ਅਵਨੀਤ ਕੌਰ
ਮਾਸੀ ਨੂੰ ਸਵੇਰੇ ਪੰਜ ਵਜੇ ਚੋਣ ਡਿਊਟੀ ਤੇ ਤੋਰ ਕੇ ਦਿਨ ਭਰ ਫਿ਼ਕਰ ਸਤਾਉਂਦਾ ਰਿਹਾ। ਪੜ੍ਹਾਈ ਵਿਚ ਮਨ ਨਾ ਲੱਗਾ। ਧਿਆਨ ਟੀਵੀ ਦੀਆਂ ਖਬਰਾਂ ਵੱਲ ਰਿਹਾ। ਸ਼ਾਮ ਨੂੰ ਵੋਟਾਂ ਦਾ ਕਾਰਜ ਅਮਨ-ਅਮਾਨ ਨਾਲ ਨੇਪਰੇ ਚੜ੍ਹਨ ਦੀ ਖ਼ਬਰ ਸੁਣ ਕੇ ਸੁੱਖ ਦਾ ਸਾਹ ਆਇਆ। ਉਡੀਕ ਦਾ ਵਕਤ ਮੁੱਕਣ ਵਿਚ ਹੀ ਨਹੀਂ ਸੀ ਆ ਰਿਹਾ। ਆਖਿ਼ਰ ਰਾਤ ਦੇ ਦੋ ਵਜੇ ਮਾਸੀ ਦੀ ਚੋਣ ਡਿਊਟੀ ਤੋਂ ਵਾਪਸੀ ਹੋਈ। ਨਾਲ ਗੁਆਂਢ ਰਹਿੰਦੇ ਅੰਕਲ ਦੀ ਅਧਿਆਪਕ ਪਤਨੀ ਅਜੇ ਤੱਕ ਵੀ ਘਰ ਨਹੀਂ ਸੀ ਪਹੁੰਚੀ। ਸਵੇਰੇ ਵੱਡਾ ਦਿਨ ਚੜ੍ਹੇ ਤੋਂ ਕੰਮ ਵਾਲੀ ਬੀਬੀ ਨੇ ਆ ਜਗਾਇਆ।
ਚਾਹ ਪੀਂਦਿਆਂ ਬੀਬੀ ਗੱਲੀਂ ਪੈ ਗਈ… ਅੱਜ ਕਿਸੇ ਵੀ ਟੀਚਰ ਮੈਡਮ ਦਾ ਬੂਹਾ ਨਹੀਂ ਖੁੱਲ੍ਹਿਆ। ਮੈਂ ਘਰਾਂ ਦੀਆਂ ਘੰਟੀਆਂ ਮਾਰ ਮਾਰ ਥੱਕ ਗਈ। ਅਖ਼ੀਰ ਥੋਡੇ ਘਰ ਆਈ ਹਾਂ। ਲਗਦਾ ਵੋਟਾਂ ਵਾਲੀ ਡਿਊਟੀ ਤੋਂ ਲੇਟ ਆਈਆਂ ਹੋਣਗੀਆਂ।
… ਚਲੋ ਡਿਊਟੀ ਤਾਂ ਕਰਨੀ ਹੋਈ; ਬਿਲਕੁਲ ਠੀਕ ਹੈ ਬੀਬੀ ਤੇਰੀ ਗੱਲ, ਡਿਊਟੀ ਕਰਨੀ ਤਾਂ ਇਨਸਾਨ ਦਾ ਫਰਜ਼ ਹੁੰਦਾ ਪਰ ਡਿਊਟੀ ਲੈਣ ਵਾਲਿਆਂ ਨੂੰ ਵੀ ਆਪਣੇ ਫ਼ਰਜ਼ਾਂ ਦਾ ਪਾਲਣ ਕਰਨਾ ਚਾਹੀਦੈ। ਦੇਰ ਰਾਤ ਚੋਣ ਡਿਊਟੀ ਤੋਂ ਪਰਤੀ ਮਾਸੀ ਕਹਿਣ ਲੱਗੀ।
… ਚੋਣ ਰਿਹਰਸਲਾਂ ਵਿਚ ਔਰਤ ਅਧਿਆਪਕਾਵਾਂ ਦਾ ਚੋਣ ਡਿਊਟੀ ਵਿਚ ਪੂਰਾ ਖਿ਼ਆਲ ਰੱਖਣ ਦੀ ਗੱਲਾਂ ਕਰਦੇ ਰਹੇ ਪਰ ਵਾਹ ਪਏ ਤੋਂ ਪਤਾ ਲੱਗਾ ਕਿ ਅਫਸਰ ਦਾ ਵੀ ਸਰਕਾਰਾਂ ਚਲਾਉਣ ਵਾਲਿਆਂ ਵਾਂਗ ਹਾਥੀ ਦੇ ਦੰਦਾਂ ਵਾਲਾ ਹਿਸਾਬ ਹੈ। ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ। ਗੱਲ ਗੱਲ ਤੇ ਚੋਣ ਕਮਿਸ਼ਨ ਦਾ ਡਰ ਦੇਣ ਵਾਲੇ ਅਫਸਰ ਸਵੇਰੇ ਪੰਜ ਵਜੇ ਪੋਲਿੰਗ ਬੂਥਾਂ ਤੇ ਪਹੁੰਚਣ ਦੇ ਫ਼ਰਮਾਨ ਸੁਣਾ ਆਉਣ ਜਾਣ ਦੇ ਪ੍ਰਬੰਧ ਬਾਰੇ ਚੁੱਪ ਵੱਟ ਗਏ। ਘਰੋਂ ਸੱਠ ਸੱਤਰ ਕਿਲੋਮੀਟਰ ਦੂਰ ਪੋਲਿੰਗ ਬੂਥ ਤੇ ਆਪਣੇ ਦਮ ਤੇ ਜਾਣਾ ਪਿਆ। ਟੁੱਟੀਆਂ ਸੜਕਾਂ, ਪਸਰਿਆ ਹਨੇਰਾ ਤੇ ਟ੍ਰੈਫਿਕ ਹਊਆ ਬਣਿਆ ਰਿਹਾ। ਡਰਦੇ, ਕਲਪਦੇ ਮੂੰਹ ਹਨੇਰੇ ਆਪਣੇ ਬੂਥ ਤੇ ਹਾਜ਼ਰ ਹੋਏ।
… ਜਾਂਦਿਆਂ ਹੀ ਆਪਣੇ ਕੰਮ ਤੇ ਜਾ ਲੱਗੇ। ਵੋਟਿੰਗ ਮਸ਼ੀਨਾਂ ਦੀ ਤਿਆਰੀ ਸ਼ੁਰੂ ਹੋਈ। ਮਸ਼ੀਨਾਂ ਨੂੰ ਸੀਲਾਂ ਲਾ ਕੇ ਬੂਥ ਦੀ ਸੈਟਿੰਗ ਮੁਕੰਮਲ ਕੀਤੀ। ਚਾਹ ਪਾਣੀ ਫੜਾਉਂਦਿਆਂ ਮਿੱਡ ਡੇ ਮੀਲ ਵਾਲ਼ੀਆਂ ਬੀਬੀਆਂ ਦਾ ਅਪਣੱਤ ਭਰਿਆ ਵਿਹਾਰ ਠੰਢੀ ਹਵਾ ਦੇ ਬੁੱਲੇ ਜਿਹਾ ਜਾਪਿਆ। ਚੋਣ ਡਿਊਟੀ ਦੀ ਇਹ ਪਹਿਲੀ ਸੁਖਦ ਝਲਕ ਸੀ।…
ਮਾਸੀ ਦੀਆਂ ਗੱਲਾਂ ਸੁਣ ਕੇ ਮੁਲਾਜ਼ਮਾਂ ਬਾਰੇ ਇੱਕ ਨੌਕਰਸ਼ਾਹ ਦੀ ਵਾਇਰਲ ਹੋਈ ਵੀਡੀਓ ਯਾਦ ਆਈ। ਕਹਿੰਦਾ, ਮੈਂ ਚੋਣ ਡਿਊਟੀ ਤੋਂ ਛੋਟ ਦੀ ਮੰਗ ਵਾਲੇ ਮੁਲਾਜ਼ਮਾਂ ਨੂੰ ਸੇਵਾ ਮੁਕਤ ਕਰਨ ਦੀ ਸਿਫਾਰਸ਼ ਕਰਾਂਗਾ। ਆਪਣੇ ਸੱਸ ਸਹੁਰੇ ਦੀ ਸੇਵਾ ਬਹਾਨੇ ਚੋਣ ਡਿਊਟੀ ਤੋਂ ਛੋਟ ਮੰਗਦੀਆਂ ਅਧਿਆਪਕਾਵਾਂ ਬਾਰੇ ਵੀ ਇਹੋ ਕੰਮ ਕਰਾਂਗਾ; ਇਸ ਲਈ ਕਿ ਉਹ ਘਰ ਬੈਠ ਕੇ ਇਹ ਸੇਵਾ ਚੰਗੀ ਤਰ੍ਹਾਂ ਕਰ ਸਕਣ। ਅਜਿਹੇ ਅਫਸਰਾਂ ਦੇ ਅਮਲ ਦਾ ਸ਼ੀਸ਼ਾ ਜਥੇਬੰਦੀ ਵਿਚ ਸਰਗਰਮ ਗੁਆਂਢੀ ਅਧਿਆਪਕ ਦਿਖਾਉਂਦਾ ਹੈ। ਕਹਿਣ ਨੂੰ ਨੌਕਰਸ਼ਾਹ, ਵਰਤ ਵਰਤਾਓ ਵਿਚ ਵੱਡੇ ਸਾਹਿਬ। ਰੋਅਬ-ਦਾਬ ਤੇ ਅਫਸਰੀ ਠਾਠ ਬਾਠ। ਚੋਣ ਡਿਊਟੀਆਂ ਵਿਚ ਸਿੱਖਿਆ ਵਿਭਾਗ ਲਈ ਡਿਊਟੀ ਜ਼ਰੂਰੀ ਪਰ ‘ਖਾਂਦੇ ਪੀਂਦੇ’ ਮਹਿਕਮਿਆਂ ਨੂੰ ਅੰਦਰ ਖਾਤੇ ਛੋਟ। ਸੁਹਾਗ ਚੂੜੇ ਤੇ ਨਿੱਕੇ ਬਾਲਾਂ ਵਾਲੀਆਂ ਅਧਿਆਪਕ ਨੂੰਹਾਂ, ਧੀਆਂ ਡਿਊਟੀ ਕਰਨ; ਸਰਦੇ ਪੁੱਜਦੇ, ਸਰਕਾਰੇ ਦਰਬਾਰੇ ਪਹੁੰਚ ਰੱਖਦੇ ਮੁਲਾਜ਼ਮ ਘਰਾਂ ਵਾਲੇ ਆਰਾਮ ਫਰਮਾਉਣ। ਦੇਖਣ ਵਾਲੀ ਅੱਖ ਹੋਵੇ ਤਾਂ ਇਹ ਵਰਤਾਰਾ ਹਰ ਥਾਂ ਦੇਖਿਆ ਜਾ ਸਕਦਾ।
ਡਿਊਟੀ ਤੋਂ ਸਵੇਰੇ ਪੰਜ ਵਜੇ ਮੁੜੀ ਅਧਿਆਪਕਾ ਦੀ ਗੱਲ ਧਿਆਨ ਖਿੱਚਦੀ ਹੈ। ਅੱਖਾਂ ਵਿਚ ਰਾਤ ਦਾ ਉਨੀਂਦਰਾ, ਚਿਹਰੇ ਤੇ ਨਜ਼ਰ ਆ ਰਹੀ ਥਕਾਵਟ, ਹੱਥਾਂ ਤੇ ਲੱਗੀ ਹੋਈ ਨਾ ਮਿਟਣ ਯੋਗ ਸਿਆਹੀ, ਉਸ ਦੀ ਨਿਭਾਈ ਡਿਊਟੀ ਦੀ ਸ਼ਾਹਦੀ ਸਨ। ਉਹ ਕਹਿਣ ਲੱਗੀ- ਸਾਡਾ ਪ੍ਰੀਜ਼ਾਈਡਿੰਗ ਅਫਸਰ ਸਨਕੀ ਜਿਹਾ ਸੀ, ਲਕੀਰ ਦਾ ਫ਼ਕੀਰ। ਪੋਲਿੰਗ ਪਾਰਟੀ ਦਾ ਸਮਾਨ ਲੈ ਕੇ ਬੂਥ ਦਿਖਾਉਣ ਲੈ ਗਿਆ। ਫਿਰ ਕਹਿੰਦਾ, ਕੰਮ ਬਹੁਤ ਹੈ, ਕਰਵਾ ਕੇ ਮੁੜਿਓ। ਰਾਤ ਨੂੰ ਘਰ ਪਰਤੀਆਂ। ਚੋਣ ਵਾਲੇ ਦਿਨ ਕਾਗਜ਼ਾਂ ਪੱਤਰਾਂ ਕਰਕੇ ਕੰਮ ਕਰਦਿਆਂ ਰਾਤ ਪੈ ਗਈ। ਉਸ ਨਾਲ ਸਮਾਨ ਜਮ੍ਹਾਂ ਕਰਵਾਉਣ ਜਾਣਾ ਪਿਆ। ਅਗਾਂਹ ਗਏ ਤਾਂ ਨੌਕਰਸ਼ਾਹ ਤਾਂ ਕਿਤੇ ਨਹੀਂ ਦਿਸੇ ਪਰ ਉਨ੍ਹਾਂ ਦੇ ਕਲ ਪੁਰਜ਼ੇ ਹਾਜ਼ਰ ਸਨ। ਪੋਲਿੰਗ ਪਾਰਟੀਆਂ ਦੀ ਭੀੜ। ਆਪਾ-ਧਾਪੀ ਵਾਲ਼ਾ ਮਾਹੌਲ। ਸਮਾਨ ਜਮ੍ਹਾਂ ਕਰਵਾਉਣ ਲਈ ਲੰਮੀਆਂ ਕਤਾਰਾਂ। ਪੋਲਿੰਗ ਪਾਰਟੀਆਂ ਤੋਂ ਸਮਾਨ ਲੈਣ ਵਾਲੇ ਆਦਤਨ ਮੀਨ ਮੇਖ ਕੱਢਦੇ ਨਜ਼ਰ ਆਏ। ਉਨ੍ਹਾਂ ਦੇ ਸਹਿਯੋਗ ਸਦਕਾ ਪੋਲਿੰਗ ਪਾਰਟੀਆਂ ਆਪਣੇ ਲਿਫਾਫੇ ਖੋਲ੍ਹੀ ਬੈਠੀਆਂ, ਲਾਖ ਲਗਾਉਂਦੀਆਂ ਨਜ਼ਰ ਆਈਆਂ। ਦੋ ਘੰਟਿਆਂ ਦੀ ਉਡੀਕ ਮਗਰੋਂ ਸਮਾਨ ਜਮ੍ਹਾਂ ਹੋਇਆ। ਸਰਕਾਰੀ ਡਿਊਟੀ ਤੋਂ ਪਰਤੇ ਥੱਕੇ, ਟੁੱਟੇ ਸੈਂਕੜੇ ਸਰਕਾਰੀ ਮੁਲਾਜ਼ਮਾਂ ਲਈ ਚਾਹ, ਪਾਣੀ, ਖਾਣੇ ਦਾ ਕੋਈ ਪ੍ਰਬੰਧ ਨਹੀਂ ਸੀ। ਡਿਊਟੀ ਭੁਗਤਾ ਕੇ ਆਪਣੇ ਵਹੀਕਲਾਂ ਵਾਲੇ ਮੁੜ ਆਏ। ਬਥੇਰੇ ਮੁਲਾਜ਼ਮ ਠੰਢੀ ਰਾਤ ਵਿਚ ਦੂਰ ਦੁਰਾਡੇ ਘਰਾਂ ਨੂੰ ਪਰਤਣ ਲਈ ਅਗਲਾ ਦਿਨ ਚੜ੍ਹਨ ਦੀ ਉਡੀਕ ਵਿਚ ਬੇਵੱਸ ਬੈਠੇ ਸਨ। ਮੈਂ ਸੋਚ ਰਹੀ ਸਾਂ ਕਿ ਲੋਕਤੰਤਰ ਦੇ ਦੀਵੇ ਵਿਚ ਡਿਊਟੀ ਰੂਪੀ ਤੇਲ ਪਾਉਣ ਵਾਲੇ ਇਨ੍ਹਾਂ ਮੁਲਾਜ਼ਮਾਂ ਲਈ ਉਹ ਸਵੇਰ ਕਦੋਂ ਆਵੇਗੀ? … ਜਦ ਡਿਊਟੀ ਨੌਕਰਸ਼ਾਹਾਂ ਦੇ ਅਫਸਰੀ ਦਾਬੇ ਹੇਠੋਂ ਨਿਕਲ ਸਾਵੀਂ ਸੁਖਾਵੀਂ, ਬਰਾਬਰੀ ਤੇ ਸੁਖਦ ਅਹਿਸਾਸ ਵਾਲੀ ਹੋਵੇਗੀ…।
ਸੰਪਰਕ: salamzindgi88@gmail.com