ਵੀਹ ਜਨਵਰੀ ਦੀ ਸਵੇਰ ਨੇ ਬੜੀ ਉਦਾਸ ਖਬਰ ਨਾਲ ਬੂਹੇ ’ਤੇ ਦਸਤਕ ਦਿੱਤੀ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਡਾ. ਤਾਰਾ ਸਿੰਘ ਸੰਧੂ ਉਨ੍ਹਾਂ ਰਾਹਾਂ ਵੱਲ ਤੁਰ ਗਿਆ ਜਿਨ੍ਹਾਂ ਰਾਹਾਂ ਤੇ ਗਿਆ ਕੋਈ ਵਾਪਸ ਨਹੀਂ ਪਰਤਦਾ। ਉਹ ਇੱਕੋ ਵੇਲੇ ਸਿਆਸੀ ਕਾਰਕੁਨ, ਪ੍ਰਭਾਵਸ਼ਾਲੀ ਬੁਲਾਰਾ, ਚਿੰਤਕ, ਆਜ਼ਾਦ ਪੱਤਰਕਾਰ, ਪੰਜਾਬੀ ਫੋਕਲੋਰ ਤੇ ਇਤਿਹਾਸ ਦਾ ਖੋਜੀ, ਸਾਹਿਤ ਤੇ ਸਭਿਆਚਾਰ ਦੇ ਮੁਹਾਜ਼’ਤੇ ਸਰਗਰਮ ਰਹਿਣ ਵਾਲਾ ਸਿਰੜੀ ਕਾਮਾ ਸੀ।
ਤਾਰਾ ਸਿੰਘ ਸੰਧੂ ਦਾ ਜਨਮ 25 ਜੂਨ 1953 ਨੂੰ ਜਿ਼ਲ੍ਹਾ ਮੋਗਾ ਦੇ ਪਿੰਡ ਭਿੰਡਰਾਂ ਖੁਰਦ ਵਿਚ ਗੁਰਬਚਨ ਸਿੰਘ ਸੰਧੂ ਅਤੇ ਦਲੀਪ ਕੌਰ ਦੇ ਘਰ ਹੋਇਆ। ਦਸ ਜਮਾਤਾਂ ਉਹਨੇ ਪਿੰਡ ਭਿੰਡਰ ਕਲਾਂ ਦੇ ਹਾਈ ਸਕੂਲ ਤੋਂ ਪਾਸ ਕੀਤੀਆਂ। ਸਕੂਲ ਪੜ੍ਹਦਿਆਂ ਉਸ ਦਾ ਝੁਕਾਅ ਮਾਰਕਸਵਾਦੀ ਵਿਚਾਰਾਂ ਵੱਲ ਹੋ ਗਿਆ। ਉਹਦੇ ਨਾਨਾ ਮਨਸ਼ਾ ਸਿੰਘ ਕਿਰਪਾਨ ਬਹਾਦਰ ਕੋਕਰੀ ਕਲਾਂ ਦੇ ਘਰ ਵੱਡੇ ਵੱਡੇ ਕਮਿਊਨਿਸਟ ਆਗੂਆਂ ਦਾ ਆਉਣਾ ਜਾਣਾ ਸੀ। ਨਾਨੇ ਦੀ ਸੰਗਤ ਮਾਣਦਿਆਂ ਹੀ ਉਹਨੂੰ ਸਿਆਸੀ ਜਾਗ ਲੱਗ ਗਈ। ਪ੍ਰੈਪ ਕਰਨ ਲਈ ਉਹ ਕਸਤੂਰਬਾ ਗਾਂਧੀ ਰੂਰਲ ਇੰਸਟੀਚਿਊਟ ਰਾਜਪੁਰੇ ਜਾ ਦਾਖਲ ਹੋਇਆ। ਵਿਦਿਆਰਥੀਆਂ ਨੂੰ ਵਿਦਿਆ ਦੇ ਨਾਲ ਨਾਲ ਤਕਨੀਕੀ ਸਿੱਖਿਆ ਦੇਣ ਵਾਲੀ ਇਹ ਸੰਸਥਾ ਮਹਾਤਮਾ ਗਾਂਧੀ ਦੀ ਭਗਤ ਅੰਤਸ਼ ਇਸਲਾਮ ਨੇ ਸ਼ੁਰੂ ਕੀਤੀ ਸੀ। ਫਿਰ ਉਹਨੇ ਬੀਏ ਭਾਗ ਪਹਿਲਾ ਵਿਚ ਖਾਲਸਾ ਕਾਲਜ ਪਟਿਆਲਾ ਜਾ ਦਾਖਲਾ ਲਿਆ। ਇਹੀ ਉਹ ਦਿਨ ਸਨ ਜਦੋਂ ਉਹ ਵਿਦਿਆਰਥੀ ਸਫਾਂ ਵਿਚ ਸੀਪੀਆਈ ਦੇ ਵਿਦਿਆਰਥੀ ਵਿੰਗ ਆਲ ਇੰਡੀਆ ਸਟੂਡੈਂਟਸ ਫੈਡਰੈਸ਼ਨ (ਏਆਈਐੱਸਐੱਫ) ਦੇ ਆਗੂ ਵਜੋਂ ਤੇਜ਼ੀ ਨਾਲ ਉਭਰਿਆ ਅਤੇ ਹੋਲ ਟਾਈਮਰ ਵਜੋਂ ਕੰਮ ਕਰਨ ਲੱਗਾ।
ਅਗਲੇਰੀ ਪੜ੍ਹਾਈ ਲਈ ਉਹਨੇ ਐੱਮਏ ਆਨਰਜ਼ (ਪੰਜਾਬੀ) ਦੇ ਵਿਦਿਆਰਥੀ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਦਾਖਲਾ ਲੈ ਲਿਆ। ਯੂਨੀਵਰਸਿਟੀ ਰਹਿੰਦਿਆਂ ਡਾ. ਰਾਵਿੰਦਰ ਰਵੀ ਵਰਗੇ ਪ੍ਰੋਫੈਸਰਾਂ ਦੀ ਸੇਧ ਅਤੇ ਸੰਗਤ ਨੇ ਉਸ ਅੰਦਰਲੀ ਪ੍ਰਤਿਭਾ ਨਿਖਾਰੀ ਅਤੇ ਉਹਦੀ ਵਿਚਾਰਧਾਰਾ ਬਾਰੇ ਸਮਝ ਹੋਰ ਪਕੇਰੀ ਕੀਤਾ। ਉਹ ਯੂਨੀਵਰਸਿਟੀ ’ਚ ਮੋਹਰੀ ਵਿਦਿਆਰਥੀ ਆਗੂ ਵਜੋਂ ਉੱਭਰਿਆ। ਵਿਦਿਆਰਥੀ ਆਗੂ ਵਜੋਂ ਉਹ ਪੰਜਾਬ ਵਿਚ ਹੀ ਨਹੀਂ, ਪੂਰੇ ਦੇਸ਼ ਵਿਚ ਹੀ ਚਰਚਿਤ ਹੋ ਗਿਆ ਜਿਸ ਕਰ ਕੇ ਸੀਪੀਆਈ ਦੇ ਉੱਚ ਆਗੂਆਂ ਨਾਲ ਮੇਲਜੋਲ ਹੋਣ ਲੱਗਾ।
ਐੱਮਏ ਐੱਮਫਿਲ ਤੋਂ ਬਾਅਦ ਤਾਰਾ ਸਿੰਘ ਨੇ ਪ੍ਰੋ. ਰਵਿੰਦਰ ਰਵੀ ਕੋਲ ‘ਹੀਰ ਵਾਰਸ ਦਾ ਲੋਕਯਾਨਿਕ ਅਧਿਐਨ’ ਵਿਸ਼ੇ ’ਤੇ ਪੀਐੱਚਡੀ ਸ਼ੁਰੂ ਕੀਤੀ। 1989 ’ਚ ਡਾ. ਰਵੀ ਦੇ ਕਤਲ ਬਾਅਦ ਉਹਨੇ ਡਾ. ਗੁਰਦੇਵ ਸਿੰਘ ਦੀ ਨਿਗਰਾਨੀ ਹੇਠ ਖੋਜ ਕਾਰਜ ਮੁਕੰਮਲ ਕੀਤਾ ਤੇ ਤਾਰਾ ਸਿੰਘ ਸੰਧੂ ਤੋਂ ਡਾ. ਤਾਰਾ ਸਿੰਘ ਸੰਧੂ ਬਣ ਗਿਆ। ਆਪਣੀ ਵਿਦਵਤਾ, ਖੁੱਲ੍ਹੇ ਸੁਭਾਅ, ਭਾਸ਼ਨ ਕਲਾ, ਦਲੀਲ ਨਾਲ ਗੱਲ ਮੰਨਵਾ ਲੈਣ ਤੇ ਜਥੇਬੰਦਕ ਯੋਗਤਾ ਸਦਕਾ ਉਹ ਬੇਹੱਦ ਹਰਮਨ ਪਿਆਰਾ ਹੋ ਗਿਆ। ਯੂਨੀਵਰਸਿਟੀ ਪੜ੍ਹਦਿਆਂ ਉਹਦੀ ਸਾਂਝ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਆਗੂ ਕੰਵਲਜੀਤ ਕੌਰ ਢਿਲੋਂ ਨਾਲ ਪਈ ਜੋ 1983 ਵਿਚ ਵਿਆਹ ਵਿਚ ਬਦਲ ਗਈ। ਉਨ੍ਹਾਂ ਦਾ ਘਰ, ਪੁੱਤਰ ਨਵਜੀਵਨ ਨਾਲ ਮਹਿਕ ਉੱਠਿਆ।
ਪੀਐੱਚਡੀ ਕਰ ਕੇ ਡਾ. ਸੰਧੂ ਨੌਕਰੀ ਦੀ ਥਾਂ ਤਬਦੀਲੀ ਦੀ ਚਾਹ ਲੈ ਕੇ ਰਾਜਨੀਤੀ ਦੇ ਰਾਹਾਂ ਤੇ ਨਿੱਕਲ ਤੁਰਿਆ। ਘਰ ਦੀ ਜਿ਼ੰਮੇਵਾਰੀ ਪ੍ਰੋਫੈਸਰ ਕਮਲਜੀਤ ਢਿੱਲੋਂ ਨੇ ਸੰਭਾਲ ਲਈ ਅਤੇ ਉਹ ਦੇਸ਼ ਦੇ ਕੋਨੇ ਕੋਨੇ ਘੁੰਮਣ ਲੱਗਾ। 1990 ਵਿਚ ਕੇਰਲ ਦੇ ਸ਼ਹਿਰ ਕੋਚੀਨ ਵਿਚ ਉਸ ਨੂੰ ਸਰਵ ਭਾਰਤ ਨੌਜਵਾਨ ਸਭਾ ਦਾ ਪ੍ਰਧਾਨ ਚੁਣਿਆ ਗਿਆ। ਉਸ ਦੀ ਕੁਰਸੀ ਸੀਪੀਆਈ ਦੇ ਦਿੱਲੀ ਦਫ਼ਤਰ ਅਜੇ ਭਵਨ ਵਿਚ ਡਹਿਣ ਲੱਗੀ। ਉਹਦੀ ਪਛਾਣ ਕੌਮਾਂਤਰੀ ਪੱਧਰ ’ਤੇ ਬਣ ਗਈ ਜਦੋਂ ਉਹ ਵਰਲਡ ਫੈਡਰੈਸ਼ਨ ਆਫ਼ ਡੈਮੋਕਰੇਟਿਕ ਯੂਥ ਦਾ ਮੀਤ ਪ੍ਰਧਾਨ ਬਣ ਗਿਆ। ਫੈਡਰੇਸ਼ਨ ਵਲੋਂ ਉਹਨੂੰ ਏਸ਼ੀਆ ਦਾ ਇੰਚਾਰਜ ਥਾਪਿਆ ਗਿਆ। ਸੀਪੀਆਈ ਦਾ ਕਾਰਡ ਜੇਬ ਵਿਚ ਪਾਈ ਤਾਰਾ ਸੰਧੂ ਨੌਜਵਾਨ ਆਗੂ ਵਜੋਂ ਰੂਸ, ਫਰਾਂਸ, ਇੰਗਲੈਂਡ, ਯੂਗੋਸਲਾਵੀਆ, ਉੱਤਰੀ ਕੋਰੀਆ, ਬੁਲਗਾਰੀਆ ਸਮੇਤ ਏਸ਼ੀਆ, ਅਫਰੀਕਾ ਅਤੇ ਯੂਰੋਪ ਦੇ ਸਤਾਰਾਂ ਤੋਂ ਵੱਧ ਦੇਸ਼ਾਂ ਵਿਚ ਗਿਆ।
ਪਾਰਟੀ ਦੇ ਹੁਕਮ ਅਨੁਸਾਰ ਉਹਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਲੜੀਆਂ ਅਤੇ ਸਤੰਬਰ 1993 ਵਿਚ ਲੇਖਕਾਂ ਦੀ ਇਸ ਸਿਰਮੌਰ ਜਥੇਬੰਦੀ ਦਾ ਜਨਰਲ ਸਕੱਤਰ ਬਣਿਆ। ਪੰਜਾਬ ਦੇ ਸੰਕਟ ਵਾਲੇ ਦਿਨਾਂ ਦੇ ਬਾਵਜੂਦ ਰੰਗਕਰਮੀ ਭਾਅਜੀ ਗੁਰਸ਼ਰਨ ਸਿੰਘ ਦੀ ਪ੍ਰਧਾਨਗੀ ਹੇਠ ਤਾਰਾ ਸਿੰਘ ਸੰਧੂ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਨੂੰ ਪੂਰੀ ਤਰ੍ਹਾਂ ਸਰਗਰਮ ਕਰ ਦਿੱਤਾ। ਪੰਜਾਬ ਵਿਚ ਸਮਾਗਮਾਂ ਦਾ ਹੜ੍ਹ ਆ ਗਿਆ। ਉਹਨੇ ਡਾ. ਰਾਵਿੰਦਰ ਰਵੀ ਅਤੇ ਇਨਕਲਾਬੀ ਸ਼ਾਇਰ ਪਾਸ਼ ਦੀ ਯਾਦ ਨੂੰ ਸਦੀਵੀ ਬਣਾਉਦਿਆਂ ਰਵੀ-ਪਾਸ਼ ਚੇਤਨਾ ਕਾਰਵਾਂ ਸ਼ੁਰੂ ਕੀਤਾ ਤੇ ਇਸ ਕਾਰਵਾਂ ਨੂੰ ਹਰ ਛੋਟੇ ਵੱਡੇ ਸ਼ਹਿਰ ਲੈ ਕੇ ਗਿਆ। ਪਹਿਲਾਂ ਡਾ. ਐਸ ਤਰਸੇਮ ਦੇ ਜਨਰਲ ਸਕੱਤਰ ਹੁੰਦਿਆਂ ਉਹਨੇ ਦਿੱਲੀ ਵਿਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਨੂੰ ਸਫ਼ਲ ਬਣਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਈ ਸੀ।
ਤਾਰਾ ਸਿੰਘ ਸੰਧੂ ਸੁਪਨਸਾਜ਼ ਸ਼ਖ਼ਸ ਸੀ। ਪੰਜਾਬੀਅਤ ਨੂੰ ਉਭਾਰਨ ਲਈ ਨਵੇਂ ਨਵੇਂ ਵਿਚਾਰ ਉਹਦੇ ਦਿਮਾਗ ਵਿਚ ਆਉਂਦੇ ਰਹਿੰਦੇ ਅਤੇ ਇਨ੍ਹਾਂ ਨੂੰ ਅਮਲੀ ਰੂਪ ਦੇਣ ਲਈ ਉਹ ਦਿਨ ਰਾਤ ਇੱਕ ਕਰ ਦਿੰਦਾ। ਉਹ ਰਾਜਾ ਪੋਰਸ ਨੂੰ ਪੰਜਾਬੀਆਂ ਦਾ ਪਹਿਲਾ ਨਾਇਕ ਮੰਨਦਾ ਸੀ ਜਿਸ ਨੇ ਦੁਨੀਆ ਜਿੱਤਣ ਨਿਕਲੇ ਮਹਾਨ ਯੂਨਾਨੀ ਬਾਦਸ਼ਾਹ ਸਿਕੰਦਰ ਨੂੰ ਡਟ ਕੇ ਟੱਕਰ ਦਿੱਤੀ ਸੀ। ਉਹ ਬਾਬਾ ਬੰਦਾ ਸਿੰਘ ਬਹਾਦਰ ਨਾਲ ਵੀ ਯੋਗ ਇਨਸਾਫ ਨਾ ਹੋਏ ਹੋਣ ਦਾ ਰੰਜ ਕਰਦਾ। ਅਜਿਹੇ ਬਹੁਤ ਸਾਰੇ ਨਾਇਕਾਂ ਬਾਰੇ ਖੋਜ ਕਰਨ ਅਤੇ ਉਨ੍ਹਾਂ ਦੀਆਂ ਯਾਦਗਾਰਾਂ ਸਥਾਪਿਤ ਕਰਨ ਦੀ ਇੱਛਾ ਹਿਤ ਉਸ ਨੇ ਫੋਕਲੋਰ ਰਿਸਰਚ ਅਕੈਡਮੀ ਬਣਾਈ। ਅਕੈਡਮੀ ਨੇ 30-31 ਦਸੰਬਰ 1996 ਅਤੇ ਪਹਿਲੀ ਜਨਵਰੀ 1997 ਨੂੰ ਵਾਹਗਾ ਸਰਹੱਦ ਤੇ ‘ਰਾਜਾ ਪੋਰਸ ਹਿੰਦ-ਪਾਕਿ ਮਿੱਤਰਤਾ ਮੇਲਾ’ ਕਰਵਾਉਣਾ ਸ਼ੁਰੂ ਕੀਤਾ। ਪਹਿਲੇ ਮੇਲੇ ਦਾ ਉਦਘਾਟਨ ਗਦਰੀ ਬਾਬੇ ਭਗਤ ਸਿੰਘ ਬਿਲਗਾ ਤੋਂ ਸਾਂਝੇ ਪੰਜਾਬ ਦੇ ਨਕਸ਼ੇ ਤੇ ਦੀਵਾ ਜਗਾ ਕੇ ਕਰਵਾਇਆ। ਵੰਡ ਸਮੇਂ ਮਾਰੇ ਗਏ ਦਸ ਲੱਖ ਪੰਜਾਬੀਆਂ ਦੀ ਯਾਦ ਨੂੰ ਸਮਰਪਿਤ (ਵਾਹਗਾ ਵਿਖੇ) ਯਾਦਗਾਰ ਦੀ ਸਥਾਪਤੀ ਡਾ. ਤਾਰਾ ਸਿੰਘ ਸੰਧੂ ਦੇ ਦਿਮਾਗ ਦੀ ਉਪਜ ਹੈ।
1996 ਦੇ ਸ਼ੁਰੂਆਤੀ ਦਿਨਾਂ ਵਿਚ ਤਾਰਾ ਸਿੰਘ ਸੰਧੂ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਦੀ ਅਗਵਾਈ ਵਿਚ ਨਵੀਂ ਬਣੀ ਤਿਵਾੜੀ ਕਾਂਗਰਸ ਵਿਚ ਸ਼ਾਮਲ ਹੋ ਗਿਆ। ਇਹ ਉਹਦੀ ਜਿ਼ੰਦਗੀ ਦਾ ਅਜਿਹਾ ਮੋੜ ਸੀ ਜਿਸ ਨੇ ਉਹਦੀ ਤਰਜ਼ੇ-ਜਿ਼ੰਦਗੀ ਬਦਲ ਦਿੱਤੀ। ਛੇਤੀ ਪਿੱਛੋ ਜਦੋਂ ਤਿਵਾੜੀ ਕਾਂਗਰਸ ਦਾ ਕਾਂਗਰਸ ਪਾਰਟੀ ਵਿਚ ਰਲੇਵਾਂ ਹੋ ਗਿਆ ਤਾਂ ਉਹ ਆਪਣੇ ਆਗੂ ਜਗਮੀਤ ਸਿੰਘ ਬਰਾੜ ਸਮੇਤ ਕਾਂਗਰਸ ਪਾਰਟੀ ਵਿਚ ਆ ਗਿਆ ਅਤੇ 2002 ਵਿਚ ਉਸ ਨੂੰ ਜਿ਼ਲ੍ਹਾ ਮੋਗਾ ਦਾ ਪ੍ਰਧਾਨ ਬਣਾ ਦਿੱਤਾ ਗਿਆ।
ਤਾਰਾ ਸਿੰਘ ਸੰਧੂ ਸਿਆਸੀ ਰੁਝੇਵਿਆਂ ਦੇ ਬਾਵਜੂਦ ਸਾਹਿਤ ਨਾਲ ਜੁੜਿਆ ਰਹਿੰਦਾ ਸੀ। ਉਹਨੇ ਬਾਰਿ ਪਰਾਇ ਬੈਸਣਾ, ਦੁੱਖ ਦਰਿਆਵਾਂ ਦੇ, ਗੂੰਗੇ ਬੋਲ, ਸਪਾਰਟਸ, ਬਾਬਰ, ਚੌਰਸ ਕਿੱਲ, ਰਾਜ ਕੁਮਾਰੀ ਰਤਨਾ, ਕੈਨੇਡਾ ਆਦਿ ਸੱਤ ਨਾਟਕਾਂ ਦੀ ਸਿਰਜਣਾ ਕੀਤੀ। ਕੰਵਲਜੀਤ ਢਿਲੋਂ ਨੇ ਪੰਜਾਬ ਸਮੱਸਿਆ ਨੂੰ ਲੈ ਕੇ ਲਿਖੇ ਉਹਦੇ ਨਾਟਕ ‘ਬਾਰਿ ਪਰਾਇ ਬੈਸਣਾ’ ਦੇ 100 ਤੋਂ ਵੱਧ ਸ਼ੋਅ ਕੀਤੇ। ਉਹ ਚਾਹੁੰਦਾ ਸੀ ਕਿ ਪੰਜਾਬ ਦੀਆਂ ਸਰਕਾਰਾਂ ਰਾਜ ਦੀ ਸਭਿਆਚਾਰਕ ਨੀਤੀ ਬਣਾਉਣ ਸਬੰਧੀ ਗੰਭੀਰ ਹੋਣ। ਇਸੇ ਦੇ ਮੱਦੇਨਜ਼ਰ ਉਹਨੇ ਡਾ. ਈਸ਼ਵਰ ਦਿਆਲ ਗੌੜ ਨਾਲ ਰਲ ਕੇ ‘ਕਲਚਰਲ ਪਾਲਿਸੀ ਆਫ ਪੰਜਾਬ’ ਨਾਂ ਦੀ ਪੁਸਤਕ ਲਿਖੀ। ਉੱਤਰੀ ਕੋਰੀਆ ਤੇ ਚੀਨ ਬਾਰੇ ਸਫਰਨਾਮਾ ‘ਸੱਦੀ ਹੋਈ ਮਿੱਤਰਾਂ ਦੀ’ ਉਹਦੀ ਵਾਰਤਕ ਕਲਾ ਦਾ ਖੂਬਸੂਰਤ ਨਮੂਨਾ ਹੈ। ਇਨ੍ਹੀਂ ਦਿਨੀਂ ਉਹ ਆਪਣੀ ਸਵੈ ਜੀਵਨੀ ਲਿਖਣ ਵਿਚ ਰੁੱਝਿਆ ਹੋਇਆ ਸੀ।
ਡਾ. ਤਾਰਾ ਸਿੰਘ ਸੰਧੂ ਨਮਿਤ ਸ਼ਰਧਾਂਜਲੀ ਸਮਾਗਮ 29 ਜਨਵਰੀ ਨੂੰ ਉਹਦੇ ਪਿੰਡ ਭਿੰਡਰ ਖੁਰਦ (ਮੋਗਾ) ਦੇ ਗੁਰਦੁਆਰਾ ਬਾਬਾ ਟਹਿਲ ਦਾਸ ਵਿਖੇ ਬਾਅਦ ਦੁਪਹਿਰ ਪਵੇਗਾ।
ਸੰਪਰਕ: 98726-40994