ਗੁਰਬਾਣੀ ‘ਸਚੈ ਮਾਰਗਿ ਚਲਦਿਆ ਉਸਤਿਤ ਕਰੇ ਜਹਾਨੁ’ ਦੀ ਪ੍ਰੋੜਤਾ ਕਰਦੀ ਹੈ ਪਰ ਹਕੀਕੀ ਜ਼ਿੰਦਗੀ ਵਿਚ ਕਈ ਵਾਰ ਇਸ ਤੋਂ ਉਲਟ ਵੀ ਵਾਪਰਦਾ ਹੈ। ਸੱਚੇ ਮਾਰਗ ਚੱਲਣ ਵਾਲਿਆਂ ਨੂੰ ਕੁਰਾਹੀਏ, ਕਾਫ਼ਰ ਵੀ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਵਿਸ਼ੇਸ਼ਣਾਂ ਨਾਲ ਵੀ ਨਵਾਜਿਆ ਜਾਂਦਾ ਹੈ। ਉਨ੍ਹਾਂ ਦਾ ਵਿਰੋਧ ਵੀ ਕੀਤਾ ਜਾਂਦਾ ਹੈ, ਹੁੱਝਾਂ ਵੀ ਮਾਰੀਆਂ ਜਾਂਦੀਆਂ ਹਨ, ਮਿਹਣੇ ਤਾਂ ਸਮਝੋ ਵੱਟ ਉਤੇ ਹੀ ਪਏ ਹੁੰਦੇ ਹਨ। ਇਹ ਸਭ ਕੁਝ ਜੇ ਦੁਸ਼ਮਣ ਕਰਦਾ ਹੋਵੇ ਤਾਂ ਕੋਈ ਗੱਲ ਨਹੀਂ, ਉਨ੍ਹਾਂ ਤਾਂ ਕਰਨਾ ਹੀ ਹੁੰਦਾ ਹੈ ਪਰ ਜਦੋਂ ਉਹੀ ਲੋਕ ਅਜਿਹਾ ਕਰਨ ਜਿਨ੍ਹਾਂ ਲਈ ਸੱਚ ਬੋਲਿਆ ਜਾ ਰਿਹਾ ਹੈ, ਲੜਿਆ ਜਾ ਰਿਹਾ ਹੈ, ਤਾਂ ਦਿਲ ਦੁਖੀ ਤਾਂ ਹੁੰਦਾ ਹੀ ਹੈ!
ਸੱਚਾ ਮਾਰਗ ਹੱਕ ਸੱਚ ਦਾ ਮਾਰਗ ਹੈ। ਸਥਾਪਤੀ ਦੀਆਂ ਤਾਕਤਾਂ ਨਾਲ, ਹਕੂਮਤਾਂ ਨਾਲ ਆਢਾ ਲਾਉਣ ਦਾ ਮਾਰਗ ਹੈ। ਬਾਬੇ ਨਾਨਕ, ਗੁਰੂ ਗੋਬਿੰਦ ਸਿੰਘ, ਬਾਬਾ ਬੰਦਾ ਬਹਾਦਰ, ਭਗਤ ਸਿੰਘ, ਕਰਤਾਰ ਸਿੰਘ ਸਰਾਭੇ ਦਾ ਮਾਰਗ ਹੈ। ਅਜਿਹੇ ਮਾਰਗ ਚੱਲਦਿਆਂ ਆਪਣੀ ਜਵਾਨੀ ਦੇ ਬੇਹੱਦ ਕੀਮਤੀ ਵਰ੍ਹੇ ਕੁਰਬਾਨ ਕਰਨ ਵਾਲੇ ਅਤੇ ਸਾਰੀ ਉਮਰ ਕਿਸੇ ਦੀ ਟੈਂਅ ਨਾ ਮੰਨਣ ਵਾਲੇ ਜਵਾਨੀ ਵੇਲੇ ਤੋਂ ਚੱਲੇ ਆਉਂਦੇ ਦੋਸਤ ਗਿਆਨੀ ਦਾ ਦਰਦ-ਏ-ਦਿਲ ਵੀ ਕੁਝ ਅਜਿਹਾ ਹੀ ਹੈ।
ਗਿਆਨੀ ਮੇਰੇ ਉਨ੍ਹਾਂ ਦੋਸਤਾਂ ਵਿਚੋਂ ਹੈ ਜਿਨ੍ਹਾਂ ਨੂੰ 70ਵਿਆਂ ਦੇ ਅੰਤਲੇ ਸਾਲਾਂ ਵਿਚ ਵਿਦਿਆਰਥੀਆਂ ਦੀ ਇਨਕਲਾਬੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਨੇ ਲੁੱਟ-ਖਸੁੱਟ, ਜਬਰ-ਜ਼ੁਲਮ ਅਤੇ ਹਰ ਬੇਇਨਸਾਫੀ ਵਿਰੁੱਧ ਸੱਚੇ ਮਾਰਗ ਉੱਤੇ ਚੱਲਣ ਦੀ ਅਜਿਹੀ ਜਾਗ ਲਾਈ ਕਿ ਕਰੀਅਰ ਦਾ ਫਿਕਰ ਛੱਡ ਉਨ੍ਹਾਂ ਨੂੰ ਆਪਣੇ ਦੇਸ਼ ਦੇ ਲੋਕਾਂ ਦੀ ਮੰਦੜੀ ਹਾਲਤ ਦਾ ਫਿਕਰ ਵੱਢ ਵੱਢ ਖਾਣ ਲੱਗਿਆ। ਨਵਾਂ ਨਰੋਆ ਸਮਾਜ ਸਿਰਜਣ ਦਾ ਸੁਫਨਾ ਅੱਖਾਂ ਅੰਦਰ ਵੱਸ ਗਿਆ। ਇਸ ਸੁਫਨੇ ਦੀ ਪੂਰਤੀ ਲਈ ਉਨ੍ਹਾਂ ਕਰੀਅਰ ਵੀ ਦਾਅ ਤੇ ਲਾਏ, ਗੁੰਡਾ-ਪੁਲੀਸ-ਸਿਆਸੀ ਗੱਠਜੋੜਾਂ ਵਿਰੁੱਧ ਟੱਕਰ ਲਈ, ਜੇਲ੍ਹਾਂ-ਥਾਣਿਆਂ ਦੇ ਪ੍ਰਸ਼ਾਦੇ ਪਾਣੀ ਵੀ ਛਕੇ। ਧੱਕਾ ਕਿਤੇ ਵੀ ਹੁੰਦਾ, ਉਹ ਝੰਡੇ ਵਿਚ ਡੰਡਾ ਪਾ ਕੇ ਖੜ੍ਹ ਜਾਂਦੇ, ਹਿੱਕਾਂ ਡਾਹ ਲੈਂਦੇ। ਗਿਆਨੀ ਉਨ੍ਹਾਂ ਵਿਚੋਂ ਇੱਕ ਹੈ ਜਿਨ੍ਹਾਂ ਨੇ ‘ਬਸੰਤ ਦੀ ਕੜਕ’ ਨਾਲ ਇਨਕਲਾਬ ਨੂੰ ਨੇੜੇ ਆਉਂਦੇ ਤੱਕ ਅਮਲੀਆਂ ਨੂੰ ਵੀ ਬਾਘੀਆਂ ਪਾਉਂਦੇ ਤੱਕਿਆ ਅਤੇ ਫਿਰ ਪੱਤਝੜ ਦੇ ਪੱਤਿਆਂ ਵਾਂਗ ਲਹਿਰ ਦੇ ਥਾਂ ਥਾਂ ਖਿੰਡ ਜਾਣ ਤੇ ਆਪਣੇ ਹੀ ਲੋਕਾਂ ਦੇ ਮਿਹਣਿਆਂ ਤੇ ਚੋਭਾਂ ਦੇ ਵਾਰ ਵੀ ਖਿੜੇ ਮੱਥੇ ਝੱਲੇ। ਗਿਆਨੀ ਦੇ ਸੁਭਾਅ ਦਾ ਇੱਕ ਪੱਖ ਜੇ ਗੰਭੀਰਤਾ ਵਾਲਾ ਸੀ ਤਾਂ ਦੂਜਾ ਪੱਖ ਕੋਈ ਨਾ ਕੋਈ ਗੱਲ ਸੁਣਾ ਕੇ ਮਾਹੌਲ ਨੂੰ ਖੁਸ਼ਗਵਾਰ ਬਣਾ ਦੇਣ ਵਾਲਾ ਵੀ ਸੀ। ਸਟੇਜਾਂ ਉੱਤੇ ਭਾਵੇਂ ਗਿਆਨੀ ਕਦੇ ਕਦਾਈਂ ਹੀ ਬੋਲਦਾ ਸੀ ਪਰ ਇਕੱਠਾਂ ਅਤੇ ਸੱਥਾਂ ਵਿਚ ਉਹ ਡੰਗ ਤੇ ਚੋਭ ਦੇ ਰੂਪ ਵਿਚ ਇੰਨੀ ਪਤੇ ਦੀ ਗੱਲ ਕਰਦਾ ਕਿ ਵਿਰੋਧੀਆਂ ਦੇ ਹੱਡ ਤੇ ਜਾ ਵੱਜਦੀ। ਕਾਲਜ ਕੈਂਪਸ ਹੁੰਦਾ ਭਾਵੇਂ ਪਿੰਡ ਦੀ ਸੱਥ, ਗਿਆਨੀ ਬੋਲਣ ਤੋਂ ਟਲਦਾ ਨਹੀਂ ਸੀ।
ਜਦੋਂ ਵੀ ਗਿਆਨੀ ਨਾਲ ਗੱਲਬਾਤ ਹੁੰਦੀ, ਉਹ ਕਹਿੰਦਾ, “ਬੀਤੇ ਦਾ ਕੋਈ ਗ਼ਮ ਨਹੀਂ; ਇਨਕਲਾਬ ਨਹੀਂ ਹੋਇਆ, ਨਾ ਸਹੀ ਪਰ ਉਦੋਂ ਦਿਲ ਅੰਦਰ ਭਾਂਬੜ ਮੱਚਦੈ, ਜਦੋਂ ਉਹੀ ਲੋਕ ਜਿਨ੍ਹਾਂ ਲਈ ਸਾਰੀ ਉਮਰ ਲੜਦੇ ਰਹੇ, ਵਿਅੰਗ ਕੱਸਦੇ ਆਖਦੇ ਨੇ- ‘ਉਹ ਭਾਈ ਮੁੰਡਿਓ, ਥੋਡਾ ਇਨਕਲਾਬ ਕਿੱਥੇ ਕੁ ਆ ਗਿਆ?’ ਜਿਨ੍ਹਾਂ ਚਾਰ ਚਾਰ ਡਲ਼ਿਆਂ (ਕਿੱਲਿਆਂ) ਵਾਲੇ ਜੱਟਾਂ ਦਾ ਰੋਜ਼ ਠੂਠੇ ਨਾਲ ਕਨਾਲਾ ਰਹਿੰਦੈ, ਉਹ ਵੀ ਖੁਦ ਨੂੰ ਬਾਦਲ ਦੇ ਮਾਸੀ ਦੇ ਪੁੱਤ ਸਮਝਦੇ ਕਹਿਣਗੇ- ‘ਓ ਭਾਈ, ਤੁਸੀਂ ਤਾਂ ਐਵੇਂ ਤੁਰੇ ਫਿਰਦੇ ਓਂ, ਰਾਜ ਤਾਂ ’ਕਾਲੀਆਂ ਨੇ ਈ ਕਰਨੈ’।” ਪੁਰਾਣਾ ਕਿੱਸਾ ਸੁਣਾਉਂਦਿਆਂ ਗਿਆਨੀ ਨੇ ਦੱਸਿਆ, “ਮੈਨੂੰ ਅਧਿਆਪਕ ਦੀ ਨੌਕਰੀ ਮਿਲੀ ਤਾਂ ਪਿੰਡ ਦਾ ਇਕ ਪਾਰਟੀ ਦਾ ਪਿੱਛਲੱਗ ਬਣਿਆ ਮਿਸਤਰੀ ਵੀ ਮੈਨੂੰ ਸੁਣਾ ਕੇ ਕਹਿੰਦਾ- ‘ਸਰਕਾਰ ਦੀ ਸਮਝ ਨੀ ਆਉਂਦੀ, ਜਿਨ੍ਹਾਂ ਨੂੰ ਗੋਲੀ ਮਾਰਨੀ ਚਾਹੀਦੀ ਐ, ਉਨ੍ਹਾਂ ਨੂੰ ਨੌਕਰੀ ਦੇ ਕੇ ਖਜ਼ਾਨਾ ਲੁਟਾਈਂ ਜਾਂਦੀ ਐ’। … ਮੈਂ ਕਹਿਣ ਤਾਂ ਲੱਗਿਆ ਸੀ, ਬਈ ਸਰਕਾਰ ਮੁਲਾਜ਼ਮਾਂ ਤੇ ਖਜ਼ਾਨੇ ਐਵੇਂ ਨਹੀਂ ਲੁਟਾਉਂਦੀ, ਮੁਲਾਜ਼ਮਾਂ ਦਾ ਲਹੂ ਵੀ ਬਥੇਰਾ ਪੀਂਦੀ ਆ ਪਰ ਇਹ ਸੋਚ ਕੇ ਚੁੱਪ ਕਰ ਗਿਆ, ਬਈ ਇਹੋ ਜਿਹਿਆਂ ਨਾਲ ਕੀ ਮੱਥਾ ਮਾਰਨਾ!” ਗਿਆਨੀ ਦੱਸਦਾ ਹੈ, “ਜਦੋਂ ਮੈਂ ਬਿਨਾ ਦਾਜ-ਦਹੇਜ ਤੋਂ ਵਿਆਹ ਕਰਵਾਇਆ ਤਾਂ ਕਿਹਾ ਕਰਨ- ‘ਥੋਨੂੰ ਨੀ ਪਤਾ, ਇਹੋ ਜੇ ਵੱਡੇ ਕਾਮਰੇਡ ਚੁੱਪ ਚੁਪੀਤੇ ਨਕਦੀ ਲੈ ਜਾਂਦੇ ਨੇ’।” ਗਿਆਨੀ ਜਾਣਦਾ ਸੀ ਕਿ ਇਹ ਗੱਲਾਂ ਪਿੰਡ ਦੇ ਘੜੰਮ ਚੌਧਰੀਆਂ ਦੇ ਪਿੱਛੇ ਲੱਗ ਕੇ ਮਨੋਬਲ ਤੋੜਨ ਲਈ ਕੀਤੀਆਂ ਜਾਂਦੀਆਂ ਸਨ।
ਹੁਣ ਮੋਦੀ ਸਰਕਾਰ ਵੱਲੋਂ ਖੇਤੀ ਸਬੰਧੀ ਤਿੰਨ ਕਾਨੂੰਨ ਪਾਸ ਕਰਨ ਤੋਂ ਬਾਅਦ ਇੱਕ ਦਿਨ ਗਿਆਨੀ ਦਾ ਫੋਨ ਆਇਆ; ਪੁਰੇ ਜਲੌਅ ਵਿਚ ਕਹਿੰਦਾ, “ਕਮਾਲ ਹੋ ਗਈ।” ਮੈਂ ਕਿਹਾ, “ਕੀ?” ਕਹਿੰਦਾ, “ਸਾਡੇ ਪਿੰਡ ਦੇ ਜਥੇਦਾਰ ਜਿਨ੍ਹਾਂ ਦਾ ‘ਬੀਬਾ ਜੀ, ਬੀਬਾ ਜੀ’ ਕਹਿੰਦਿਆਂ ਮੂੰਹ ਸੁੱਕਦਾ ਸੀ, ਉਹ ਸਾਰੇ ਕਿਸਾਨ ਯੂਨੀਅਨ ਦੇ ਝੰਡੇ ਚੁੱਕੀ ਫਿਰਦੇ ਨੇ, ਧਰਨਿਆਂ ਵਿਚ ਇੱਕ-ਦੂਜੇ ਤੋਂ ਮੂਹਰੇ ਹੋ ਹੋ ਜਾਂਦੇ ਨੇ। ਉਹੀ ਲੋਕ ਜਿਹੜੇ ਪਹਿਲਾਂ ਬਾਦਲ ਨੂੰ ਕਿਸਾਨਾਂ ਦਾ ਮਸੀਹਾ ਦੱਸਦੇ ਸਨ, ਹੁਣ ਬਾਦਲਕਿਆਂ ਨੂੰ ਪੰਜਾਬ ਦੋਖੀ ਆਖਦੇ ਹਨ।” ਕਿਸਾਨ ਜਥੇਬੰਦੀਆਂ ਦੇ ਤੂਫਾਨੀ ਸੰਘਰਸ਼ ਨਾਲ ਬਾਦਲਕਿਆਂ ਦਾ ਮੁਖੌਟਾ ਲੀਰੋ-ਲੀਰ ਹੋਣ ਤੇ ਗਿਆਨੀ ਬਾਗ਼ੋ-ਬਾਗ਼ ਸੀ।
ਇੱਕ ਦਿਨ ਧਰਨੇ ਦੌਰਾਨ ਮੌਕਾ ਜਿਹਾ ਦੇਖ ਕੇ ਜਥੇਦਾਰ ਤੋਂ ਕਿਸਾਨ ਵਰਕਰ ਬਣੇ ਇੱਕ ਸੱਜਣ ਨੇ ਸ਼ੰਕਾ ਨਵਿਰਤੀ ਲਈ ਗਿਆਨੀ ਨੂੰ ਪੁੱਛ ਲਿਆ, “ਕਿਉਂ ਮਾਸਟਰ ਜੀ, ਇਹ ਮੋਦੀ ਵੱਲੋਂ ਕਿਸਾਨਾਂ ਦੇ ਗਲ਼ ਪਾਈ ਕਾਨੂੰਨਾਂ ਦੀ ਫਾਹੀ ਦਾ ਕੁਸ਼ ਬਣੂੰਗਾ?” ਗਿਆਨੀ ਦੇ ਪੁਰਾਣੇ ਵੇਲਿਆਂ ਦੇ ਜ਼ਖ਼ਮ ਹਰੇ ਹੋ ਗਏ। ਗਿਆਨੀ ਕਹਿੰਦਾ, “ਮੈਨੂੰ ਕੀ ਪਤਾ, ਅਖੰਡ ਪਾਠ ਕਰਾ ਲਓ ਪਿੰਡ ਚ, ਭੋਗ ਤੇ ਬੀਬਾ ਜੀ ਨੂੰ ਬੁਲਾ ਲਿਓ, ਖ਼ਬਰਾ ਕੁਸ਼ ਬਣ ਹੀ ਜਾਵੇ?” ਅੱਗਿਓਂ ਭਵਿੱਖ ਨੂੰ ਲੈ ਕੇ ਪਹਿਲਾਂ ਹੀ ਫ਼ਿਕਰਮੰਦ ਪੁਰਾਣਾ ਜਥੇਦਾਰ ਕਹਿੰਦਾ, “ਓਏ ਗਿਆਨੀ, ਕਦੇ ਤਾਂ ਟਿੱਚਰ ਤੋਂ ਬਿਨਾ ਗੱਲ ਕਰ ਲਿਆ ਕਰ।”
ਅਜਿਹੇ ਭੋਲ਼ੇ-ਭਾਲ਼ੇ ਲੋਕਾਂ ਤੇ ਤਰਸ ਆਉਂਦਾ ਹੈ ਜਿਹੜੇ ਪੰਥ ਦੇ ਅਖੌਤੀ ਨੌਨਿਹਾਲਾਂ ਮਗਰ ਲੱਗ ਕੇ ਆਪਣੇ ਸੱਚੇ-ਸੁੱਚੇ ਦੋਸਤਾਂ ਦਾ ਮਨੋਬਲ ਤੋੜਨ ਵਿਚ ਲੱਗੇ ਰਹੇ ਅਤੇ ਵਕਤ ਪਏ ਤੋਂ ਉਨ੍ਹਾਂ ਦਾ ਹੀ ਸਹਾਰਾ ਤੱਕਣ ਲੱਗੇ। ਸਿਆਸਤਦਾਨਾਂ ਨੇ ਧਰਤੀ ਦੇ ਇਨ੍ਹਾਂ ਪੁੱਤਰਾਂ ਨੂੰ ਹਨੇਰੀ ਗੁਫਾ ਵਿਚ ਲਿਆ ਖੜ੍ਹੇ ਕੀਤਾ ਹੈ। ਹੁਣ ਪੰਜਾਬ ਅਤੇ ਕਿਸਾਨਾਂ ਦਾ ਝੁੱਗਾ ਚੌੜ ਕਰਵਾ ਕੇ ਇਹ ਪੁੱਠੀਆਂ ਛਾਲਾਂ ਮਾਰਨ ਲੱਗੇ ਹਨ। ਹਨੇਰੀ ਗੁਫਾ ਵਿਚੋਂ ਨਿਕਲਣ ਦਾ ਹੁਣ ਸੌਖਾ-ਸਿੱਧਾ ਰਾਹ ਨਹੀਂ, ਨਾ ਗਿਆਨੀ ਕੋਲ, ਨਾ ਜਥੇਦਾਰ ਤੋਂ ਕਿਸਾਨ ਬਣੇ ਭਰਾਵਾਂ ਕੋਲ, ਸਿਵਾਏ ਲੰਮੀ ਲੜਾਈ ਲੜਨ ਤੋਂ।
ਸੰਪਰਕ: 94175-88616