ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਜੋਗਿੰਦਰ ਸਿੰਘ ਪੁਆਰ ਸਿੱਖਿਆ, ਸਹਾਫ਼ਤ ਅਤੇ ਸਿਆਸਤ ਦਾ ਸੁਮੇਲ ਸਨ। ਆਪਣੀ ਜ਼ਿੰਦਗੀ ਦੇ 85 ਸਾਲ ਪੂਰੇ ਕਰ ਕੇ ਉਹ 14-15 ਅਕਤੂਬਰ ਦੀ ਦਰਮਿਆਨੀ ਰਾਤ 2 ਵਜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦਾ ਅਕਾਲ ਚਲਾਣਾ ਜਿੱਥੇ ਪਰਿਵਾਰ, ਦੋਸਤਾਂ-ਮਿੱਤਰਾਂ ਲਈ ਦੁੱਖ ਭਰਿਆ ਹੈ, ਉੱਥੇ ਅੱਜ ਦੀ ਨੌਜਵਾਨ ਪੀੜ੍ਹੀ ਲਈ ਵੀ ਵੱਡਾ ਘਾਟਾ ਹੈ।
ਡਾ. ਪੁਆਰ ਦਾ ਜਨਮ 1934 ’ਚ ਅਣਵੰਡੇ ਪੰਜਾਬ ਦੀ ਓਕਾੜਾ ਤਹਿਸੀਲ (ਜ਼ਿਲ੍ਹਾ ਮਿੰਟਗੁਮਰੀ) ਦੇ ਪਿੰਡ 2 ਐੱਲ-32 (ਪਾਕਿਸਤਾਨ) ਵਿਚ ਹੋਇਆ ਸੀ। ਵੰਡ ਤੋਂ ਬਾਅਦ ਪਹਿਲਾਂ ਅਲਾਵਲਪੁਰ, ਤੇ ਫਿਰ ਲੱਧੇਵਾਲੀ ’ਚ ਪਰਿਵਾਰ ਦਾ ਵਸੇਬਾ ਹੋਇਆ। 10ਵੀਂ ਅਲਾਵਲਪੁਰ ਦੇ ਸਰਕਾਰੀ ਸਕੂਲ ਤੋਂ ਕਰ ਕੇ ਜਲੰਧਰ ਦੇ ਲਾਇਲਪੁਰ ਖਾਲਸਾ ਸਕੂਲ ਤੇ ਫਿਰ ਲਾਇਲਪੁਰ ਖਾਲਸਾ ਕਾਲਜ ਤੋਂ ਅੰਗਰੇਜ਼ੀ ਤੇ ਪੰਜਾਬੀ ਵਿਚ ਐੱਮਏ ਕੀਤੀ। ਉਨ੍ਹਾਂ ਇਸ ਕਾਲਜ ’ਚ ਅਧਿਆਪਨ ਵੀ ਕੀਤਾ ਪਰ ਉਹ ਦੱਸਦੇ ਹੁੰਦੇ ਸਨ ਕਿ ਉਨ੍ਹਾਂ ਦੀ ਬਤੌਰ ਅਧਿਆਪਕ ਪਹਿਲੀ ਨਿਯੁਕਤੀ ਜਲੰਧਰ ਦੇ ਕੰਨਿਆ ਮਹਾਂ ਵਿਦਿਆਲਾ ਵਿਚ ਹੋਈ। ਉਚੇਰੀ ਸਿਖਿਆ ਦੀ ਤਲਬ ਹੇਠ ਡਾ. ਪੁਆਰ ਨੇ ਇੰਗਲੈਂਡ ਪੜ੍ਹਨ ਦਾ ਫੈਸਲਾ ਕੀਤਾ। ਉਨ੍ਹਾਂ ਲੰਡਨ ਯੂਨੀਵਰਸਿਟੀ ਤੋਂ ਐੱਮਲਿਟ ਦੀ ਡਿਗਰੀ ਹਾਸਲ ਕੀਤੀ।
ਜਦੋਂ 1972 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਲਿੰਗੁਇਸਟਿਕ ਵਿਭਾਗ ਦੀ ਸਥਾਪਨਾ ਹੋਈ ਤਾਂ ਵਿਭਾਗ ਦੇ ਤਤਕਾਲੀ ਮੁਖੀ ਡਾ. ਹਰਜੀਤ ਸਿੰਘ ਗਿੱਲ ਨੇ ਵਿਭਾਗ ਦੀ ਮਜ਼ਬੂਤੀ ਨੂੰ ਸ਼ੁਰੂ ਵਿਚ ਹੀ ਤਰਜੀਹ ਦਿੰਦਿਆਂ ਡਾ. ਪੁਆਰ ਨੂੰ ਵਾਪਸ ਪੰਜਾਬੀ ਯੂਨੀਵਰਸਿਟੀ ਬੁਲਾ ਲਿਆ। ਫਿਰ ਅਧਿਆਪਕ ਤੋਂ ਪੰਜਾਬੀ ਯੂਨੀਵਰਸਿਟੀ ਵਾਈਸ ਚਾਂਸਲਰ ਦੇ ਸਫ਼ਰ ਅਤੇ ਅਣਥੱਕ ਮਿਹਨਤ ਦਾ ਬਿਉਰਾ ਅੱਜ ਵੀ ਪੰਜਾਬੀ ਯੂਨੀਵਰਸਿਟੀ ਦੇ ਲੇਖੇ-ਜੋਖੇ ਵਿਚ ਸ਼ਾਮਲ ਹੈ। ਥੋੜ੍ਹਾ ਸਮਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਵੀ ਕੰਮ ਕੀਤਾ ਪਰ ਉਨ੍ਹਾਂ ਨਾਲ ਜੁੜੇ ਸਹਿ ਅਧਿਆਪਕਾਂ ਅਨੁਸਾਰ ਡਾ. ਪੁਆਰ ਦੀ ਖਿਚ ਹਮੇਸ਼ਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲ ਹੀ ਸੀ। ਇੰਗਲੈਂਡ ਦੇ ਪੜ੍ਹਨ-ਪੜ੍ਹਾਉਣ ਦੇ ਵਾਤਾਵਰਨ ਤੋਂ ਪ੍ਰਭਾਵਿਤ ਡਾ. ਪੁਆਰ ਜਦੋਂ ਵਾਈਸ ਚਾਂਸਲਰ ਬਣੇ ਤਾਂ ਉਹ ਕਹਿੰਦੇ ਹੁੰਦੇ ਸਨ ਕਿ ਉਹ ਪੂਰੇ ਸੂਬੇ ਨੂੰ ਤਾਂ ਇੰਗਲੈਂਡ ਦੀ ਪੜ੍ਹਾਈ ਵਾਲਾ ਵਾਤਾਵਰਨ ਨਹੀਂ ਦੇ ਸਕਦੇ ਪਰ ਯੂਨੀਵਰਸਿਟੀ ਦੀ ਪੜ੍ਹਾਈ ਦਾ ਮਾਹੌਲ ਇੰਗਲੈਂਡ ਦੀਆਂ ਯੂਨੀਵਰਸਿਟੀਆਂ ਵਰਗੀਆਂ ਜ਼ਰੂਰ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਭਾਵੇਂ ਅੱਜ ਮਾਲੀ ਸੰਕਟ ਵਿਚੋਂ ਲੰਘ ਰਹੀ ਹੈ ਪਰ ਉਸ ਵੇਲੇ ਮਾਲੀ ਸੰਕਟ ਦੇ ਨਾਲ ਨਾਲ ਪੰਜਾਬ ਦੇ ਅਣਸੁਖਾਵੇਂ ਮਾਹੌਲ ਕਾਰਨ ਕੋਈ ਚੰਗੇ ਹਾਲਾਤ ਵਿਚ ਨਹੀਂ ਸੀ। ਡਾ. ਪੁਆਰ ਦੇ ਕਾਰਜਕਾਲ ਵਿਚ ਜਿੱਥੇ ਸਿੱਖਿਆ ਵਿਚ ਸੁਧਾਰ ਹੋਇਆ, ਉਥੇ ਨਵੇਂ ਵਿਭਾਗਾਂ ਦੀ ਉਸਾਰੀ ਤੇ ਯੂਨੀਵਰਸਿਟੀ ਦੀ ਨੁਹਾਰ ਬਦਲੀ ਗਈ।
ਸਖ਼ਤ ਵਾਈਸ ਚਾਂਸਲਰ ਵਜੋਂ ਜਾਣੇ ਜਾਂਦੇ ਡਾ. ਪੁਆਰ ਆਪਣਾ ਦਿਨ 5 ਵਜੇ ਹੱਥੀਂ ਚਾਹ ਬਣਾ ਕੇ ਆਪਣੇ ਸੁਰੱਖਿਆ ਕਰਮੀਆਂ ਅਤੇ ਸਹਾਇਕ ਕਾਮਿਆਂ ਨੂੰ ਇਹ ਚਾਹ ਪਿਲਾ ਕੇ ਸ਼ੁਰੂ ਕਰਦੇ ਸਨ। ਸਮੇਂ ਦੇ ਪਾਬੰਦ ਡਾ. ਪੁਆਰ ਕਦੇ ਕਦੇ ਠੀਕ 9 ਵਜੇ ’ਵਰਸਿਟੀ ਗੇਟ ’ਤੇ ਜਾ ਖੜ੍ਹਦੇ, ਸ਼ਾਇਦ ਉਨ੍ਹਾਂ ਦਾ ਇਸ਼ਾਰਾ ਦੇਰੀ ਨਾਲ ਆਉਣ ਵਾਲਿਆਂ ਲਈ ਹੁੰਦਾ ਸੀ। ਦੋ ਸਾਲ ਪੰਜਾਬੀ ਯੂਨੀਵਰਸਿਟੀ ਦੇ ਪਰੋ-ਵਾਈਸ ਚਾਂਸਲਰ ਰਹੇ ਡਾ. ਪੁਆਰ ਨੇ 1992 ਤੋਂ ਅਗਲੇ ਸੱਤ ਸਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ। ਉਨ੍ਹਾਂ ਪੰਜਾਬੀ ਭਾਸ਼ਾ ਲਈ ਤਨਦੇਹੀ ਨਾਲ ਕੰਮ ਕੀਤਾ। ਯੂਨੀਵਰਸਿਟੀ ਵੱਲੋਂ ਫਾਰਸੀ ਤੋਂ ਪੰਜਾਬੀ, ਅੰਗਰੇਜ਼ੀ ਤੋਂ ਪੰਜਾਬੀ ਸ਼ਬਦਕੋਸ਼ (ਡਿਕਸ਼ਨਰੀਆਂ) ਤਿਆਰ ਕਰਵਾਏ। ਯੂਨੀਵਰਸਿਟੀ ਦੇ ਹਰ ਇਕ ਵਿਭਾਗ ਨੂੰ ਤਵੱਜੋ ਦਿੰਦਿਆਂ ਹਰ ਪੱਖੋਂ ਸੁਧਾਰ ਲਈ ਆਪਣੀ ਨਿਗਰਾਨੀ ਹੇਠ ਕੰਮ ਕਰਵਾਇਆ। ਜਿੱਥੇ ਭਾਸ਼ਾ ਵਿਗਿਆਨ ਨੂੰ ਪੰਜਾਬੀ ਅਕਾਦਮਿਕ ਖੇਤਰ ਵਿਚ ਮੋਹਰੀ ਬਣਾਇਆ, ਉੱਥੇ 1980 ਵਿਚ ਉਨ੍ਹਾਂ ਪੰਜਾਬੀ ਭਾਸ਼ਾ ਅਕਾਦਮੀ ਦੀ ਸਥਾਪਨਾ ਕੀਤੀ। 1999 ਵਿਚ ਉਹ ਯੂਨੀਵਰਸਿਟੀ ਤੋਂ ਆਪਣਾ ਵੀਸੀ ਦਾ ਕਾਰਜ ਕਾਲ ਪੂਰਾ ਕਰ ਚੁੱਕੇ ਸਨ ਪਰ ਉਨ੍ਹਾਂ ਦੀ ਮਾਂ ਬੋਲੀ ਪੰਜਾਬੀ ਅਤੇ ਪੰਜਾਬ ਦੇ ਵਿਕਾਸ ਵਿਚ ਸਿੱਖਿਆ ਦੀ ਭੂਮਿਕਾ ਪ੍ਰਤੀ ਵਚਨਬੱਧਤਾ ਉਨ੍ਹਾਂ ਦੇ ਆਖ਼ਰੀ ਦਿਨਾਂ ਤੱਕ ਕਾਇਮ ਸੀ। ਇਸ ਦੀ ਗਵਾਹੀ 10 ਅਕਤੂਬਰ ਨੂੰ ਨਵੀਂ ਸਿਖਿਆ ਨੀਤੀ-ਚੁਣੌਤੀਆਂ ਤੇ ਸਦਭਾਵਨਾ’ ਤਹਿਤ ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ ਵਿਚ ਹੋਏ ਸੈਮੀਨਾਰ ਤੇ ਉਨ੍ਹਾਂ ਦੇ ਵਿਚਾਰ ਦਰਸਾਉਂਦੇ ਹਨ। ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਨਵੀਂ ਸਿਖਿਆ ਨੀਤੀ ਤੇ ਫਿਕਰ ਜਤਾਉਂਦਿਆਂ, ਇਸ ਨੀਤੀ ਨੂੰ ਗਰੀਬਾਂ ਨੂੰ ਸਿਖਿਆ ਤੋਂ ਵਾਂਝੇ ਰੱਖਣ ਤੇ ਨਿੱਜੀਕਰਨ ਰਾਹੀਂ ਸਿਖਿਆ ਸੰਸਥਾਵਾਂ ਦਾ ਦੁਕਾਨਾਂ ਵਿਚ ਬਦਲਣ ਵਾਲੀ ਦੱਸਿਆ।
ਉਮਰ 85 ਸਾਲ ਦੀ ਸੀ ਪਰ ਇਹ ਸਾਰਾ ਤਜਰਬਾ ਹੀ ਸੀ ਜਿਹੜਾ ਡਾ. ਪੁਆਰ ਨੂੰ ਆਪਣੇ ਘਰ ਪਰਿਵਾਰ ਨਾਲ ਜੋੜੀ ਰੱਖਦਾ ਸੀ। ਉਹ ਹਮੇਸ਼ਾ ਇਹ ਕਹਿੰਦੇ ਸਨ ਕਿ ਉਹ ਆਪਣੇ ਭੈਣ-ਭਰਾ ਤੇ ਮਾਂ-ਬਾਪ ਦਾ ਦੇਣ ਨਹੀਂ ਦੇ ਸਕਦੇ ਜਿਨ੍ਹਾਂ ਉਨ੍ਹਾਂ ਨੂੰ ਉਸ ਮੁਸ਼ਕਿਲ ਸਮਿਆਂ ਵਿਚ ਪੜ੍ਹਨ ਦਾ ਮੌਕਾ ਦਿੱਤਾ। ਮਿਹਨਤੀ ਤੇ ਪੜ੍ਹਨ ਵਾਲਾ ਵਿਅਕਤੀ ਉਨ੍ਹਾਂ ਨੂੰ ਬਹੁਤ ਅਜ਼ੀਜ਼ ਸੀ। ਸਹਾਫ਼ਤ ਸ਼ਾਇਦ ਉਨ੍ਹਾਂ ਦੇ ਹੱਡੀਂ ਰਚੀ ਸੀ। ਘਰ ਵਿਚ ਉਨ੍ਹਾਂ ਦੇ ਛੋਟੇ ਭਰਾ ਦੀ ਨੂੰਹ ਅਤੇ ਫਿਰ ਪੱਤਰਕਾਰੀ ਵਿਸ਼ੇ ਦੀ ਅਧਿਆਪਕਾ ਹੋਣ ਕਾਰਨ ਉਨ੍ਹਾਂ ਦਾ ਮੇਰੇ ਨਾਲ ਗੱਲ ਦਾ ਵਿਸ਼ਾ ਜ਼ਿਆਦਾਤਰ ਪੱਤਰਕਾਰੀ, ਪੱਤਰਕਾਰੀ ਦੇ ਵਿਦਿਆਰਥੀ ਅਤੇ ਪੰਜਾਬ ਦੇ ਮਾਹੌਲ ਬਾਰੇ ਹੁੰਦਾ ਸੀ। ਹੁਣ ਜਦ 13 ਅਕਤੂਬਰ ਨੂੰ ਬਿਮਾਰ ਹੋਣ ਤੇ ਮੈਂ ਹਾਲ-ਚਾਲ ਪੁੱਛਣ ਗਈ ਤਾਂ ਆਖ਼ਰੀ ਗੱਲਬਾਤ ਵੀ ਉਨ੍ਹਾਂ ਬੁਖਾਰ ਦੀ ਨਹੀਂ ਸਗੋਂ ਖੇਤੀਬਾੜੀ ਕਾਨੂੰਨਾਂ ਦੀ ਕੀਤੀ। ਕੋਈ ਡੇਢ ਕੁ ਘੰਟਾ ਗੱਲਾਂ ਉਨ੍ਹਾਂ ਪੰਜਾਬ ਦੇ ਇਕਜੁੱਟ ਹੋਣ ਤੇ ਖੁਸ਼ੀ ਜਤਾਈ। ਉਹ ਖੁਸ਼ ਸਨ ਕਿ ਮਨੋਰੰਜਨ, ਸਾਹਿਤ ਤੇ ਨੌਜਵਾਨ ਪੀੜ੍ਹੀ ਹੁਣ ਇਕ ਮੰਚ ਤੇ ਹਨ। ਪੱਤਰਕਾਰੀ, ਖ਼ਬਰਾਂ ਨੂੰ ਬਰੀਕੀ ਨਾਲ ਸਮਝਦੇ ਡਾ. ਪੁਆਰ ਕੁਝ ਸਮੇਂ ਲਈ ਪੰਜਾਬੀ ਅਖ਼ਬਾਰ ‘ਦੇਸ਼ ਸੇਵਕ’ ਦੇ ਮੁੱਖ ਸੰਪਾਦਕ ਅਤੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਵੀ ਰਹੇ।
ਉਨ੍ਹਾਂ ਦੀ ਪਤਨੀ ਡਾ. ਰਤਨੇਸ਼ ਕੌਰ ਅਨੁਸਾਰ, “ਉਨ੍ਹਾਂ ਦੇ ਅਠੱਤੀ (38) ਸਾਲਾਂ ਦੇ ਸਫ਼ਰ ਵਿਚ 15 ਅਕਤੂਬਰ ਪਹਿਲਾਂ ਦਿਨ ਸੀ ਜਦੋਂ ਸਵੇਰੇ ਆਪਣੀ ਹੱਥੀਂ ਬਣਾਈ ਚਾਹ ਵਾਲੀ ਡਾ. ਪੁਆਰ ਦੀ ਆਵਾਜ਼ ਉਨ੍ਹਾਂ ਦੇ ਕੰਨੀ ਨਹੀਂ ਪਈ। ਉਨ੍ਹਾਂ ਨੇ ਆਪਣੇ ਹਰ ਰਿਸ਼ਤੇ ਤੇ ਫ਼ਰਜ਼ ਨੂੰ ਬਾਖੂਬੀ ਨਿਭਾਇਆ। ਮੇਰੇ ਲਈ ਉਹ ਸੰਸਥਾ ਅਤੇ ਬੋਲਦਾ ਇਨਸਾਈਕਲੋਪੀਡੀਆ ਸਨ। ਮੈਨੂੰ ਇਹ ਯਕੀਨ ਸੀ ਕਿ ਮੇਰੇ ਹਰ ਸੁਆਲ ਜਾਂ ਮੁਸ਼ਕਿਲ ਦਾ ਹਲ ਉਨ੍ਹਾਂ ਕੋਲ ਸੀ।” ਡਾ. ਪੁਆਰ ਭਾਵੇਂ ਸੰਸਾਰਕ ਯਾਤਰਾ ਪੂਰੀ ਕਰ ਗਏ ਪਰ ਪੰਜਾਬ ਦੀ ਸਿਖਿਆ ਵਿਚ ਉਨ੍ਹਾਂ ਦਾ ਨਾਮ ਤੇ ਯੋਗਦਾਨ, ਉਨ੍ਹਾਂ ਦੇ ਦੋਸਤਾਂ-ਮਿੱਤਰਾਂ, ਵਿਦਿਆਰਥੀਆਂ ਅਤੇ ਸਾਡੀਆਂ ਸਿਖਿਅਕ ਸੰਸਥਾਵਾਂ ਦੀਆਂ ਲਾਈਬ੍ਰੇਰੀਆਂ ਵਿਚ ਸਦਾ ਨਜ਼ਰ ਆਏਗਾ।
*ਦੋਆਬਾ ਕਾਲਜ, ਜਲੰਧਰ।
ਸੰਪਰਕ: 98143-18091