ਮਨਮੋਹਨ ਸਿੰਘ ਦਾਊਂ
ਗੱਲ ਜੂਨ 1941 ਦੀ ਹੈ। ਸੋਵੀਅਤ ਦੇਸ਼ (ਰੂਸ) ਦੀ ਆਜ਼ਾਦੀ ਦਾ ਸੰਘਰਸ਼ ਬੜਾ ਲੰਮਾ ਚੱਲਿਆ। ਨਾਜ਼ੀ ਜਰਮਨੀ ਵਿਰੁੱਧ ਇਹ ਜੰਗ ਮਨੁੱਖਤਾ ਦੇ ਇਤਿਹਾਸ ਵਿਚ ਸਭ ਤੋਂ ਭਿਆਨਕ ਸੀ। ਜ਼ਾਰਸ਼ਾਹੀ ਨੂੰ ਖ਼ਤਮ ਕਰਨ ਲਈ ਸੋਵੀਅਤ ਦੇਸ਼ ਦੇ ਇਸ ਸੰਘਰਸ਼ ਵਿਚ ਫੌ਼ਜ ਦੇ ਨਾਲ ਨਾਲ ਹਰ ਦੇਸ਼ ਵਾਸੀ ਨੇ ਕੁਰਬਾਨੀ ਦਿੱਤੀ। ਆਦਮੀ ਕੀ, ਬੁੱਢੇ ਤੇ ਜੁਆਨ ਕੀ, ਔਰਤਾਂ, ਗੱਭਰੂ, ਮੁਟਿਆਰਾਂ, ਵਿਦਿਆਰਥੀਆਂ ਤੇ ਬੱਚਿਆਂ ਨੇ ਜੰਗੀ ਮੋਰਚਿਆਂ ਤੇ ਆਪਣੇ ਦੇਸ਼ ਦੇ ਫੌ਼ਜੀਆਂ ਦਾ ਸਾਥ ਦਿੱਤਾ।
ਸੋਵੀਅਤ ਦੇਸ਼ ਵਿਚ ਇਸ ਜੰਗ ਨੂੰ ਜਿੱਤਣ ਲਈ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਜੰਗ ਵਿਰੁੱਧ ਸਿੱਖਿਆ ਦਿੱਤੀ ਜਾਂਦੀ ਸੀ। ਇਸ ਜੰਗ ਵਿਚ ਬਹੁਤ ਸਾਰੇ ਬੱਚਿਆਂ ਨੇ ਹੈਰਾਨ ਕਰ ਦੇਣ ਵਾਲੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਅਜਿਹੇ ਸੂਰਬੀਰ ਬੱਚਿਆਂ ਵਿਚੋਂ ਇਕ ਇਵਾਨ ਹੋਇਆ ਹੈ ਜਿਸ ਦੇ ਨਾਮ ਤੇ ਇਕ ਰੂਸੀ ਲੇਖਕ ਨੇ ਨਾਵਲ ਵੀ ਲਿਖਿਆ।
ਅਜਿਹੀ ਹੀ ਸੂਰਬੀਰ ਇਕ ਕੁੜੀ ਦੀ ਕੁਰਬਾਨੀ ਵੀ ਰੌਂਗਟੇ ਖੜ੍ਹੇ ਕਰਨ ਵਾਲੀ ਹੈ। ਦੁਸ਼ਮਣ ਗੋਲੇ ਦਾਗ ਰਿਹਾ ਸੀ। ਮੋਰਚਿਆਂ ਤੇ ਫੌ਼ਜੀ ਜਾਨਾਂ ਵਾਰ ਰਹੇ ਸਨ। ਦੁਸ਼ਮਣ ਦੀਆਂ ਚਾਲਾਂ ਨੂੰ ਕਿਵੇਂ ਪਛਾੜਿਆ ਜਾਵੇ, ਹਰ ਦੇਸ਼ ਵਾਸੀ ਦਾ ਇਹੋ ਉਦੇਸ਼ ਸੀ।
ਅਠਾਰਾਂ ਸਾਲਾਂ ਦੀ ਇਕ ਕੁੜੀ ਨੇ ਦੇਸ਼ ਪਿਆਰ ਲਈ ਦੁਸ਼ਮਣ ਦੇ ਟਿਕਾਣਿਆਂ ਦਾ ਪਤਾ ਕਰਨ ਲਈ ਆਪਣੇ ਆਪ ਵੈਰੀ ਦੀ ਜਾਸੂਸੀ ਕਰਨ ਲਈ ਬੀੜਾ ਚੁੱਕ ਲਿਆ। ਉਹ ਦੁਸ਼ਮਣ ਦੇ ਮੋਰਚਿਆਂ ਦੀ ਜਾਸੂਸੀ ਕਰਨ ਲੱਗੀ। ਉਸ ਨੇ ਆਪਣੇ ਆਪ ਨੂੰ ਕਸ਼ਟ ਵਿਚ ਪਾ ਕੇ ਆਪਣੀਆਂ ਫੌ਼ਜਾਂ ਦੇ ਸਿਪਾਹੀਆਂ ਨੂੰ ਜਾਣਕਾਰੀ ਦੇਣੀ ਆਪਣਾ ਧਰਮ ਬਣਾ ਲਿਆ। ਉਸ ਦਾ ਜੋਸ਼ ਠਾਠਾਂ ਮਾਰਨ ਲੱਗਿਆ। ਉਹ ਹਰ ਹਾਲਤ ਵਿਚ ਖ਼ਤਰੇ ਵਿਚ ਪੈ ਕੇ ਵੈਰੀ ਦੀਆਂ ਚਾਲਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੀ ਰਹੀ। ਆਖ਼ਰ ਇਕ ਦਿਨ ਉਹ ਕੁੜੀ ਨਾਜ਼ੀਆਂ ਦੇ ਕਾਬੂ ਆ ਗਈ। ਉਸ ਨੇ ਮੁਕਾਬਲਾ ਕਰਨ ਦੇ ਪੂਰੇ ਯਤਨ ਕੀਤੇ ਪਰ ਬੇਵਸ ਰਹੀ। ਕੁੜੀ ਦੀ ਦਲੇਰੀ ਵੇਖ ਕੇ ਨਾਜ਼ੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਚੁੱਪ-ਗੜੁੱਪ ਕੁੜੀ ਦੀ ਦ੍ਰਿੜਤਾ ਤੇ ਬਹਾਦਰੀ ਤੇ ਉਹ ਹੈਰਾਨ ਹੋ ਰਹੇ ਸਨ। ਉਨ੍ਹਾਂ ਨੂੰ ਇਹ ਆਸ ਸੀ ਕਿ ਹੁਣ ਅਸੀਂ ਇਸ ਕਾਬੂ ਕੀਤੀ ਕੁੜੀ ਰਾਹੀਂ ਭੇਤ ਪਾ ਲਵਾਂਗੇ ਤੇ ਦੁਸ਼ਮਣ ਨੂੰ ਹਰਾਉਣ ਵਿਚ ਨਵੀਆਂ ਵਿਉਂਤਾਂ ਘੜਾਂਗੇ।
ਕੁੜੀ ਤੋਂ ਪੁੱਛ-ਪੜਤਾਲ ਕੀਤੀ ਗਈ। ਨਾਜ਼ੀ ਉਸ ਤੋਂ ਹੋਰ ਸਾਥੀਆਂ ਦੇ ਨਾਮ ਪਤਾ ਕਰਨਾ ਚਾਹੁੰਦੇ ਸਨ। ਲੜਕੀ ਨੇ ਮੂੰਹ ਨਾ ਖੋਲ੍ਹਿਆ। ਨਾਜ਼ੀਆਂ ਨੇ ਉਸ ਨੂੰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਉਹ ਤਸੀਹੇ ਦਿੰਦੇ ਰਹੇ, ਮੌਤ ਦਾ ਡਰ ਦਿੰਦੇ ਰਹੇ ਪਰ ਉਸ ਨੇ ਇਕ ਵੀ ਗੱਲ ਨਾ ਦੱਸੀ। ਇੰਨੀ ਚੁੱਪ ਰਹੀ, ਜਿਵੇਂ ਪੱਥਰ ਹੀ ਹੋ ਗਈ ਹੋਵੇ। ਨਾਜ਼ੀ ਫੌ਼ਜ ਦਾ ਕਮਾਂਡਰ ਅਤੇ ਕਪਤਾਨ ਵੀ ਉਸ ਨੂੰ ਧਮਕੀਆਂ ਦੇ ਦੇ ਥੱਕ ਗਏ। ਆਖ਼ਰ ਉਸ ਨੂੰ ਮਾਰਨ ਦਾ ਹੁਕਮ ਦੇ ਦਿੱਤਾ। ਜਦੋਂ ਉਸ ਨੂੰ ਕੱਪੜੇ ਲੁਹਾ ਕੇ ਜ਼ਲੀਲ ਕੀਤਾ ਤੇ ਨੰਗੇ ਪੈਰੀਂ ਬਰਫ਼ ਉੱਤੇ ਤੁਰਨ ਲਈ ਕਿਹਾ ਗਿਆ ਤਾਂ ਵੀ ਉਹ ਬਿਲਕੁਲ ਅਡੋਲ ਰਹੀ। ਉਸ ਨੂੰ ਫ਼ਾਂਸੀ ਦੇਣ ਲਈ ਲਿਜਾਇਆ ਜਾ ਰਿਹਾ ਸੀ। ਨਾਜ਼ੀਆਂ ਨੂੰ ਉਮੀਦ ਸੀ ਕਿ ਫ਼ਾਂਸੀ ਤੋਂ ਡਰਦੀ ਮਾਰੀ ਉਹ ਆਪਣੇ ਸਾਥੀਆਂ ਦੇ ਨਾਮ ਲੈ ਦੇਵੇਗੀ ਤੇ ਹੋਰ ਜਾਣਕਾਰੀ ਵੀ ਦੇ ਦੇਵੇਗੀ ਪਰ ਉਸ ਦੀ ਚੁੱਪ ਨੂੰ ਕੋਈ ਤੋੜ ਨਾ ਸਕਿਆ। ਉਸ ਦੇ ਚਿਹਰੇ ਦੀ ਗੰਭੀਰਤਾ ਹੈਰਾਨ ਕਰ ਦੇਣ ਵਾਲੀ ਸੀ। ਕੁਰਬਾਨੀ ਦੇ ਜਲੌਅ ਨੂੰ ਦੁਸ਼ਮਣ ਦਾ ਕੋਈ ਵੀ ਦਾਅ-ਪੇਚ ਘਟਾ ਨਾ ਸਕਿਆ। ਖ਼ਾਮੋਸ਼ੀ ਦੀ ਇੰਤਹਾ ਨਾਲ ਉਹ ਫ਼ਾਂਸੀ ਚੜ੍ਹ ਗਈ। ਉਸ ਦੇ ਸਿਦਕ ਤੇ ਦ੍ਰਿੜਤਾ ਦੀਆਂ ਦੰਦ-ਕਥਾਵਾਂ ਬਣ ਗਈਆਂ। ਉਸ ਮਰਜੀਵੜੀ ਦਾ ਨਾਂ ਸੀ ਜ਼ੋਇਆ ਕੋਸਮੋਦੇ ਮਿਯਾਨ ਸਕਾਯਾ। ਉਸ ਦੀ ਸ਼ਹੀਦੀ ਦੇਸ਼ ਦੇ ਬੱਚਿਆਂ ਲਈ ਪ੍ਰੇਰਨਾ ਬਣੀ। ਉਸ ਦੀ ਅਮਰ ਗਾਥਾ ਨੂੰ ਲੋਕੀਂ ਅੱਜ ਵੀ ਯਾਦ ਕਰਦੇ ਹਨ। ਧੰਨ ਸੀ ਉਹ ਮਾਂ ਜਿਸ ਨੇ ਉਸ ਨੂੰ ਜਨਮ ਦਿੱਤਾ। ਧੰਨ ਸੀ ਉਸ ਦਾ ਸਿਰੜ ਜੋ ਦੁਸ਼ਮਣ ਅੱਗੇ ਹਾਰ ਨਾ ਮੰਨ ਸਕਿਆ।
ਸੰਪਰਕ: 98151-23900