ਡਾ. ਹਜ਼ਾਰਾ ਸਿੰਘ ਚੀਮਾ
ਪੰਜ ਛੇ ਮਹੀਨੇ ਪਹਿਲਾਂ ਦੀ ਗੱਲ ਹੈ। ਕਰੋਨਾ ਦਾ ਕਹਿਰ ਅਜੇ ਘੱਟ ਨਹੀਂ ਸੀ ਹੋਇਆ। ਸਰਕਾਰੀ ਸੇਵਾ ਤੋਂ ਸੇਵਾ-ਮੁਕਤ ਮੇਰੇ ਵਰਗੇ ਮੱਧ ਵਰਗੀ ਸੀਨੀਅਰ ਸਿਟੀਜ਼ਨ ਆਪਣੇ ਘਰਾਂ ਵਿਚ ਤੜੇ ਬੈਠੇ ਉਪਰਾਮਤਾ ਮਹਿਸੂਸ ਕਰ ਰਹੇ ਸਨ। ਇਸ ਉਪਰਾਮਤਾ ਤੋਂ ਛੁਟਕਾਰਾ ਪਾਉਣ ਲਈ ਜਸਬੀਰ ਮੰਡ ਦਾ ਕਿਸਾਨੀ ਨਾਲ ਸਬੰਧਤ ਨਾਵਲ ‘ਆਖ਼ਰੀ ਬਾਬੇ’ ਪੜ੍ਹ ਰਿਹਾ ਸੀ। ਅਚਾਨਕ ਇੱਕ ਬੀਬੀ ਜੋ ਲੋਕ ਸੰਪਰਕ ਵਿਭਾਗ ਵਿਚੋਂ ਉੱਚੇ ਅਹੁਦੇ ਤੋਂ ਸੇਵਾ-ਮੁਕਤ ਹੋਈ ਸੀ, ਤੇ ਜਿਸ ਨਾਲ ਮੇਰੀ ਵਾਕਫੀਅਤ ਖੂਨਦਾਨੀ ਵਜੋਂ ਜਾਣੀ ਜਾਂਦੀ ਜੋੜੀ ਜਸਵੰਤ-ਬਲਵੰਤ ਨੇ ਕਰਵਾਈ ਸੀ, ਦਾ ਫੋਨ ਆਉਂਦਾ ਹੈ, “ਚੀਮਾ ਸਾਹਿਬ! ਘਰੇ ਹੀ ਹੋ? ਦੋ ਕੁ ਮਿੰਟ ਗੱਲ ਕਰਨੀ ਸੀ।” ਮੇਰੇ ਹਾਂ ਕਹਿਣ ’ਤੇ ਦਸ ਕੁ ਮਿੰਟ ਵਿਚ ਹੀ ਉਹ ਆਪਣੀ ਵੱਡੀ ਭੈਣ ਜੋ ਸਕੂਲ ਸਿੱਖਿਆ ਬੋਰਡ ਵਿਚ ਡਿਪਟੀ ਡਾਇਰੈਕਟਰ ਰਹਿ ਚੁੱਕੀ ਹੈ, ਨੂੰ ਨਾਲ ਲੈ ਕੇ ਮੇਰੇ ਘਰ ਆ ਪਧਾਰੀ। ਰਸਮੀ ਗੱਲਬਾਤ ਮਗਰੋਂ ਉਹਨੇ ਦੱਸਿਆ ਕਿ ਉਨ੍ਹਾਂ ਨਾਰੀ ਸ਼ਕਤੀਕਰਨ ਨਾਮ ਦੀ ਸੰਸਥਾ ਬਣਾਈ ਹੋਈ ਹੈ। ਸੰਸਥਾ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਬੀਬੀਆਂ ਦੀ ਮੀਟਿੰਗ ਕਰ ਰਹੀ ਹੈ, ਇਸ ਮੀਟਿੰਗ ਵਿਚ ਉਹ ਖੇਤੀ ਕਾਨੂੰਨਾਂ ਬਾਰੇ ਮੇਰਾ ਭਾਸ਼ਣ ਕਰਾਉਣਾ ਚਾਹੁੰਦੀ ਹੈ।
ਪਹਿਲਾਂ ਤਾਂ ਮੈਂ ਸੋਚਿਆ ਕਿ ਇਹ ਬੀਬੀ ਸ਼ਾਇਦ ਆ ਰਹੀਆਂ ਨਗਰ ਨਿਗਮ ਚੋਣਾਂ ਲੜਨ ਦੀ ਇਛੁੱਕ ਹੋਣ ਕਾਰਨ ਜੁਗਾੜ ਕਰ ਰਹੀ ਹੈ ਪਰ ਬਾਅਦ ਵਿਚ ਖਿਆਲ ਆਇਆ- ‘ਮਕਸਦ ਭਾਵੇਂ ਕੋਈ ਵੀ ਹੋਵੇ ਪਰ ਗੱਲ ਤਾਂ ਕਿਸਾਨ ਸੰਘਰਸ਼ ਦੀ ਹੀ ਕਰਨਗੀਆਂ; ਤੇ ਮੈਂ ਹਾਮੀ ਭਰ ਦਿੱਤੀ। ਇਸ ਭਾਸ਼ਣ ਨਾਲ ਮੈਨੂੰ ਇਹ ਲਾਹਾ ਮਿਲਣਾ ਸੀ ਕਿ ਅੰਮ੍ਰਿਤਸਰੋਂ ਇਥੇ ਆਏ ਨੂੰ ਅਜੇ ਥੋੜ੍ਹਾ ਹੀ ਸਮਾਂ ਹੋਣ ਕਾਰਨ ਮੇਰੀ ਵਾਕਫੀਅਤ ਦਾ ਘੇਰਾ ਵਧਣ ਦਾ ਸੁਨਹਿਰੀ ਮੌਕਾ ਸੀ।
ਖ਼ੈਰ, ਮਿਥੇ ਸਮੇਂ ਅਤੇ ਸਥਾਨ ਉੱਤੇ ਮੈਂ ਪਹੁੰਚਿਆ ਤਾਂ 20-25 ਔਰਤਾਂ ਤੋਂ ਇਲਾਵਾ ਇੰਨੇ ਕੁ ਮਰਦ ਫੁੱਟਪਾਥ ਉਪਰ ਦਰੀਆਂ ਵਿਛਾ ਕੇ ਬੈਠੇ ਸਨ। ਮੈਥੋਂ ਇਲਾਵਾ ਇੱਕ ਦੋ ਹੋਰ ਸੱਜਣਾਂ ਨੇ ਵੀ ਕਿਸਾਨ ਸੰਘਰਸ਼ ਬਾਰੇ ਵਿਚਾਰ ਰੱਖੇ। ਵਿਚੋਂ ਹੀ ਕੁਝ ਨੌਜਵਾਨ ‘ਕਿਸਾਨ ਮਜ਼ਦੂਰ ਏਕਤਾ ਜਿ਼ੰਦਾਬਾਦ’, ‘ਕਾਲੇ ਕਾਨੂੰਨ ਵਾਪਸ ਲਵੋ’ ਆਦਿ ਨਾਅਰੇ ਲਾਉਣ ਲੱਗੇ। ਮੀਟਿੰਗ ਰੋਸ ਰੈਲੀ ਵਿਚ ਬਦਲ ਗਈ। ਚੰਗਾ ਇਕੱਠ ਦੇਖ ਕੇ ਸਾਡਾ ਹੌਸਲਾ ਵਧ ਗਿਆ। ਧਰਨਿਆਂ-ਮੁਜ਼ਾਹਰਿਆਂ ਉਪਰ ਪਾਬੰਦੀ ਦੇ ਬਾਵਜੂਦ ਅਸੀਂ ਡਿਪਲਾਸਟ ਚੌਕ ਤੋਂ ਫਰੈਂਕੋ ਹੋਟਲ ਅਤੇ ਵਾਪਸ ਉਸੇ ਥਾਂ ਤੱਕ ਪ੍ਰਭਾਵਾਲੀ ਰੋਸ ਮਾਰਚ ਕਰਨ ਦੀ ਸ਼ੁਰੂਅਤ ਵੀ ਕਰ ਲਈ।
ਦਿਨ ਲੰਘਦੇ ਗਏ। ਚੰਡੀਗੜ੍ਹ ਦੇ ਕੁਝ ਕੁ ਚੌਕਾਂ ਉਪਰ ਜਾਗਦੇ ਜ਼ਮੀਰ ਵਾਲੇ ਕੁਝ ਸ਼ਹਿਰੀ ਕਿਸਾਨੀ ਝੰਡੇ ਲੈ ਕੇ ਰਾਹਗੀਰਾਂ ਦੀ ਜ਼ਮੀਰ ਜਗਾਉਣ ਆਉਣ ਲੱਗੇ। ਪਹਿਲਾਂ ਪਹਿਲ ਮਨ ਵਿਚ ਆਇਆ ਕਿ ਮੱਧ ਵਰਗੀ ਸ਼ਹਿਰੀਆਂ ਦੀ ਇਹ ਕਵਾਇਦ ਕੜ੍ਹੀ ਦੇ ਉਬਾਲ ਵਾਂਗ ਥੋੜ੍ਹਚਿਰਾ ਹੀ ਹੈ ਪਰ ਹੌਲੀ ਹੌਲੀ ਸਾਂਝੇ ਕਿਸਾਨ ਮੋਰਚੇ ਦੀ ਲੀਡਰਸਿ਼ਪ ਦੀ ਵਿਉਂਤਬੰਦੀ ਉਪਰ ਰਸ਼ਕ ਹੋਣ ਲੱਗਾ ਜਿਹੜੀ ਥਾਲੀ ਦੇ ਬੈਂਗਣ ਵਰਗਾ ਤਿਲਕਵਾਂ ਸੁਭਾਅ ਰੱਖਣ ਵਾਲੇ ਸ਼ਹਿਰੀ ਮੱਧ ਵਰਗ ਦੇ ਹੱਥ ਵਿਚ ਮਾਟੋ ਲਿਖੀਆਂ ਤਖਤੀਆਂ/ਝੰਡੇ ਫੜਾਉਣ ਵਿਚ ਕਾਮਯਾਬ ਹੋਈ ਸੀ। ਇਹ ਸਭ ਦੇਖ ਕੇ ਫੁਰਨੇ ਫੁਰਨ ਲੱਗੇ ਕਿ ਅਸੀਂ ਵੀ ਆਪਣੇ ਸਾਹਮਣੇ ਵਾਲੇ ਡਿਪਲਾਸਟ ਚੌਕ ਵਿਚ ਸ਼ਾਮ ਨੂੰ ਘੰਟੇ ਦੋ ਘੰਟੇ ਲਈ ਕਿਸਾਨੀ ਝੰਡੇ ਲੈ ਕੇ ਕਿਸਾਨ ਮੋਰਚੇ ਦੀ ਨੈਤਿਕ ਸਹਾਇਤਾ ਕਰਿਆ ਕਰੀਏ।
ਇੱਕ ਦਿਨ ਦੋ ਨੌਜਵਾਨ ਕਾਰ ਵਿਚੋਂ ਉਤਰੇ। ਉਨ੍ਹਾਂ ਸਪੀਕਰ ਬਾਹਰ ਕੱਢ ਕੇ ਫੁੱਟਪਾਥ ’ਤੇ ਰੱਖਿਆ ਅਤੇ ਹੱਥਾਂ ਵਿਚ ਕਿਸਾਨੀ ਮੰਗਾਂ ਵਾਲੇ ਝੰਡੇ/ਤਖਤੀਆਂ ਲੈ ਕੇ ਨਾਅਰੇ ਲਾਉਣ ਲੱਗੇ। ‘ਨਿਕਲੋ ਬਾਹਰ ਮਕਾਨੋ ਸੇ, ਜੰਗ ਲੜੋ ਬੇਈਮਾਨੋ ਸੇ’। ਮੈਂ ਵੀ ਉਨ੍ਹਾਂ ਨਾਲ ਰਲ ਕੇ ਨਾਅਰੇ ਲਾਉਣ ਲੱਗ ਪਿਆ। ਟਰੇਡ ਯੂਨੀਅਨ ਵਿਚ ਚਾਰ ਦਹਾਕਿਆਂ ਦਾ ਤਜਰਬਾ ਹੋਣ ਕਾਰਨ ਜਦੋਂ ਮੈਂ ਬੁਲੰਦ ਆਵਾਜ਼ ਵਿਚ ‘ਜੀਹਨੇ ਲੋਕਾਂ ਨਾਲ ਖਹਿਣਾ, ਓਹਦਾ ਕੱਖ ਨ੍ਹੀਂ ਰਹਿਣਾ’ ਨਾਅਰਾ ਲਾਇਆ ਤਾਂ ਉਨ੍ਹਾਂ ਨੌਜਵਾਨਾਂ ਨਾਲ ਮੇਰੀ ਸਾਂਝ ਹੋਰ ਪੱਕੀ ਹੋ ਗਈ। ਫਿਰ ਉਹ ਨੌਜਵਾਨ ਰੋਜ਼ਾਨਾ ਸ਼ਾਮ ਨੂੰ ਉਥੇ ਆਉਣ ਲੱਗੇ। ਮੈਂ ਵੀ ਬਿਨਾ ਨਾਗਾ ਉਨ੍ਹਾਂ ਦਾ ਸਾਥ ਦਿੰਦਾ। ਸਾਨੂੰ ਦੇਖ ਕੇ ਨਾਲ ਦੇ ਘਰਾਂ ਤੋਂ ਹੋਰ ਲੋਕ ਵੀ ਇਸ ਕਾਫ਼ਲੇ ਵਿਚ ਸ਼ਾਮਲ ਹੁੰਦੇ ਗਏ। ਹੌਲੀ ਹੌਲੀ ਕਾਫ਼ਲਾ ਵਧਦਾ ਗਿਆ। ਪਤਾ ਹੀ ਨਾ ਲੱਗਾ, ਕਦੋਂ ਨੇਕ ਰੂਹ ਵਾਲੀ ਬੀਬੀ ਜੋ ਚੌਕ ਦੇ ਨਾਲ ਹੀ ਕਿਰਾਏ ਦੀ ਕੋਠੀ ਵਿਚ ਪੀਜੀ ਚਲਾ ਰਹੀ ਹੈ, ਨੇ ਵਿਖਾਵਾਕਾਰੀਆਂ ਲਈ ਖਾਣ-ਪੀਣ ਲਈ ਸਮਾਨ ਲਿਆਉਣਾ ਸ਼ੁਰੂ ਕਰ ਦਿੱਤਾ। ਸੀਨੀਅਰ ਸਿਟੀਜ਼ਨਾਂ ਦੇ ਬੈਠਣ ਲਈ ਉਸ ਕੁਰਸੀਆਂ ਵੀ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਇਸ ਬੀਬੀ ਤੋਂ ਉਤਸ਼ਾਹਿਤ ਹੋ ਕੇ ਹੋਰਨਾਂ ਨੇ ਵੀ ਆਪਣੀ ਸਮਰੱਥਾ ਅਨੁਸਾਰ ਹਿੱਸਾ ਪਾਉਣਾ ਸ਼ੁਰੂ ਕਰ ਦਿੱਤਾ। ਇੱਕ ਹੋਰ ਨੌਜਵਾਨ ਵੀਰ ਜਲਜ਼ੀਰਾ/ਸਿ਼ਕੰਜਵੀ ਦੀ ਛਬੀਲ ਦਾ ਬਿਨਾ ਨਾਗਾ ਪ੍ਰਬੰਧ ਕਰਨ ਲੱਗਾ। ਰਾਹਗੀਰਾਂ ਵਿਚੋਂ ਵੀ ਕੋਈ ਕਾਰ/ਟਰੱਕ ਵਾਲਾ ਕੇਲੇ, ਪਾਣੀ ਦੀਆਂ ਬੋਤਲਾਂ ਆਦਿ ਦੀ ਸੇਵਾ ਕਰ ਜਾਂਦਾ। ਕੋਈ ਵਿਰਲਾ ਹੀ ਹੋਵੇਗਾ ਜੋ ਸਾਨੂੰ ਹੱਲਾਸ਼ੇਰੀ ਨਾ ਦੇ ਕੇ ਲੰਘਦਾ ਹੋਵੇ।
ਇੱਕ ਦਿਨ ਤਾਂ ਹੱਦ ਹੋ ਗਈ। ਬੜੀ ਮਹਿੰਗੀ ਕਾਰ ਵਿਚੋਂ ਇੱਕ ਮਟਿਆਰੀ ਉਤਰੀ, ਸਿੱਧਾ ਮੇਰੇ ਵੱਲ ਆਈ, ਸਿਰ ਨਿਵਾਇਆ ਅਤੇ ਮੇਰੇ ਗੋਡੀਂ ਹੱਥ ਲਾ ਕੇ ਵਾਪਿਸ ਚਲੇ ਗਈ। ਮੈਂ ਖੜ੍ਹਾ ਖੜੋਤਾ ਰਹਿ ਗਿਆ। ਭਾਵੁਕਤਾ ਵਸ ਮੇਰੇ ਲੂੰ ਕੰਡੇ ਖੜ੍ਹੇ ਹੋ ਗਏ, ਮਹਿਸੂਸ ਹੋਇਆ ਕਿ ਅੰਨਦਾਤੇ ਦੀ ਹਮਾਇਤ ਵਿਚ ਕੁਝ ਸਮਾਂ ਕੱਢ ਕੇ ਸ਼ਾਇਦ ਅਸੀਂ ਦੁਨੀਆ ਦਾ ਸਭ ਤੋਂ ਪਵਿੱਤਰ ਕੰਮ ਕਰ ਰਹੇ ਹੋਈਏ। ਮੈਨੂੰ ਜੰਗਲ ਵਿਚ ਲੱਗੀ ਅੱਗ ਨੂੰ ਆਪਣੀ ਚੁੰਝ ਨਾਲ ਬੁਝਾਉਣ ਦਾ ਯਤਨ ਕਰਨ ਵਾਲੀ ਉਸ ਚਿੜੀ ਦੀ ਯਾਦ ਆਈ। ਮਖੌਲ ਕਰਨ ਵਾਲਿਆਂ ਨੂੰ ਉਹਦਾ ਜਵਾਬ ਸੀ: ਜਦੋਂ ਇਤਿਹਾਸ ਲਿਖਿਆ ਜਾਵੇਗਾ ਤਾਂ ਮੇਰੀ ਗਿਣਤੀ ਉਨ੍ਹਾਂ ਲੋਕਾਂ ਵਿਚ ਹੋਵੇਗੀ ਜੋ ਅੱਗ ਬੁਝਾਉਣ ਵਾਲਿਆਂ ਵਿਚ ਸ਼ਾਮਲ ਸਨ।
ਦਿੱਲੀ ਬਾਰਡਰ ’ਤੇ ਅੱਠ ਮਹੀਨਿਆਂ ਤੋਂ ਕਹਿਰ ਦੀ ਸਰਦੀ, ਪਿੰਡਾ ਲੂੰਹਦੀ ਗਰਮੀ, ਮੀਂਹ, ਝੱਖੜ ਅਤੇ ਹੋਰ ਦੁਸ਼ਵਾਰੀਆਂ ਝੱਲਦੇ ਹੋਏ ਖੇਤੀ ਕਾਨੂੰਨ ਰੱਦ ਕਰਵਾਉਣ ਹਿੱਤ ਮੋਰਚਾ ਮੱਲੀ ਬੈਠੇ ਕਿਸਾਨਾਂ ਦੇ ਹੱਕ ’ਚ ਹੁੰਦੇ ਵਿਖਾਵੇ ਨਾਲ ਤਸੱਲੀ ਇਸ ਗੱਲ ਦੀ ਵੀ ਹੈ ਕਿ ਇਸ ’ਚ ਅੱਧ ਤੋਂ ਵੱਧ ਬੀਬੀਆਂ ਅਤੇ ਬੱਚੇ ਹੁੰਦੇ ਹਨ। ਬੱਚੇ ਜਦੋਂ ਹੱਥ ਵਿਚ ਮਾਈਕ ਫੜ ਕੇ ਨਾਅਰੇ ਲਾਉਂਦੇ ਹਨ- ‘ਤਖ਼ਤ ਬਦਲ ਦਿਓ ਤਾਜ ਬਦਲ ਦਿਓ, ਬੇਈਮਾਨਾਂ ਦਾ ਰਾਜ ਬਦਲ ਦਿਓ’ ਤਾਂ ਮਨ ਖਿੜ ਜਾਂਦਾ ਹੈ। ਉਨ੍ਹਾਂ ਦੀ ਬੁਲੰਦ ਆਵਾਜ਼ ਵਿਚ ਜਦੋਂ ਇਹ ਨਾਅਰਾ ਲੱਗਦਾ ਹੈ ਤਾਂ ਕੋਈ ਵਿਰਲਾ ਹੀ ਹੋਵੇਗਾ ਜਿਸ ਦੀ ਜ਼ਮੀਰ ਅੰਗੜਾਈ ਨਾ ਲੈਂਦੀ ਹੋਵੇ- ‘ਕਿਸਾਨੀ ਨੂੰ ਤੜਫਾਓਗੇ ਤਾਂ ਰੋਟੀ ਕਿੱਥੋਂ ਖਾਓਗੇ’।
ਸੰਪਰਕ: 98141-81938