ਰਾਮ ਸਵਰਨ ਲੱਖੇਵਾਲੀ
ਕਲਾ ਜ਼ਿੰਦਗੀ ਦਾ ਮਾਣ ਹੈ। ਬਸ਼ਰਤੇ ਉਹ ਜੀਵਨ ਲਈ ਹੋਵੇ। ਕਲਮ ਦੇ ਬੋਲ ਪ੍ਰਭਾਤ ਦਾ ਪ੍ਰਤੀਕ ਹੁੰਦੇ ਹਨ। ਜੀਵਨ ਨੂੰ ਪ੍ਰਣਾਈ ਲੇਖਣ ਕਲਾ ਦਾ ਹਰ ਰੂਪ ਸੁਨਹਿਰੀ ਭਾਵ ਸਿਰਜਦਾ ਹੈ। ਸਿਰਜਣਾ ਵਿਚੋਂ ਉਪਜੀ ਪੁਸਤਕ ਤੁਰਦੇ ਰਹਿਣ ਤੇ ਨਵਾਂ ਸਿਰਜਣ ਦਾ ਬਲ ਬਣਦੀ ਹੈ। ਉਹ ਮਾਰਗ ਦਰਸ਼ਕ ਬਣ ਜਜ਼ਬਿਆਂ ਨੂੰ ਬੁਲੰਦ ਕਰਦੀ ਹੈ। ਕਲਮ ਦੀ ਇਹ ਸਿਰਜਣਾ ਖੇਤਾਂ ਨਾਲ ਵਫ਼ਾ ਕਰਕੇ ਕਿਰਨਾਂ ਦੀ ਫ਼ਸਲ ਉਗਮਦੀ ਹੈ। ਪੁਸਤਕ ਚੇਤਨਾ ਦਾ ਦੂਤ ਹੈ। ਜਿਹੜੀ ਚੇਤਨਾ ਬਣ ਸੰਘਰਸ਼ ਦੇ ਰਾਹ ਤੋਰਦੀ ਹੈ। ਹੱਕਾਂ ਹਿੱਤਾਂ ਦੀ ਗੱਲ ਤੁਰੇ ਤਾਂ ਪੁਸਤਕ ਦਾ ਸਾਥ ਮੀਲ ਪੱਥਰ ਬਣਦਾ ਹੈ।
ਖੇਤਾਂ ਦੇ ਪੁੱਤ ਜਾਗੇ ਤੇ ਹੱਕਾਂ ਲਈ ਡਟ ਗਏ। ਦਿੱਲੀ ਦੂਰ ਨਹੀਂ ਰਹੀ। ਜ਼ਮੀਨਾਂ ਦੀ ਰਾਖੀ ਲਈ ਉਨ੍ਹਾਂ ਰਾਜਧਾਨੀ ਦੇ ਦਰ ਮੱਲ ਲਏ। ਗੁਆਂਢੀ ਰਾਜਾਂ ਦਾ ਭਰਵਾਂ ਸਾਥ ਮਿਲਿਆ। ਖਾਣ, ਪੀਣ, ਰਹਿਣ, ਸਹਿਣ ਦੀ ਕੋਈ ਤੋਟ ਨਹੀਂ ਰਹੀ। ਜੂਝ ਰਹੇ ਕਿਸਾਨਾਂ ਦੀ ਮਾਨਸਿਕ ਸਿਹਤ ਕਿਵੇਂ ਬੁਲੰਦ ਰਹੇ। ਜਾਗਦੀਆਂ ਜ਼ਮੀਰਾਂ ਨੇ ਖੇਤਾਂ ਦੇ ਜਾਇਆਂ ਕੋਲ ਗਿਆਨ ਤੇ ਚੇਤਨਾ ਦੀ ਜੋਤ ਜਗਾਉਣ ਦਾ ਫ਼ੈਸਲਾ ਲਿਆ। ਵਾਰਸ ਜੁੜਨ ਲੱਗੇ। ਦੇਸ਼ ਵਿਦੇਸ਼ ਵਸਦੇ ਸਨੇਹੀਆਂ ਨੇ ਆਵਾਜ਼ ਦਿੱਤੀ। ਸਭ ਨੇ ਹੁੰਗਾਰਾ ਭਰਿਆ| ਕਾਫ਼ਲੇ ਬਣੇ ਤੇ ਕਿਸਾਨ ਹੱਥਾਂ ਤਕ ਪੁਸਤਕਾਂ ਪੁੱਜਦਾ ਕਰਨ ਲਈ ਦਿੱਲੀ ਵੱਲ ਹੋ ਤੁਰੇ।
ਹਜ਼ਾਰਾਂ ਚਾਨਣ ਰੰਗੀਆਂ ਪੁਸਤਕਾਂ ਨਾਲ ਭਰੀ ਤਰਕਸ਼ੀਲ ਸਾਹਿਤ ਵੈਨ ਰਾਜਧਾਨੀ ਦੇ ਟਿੱਕਰੀ ਬਾਰਡਰ ’ਤੇ ਖੜ੍ਹੀ ਹੈ। ਕਦਮ ਟਰਾਲੀ ਘਰਾਂ ਵਿਚੋਂ ਨਿਕਲ ਵੈਨ ਵੱਲ ਵਧਦੇ ਹਨ। ਵੈਨ ਦੇ ਸਪੀਕਰ ਦੀ ਆਵਾਜ਼ ਸੁਣ ਕਿਰਤੀਆਂ ਦਾ ਇਕੱਠ ਜੁੜਨ ਲੱਗਦਾ ਹੈ। ਅੱਖਾਂ ਵਿਚ ਤੈਰਦੇ ਸੁਪਨੇ ਤੇ ਹੱਥਾਂ ਵਿਚ ਝੰਡੇ ਫੜ ਹਾਜ਼ਰ ਹੁੰਦੇ ਹਨ| ਉਹ ਵੈਨ ਵਿਚ ਪਈਆਂ ਪੁਸਤਕਾਂ ਨੂੰ ਨਿਹਾਰਦੇ ਹਨ। ਵੈਨ ਦੇ ਬਾਹਰ ਲੱਗੀਆਂ ਸ਼ਹੀਦ ਭਗਤ ਸਿੰਘ ਤੇ ਭਾਅ ਜੀ ਗੁਰਸ਼ਰਨ ਸਿੰਘ ਦੀਆਂ ਤਸਵੀਰਾਂ ਬੋਲਦੀਆਂ ਪ੍ਰਤੀਤ ਹੁੰਦੀਆਂ ਹਨ। ਤਰਕਸ਼ੀਲ ਬੁਲਾਰੇ ਦੇ ਬੋਲ ਸੁਣਾਈ ਦੇਣ ਲੱਗਦੇ ਹਨ। ਅਸੀਂ ਤੁਹਾਡੇ ਹੀ ਧੀਆਂ ਪੁੱਤ ਹਾਂ। ਤੁਹਾਡੇ ਸਿਦਕ, ਸਿਰੜ ਤੇ ਸੰਘਰਸ਼ ਨੂੰ ਸਲਾਮ ਕਰਨ ਆਏ ਹਾਂ। ਆਪਣੇ ਨਾਲ ਹਜ਼ਾਰਾਂ ਪੁਸਤਕਾਂ ਲੈ ਕੇ ਆਏ ਹਾਂ। ਜਿਹੜੀਆਂ ਤੁਹਾਨੂੰ ਦੱਸਣਗੀਆਂ ਕਿ ਆਪਣਾ ਸ਼ਹੀਦ-ਏ-ਆਜ਼ਮ ਕਿਸ ਤਰ੍ਹਾਂ ਦਾ ਰਾਜ ਭਾਗ ਬਣਾਉਣਾ ਲੋਚਦਾ ਸੀ। ਪਾਸ਼ ਦੀ ਰਾਸ਼ੀਆਂ ਵਾਲੀ ਕਿਤਾਬ ਤੁਹਾਨੂੰ ਸਮਝਾਏਗੀ ਕਿ ਤੁਹਾਡੀ ਆਹ ਹਾਲਤ ਕਿਸਮਤ ਕਰਮਾਂ ਕਰਕੇ ਨਹੀਂ ਹੋਈ, ਸਗੋਂ ਮਾੜੀਆਂ ਨੀਤੀਆਂ ਕਰਕੇ ਹੋਈ ਹੈ। ਹਰੇਕ ਪੁਸਤਕ ਦੇ ਬੋਲ ਕਿਰਤ ਨੂੰ ਉਚਿਆਉਂਦੇ ਹਨ। ਇਨ੍ਹਾਂ ਪੁਸਤਕਾਂ ’ਚ ਸੰਘਰਸ਼ਾਂ ਦੀ ਲੋਅ ਹੈ ਤੇ ਚੰਗੀ ਜ਼ਿੰਦਗੀ ਦਾ ਸੁਨੇਹਾ ਵੀ। ਸੁਣ ਰਹੇ ਬਜ਼ੁਰਗ ਬਾਪ ਹੁੰਗਾਰਾ ਭਰਦੇ ਹਨ। ਗੱਲ ਨੌਜਵਾਨਾਂ ਦੇ ਵੀ ਸਮਝ ਪੈਂਦੀ ਹੈ।
ਵੈਨ ਕੋਲ ਖੜ੍ਹੇ ਕਿਸਾਨਾਂ ਨੂੰ ਪੁਸਤਕਾਂ ਵੰਡ ਤਰਕਸ਼ੀਲ ਕਾਫ਼ਲਾ ਪੁਸਤਕਾਂ ਲੈ ਟਰਾਲੀ ਘਰਾਂ ਵੱਲ ਵਧਦਾ ਹੈ। ਹਰੇਕ ਘਰ ਵਿਚ ਦੋ ਦੋ ਪੁਸਤਕਾਂ ਪੁੱਜਦੀਆਂ ਹਨ। ਬਜ਼ੁਰਗ ਮਾਵਾਂ ਆਸ ਭਰੀਆਂ ਨਜ਼ਰਾਂ ਨਾਲ ਪੁਸਤਕਾਂ ਫੜਦੀਆਂ ਹਨ। ਇਕ ਮਾਂ ਆਖਦੀ ਹੈ, ‘ਪੁੱਤ, ਆਹ ਤੁਸੀਂ ਵਧੀਆ ਕੰਮ ਕੀਤਾ। ਏਥੇ ਅਸੀਂ ਚੁੱਲ੍ਹੇ ਚੌਂਕੇ ਦਾ ਕੰਮ ਨੀਂ ਕਰਦੀਆਂ। ਧਰਨੇ ਵਿਚੋਂ ਆ ਕੇ ਆਪਣੀਆਂ ਪੋਤੀਆਂ ਤੋਂ ਸੁਣਿਆ ਕਰਾਂਗੀਆਂ ਗੂੜ੍ਹ ਗਿਆਨ ਦੀਆਂ ਗੱਲਾਂ।’ ਭਗਤ ਸਿੰਘ ਦੀਆਂ ਕਿਰਤਾਂ ਵਾਲੀ ਪੁਸਤਕ ਹਰੇਕ ਦੀ ਪਸੰਦ ਹੈ। ਤਰਕਸ਼ੀਲ ਵਿਦਿਆਰਥੀ ਜਸ਼ਨ ਪੁਸਤਕਾਂ ਦਾ ਬੰਡਲ ਖੋਲ੍ਹਦਾ ਮਗਰੋਂ ਹੈ, ਪੁਸਤਕਾਂ ਚਾਨਣ ਲੋੜਦੇ ਹੱਥਾਂ ਤਕ ਪਹਿਲਾਂ ਪਹੁੰਚ ਜਾਂਦੀਆਂ ਹਨ। ਇਹ ਮੰਜ਼ਰ ਸੁਵੱਲੜੇ ਰਾਹ ਤੁਰਦੇ ਰਾਹੀਆਂ ਜਿਹਾ ਜਾਪਦਾ ਹੈ। ਉੱਤਰ ਪ੍ਰਦੇਸ਼ ਦੇ ਪੰਜਾਬੀ ਪੁਸਤਕਾਂ ਵਾਚਦੇ ਹੋਏ ਜਿੱਤ ਦਾ ਨਿਸ਼ਾਨ ਬਣਾਉਂਦੇ ਅਗਾਂਹ ਵਧਦੇ ਹਨ। ਪੁਸਤਕਾਂ ਉਨ੍ਹਾਂ ਕੋਲ ਆ ਪਹੁੰਚੀਆਂ ਹਨ, ਜਿਨ੍ਹਾਂ ਵਾਸਤੇ ਲਿਖੀਆਂ ਗਈਆਂ ਸਨ।
ਸਿੰਘੂ ਬਾਰਡਰ ’ਤੇ ਕਈ ਨੌਜਵਾਨ ਕਾਫਲੇ ਨਾਲ ਪੁਸਤਕਾਂ ਵੰਡਾਉਣ ਵਿਚ ਮਦਦ ਕਰਦੇ ਹਨ। ‘ਦੇਵ ਪੁਰਸ਼ ਹਾਰ ਗਏ’ ਪੁਸਤਕ ਵੱਲ ਵੇਖ ਇਕ ਨੌਜਵਾਨ ਕਹਿਣ ਲੱਗਦਾ ਹੈ, ‘ਹੁਣ ਦੋ ਹੱਥ ਚਮਤਕਾਰੀ ਦੇਵ ਪੁਰਸ਼ਾਂ ਨਾਲ ਨਹੀਂ ਸਗੋਂ ਸਾਡੇ ਖੇਤਾਂ ’ਤੇ ਅੱਖ ਰੱਖਣ ਵਾਲੇ ਮਾਲਕਾਂ ਤੇ ਉਨ੍ਹਾਂ ਦੇ ਦਲਾਲਾਂ ਨਾਲ ਕਰਨੇ ਹਨ।’ ਉਸ ਦੇ ਕੋਟ ਦੀ ਜੇਬ ਵਿਚ ਦਿਸਦੀ ਸ਼ਹੀਦ-ਏ-ਆਜ਼ਮ ਦੀ ਜੇਲ੍ਹ ਡਾਇਰੀ ਜਵਾਨੀ ਦੇ ਬਦਲੇ ਰੰਗ ਦਾ ਭਾਵ ਸਿਰਜਦੀ ਹੈ। ਪੁਸਤਕਾਂ ਹੱਥਾਂ ਵਿਚ ਫੜ ਧਰਨੇ ’ਚ ਬੈਠੇ ਕਿਸਾਨ ਸੰਘਰਸ਼ ਦੇ ਜ਼ਾਬਤਾ ਬੱਧ ਵਿਦਿਆਰਥੀ ਜਾਪਦੇ ਹਨ।
ਵਾਪਸ ਪਰਤਦਿਆਂ ਨਜ਼ਰਾਂ ਸੁਖਦ ਦ੍ਰਿਸ਼ ਤੱਕਦੀਆਂ ਹਨ| ਟਰਾਲੀ ਘਰਾਂ ਵਿਚ ਪੁਸਤਕਾਂ ਵਾਚਦੇ ਬਜ਼ੁਰਗ ਮਨ ਦਾ ਸਕੂਨ ਬਣਦੇ ਹਨ। ਆਪਣੀਆਂ ਦਾਦੀਆਂ ਦੀ ਬੁੱਕਲ ’ਚ ਬੈਠ ਆਪਣੇ ਵਡੇਰੇ ਨਾਇਕ ਦੇ ਸ਼ਬਦਾਂ ਨਾਲ ਗੱਲਾਂ ਕਰਦੀਆਂ ਬੇਟੀਆਂ ਚਾਨਣ ਦੀ ਲੀਕ ਪ੍ਰਤੀਤ ਹੁੰਦੀਆਂ ਹਨ। ਹਨੇਰਾ ਹੁੰਦਿਆਂ ਮੀਲਾਂ ਵਿਚ ਸੜਕ ਕਿਨਾਰੇ ਖੜ੍ਹੀਆਂ ਟਰਾਲੀਆਂ ਵਿਚ ਜਗਦੇ ਬਲਬਾਂ ਦੀ ਰੌਸ਼ਨੀ ਨਵੀਂ ਸਵੇਰ ਦਾ ਚਿੰਨ੍ਹ ਜਾਪਦੀ ਹੈ। ਮਨ ਦੇ ਕਿਸੇ ਕੋਨੇ ’ਚੋਂ ਭਾਅ ਜੀ ਗੁਰਸ਼ਰਨ ਸਿੰਘ ਦੇ ਬੋਲ ਕੀਤੇ ਕਾਜ ਦਾ ਹਾਸਲ ਬਣਦੇ ਹਨ। ‘ਮੈਂ ਆਪਣੇ ਜੀਵਨ ਦੇ ਤਜਰਬੇ ’ਚੋਂ ਆਖਨਾਂ, ਏਹ ਪੁਸਤਕਾਂ ਲੋਕਾਂ ਦੇ ਹੱਥਾਂ ਤਕ ਪੁੱਜਣੀਆਂ ਜ਼ਰੂਰੀ ਨੇ। ਇਹ ਕੇਵਲ ਪੁਸਤਕਾਂ ਨਹੀਂ ਸਗੋਂ ਚਾਨਣ ਦੀਆਂ ਪੈੜਾਂ ਨੇ, ਜਿਨ੍ਹਾਂ ਨੇ ਇਕ ਦਿਨ ਸੋਨੇ ਦੀ ਸਵੇਰ ਦਾ ਗਵਾਹ ਬਣਨਾ ਹੈ।’
ਸੰਪਰਕ: 95010-06626