ਪ੍ਰੋ. ਅਰੁਣ ਕੁਮਾਰ ਗਰੋਵਰ/ਡਾ. ਕੁਲਦੀਪ ਸਿੰਘ
ਪ੍ਰੋ. ਗਗਨਦੀਪ ਕੌਰ ਕੰਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 9 ਦਸੰਬਰ, 2021 ਨੂੰ ਹੋ ਰਹੀ 39ਵੀਂ ਕਨਵੋਕੇਸ਼ਨ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰ ਰਹੇ ਹਨ। ਇਸ ਮੌਕੇ ਯੂਨੀਵਰਸਿਟੀ ਉਨ੍ਹਾਂ ਨੂੰ ਡਾਕਟੋਰੇਟ ਆਫ਼ ਸਾਇੰਸਜ਼ (ਹੋਨਰਿਸ ਕਾਜ਼ਾ) ਦੀ ਡਿਗਰੀ ਦੇ ਕੇ ਮਾਣ ਮਹਿਸੂਸ ਕਰੇਗੀ। ਪ੍ਰੋ. ਕੰਗ ਪਹਿਲੀ ਪੰਜਾਬੀ ਔਰਤ ਹਨ ਜੋ ਰਾਇਲ ਸੁਸਾਇਟੀ ਦੀ ਮੈਂਬਰ ਬਣੇ। ਵਰਤਮਾਨ ਸਮੇਂ ਜਦੋਂ ਲੜਕੀਆਂ ਵਿੱਦਿਆ ਦੇ ਖੇਤਰ ਵਿਚ ਮੀਲ ਪੱਥਰ ਕਾਇਮ ਕਰ ਰਹੀਆਂ ਹਨ, ਪ੍ਰੋ. ਕੰਗ ਦੀ ਹਾਜ਼ਰੀ ਉਨ੍ਹਾਂ ਲਈ ਪ੍ਰੇਰਨਾ ਵਾਲੀ ਸਾਬਤ ਹੋਵੇਗੀ।
ਲੰਡਨ ਦੀ ਰਾਇਲ ਸੁਸਾਇਟੀ ਦਾ ਮੈਂਬਰ ਹੋਣਾ ਪ੍ਰਾਪਤੀ ਗਿਣੀ ਜਾਦੀ ਹੈ। ਇਹ ਸੁਸਾਇਟੀ ਸੰਸਾਰ ਭਰ ਦੇ ਵਿਗਿਆਨੀਆਂ ਦੀ ਅਜਿਹੀ ਸੰਸਥਾ ਹੈ ਜੋ ਸਾਲ 1600 ਵਿਚ ਕਾਇਮ ਹੋਈ ਸੀ ਤੇ ਹੁਣ ਤੱਕ ਦੁਨੀਆ ਭਰ ਦੇ ਤਕਰੀਬਨ 1700 ਮਹਾਰਥੀ ਵਿਗਿਆਨੀ ਇਸ ਦੇ ਮੈਂਬਰ ਰਹਿ ਚੁੱਕੇ ਹਨ। ਇਨ੍ਹਾਂ ਵਿਚ ਵਿਗਿਆਨੀ, ਇੰਜਨੀਅਰ ਤੇ ਡਾਕਟਰਾਂ ਸਮੇਤ 80 ਤੋਂ ਜ਼ਿਆਦਾ ਨੋਬੇਲ ਪੁਰਸਕਾਰ ਜੇਤੂ ਸ਼ਾਮਲ ਹਨ। ਸੁਸਾਇਟੀ ਦਾ ਮੈਂਬਰ ਚੁਣੇ ਜਾਣਾ ਭਾਰਤੀ ਮਹਾਦੀਪ ਲਈ ਕੌਮਾਂਤਰੀ ਪੱਧਰ ਦੀ ਪ੍ਰਾਪਤੀ ਦੇ ਬਰਾਬਰ ਹੈ। ਸਭ ਤੋਂ ਪਹਿਲਾ ਭਾਰਤ ਵਿਚੋਂ 1841 ਵਿਚ ਪ੍ਰਸਿੱਧ ਜਹਾਜ਼ਰਾਨੀ ਸਅਨਤ ਦਾ ਮਾਲਕ ਤੇ ਸਮੁੰਦਰੀ ਜਹਾਜ਼ਾਂ ਦਾ ਇੰਜਨੀਅਰ ਏਡੀ ਵਾਡੀਆ ਇਸ ਦਾ ਮੈਂਬਰ ਬਣਿਆ ਸੀ। ਉਸ ਤੋਂ 78 ਸਾਲਾਂ ਪਿਛੋਂ ਨਾਮਵਰ ਹਿਸਾਬਦਾਨ ਐੱਸ ਰਾਮਾਨੁਜਨ ਨੂੰ ਇਹ ਸੁਭਾਗ 1919 ਵਿਚ ਮਿਲਿਆ। 1947 ਤੱਕ ਕੇਵਲ ਦਸ ਵਿਗਿਆਨੀ ਇਸ ਸੰਸਥਾ ਦੇ ਮੈਂਬਰ ਬਣ ਸਕੇ ਜਿਨ੍ਹਾਂ ਵਿਚ ਪੰਜਾਬ ਤੋਂ ਦੋ ਸ਼ਖ਼ਸੀਅਤਾਂ- ਡਾ. ਬੀਰਬਲ ਸਾਹਨੀ ਤੇ ਡਾ. ਸ਼ਾਤੀ ਸਰੂਪ ਭਟਨਾਗਰ ਸਨ ਜਿਨ੍ਹਾਂ ਨੂੰ ਕ੍ਰਮਵਾਰ ਬਨਸਪਤੀ ਵਿਗਿਆਨ ਤੇ ਰਸਾਇਣ ਵਿਗਿਆਨ ਵਿਚ ਪਾਏ ਯੋਗਦਾਨ ਸਦਕਾ 1936 ਤੇ 1943 ਵਿਚ ਇਸ ਸੰਸਥਾ ਦਾ ਮੈਂਬਰ ਬਣਨ ਦਾ ਮਾਣ ਹਾਸਲ ਹੋਇਆ।
ਪੰਜਾਬ ਯੂਨੀਵਰਸਿਟੀ, ਲਾਹੌਰ ਦੇ ਅਲੂਮਨਸ ਡਾ. ਅਬਦੁਸ ਸਲਾਮ ਜਿਨ੍ਹਾਂ ਨੂੰ 1979 ਵਿਚ ਭੌਤਿਕ ਵਿਗਿਆਨ ਦੇ ਖੇਤਰ ਵਿਚ ਨੋਬੇਲ ਪੁਰਸਕਾਰ ਮਿਲਿਆ ਸੀ, 1959 ਵਿਚ ਕੇਵਲ 33 ਸਾਲ ਦੀ ਉਮਰ ਵਿਚ ਹੀ ਰਾਇਲ ਸੁਸਾਇਟੀ ਦਾ ਮੈਂਬਰ ਬਣ ਗਏ ਸਨ। ਉਨ੍ਹਾਂ ਦਾ ਕਾਲਜ ਸਮੇਂ ਦਾ ਸਾਥੀ ਪ੍ਰੋ. ਹਰਗੋਬਿੰਦ ਖੁਰਾਣਾ ਜਿਨ੍ਹਾਂ ਨੂੰ 1968 ਵਿਚ ਨੋਬੇਲ ਪੁਰਸਕਾਰ ਮਿਲਿਆ, ਨੂੰ 1978 ਵਿਚ ਰਾਇਲ ਸੁਸਾਇਟੀ ਦਾ ਮੈਂਬਰ ਬਣਨ ਦਾ ਮਾਣ ਹਾਸਲ ਹੋਇਆ। ਇਨ੍ਹਾਂ ਦੇ ਹੀ ਦੋ ਹੋਰ ਸਾਥੀ, ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਰੈਜੂਏਟ ਡਾ. ਐੱਫਸੀ ਕੋਹਲੀ ਤੇ ਡਾ. ਸ਼ਤੀਸ ਧਵਨ ਸਨ ਸਮੇਤ ਅਜਿਹੇ 44 ਵਿਗਿਆਨੀ ਹੋਏ ਹਨ ਜੋ ਆਜ਼ਾਦੀ ਤੋਂ ਬਾਅਦ ਰਾਇਲ ਸੁਸਾਇਟੀ ਦੇ ਮੈਂਬਰਬਣੇ। ਇਨ੍ਹਾਂ ਵਿਚੋਂ 6 ਸ਼ਖ਼ਸੀਅਤਾਂ ਦਾ ਸੰਬੰਧ ਪੰਜਾਬ ਨਾਲ ਰਿਹਾ ਹੈ; ਇਨ੍ਹਾਂ ਦੇ ਨਾਂ ਹਨ: ਪ੍ਰੋ. ਬੀਟੀ ਪਾਲ (1972), ਪ੍ਰੋ. ਅਵਤਾਰ ਸਿੰਘ ਪੇਂਟਲ (1981), ਪ੍ਰੋ. ਗੁਰਦੇਵ ਸਿੰਘ ਖੁਸ਼ (1995), ਪ੍ਰੋ. ਅਜੈ ਕੁਮਾਰ ਸੂਦ (2015), ਪ੍ਰੋ. ਕੰਵਲਜੀਤ ਬਾਵਾ (2015) ਅਤੇ 2019 ਵਿਚ ਇਹ ਮਾਣ ਸਾਡੇ ਵਰਤਮਾਨ ਸਮਿਆਂ ਦੀ ਪ੍ਰੋਫੈਸਰ ਗਗਨਦੀਪ ਕੌਰ ਕੰਗ ਨੂੰ ਮਿਲਿਆ।
ਪ੍ਰੋ. ਗਗਨਦੀਪ ਕੌਰ ਕੰਗ ਦਾ ਜਨਮ ਸ਼ਿਮਲਾ ਵਿਚ 3 ਨਵੰਬਰ, 1962 ਨੂੰ ਹੋਇਆ। ਉਨ੍ਹਾਂ ਸਕੂਲ ਵਿੱਦਿਆ ਜਲੰਧਰ ਤੋਂ ਹਾਸਲ ਕੀਤੀ। ਉਨ੍ਹਾਂ ਦੇ ਮਾਤਾ ਅਧਿਆਪਨ ਖੇਤਰ ਵਿਚ ਕਾਰਜਸ਼ੀਲ ਰਹੇ ਅਤੇ ਪਿਤਾ ਨੇ ਬਤੌਰ ਇੰਜਨੀਅਰ ਸੇਵਾਵਾਂ ਦਿੱਤੀਆਂ। ਪ੍ਰੋ. ਕੰਗ ਨੇ ਡਾਕਟਰੀ ਦੀ ਉਚੇਰੀ ਸਿੱਖਿਆ ਕ੍ਰਿਸਚੀਅਨ ਮੈਡੀਕਲ ਕਾਲਜ ਵੇਲੋਰ (ਤਾਮਿਲਨਾਡੂ) ਤੋਂ ਹਾਸਲ ਕੀਤੀ ਅਤੇ ਉਥੇ ਹੀ ਮਾਈਕਰੋਬਾਇਲੋਜੀ ਦੇ ਪ੍ਰੋਫੈਸਰ ਵਜੋਂ ਤਾਇਨਾਤ ਹਨ। ਉਨ੍ਹਾਂ ਭਾਰਤ ਸਰਕਾਰ ਵੱਲੋਂ ਫਰੀਦਾਬਾਦ ਵਿਚ 2009 ਵਿਚ ਸਥਾਪਤ ‘ਟਰਾਂਸਲੇਸ਼ਨ ਹੈਲਥ ਸਾਇੰਸ ਐਂਡ ਟੈਕਨਾਲੋਜੀ ਇੰਸਟੀਚਿਊਟ’ ਵਿਚ ਬਤੌਰ ਕਾਰਜਕਾਰੀ ਡਾਇਰੈਕਟਰ ਕਾਰਜ ਕੀਤਾ। ਉਨ੍ਹਾਂ ‘ਇਨਫੋਸਿਸ ਸਾਇੰਸ ਪ੍ਰਾਈਜ਼ ਇਨ ਲਾਈਫ਼ ਸਾਇੰਸਜ਼’ ਵਰਗਾ ਵੱਕਾਰੀ ਇਨਾਮ 2016 ਵਿਚ ਪ੍ਰਾਪਤ ਕੀਤਾ। ਉਨ੍ਹਾਂ ਨੂੰ ਇਹ ਇਨਾਮ ਰੋਟਾ ਵਾਇਰਸ ਅਤੇ ਲਾਗ ਦੀਆਂ ਹੋਰ ਬਿਮਾਰੀਆਂ ਦੀ ਸੁਭਾਵਿਕ ਪਿੱਠ-ਭੂਮੀ ਸਮਝਣ ਵਿਚ ਉਨ੍ਹਾਂ ਦੇ ਮੁੱਢਲੇ ਅਤੇ ਰਾਹ ਦਿਖਾਊ ਯੋਗਦਾਨ ਕਰਕੇ ਮਿਲਿਆ। ਸੋਭਾ ਪੱਤਰ ਵਿਚ ਜਿ਼ਕਰ ਕੀਤਾ ਗਿਆ ਕਿ ਉਨ੍ਹਾਂ ਦੀਆਂ ਲੱਭਤਾਂ/ਖੋਜਾਂ ਵਿਚ ਵੈਕਸੀਨੇਸ਼ਨ ਤੇ ਜਨਤਕ ਸਿਹਤ ਉਪਾਵਾਂ ਦੇ ਜ਼ਰੀਏ ਲਾਗ ਜਾਂ ਛੂਤ ਰੋਗਾਂ ਨੂੰ ਨਿਸਫਲ ਕਰਨ ਲਈ ਬਹੁਤ ਸਾਰੀਆਂ ਅਰਥ ਸੰਭਾਵਨਾ ਹਨ। 2016 ਵਿਚ ਜਦੋਂ ਉਨ੍ਹਾਂ ਨੂੰ ਇਹ ਇਨਾਮ ਦਿੱਤਾ ਜਾ ਰਿਹਾ ਸੀ ਤਾਂ ਕਿਸੇ ਨੇ ਸੋਚਿਆ ਨਹੀਂ ਹੋਣਾ ਕਿ ਨੇੜ ਭਵਿੱਖ ’ਚ ਕੋਵਿਡ-19 ਇੰਨੇ ਘਾਤਕ ਰੂਪ ਵਿਚ ਸੰਸਾਰ ਦੇ ਸਾਹਮਣੇ ਆਵੇਗਾ।
ਭਾਰਤ ਵਿਚ ਵੈਕਸੀਨ ਅਤੇ ਜਨ ਸਿਹਤ ਦੇ ਵਿਸ਼ੇ ਉੱਤੇ ਜੁਲਾਈ 2017 ਵਿਚ ਬੰਗਲੌਰ ਵਿਚ ਇੰਡੀਅਨ ਅਕਾਦਮੀ ਆਫ਼ ਸਾਇੰਸਜ਼ ਦੀ ਮੀਟਿੰਗ ਵਿਚ ਆਪਣੀ ਪ੍ਰਸਤਾਵਨਾ ਵਿਚ ਪ੍ਰੋ. ਕੰਗ ਨੇ ਕਿਹਾ ਸੀ, “ਸਾਨੂੰ ਭਵਿੱਖ ਬਾਰੇ ਸੋਚਣਾ ਹੋਵੇਗਾ, ਵੈਕਸੀਨ ਵਿਕਸਤ ਕਰਨ ਲਈ ਸਾਰੀਆਂ ਸਮਰੱਥਾਵਾਂ ਬਾਰੇ ਜਾਣਨਾ ਹੋਵੇਗਾ, ਸਾਡੀਆਂ ਆਪਣੀਆਂ ਵਿਧੀ ਪੂਰਵਕ ਪ੍ਰਕਿਰਿਆਵਾਂ ਵਿਚੋਂ ਗੁਜ਼ਰਨ ਦੀ ਯੋਗਤਾ ਅਤੇ ਵੈਕਸੀਨ ਦੀ ਵਰਤੋਂ ਬਾਰੇ ਫ਼ੈਸਲੇ ਕਰਨੇ ਪੈਣਗੇ। ਇਹ ਸਭ ਬੜਾ ਜਟਿਲ ਅਤੇ ਚੁਣੌਤੀਆਂ ਭਰਿਆ ਹੈ ਪਰ ਜੁਗਤੀ, ਪੁਖ਼ਤਾ ਅਤੇ ਅਮਲੀ ਕਾਰਵਾਈ ਦੀ ਮੰਗ ਕਰਦੀ ਹੈ ਕਿ ਅਸੀਂ ਪਾਈਪ ਲਾਈਨ ਵਿਚ ਪਏ ਕਾਰਜਾਂ ਨੂੰ ਛਾਣਬੀਣ ਕਰਕੇ ਨਿਖੇੜੀਏ। ਸਾਨੂੰ ਮੌਤ ਦੀ ਵਾਦੀ ਵਿਚੋਂ ਗੁਜ਼ਰਨਾ ਹੀ ਹੋਵੇਗਾ। ਵੈਕਸੀਨ ਦੀ ਪਰਖ, ਉਤਪਾਦਨ ਆਦਿ ਨੂੰ ਅਸਲ ਵਿਚ ਲਾਗੂ ਕਰਨ ਅਤੇ ਨਿਰੀਖਣ ਲਈ ਵੀ ਸਾਨੂੰ ਖੁੱਲ੍ਹ ਕੇ ਅੱਗੇ ਆਉਣਾ ਪਵੇਗਾ। ”
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਿਕਾਸ ਦੇ ਨਾਲ ਨਾਲ ਤਕਨਾਲੋਜੀ ਅਤੇ ਵਿਗਿਆਨ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਪ੍ਰੋ. ਕੰਗ ਦੀ ਆਮਦ ਲੰਮੇ ਸਮੇਂ ਤੱਕ ਯਾਦ ਰਹੇਗੀ।
*ਸਾਬਕਾ ਵਾਈਸ ਚਾਂਸਲਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।
**ਸਿੱਖਿਆ ਤੇ ਸਮੁਦਾਇ ਵਿਭਾਗ, ਪੰਜਾਬੀ ’ਵਰਸਿਟੀ, ਪਟਿਆਲਾ।
ਸੰਪਰਕ: *98153-35138 **98151-15429