ਹਰਦੀਪ ਸਿੰਘ ਝੱਜ
ਤੇਜਾ ਸਿੰਘ ਸਮੁੰਦਰੀ ਗੁਰਦੁਆਰਾ ਸੁਧਾਰ ਲਹਿਰ (1920-1925) ਨੂੰ ਸਫ਼ਲ ਬਣਾਉਣ ਵਾਲੇ ਉੱਘੇ ਆਗੂਆਂ ’ਚੋਂ ਇਕ ਸਨ। ਉਹ ਸਿੰਘ ਸਭਾ ਲਹਿਰ (1873) ਦੀ ਉਪਜ; ਗੁਰਸਿੱਖੀ ’ਤੇ ਅਤੁੱਟ ਸ਼ਰਧਾ, ਦ੍ਰਿੜ੍ਹਤਾ ਤੇ ਵਿਸ਼ਵਾਸ ਰੱਖਣ; ਨਿੱਗਰ ਅਤੇ ਉਸਾਰੂ ਕੰਮ ਕਰਨ ਵਾਲੇ, ਕੁਰਬਾਨੀ ਦੇ ਪੁੰਜ ਤੇ ਸਿਰੜੀ ਦੇਸ਼ ਭਗਤ ਸਨ। ਉਨ੍ਹਾਂ ਦਾ ਜਨਮ 20 ਫਰਵਰੀ 1881 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰਾਏ ਦਾ ਬੁਰਜ ਵਿਚ ਮਾਤਾ ਨੰਦ ਕੌਰ ਤੇ ਪਿਤਾ ਦੇਵਾ ਸਿੰਘ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਸ. ਦੇਵਾ ਸਿੰਘ 22 ਨੰਬਰ ਰਸਾਲੇ ਵਿਚ ਰਸਾਲਦਾਰ ਮੇਜਰ ਸਨ ਜਿਨ੍ਹਾਂ ਨੂੰ ਤਹਿਸੀਲ ਸਮੁੰਦਰੀ ਜ਼ਿਲ੍ਹਾ ਲਾਇਲਪੁਰ ਦੇ ਚੱਕ 140 ਵਿਚ 6 ਮੁਰੱਬੇ ਜ਼ਮੀਨ ਮਿਲੀ ਹੋਈ ਸੀ। ਇਸ ਲਈ ਉਹ ਤੇਜਾ ਸਿੰਘ ਸਮੁੰਦਰੀ ਕਰਕੇ ਪ੍ਰਸਿੱਧ ਹੋਏ। ਤੇਜਾ ਸਿੰਘ ’ਤੇ ਆਪਣੇ ਪਿਤਾ ਦੇ ਧਾਰਮਿਕ ਸੰਸਕਾਰਾਂ ਦਾ ਡੂੰਘਾ ਪ੍ਰਭਾਵ ਪਿਆ। ਇਸ ਦੇ ਨਤੀਜੇ ਵਜੋਂ ਬਚਪਨ ਵਿਚ ਗੁਰਮੁਖੀ ਪੜ੍ਹੀ ਤੇ ਬਾਣੀ ਦਾ ਪਾਠ ਗ੍ਰਹਿਣ ਕੀਤਾ। ਉਪਰੰਤ ਸਕੂਲ ਵਿਚ ਵੀ ਕੁਝ ਤਾਲੀਮ ਹਾਸਲ ਕੀਤੀ। 18 ਵਰ੍ਹੇ ਦੀ ਉਮਰ ’ਚ ਫ਼ੌਜ ਵਿਚ ਭਰਤੀ ਹੋ ਕੇ 10 ਸਾਲ ਰਸਾਲੇ ਵਿਚ ਨੌਕਰੀ ਕੀਤੀ ਤੇ 1911 ਵਿਚ ਆਪਣੇ ਤੀਜੇ ਪੁੱਤਰ ਬਿਸ਼ਨ ਸਿੰਘ ਸਮੁੰਦਰੀ (1969 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪਹਿਲੇ ਉਪ-ਕੁਲਪਤੀ) ਦੇ ਜਨਮ ਮਗਰੋਂ ਫ਼ੌਜੀ ਰਸਾਲੇ ਦੀ ਨੌਕਰੀ ਛੱਡ ਦਿੱਤੀ।
ਤੇਜਾ ਸਿੰਘ ਸਮੁੰਦਰੀ ਬਹੁਤ ਜ਼ਿਆਦਾ ਦੂਰ-ਅੰਦੇਸ਼, ਦ੍ਰਿੜ੍ਹ ਤੇ ਦੇਸ਼-ਭਗਤ ਵਿਚਾਰਾਂ ਦੇ ਧਾਰਨੀ ਸਨ। ਉਨ੍ਹਾਂ ਬਾਰੇ ਪ੍ਰਸਿੱਧ ਦੇਸ਼ ਭਗਤ ਤੇਜਾ ਸਿੰਘ ਚੂੜਕਾਣਾ ਦੱਸਦੇ ਹਨ ਕਿ ਸ਼ੁਰੂ ਵਿਚ ਹੀ ਤੇਜਾ ਸਿੰਘ ਸਮੁੰਦਰੀ ਅਮਰੀਕਾ ਅਤੇ ਕੈਨੇਡਾ ਵਿਚ ਦੇਸ਼ ਦੀ ਆਜ਼ਾਦੀ ਦਾ ਪ੍ਰਚਾਰ ਕਰ ਰਹੇ ਗ਼ਦਰੀ ਬਾਬਿਆਂ ਦੇ ਕਾਰਨਾਮਿਆਂ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਾਉਂਦੇ ਸਨ। ਅਨੇਕਾਂ ਸਕੂਲਾਂ ਨੂੰ ਸ਼ੁਰੂ ਕਰਨ ਵਾਲੇ ਮੋਢੀਆਂ ਵਿਚ ਵੀ ਉਨ੍ਹਾਂ ਦਾ ਨਾਂ ਹੈ ਜਿਵੇਂ: ਮਿਡਲ ਸਕੂਲ ਸਮੁੰਦਰੀ, ਖ਼ਾਲਸਾ ਹਾਈ ਸਕੂਲ ਸਰਹਾਲੀ, ਖ਼ਾਲਸਾ ਹਾਈ ਸਕੂਲ ਲਾਇਲਪੁਰ। ਜਦੋਂ 4 ਜਨਵਰੀ 1914 ਨੂੰ ਸਰਦੂਲ ਸਿੰਘ ਕਵੀਸ਼ਰ ਅਤੇ ਹਰਚੰਦ ਸਿੰਘ ਲਾਇਲਪੁਰੀ ਆਦਿ ਅਕਾਲੀ ਆਗੂਆਂ ਨੇ ਗੁਰਦੁਆਰਾ ਰਕਾਬਗੰਜ ਦਿੱਲੀ ਵਿਚ (ਵਾਇਸਰੌਏ ਚਾਰਲਸ ਹਾਰਡਿੰਗ 1910-1916 ਦੀ) ਕੋਠੀ ਲਈ ਸੜਕ ਸਿੱਧੀ ਕਰਨ ਖ਼ਾਤਰ ਕੰਧ ਗਿਰਾਏ ਜਾਣ ਵਿਰੁੱਧ ਪੁਰਜ਼ੋਰ ਅੰਦੋਲਨ ਸ਼ੁਰੂ ਕੀਤਾ ਤਾਂ ਤੇਜਾ ਸਿੰਘ ਸਮੁੰਦਰੀ ਨੇ ਇਸ ਵਿਚ ਵਧ-ਚੜ੍ਹ ਕੇ ਹਿੱਸਾ ਲਿਆ।
1920 ਵਿਚ ਅਕਾਲੀ ਲਹਿਰ ਸ਼ੁਰੂ ਹੋਈ ਤਾਂ ਸਮੁੰਦਰੀ ਹੋਰਾਂ ਨੇ ਅਹਿਮ ਭੂਮਿਕਾ ਨਿਭਾਈ। ਪੰਜਾਬੀ ਦੇ ਰੋਜ਼ਾਨਾ ‘ਅਕਾਲੀ’ ਅਖ਼ਬਾਰ ਨੇ ਅਕਾਲੀ ਅੰਦੋਲਨ ਵਿਚ ਅਹਿਮ ਭੂਮਿਕਾ ਪਾਈ ਅਤੇ ਆਪਣੇ ਲੇਖਾਂ ਨਾ ਬ੍ਰਿਟਿਸ਼ ਹਕੂਮਤ ਵਿਰੁੱਧ ਲੋਕਾਂ ਨੂੰ ਲਾਮਬੰਦ ਕੀਤਾ। ਸਮੁੰਦਰੀ ਨੇ ਇਸ ਅਖ਼ਬਾਰ ਦੀ ਮਦਦ ਲਈ ਦੋ ਮੁਰੱਬੇ ਜ਼ਮੀਨ ਗਹਿਣੇ ਦਿੱਤੀ। ਉਹ ‘ਅਕਾਲੀ’ ਅਖ਼ਬਾਰ ਦੀ ਪ੍ਰਬੰਧਕ ਕਮੇਟੀ ਦੇ ਮੁੱਢਲੇ 14 ਮੈਬਰਾਂ ’ਚੋਂ ਇਕ ਸਨ। ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦਾ ਦੁਖਾਂਤ (ਫਰਵਰੀ 1921), ਗੁਰੂ ਕੇ ਬਾਗ਼ ਦਾ ਮੋਰਚਾ (ਅਗਸਤ 1922), ਗੁਰਦੁਆਰਾ ਖਡੂਰ ਸਾਹਿਬ ਅਤੇ ਗੁਰਦੁਆਰਾ ਮੁਕਤਸਰ ਸੁਧਾਰ ਲਈ ਉਨ੍ਹਾਂ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਯੋਗ ਅਗਵਾਈ ਕੀਤੀ।
ਨੌਂ ਜੁਲਾਈ 1923 ਨੂੰ ਮਹਾਰਾਜਾ ਨਾਭਾ ਨੂੰ ਗੱਦੀਓਂ ਉਤਾਰਿਆ ਗਿਆ। ਅਕਤੂਬਰ ਵਿਚ ਪੰਜਾਬ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਕੇ ਤੇਜਾ ਸਿੰਘ ਸਮੁੰਦਰੀ ਸਮੇਤ 56 ਅਕਾਲੀ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ। ਤੇਜਾ ਸਿੰਘ ਵਿਰੁੱਧ ਪਹਿਲਾਂ ਲਾਹੌਰ ਕਿਲ੍ਹੇ ਵਿਚ ਅਤੇ ਮਗਰੋਂ ਕੇਂਦਰੀ ਜੇਲ੍ਹ ਵਿਚ ਤਿੰਨ ਸਾਲ ਮੁਕੱਦਮਾ ਚਲਾਇਆ ਗਿਆ। ਇਸ ਸਮੇਂ ਦੌਰਾਨ ਹੀ ਸਾਮਰਾਜੀ ਸਰਕਾਰ ਮਹਿਤਾਬ ਸਿੰਘ ਵਰਗੇ ਆਗੂਆਂ ਦੀ ਸਲਾਹ ਨਾਲ ਗੁਰਦੁਆਰਾ ਐਕਟ ਬਣਾਉਣ ਲੲਂ ਮਜਬੂਰ ਹੋ ਗਈ, ਪਰ ਤੇਜਾ ਸਿੰਘ ਸਮੁੰਦਰੀ ਸਮੇਤ ਅਕਾਲੀ ਆਗੂਆਂ ਸੋਹਣ ਸਿੰਘ ਜੋਸ਼, ਸੇਵਾ ਸਿੰਘ ਠੀਕਰੀਵਾਲਾ, ਜਥੇਦਾਰ ਤੇਜਾ ਸਿੰਘ ਅਕਰਪੁਰੀ, ਹਰੀ ਸਿੰਘ ਜਲੰਧਰੀ, ਮਾਸਟਰ ਤਾਰਾ ਸਿੰਘ, ਗੋਪਾਲ ਸਿੰਘ ਕੌਮੀ, ਬਾਬੂ ਸੰਤਾ ਸਿੰਘ ਸੁਲਤਾਨਵਿੰਡ, ਰਾਇ ਸਿੰਘ ਕਉਣੀ (ਸਕੱਤਰ ਕੌਮਾ ਗਾਟਾਮਾਰੂ ਜਹਾਜ਼), ਸੁਰਮੁਖ ਸਿੰਘ ਝਬਾਲ, ਬਾਬੂ ਤ੍ਰਿਪਲ ਸਿੰਘ ਲਾਇਲਪੁਰ, ਗੁਰਬਚਨ ਸਿੰਘ, ਭਾਗ ਸਿੰਘ ਐਡਵੋਕੇਟ, ਤੇਜਾ ਸਿੰਘ ਘਵਿੰਡ ਅਤੇ ਹਰੀ ਸਿੰਘ ਚੱਕਵਾਲੀਆ ਨੇ ਪੰਜਾਬ ਦੇ ਗਵਰਨਰ ਸਰ ਮੈਲਕਮ ਹੇਲੀ ਦੀ ਸ਼ਰਤ ਪ੍ਰਵਾਨ ਨਹੀਂ ਕੀਤੀ।
ਗਿਆਰਾਂ ਫਰਵਰੀ 1926 ਨੂੰ ਉਨ੍ਹਾਂ ਨੂੰ ਲਾਹੌਰ ਦੀ ਕੇਂਦਰੀ ਜੇਲ੍ਹ ਵਿਚ ਤਬਦੀਲ ਕਰ ਕੇ ਮੁਕੱਦਮੇ ਦੀ ਕਾਰਵਾਈ ਜਾਰੀ ਰੱਖੀ ਗਈ। ਇਸ ਦੌਰਾਨ ਤੇਜਾ ਸਿੰਘ ਸਮੁੰਦਰੀ 17 ਜੁਲਾਈ 1926 ਨੂੰ 45 ਸਾਲ ਦੀ ਉਮਰ ਵਿਚ ਦਿਲ ਦੀ ਬਿਮਾਰੀ ਨਾਲ ਜੇਲ੍ਹ ਦੇ ਅੰਦਰ ਹੀ ਸ਼ਹੀਦੀ ਪ੍ਰਾਪਤ ਕਰ ਗਏ। ਸੋਹਣ ਸਿੰਘ ਜੋਸ਼ ਆਪਣੀ ਪੁਸਤਕ ‘ਅਕਾਲੀ ਮੋਰਚਿਆਂ ਦਾ ਇਤਿਹਾਸ’ ਵਿਚ ਤੇਜਾ ਸਿੰਘ ਸਮੁੰਦਰੀ ਦੇ ਅਖੀਰਲੇ ਸਮੇਂ ਬਾਰੇ ਲਿਖਦੇ ਹਨ ਕਿ ‘‘ਪੰਥ ਦੀਆਂ ਖੁਸ਼ੀਆਂ ਰਹਿ ਗਈਆਂ- ਏਕਾ ਏਕੀ ਸੁੱਕੇ ਅਸਮਾਨੋਂ ਬਿੱਜ ਡਿੱਗ ਪਈ। ਉਹ ਅਦਾਲਤ ਵਿੱਚੋਂ ਗਵਾਹ ਭਗਤਾਉਂਦੇ, ਹੱਸਦੇ-ਖੇਡਦੇ, ਆਪਣੇ ਸਾਥੀਆਂ ਨਾਲ ਮੁਲਾਕਾਤ ਕਰਕੇ ਕੇਂਦਰੀ ਜੇਲ੍ਹ ਅੰਦਰ ਗਏ, ਕੱਪੜੇ ਉਤਾਰ ਕੇ ਰੱਖੇ, ਨਵੇਂ ਪਾਏ ਅਤੇ ਦੋਸਤਾਂ ਨੂੰ ਕਹਿਣ ਲੱਗੇ ਕਿ ਖੱਬੀ ਬਾਂਹ ’ਚੋਂ ਦਰਦ ਚੱਲ ਕੇ ਕਲੇਜੇ ਨੂੰ ਜਾ ਰਿਹਾ ਹੈ ਅਤੇ 5 ਮਿੰਟਾਂ ਵਿਚ ਹੀ ਸਭ ਨੂੰ ਅਲਵਿਦਾ ਕਹਿ ਗਏ।’’ ਉਨ੍ਹਾਂ ਦੀ ਮ੍ਰਿਤਕ ਦੇਹ ਲਾਹੌਰ ਜੇਲ੍ਹ ਤੋਂ ਲਿਆ ਕੇ 18 ਜੁਲਾਈ ਨੂੰ ਅੰਮ੍ਰਿਤਸਰ ਵਿਚ ਸਤਿਕਾਰ ਨਾਲ ਸਸਕਾਰ ਕੀਤਾ ਗਿਆ। ਅੰਮ੍ਰਿਤਸਰ ਵਿਚ 1937 ’ਚ ਇਕ ਲੱਖ ਰੁਪਏ ਦੀ ਲਾਗਤ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਯਾਦਗਾਰ ਦੇ ਤੌਰ ’ਤੇ ਉਨ੍ਹਾਂ ਦੇ ਨਾਂ ਨਾਲ ਜੋੜਿਆ। ਗੁਰਦੁਆਰਾ ਸੁਧਾਰ ਲਹਿਰ ਦੇ ਇਤਿਹਾਸ ਵਿਚ ਤੇਜਾ ਸਿੰਘ ਸਮੁੰਦਰੀ ਦਾ ਨਾਂ ਹਮੇਸ਼ਾ ਯਾਦ ਰਹੇਗਾ।
ਸੰਪਰਕ: 94633-64992