ਅਤਰਜੀਤ
ਕਰਨਾਲ ਤੋਂ ਓਟੀ ਦਾ ਕੋਰਸ ਮੁਕੰਮਲ ਕੀਤਾ ਹੀ ਸੀ, ਤਿੰਨ ਮਹੀਨਿਆਂ ਦੇ ਆਧਾਰ ਤੇ ਮੈਨੂੰ ਪੰਜਾਬੀ ਅਧਿਆਪਕ ਦੀ ਨੌਕਰੀ ਮਿਲ਼ ਗਈ। ਸਟੇਸ਼ਨ ਨਰਵਾਣੇ (ਹਰਿਆਣਾ) ਤੋਂ ਅੱਠ ਦਸ ਮੀਲ ਦੂਰ ਪਿੰਡ ਉਝਾਣਾ ਮਿਲ਼ਿਆ। ਗੱਡੀ ਵਿਚ ਗੱਲਾਂ ਕਰਦਿਆਂ ਇਕ ਪੰਜਾਬੀ ਭਰਾ ਦੋਸਤ ਬਣ ਗਿਆ ਜਿਸ ਨੇ ਸਟੇਸ਼ਨ ਤੇ ਮੇਰਾ ਗੱਡੀ ਵਿਚੋਂ ਸਾਮਾਨ ਉਤਾਰਨ ਵਿਚ ਸਹਾਇਤਾ ਕੀਤੀ। ਉਹ ਛੇਤੀ ਦੇਣੇ ਪਹਿਲਾਂ ਉੱਤਰ ਕੇ ਬੋਲਿਆ- “ਲਿਆ ਫੜਾ ਵੀਰ ਸਾਮਾਨ ਮੈਨੂੰ। ਮੈਂ ਲੁਹਾ ਦਿੰਨਾ। ਫੇਰ ਵੀ ਪੰਜਾਬੀ ਭਰਾ ਐਂ। ਕਿੱਥੇ ਜਾਣੈ?” ਉਸ ਨੇ ਮੇਰਾ ਟਰੰਕ, ਬਿਸਤਰਾ, ਭਾਂਡਿਆਂ ਵਾਲੀ ਬੋਰੀ, ਪੀਪਾ ਆਦਿ ਉਤਰਵਾ ਦਿੱਤਾ। ਮੇਰੇ ਮੂੰਹੋਂ ਉਝਾਣਾ ਸ਼ਬਦ ਕਹਿਣ ਦੀ ਦੇਰ ਸੀ ਕਿ ਉਹ ਇਕਦਮ ‘ਵਾਹ!’ ਕਹਿ ਕੇ ਹੱਸਿਆ- “ਵਾਹ! ਫੇਰ ਤਾਂ ਕਮਾਲ ਈ ਹੋ ਗਈ। ਮੈਂ ਵੀ ਉਝਾਣੇ ਹੀ ਜਾਣੈ।” ਮੇਰਾ ਬਿਸਤਰਾ ਤੇ ਪੀਪਾ ਉਹਨੇ ਉਠਾ ਲਿਆ। ਦੋ ਨਗ ਮੈਂ ਹੱਥਾਂ ਵਿਚ ਲਮਕਾ ਲਏ। ਬਾਜ਼ਾਰ ਵਿਚ ਆ ਕੇ ਉਹਨੇ ਸਾਮਾਨ ਇੱਕ ਥਾਂ ਰਖਵਾ ਲਿਆ। “ਦੋ ਕੁ ਮਿੰਟ ਐਥੇ ਰੁਕੋ, ਆਪਾਂ ਨਿਆਣਿਆਂ ਵਾਸਤੇ ਕੁਛ ਲੈ ਲੀਏ।” ਕਹਿ ਕੇ ਉਹ ਥੋੜ੍ਹੀ ਦੂਰੋਂ ਮੁੜ ਆਇਆ।
“ਉਇ ਵੀਰਿਆ! ਲੱਗਦੈ ਮੇਰੀ ਤਾਂ ਜੇਬ ਕੱਟੀ ਗਈ, ਜਾਂ ਪੈਸੇ ਕਿਤੇ ਡਿੱਗ ਪਏ। ਪੰਜ ਰੁਪਏ ਦਿਹ। ਘਰ ਚੱਲ ਕੇ ਦੇ ਦਿਊਂ ਮੈਂ।” ਮੈਂ ਪੰਜ ਰੁਪਏ ਫੜਾ ਦਿੱਤੇ। ਮੁੜ ਕੇ ਉਹ ਬੰਦਾ ਬਾਜ਼ਾਰ ਵਿਚ ਕਿਤੇ ਨਜ਼ਰ ਨਾ ਆਇਆ। ਉੱਥੋਂ ਰਿਕਸ਼ਾ ਕਰਾ ਕੇ ਮੈਂ ਉਝਾਣੇ ਪਹੁੰਚਿਆ। ਸਾਮਾਨ ਸਕੂਲ ਵਿਚ ਇਕ ਪਾਸੇ ਰੱਖ ਕੇ ਹੈੱਡਮਾਸਟਰ ਦੇ ਦਫ਼ਤਰ ਵਿਚ ਪੇਸ਼ ਹੋਇਆ।
ਹੈੱਡਮਾਸਟਰ ਨਾਹਰ ਸਿੰਘ ਸੀ ਬਾਵਾ ਸਾਧ। ਭਗਵੇਂ ਬਸਤਰ ਪਹਿਨਦਾ ਸੀ। ਹਾਜ਼ਰੀ ਰਿਪੋਰਟ ਕੋਲ਼ ਬੈਠ ਕੇ ਲਿਖਵਾਈ ਤੇ ਬਹੁਤ ਆਦਰ ਨਾਲ਼ ਮੈਨੂੰ ਹਾਜ਼ਰ ਕਰਾ ਲਿਆ। ਦਸ ਕੁ ਦਿਨ ਹੀ ਬੀਤੇ ਸਨ ਕਿ ਮੈਨੂੰ ਹਦਾਇਤ ਹੋਈ ਕਿ ਸੰਗਰੂਰ ਜ਼ਿਲ੍ਹਾ ਇੰਸਪੈਕਟਰ ਦੇ ਦਫ਼ਤਰੋਂ ਸਰਵਿਸ ਬੁੱਕ ਲੈ ਕੇ ਆਵਾਂ। ਮੇਰੀ ਸਰਵਿਸ ਬੁੱਕ ਤਿਆਰ ਹੋਣ ਲੱਗੀ। ਪਹਿਲਾ ਪੰਨਾ ਆਪਣੇ ਨਾਮ-ਥਾਮ ਬਾਰੇ ਭਰ ਕੇ ਮੈਂ ਦਫ਼ਤਰ ਵਿਚ ਸਰਵਿਸ ਬੁੱਕ ਪੁੱਜਦੀ ਕਰ ਦਿੱਤੀ। ਕੋਈ ਅੱਧੇ ਕੁ ਘੰਟੇ ਬਾਅਦ ਹੈੱਡਮਾਸਟਰ ਨੇ ਮੈਨੂੰ ਦਫ਼ਤਰ ਤਲਬ ਲਿਆ- “ਪਹਿਲਾਂ ਨਾ ਦੱਸੀ ਜਾਤ ਬਈ ਮੈਂ ਹਰੀਜਨ ਆਂ? ਸਰਵਿਸ ਬੁੱਕ ਚੋਂ ਪੜ੍ਹ ਕੇ ਪਤਾ ਲੱਗਿਐ।” ਹੈੱਡਮਾਸਟਰ ਦੇ ਬਦਲੇ ਤੇਵਰ ਤੋਂ ਮੈਨੂੰ ਜਾਪਿਆ ਜਿਵੇਂ ਮੇਰਾ ‘ਰੋਟੀ ਦਾ ਇਹ ਜੁਗਾੜ’ ਖੁੱਸ ਰਿਹਾ ਹੈ।
“ਜੇ ਮੈਂ ਹਰੀਜਨ ਆਂ ਤਾਂ ਤੁਸੀਂ ਕੀਹਦੇ ਜਨ ਓ ਜੀ? ਆਉਂਦੇ ਨੂੰ ਹੀ ਪੁੱਛ ਲੈਂਦੇ। ਮੈਂ ਗਲ਼ ਵਿਚ ਢੋਲ ਪਾ ਕੇ ਕੁੱਟਾਂ ਬਈ ਰਾਮਦਾਸੀਆ ਪਰਿਵਾਰ ਵਿਚੋਂ ਆਂ, ਉਹ ਵੀ ਸਿੰਘਾਂ ਦੇ ਪਰਿਵਾਰ ਵਿਚੋਂ ਜੀ।” ਮੇਰਾ ਉੱਤਰ ਸੁਣ ਕੇ ਹੈੱਡਮਾਸਟਰ ਦੇ ਮੱਥੇ ਤੇ ਸੱਤ ਤਿਊੜੀਆਂ ਪੈ ਗਈਆਂ। ਮੈਂ ਬਰਾਬਰ ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਦਾ ਰਿਹਾ।
“ਅੱਛਾ ਜਾਉ! ਚੰਗਾ ਨਹੀਂ ਕੀਤਾ ਕਾਕਾ ਇਹ ਤੂੰ।” ਅਣਦਾੜ੍ਹੀਏ ਦਸਵੀਂ ਦੇ ਵਿਦਿਆਰਥੀਆਂ ਨਾਲ਼ੋਂ ਵੀ ਛੋਟੇ ਨਵੇਂ ਆਏ ਪੰਜਾਬੀ ਦੇ ਅਧਿਆਪਕ ਨੂੰ ਹੈੱਡਮਾਸਟਰ ਨਾਹਰ ਸਿੰਘ ਦਬਕਾ ਰਿਹਾ ਸੀ। ਜ਼ਖ਼ਮੀ ਹੋਈ ਰੂਹ ਦੀਆਂ ਚੀਸਾਂ ਸਿਰ ਨੂੰ ਚੜ੍ਹਨ ਲੱਗੀਆਂ।
“ਮੈਂ ਠੀਕ ਈ ਕੀਤੈ ਹੈੱਡਮਾਸਟਰ ਸਾਹਿਬ! ਮੈਂ ਅੰਮ੍ਰਿਤਧਾਰੀ ਪਰਿਵਾਰ ਰਾਮਦਾਸੀਏ ਸਿੰਘਾਂ ਦੇ ਘਰ ਜਨਮ ਲਿਐ। ਮੈਨੂੰ ਕਾਸੇ ਦੀ ਪ੍ਰਵਾਹ ਨਹੀਂ। ਜੇ ਔਖਿਆਈ ਐ, ਮੈਂ ਵਾਪਸ ਚਲਾ ਜਾਂਦਾ ਹਾਂ ਨੌਕਰੀ ਛੱਡ ਕੇ। ਦਿਹਾੜੀਆਂ ਕਰਨੀਆਂ ਆਉਂਦੀਐਂ ਮੈਨੂੰ।”
ਇਸ ਵਤੀਰੇ ਤੋਂ ਬਾਅਦ ਮੈਂ ਹੈੱਡਮਾਸਟਰ ਨਾਹਰ ਸਿੰਘ ਨੂੰ ਫ਼ਤਹਿ ਬੁਲਾਉਣੀ ਹੀ ਬੰਦ ਕਰ ਦਿੱਤੀ। ਘਰ ਵਿਚ ਵੀ ਅਜਿਹਾ ਹੀ ਮਾਹੌਲ ਸੀ ਕਿ ਜਦ ਕੋਈ ਪਰਿਵਾਰ ਦਾ ਜੀਅ ਗੁੱਸੇ ਵਿਚ ਹੁੰਦਾ ਸੀ ਤਾਂ ਕਈ ਦਿਨ ਇਕ ਦੂਜੇ ਦੀ ਬੋਲ-ਬਾਣੀ ਬੰਦ ਹੋ ਜਾਂਦੀ ਸੀ।
ਖ਼ੈਰ! ਵਿਦਿਆਰਥੀਆਂ ਵਿਚ ਮੈਂ ਥੋੜ੍ਹੇ ਹੀ ਦਿਨਾਂ ਵਿਚ ਮਕਬੂਲ ਹੋ ਗਿਆ। ਪਿੰਡ ਦੇ ਹੀ ਇਕ ਮਾਸਟਰ ਚੁੰਨੀ ਲਾਲ ਨੇ ਪਿੰਡ ਵਿਚ ਇਕ ਸੁੰਨੇ ਜਿਹੇ ਘਰ ਦਾ ਚੁਬਾਰਾ ਦਿਵਾ ਦਿੱਤਾ ਤੇ ਕਹਿ ਦਿੱਤਾ ਸੀ- “ਕਿਸੀ ਕੇ ਗੈਲ ਜਾਤ ਕੀ ਬਾਤ ਕਰਨੇ ਕੀ ਲੋੜ ਨਹੀਂ, ਇਸ ਸਾਧ ਕੀ ਵੀ ਪਰਵਾਹ ਨਹੀਂ ਕਰਨੀ।”
ਚੁੰਨੀ ਲਾਲ ਨੇ ਇਕ ਮਹਿਰੇ ਪਰਿਵਾਰ ਤੋਂ ਮੇਰੇ ਪਾਣੀ ਦਾ ਪ੍ਰਬੰਧ ਵੀ ਕਰਵਾ ਦਿੱਤਾ। ਇਕ ਬਹੁਤ ਹੀ ਸੁੰਦਰ ਸਜ ਵਿਆਹੀ ਮਹਿਰੀ ਲੜਕੀ ਪਾਣੀ ਦਾ ਘੜਾ ਲੈ ਕੇ ਆਉਂਦੀ ਜੋ ਮੇਰੇ ਕੋਲ਼ ਆ ਕੇ ਮੂੰਹ ਤੋਂ ਪੱਲਾ ਚੁੱਕ ਦਿਆ ਕਰਦੀ। ਕਾਲ਼ੀ ਘੱਗਰੀ, ਬਹੁਤ ਸਾਫ਼ ਚਿੱਟੀ ਕੁੜਤੀ, ਮੱਥੇ ਤੇ ਲੋਟਣ ਤੇ ਸਿਰ ਤੇ ਲਾਲ ਚੁੰਨੀ, ਦਗ ਦਗ ਕਰਦਾ ਮੂੰਹ ਮੁਹਾਂਦਰਾ। ਅਕਸਰ ਹੀ ਉਹ ਉਦੋਂ ਆਉਂਦੀ ਜਦ ਮੈਂ ਦਾਲ਼ ਜਾਂ ਸਬਜ਼ੀ ਬਣਾ ਰਿਹਾ ਹੁੰਦਾ।
“ਅਰੇ ਸਰਦਾਰ ਥਮ ਰੋਜ਼ੋ ਸੁਭੋ ਸ਼ਾਮ ਦਾਲ਼ ਸਬਜ਼ੀ ਬਣਾਵੈ ਸੈ।” ਉਸ ਨੂੰ ਅਚੰਭਾ ਹੁੰਦਾ। ਉਹ ਖੜ੍ਹੀ ਦੇਖਦੀ ਰਹਿੰਦੀ।
“ਥਾਰੇ ਘਰ ਮੈ ਕੇ ਬਣੇ ਸੈ?’ ਮੈਂ ਪੁੱਛਿਆ।
“ਮਾਰੇ ਤੈ ਰੋਜ਼ ਰਾਬੜੀ ਅਰ ਚਟਣੀ ਚਾਲੈ ਬ੍ਹਾਈ।” ਉਸ ਦਾ ਜਵਾਬ ਸੀ। ਇਕ ਦਿਨ ਮੈਂ ਕੌਲੀ ਵਿਚ ਸਬਜ਼ੀ ਪਾ ਕੇ ਇਕ ਰੋਟੀ ਉਹਦੇ ਵੱਲ ਕੀਤੀ। ਉਸ ਨੇ ਨਾਂਹ ਨਹੀਂ ਕੀਤੀ। ਉਹ ਮੇਰੇ ਕੋਲ਼ ਬੈਠ ਕੇ ਰੋਟੀ ਉਪਰ ਹੀ ਸਬਜ਼ੀ ਰੱਖ ਕੇ ਖਾ ਕੇ ਚਲੀ ਗਈ। ਮੈਂ ਅੰਦਰੋਂ ਹੋਰ ਤਰ੍ਹਾਂ ਦੇ ਸੰਸਕਾਰਾਂ ਵਿਚ ਵੀ ਗੋਤੇ ਖਾਂਦਾ ਰਿਹਾ ਕਿ ਜੇ ਇਸ ਕੁੜੀ ਨੂੰ ਮੇਰੀ ਜਾਤ ਦਾ ਪਤਾ ਲੱਗ ਗਿਆ ਤਾਂ ਉਹ ਪਾਣੀ ਦੇਣੋਂ ਹੀ ਹਟ ਜਾਣੀ ਹੈ। ਹਰਿਆਣੇ ਵਿਚ ਤਾਂ ਪੰਜਾਬ ਨਾਲ਼ੋਂ ਵੀ ਵੱਧ ਛੂਤ-ਛਾਤ ਸੀ। ਕਾਲ਼ੀ ਘੱਗਰੀ ਵਾਲੀ ਇਹ ਕੁੜੀ ਮੇਰੇ ਨਾਲ਼ ਘੁਲ਼ ਮਿਲ਼ ਗਈ ਸੀ। ਜਿਸ ਦਿਨ ਮੈਂ ਰੋਟੀ ਨਾ ਵੀ ਬਣਾ ਰਿਹਾ ਹੁੰਦਾ, ਉਹ ਕੁਝ ਚਿਰ ਜ਼ਰੂਰ ਕੋਈ ਨਾ ਕੋਈ ਗੱਲ ਛੇੜਦੀ। ਜਿਸ ਦਿਨ ਉਹ ਰੋਟੀ ਬਣਾਉਂਦੇ ਤੇ ਆਈ ਹੁੰਦੀ ਤਾਂ ਮੈਂ ਇਕ ਰੋਟੀ ਉੱਪਰ ਸਬਜ਼ੀ ਰੱਖ ਕੇ ਜ਼ਰੂਰ ਦਿੰਦਾ। ਮੈਂ ਲਕੀਰ ਖਿੱਚੀ ਹੋਈ ਸੀ ਜਿਸ ਤੋਂ ਪਾਰ ਜਾਣ ਬਾਰੇ ਮੈਂ ਸੋਚ ਹੀ ਨਹੀਂ ਸਾਂ ਸਕਦਾ। ਉਹ ਖੜ੍ਹੀ ਰਹਿੰਦੀ ਤੇ ਮੇਰੇ ਵੱਲ ਟਿਕਟਿਕੀ ਲਾ ਕੇ ਦੇਖਦੀ ਰਹਿੰਦੀ। ਮੈਂ ਵੀ ਉਸ ਦੇ ਜੋਬਨ ਨੂੰ ਨਿਹਾਰਦਾ ਪਰ ਮੇਰੇ ਮਨ ਵਿਚ ਉਸ ਸੁਹਣੀ ਮਹਿਰੀ ਕੁੜੀ ਜੋ ਪਤਾ ਨਹੀਂ ਹੁਣ ਇਸ ਸੰਸਾਰ ਤੇ ਹੋਵੇਗੀ ਵੀ ਜਾਂ ਨਹੀਂ, ਦੀ ਮੁਹੱਬਤ ਅਤੇ ਇੱਜ਼ਤ ਅੱਜ ਵੀ ਜਿਉਂ ਦੀ ਤਿਉਂ ਕਾਇਮ ਹੈ। ਉਝਾਣੇ ਦੀ ਯਾਦ ਆਉਂਦਿਆਂ ਹੀ ਉਹ ਮੇਰੇ ਸਾਹਮਣੇ ਆਣ ਖਲੋਂਦੀ ਹੈ, ਡੁੱਲ੍ਹ ਡੁੱਲ੍ਹ ਪੈਂਦਾ ਰੂਪ ਤੇ ਕਾਲ਼ੀ ਘੱਗਰੀ।
ਜੇ ਮੈਂ ਅੱਜ ਉਸ ਅਵਸਥਾ ਵਿਚ ਚਲਾ ਜਾਵਾਂ ਤੇ ਉਹ ਸੁਹਣੀ, ਘੱਗਰੀ ਵਾਲ਼ੀ ਕੁੜੀ ਵੀ ਉਸੇ ਅਵਸਥਾ ਵਿਚ ਆ ਖੜ੍ਹੀ ਹੋਵੇ ਤਾਂ ਮੈਨੂੰ ਵਿਸ਼ਵਾਸ ਹੈ ਕਿ ਮੈਂ ਉਸ ਵੇਲ਼ੇ ਦੀ ਸਿਰਜੀ ਵਿੱਥ ਨੂੰ ਥੋੜ੍ਹੀ ਕੁ ਮਿਟਾ ਕੇ ਉਸ ਦਾ ਸਿਰ ਪਲੋਸਾਂਗਾ। ਹੋ ਸਕਦਾ ਹੈ, ਅੱਜ ਮੈਂ ਉਸ ਨੂੰ ਬੁੱਕਲ਼ ਵਿਚ ਲੈਣਾ ਵੀ ਫ਼ਖ਼ਰ ਸਮਝਾਂ। ਕਾਲ਼ੀ ਘੱਗਰੀ ਵਾਲ਼ੀ ਉਹ ਬਾਂਗਰੋ ਕੁੜੀ ਅੱਜ ਵੀ ਉਵੇਂ ਹੀ ਦਿਸਦੀ ਹੈ।
ਸੰਪਰਕ: 94175-81936