜੀ ਦਾ ਹਿਸਾਬ ਇੱਥੇ ਹੀ ਦੇਣਾ ਪੈਂਦਾ ਹੈ। ਮੈਂ ਆਪਣੇ ਭਰਾਵਾਂ ਨਾਲ ਧੋਖਾ ਕੀਤਾ, ਹੁਣ ਭੁਗਤ ਰਿਹਾ ਹਾਂ। ਤੁਸੀਂ ਕਦੇ ਵੀ ਪੈਸੇ ਦਾ ਲਾਲਚ ਨਾ ਕਰਿਓ ਕਿਉਂਕਿ ਪੈਸਾ ਸਭ ਕੁਝ ਨਹੀਂ ਖਰੀਦ ਸਕਦਾ।’’ ਗਰਮੀ ’ਚ ਬਾਹਰ ਤੁਰਿਆ ਫਿਰਦਾ ਹੋਣ ਕਰਕੇ ਤੇ ਫਿਰ ਰਾਤ ਨੂੰ ਵੀ ਸੌਣ ਦਾ ਕੋਈ ਟਿਕਾਣਾ ਨਹੀਂ ਸੀ। ਇਸ ਕਰਕੇ ਬਹੁਤੇ ਦਿਨ ਗਰਮੀ ਸਹਾਰ ਨਾ ਸਕਿਆ ਤੇ ਦਮ ਤੋੜ ਗਿਆ। ਪਿੰਡ ਵਾਲਿਆਂ ਨੇ ਰਲ਼ ਕੇ ਅੰਤਿਮ ਸੰਸਕਾਰ ਤੇ ਬਾਕੀ ਰਸਮਾਂ ਪੂਰੀਆਂ ਕਰ ਦਿੱਤੀਆਂ ਸਨ।
ਮੈਨੂੰ ਆਏ ਨੂੰ ਕਾਫ਼ੀ ਦੇਰ ਹੋ ਚੁੱਕੀ ਸੀ। ਕੁਵੇਲਾ ਹੋਣ ਦੇ ਡਰੋਂ ਮੈਂ ਉੱਥੋਂ ਪਿੰਡ ਵੱਲ ਨੂੰ ਤੁਰ ਪਿਆ ਤੇ ਰਾਹ ਵਿਚ ਬਾਬੇ ਦੀ ਕਹੀ ਗੱਲ ਸੋਚ ਰਿਹਾ ਸੀ, ‘‘ਪੈਸੇ ਕੀ ਕਰਨੇ ਨੇ ਪੁੱਤ?’’
ਸੰਪਰਕ: 95929-01164