ਵਿਪਨ ਜਲਾਲਾਬਾਦੀ
ਲੁਧਿਆਣੇ ਜਾਂਦਿਆਂ ਰਾਹ ਵਿਚ ਕਾਰ ਪੈਂਚਰ ਹੋ ਗਈ। ਸਟਿੱਪਣੀ ਨਾ ਹੋਣ ਕਾਰਨ ਕਾਰ ਮਸਾਂ ਧੱਕ ਕੇ ਮਿਸਤਰੀ ਕੋਲ਼ ਲਿਜਾਣੀ ਪਈ। ਗੱਡੀ ਨੂੰ ਧੱਕਾ ਲਾਉਂਦਾ ਦੇਖ ਦੁਕਾਨ ਵਾਲ਼ਾ ਆਪ ਹੀ ਭੱਜ ਕੇ ਕੋਲ਼ ਆ ਗਿਆ ਅਤੇ ਕਿਹਾ, “ਬਾਈ ਜੀ ਛੱਡੋ, ਮੈਂ ਲੈ ਚੱਲਦਾ ਹਾਂ।” ਸਾਨੂੰ ਵੀ ਥੋੜ੍ਹਾ ਸੁੱਖ ਦਾ ਸਾਹ ਆਇਆ। ਸਾਨੂੰ ਦੁਕਾਨ ਅੰਦਰ ਬਿਠਾ ਕੇ ਉਹਨੇ ਚਾਹ ਮੰਗਵਾਈ ਅਤੇ ਆਪ ਗੱਡੀ ਦਾ ਟਾਇਰ ਖੋਲ੍ਹਣ ਲੱਗਾ। ਸਰੀਰ ਰਤਾ ਕੁ ਸਹਿਜ ਹੋਇਆ ਤਾਂ ਕੰਨੀ ਆਵਾਜ਼ ਪੈਣ ਲੱਗੀ, ਜਿਵੇਂ ਕੋਈ ਰੈਲੀ ਹੋ ਰਹੀ ਹੋਵੇ। ਕੁਝ ਸਮੇਂ ਬਾਅਦ ਚਾਹ ਆ ਗਈ। ਚਾਹ ਪੀ ਕੇ ਸਰੀਰ ਪੈਰਾਂ-ਸਿਰ ਹੋ ਗਿਆ। ਹੁਣ ਆਵਾਜ਼ ਬਿਲਕੁੱਲ ਸਾਫ਼ ਸੁਣਾਈ ਦੇ ਰਹੀ ਸੀ। ਲੀਡਰ ਵੋਟਰਾਂ ਨੂੰ ਭਰਮਾਉਣ ਲਈ ਵਾਅਦਿਆਂ ਦੀ ਪੰਡ ਵਿਚੋਂ ਇੱਕ ਇੱਕ ਵਾਅਦਾ ਬੜੀ ਹੀ ਸੂਝ-ਬੂਝ ਨਾਲ਼ ਸੁੱਟ ਰਹੇ ਸਨ। ਦੂਜੀਆਂ ਪਾਰਟੀਆਂ ਤੇ ਦੂਸ਼ਣ ਲਾਏ ਜਾ ਰਹੇ ਸਨ। ਆਪਣੇ ਆਪ ਨੂੰ ਸੰਕਟ ਮੋਚਨ ਦੱਸਣ ਵਾਲ਼ੀ ਗੱਲ ਹੋਈ ਪਈ ਸੀ।
ਮੈਂ ਦੁਕਾਨ ਵਾਲ਼ੇ ਦੇ ਨੇੜੇ ਕੁਰਸੀ ਖਿੱਚ ਲਈ ਅਤੇ ਗੱਲੀਂ ਪੈ ਗਿਆ। ਗੱਲਾਂ ਗੱਲਾਂ ਚ ਪੁੱਛਿਆ, “ਤੁਸੀਂ ਕਿਸ ਨੂੰ ਵੋਟ ਪਾਉਣੀ ਏ?” ਮੇਰਾ ਸਵਾਲ ਸ਼ਾਇਦ ਉਸ ਨੂੰ ਵਿਹੁ ਵਰਗਾ ਲੱਗਾ। “ਬਾਈ ਜੀ, ਵੋਟ ਜਿਸ ਨੂੰ ਮਰਜ਼ੀ ਪਾ ਦਈਏ, ਲਾਉਣੇ ਤਾਂ ਸਾਰੀ ਉਮਰ ਪੈਂਚਰ ਈ ਆ।” ਮੈਂ ਫ਼ਿਲਾਸਫ਼ੀ ਝਾੜੀ, “ਬਾਈ ਜੀ, ਵੋਟ ਵਿਚ ਬਹੁਤ ਤਾਕਤ ਹੁੰਦੀ ਏ।” “ਬਾਈ ਜੀ, ਜੇ ਵੋਟ ਵਿਚ ਤਾਕਤ ਹੁੰਦੀ ਤਾਂ ਸਾਡੇ ਪਿੰਡ ਨੂੰ ਜਾਂਦੀ ਸੜਕ ਪੱਕੀ ਨਾ ਹੋ ਜਾਂਦੀ, ਬਾਬਾ ਸੰਤੂ ਨਾ ਬਚ ਜਾਂਦਾ ਜਿਹੜਾ ਦਵਾਈ ਖੁਣੋਂ ਮਰ ਗਿਆ, ਸਾਡੀਆਂ ਗਲੀਆਂ-ਨਾਲੀਆਂ ਚੋਂ ਬੋਅ ਆਉਣੋਂ ਨਾ ਹਟ ਜਾਂਦੀ, ਸਾਡੇ ਸਕੂਲ ਦਾ ਮੁਹਾਂਦਰਾ ਨਾ ਬਦਲਦਾ ਜਿੱਥੇ ਸਿਰਫ ਇੱਕ ਹੀ ਅਧਿਆਪਕ ਹੈ।” ਇੱਕੋ ਸਾਹੇ ਉਹ ਕਿੰਨਾ ਕੁਝ ਬੋਲ ਗਿਆ, ਖਿਝ ਗਿਆ ਜਾਪਦਾ ਸੀ।
ਅਚਾਨਕ ਕੁੱਤੇ ਭੌਂਕਣ ਦੀਆਂ ਆਵਾਜ਼ਾਂ ਨੇ ਸਾਡੀ ਗੱਲਬਾਤ ਵਿਚ ਵਿਘਨ ਪਾ ਦਿੱਤਾ। ਦੁਕਾਨਦਾਰ ਨੇ ਕੁੱਤਿਆਂ ਵੱਲ ਰੋੜਾ ਸੁੱਟਿਆ। ਲੱਗਿਆ, ਜਿਵੇਂ ਲੀਡਰਾਂ ਵਾਲਾ ਸਾਰਾ ਗੁੱਸਾ ਕੁੱਤਿਆਂ ਤੇ ਕੱਢ ਦਿੱਤਾ ਹੋਵੇ। ਫਿਰ ਕੁਝ ਸੋਚ ਕੇ ਦੁਕਾਨਦਾਰ ਬੋਲਿਆ, “ਬਾਈ ਜੀ, ਸਾਰੀਆਂ ਪਾਰਟੀਆਂ ਦੇ ਉਹੀ ਲਾਰੇ ਨੇ ਪਰ ਵੋਟਾਂ ਤੋਂ ਬਾਅਦ ਕੋਈ ਨਹੀਂ ਬਹੁੜਦਾ। ਤੁਸੀਂ ਆਪ ਹੀ ਦੇਖ ਲਓ, ਹਰ ਪਾਰਟੀ ਨੇ ਲੋਕਾਂ ਨੂੰ ਜਿਹੜੇ ਲਾਰੇ ਲਾਏ, ਉਹ ਪੂਰੇ ਹੋਣੇ ਸੰਭਵ ਨਹੀਂ ਜਾਪਦੇ। ਸਾਡੇ ਪਿੰਡ ਦਾ ਸੱਜਣ ਵੀ ਇਸ ਤਰ੍ਹਾਂ ਦਾ ਸੀ। ਸਿਰਫ ਨਾਮ ਦਾ ਹੀ ਸੱਜਣ ਸੀ। ਉਹ ਇਹ ਕਹਿ ਕੇ ਲੋਕਾਂ ਤੋਂ ਪੈਸੇ ਲੈ ਲੈਂਦਾ, ਬਈ ਮੈਂ ਤੇਰੇ ਮੁੰਡੇ ਨੂੰ ਨੌਕਰੀ ਲਵਾ ਦਊਂ, ਤੇਰੇ ਮੁੰਡੇ ਦੀ ਬਦਲੀ ਕਰਵਾ ਦਊਂ, ਤੇਰੀ ਬੁਢਾਪਾ ਪੈਨਸ਼ਨ ਲਵਾ ਦਊਂ; ਕਈ ਲੋਕ ਉਸ ਦੀਆਂ ਮੋਮੋਠੱਗਣੀਆਂ ਵਿਚ ਆ ਪੈਸੇ ਫਸਾ ਲੈਂਦੇ। ਅਖ਼ੀਰ ਪੈਸੇ ਵਾਪਸ ਮੰਗ ਮੰਗ ਕੇ ਸਬਰ ਦਾ ਘੁੱਟ ਭਰ ਲੈਂਦੇ। ਕਰਨੀ ਇਨ੍ਹਾਂ ਨੇ ਵੀ ਸਾਡੇ ਪਿੰਡ ਆਲ਼ੇ ਸੱਜਣ ਵਰਗੀ ਹੈ।”
ਗੱਡੀ ਨੂੰ ਪੈਂਚਰ ਲੁਆ ਕੇ ਸਫ਼ਰ ਤੇ ਚੱਲ ਪਿਆ। ਸੋਚ ਰਿਹਾ ਸਾਂ, ਲੀਡਰਾਂ ਦੀਆਂ ਬੇਤੁਕੀਆਂ ਹੁਣ ਲੋਕਾਂ ਨੂੰ ਸਮਝ ਆਉਣ ਲੱਗ ਪਈਆਂ ਹਨ। ਆਮ ਬੰਦਾ ਕਿੰਨਾ ਦੁਖੀ ਹੈ, ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਸਾਰੇ ਸਫ਼ਰ ਦੌਰਾਨ ਦੁਕਾਨਦਾਰ ਦੀਆਂ ਗੱਲਾਂ ਗੂੰਜਦੀਆਂ ਰਹੀਆਂ; ਕਦੀ ਲੱਗਦਾ, ਕੁੱਤੇ ਅਜੇ ਵੀ ਭੌਂਕ ਰਹੇ ਨੇ।
ਸੰਪਰਕ: 97794-78900