ਹਰਮਨਪ੍ਰੀਤ ਸਿੰਘ
ਇਹ ਗੱਲ ਉਸ ਸਮੇਂ ਦੀ ਹੈ, ਜਦੋਂ ਚਾਹ ਪੱਤੀ ਬਜ਼ਾਰਾਂ ‘ਚ ਲੱਕੜ ਜਾਂ ਕਿਹਾ ਲਈਏ ਹਲਕੀ ਪਲਾਈ ਦੀਆਂ ਬਣੀਆਂ ਚੌਰਸ ਪੇਟੀਆ ‘ਚ ਆਇਆ ਕਰਦੀ ਸੀ। ਮੇਰੀਆਂ ਵੀ ਕਈ ਯਾਦਾਂ ਜੁੜੀਆਂ ਨੇ ਇਸ ਚਾਹ ਪੱਤੀ ਦੀਆਂ ਬਣੀਆਂ ਚੌਰਸ ਪੇਟੀਆ ਨਾਲ ‘ਜੋ ਤਕਰੀਬਨ ਦੋ-ਢਾਈ ਫੁੱਟ ਹਲਕੀ ਪਲਾਈ ਦੀ ਚੌਰਸ ਅਕਾਰ ਦੀ ਤੇ ਚਾਰੇ ਪਾਸਿਓਂ ਇਕ ਲੋਹੇ ਦੀ ਪੱਤ੍ਰੀ ਨਾਲ ਮੜ੍ਹੀ ਹੁੰਦੀ ਸੀ। ਇਸ ਵਿਚ ਇਕ ਵੱਡਾ ਮੋਮੀ ਕਾਗਜ਼ ਹੁੰਦਾ ਸੀ ਜਿਸ ਵਿਚ ਖੁੱਲ੍ਹੀ ਚਾਹ ਪੱਤੀ ਹੁੰਦੀ ਤੇ ਉਤਲੇ ਪਾਸੇ ਇਕ ਵੱਡੇ ਫੋਆਇਲ ਪੇਪਰ ਨਾਲ ਸੀਲ ਕਰ ਉਪਰ ਫਿਰ ਪਲਾਈ ਲਗਾਈ ਹੁੰਦੀ ਸੀ।
ਖੈਰ ਅਸਲ ਗੱਲ ਕਹਾਣੀ ‘ਤਾਂ ਉਨ੍ਹਾਂ ਭਲਿਆਂ ਵੇਲਿਆਂ ‘ਚ ਔਖੇ-ਸੌਖੇ ‘ਹੋ ਪਾਏ ‘ਤੂੜੀ ਵਾਲੇ ਕੋਠੇ’ ਦੀ ਹੈ, ਜਦੋਂ ਲੋਕਾ ਕੋਲ ਜ਼ਿੰਦਗੀ ਬਸਰ ਕਰਨ ਲਈ ਸੀਮਤ ਸਾਧਨ, ਸੀਮਤ ਆਮਦਨ ਤੇ ਸੀਮਤ ਜਹੇ ਖਰਚੇ ਹੁੰਦੇ ਸਨ। ਕੱਚਾ ਕੋਠਾ ਪਾਉਣਾ ਵੀ ਬੜਾ ਮਿਹਨਤ ਅਤੇ ਸੁਚੱਜ ਦਾ ਕੰਮ ਹੁੰਦਾ ਸੀ। ਪ੍ਰੰਤੂ ਇੱਥੇ ‘ਚਾਹ ਪੱਤੀ ਵਾਲੀ ਪੇਟੀ’ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਸੀ। ਸੋ ਹੁਣ ਗੱਲ ਕਰਦੇ ਹਾਂ, ਜਦੋਂ ਉਹ ਸਿੱਧੇ-ਪੱਧਰੇ ਅਤੇ ਸਾਦੇ ਵੇਲ਼ੇ ਹੁੰਦੇ ਸਨ, ਉਨ੍ਹਾਂ ਭਲਿਆਂ ਵੇਲਿਆਂ ‘ਚ ਘਰ ਪਾਲ਼ੇ ਕੱਟੇ, ਵੱਛੇ, ਮੱਝਾ, ਗਾਵਾਂ ਨਾਲ਼ ਪਿਆਰ ਹੁੰਦਾ ਸੀ। ਆਪਣੇ ਰਹਿਣ ਲਈ ਬਣਾਈ ਥਾਂ ਨਾਲੋਂ ਮਾਲ-ਡੰਗਰ ਦੇ ਰੱਖ-ਰਖਾਓ ਦਾ ਵਧੇਰੇ ਫਿਕਰ ਹੁੰਦਾ ਤੇ ਨਾਲ ਹੀ ਉਨ੍ਹਾਂ ਦੇ ਕੱਖ-ਕੰਡੇ ਤੇ ਤੂੜੀ-ਤੰਦ ਦੀ ਸਾਂਭ-ਸੰਭਾਲ ਦਾ ਵੀ!
ਸੀਮਤ ਜਿਹੀ ਆਮਦਨ ਤੇ ਸੀਮਤ ਜਿਹੇ ਖਰਚਿਆਂ ਨਾਲ ਠੀਕ-ਠਾਕ ਜਿਹਾ ਗੁਜ਼ਾਰਾ ਹੋਈ ਜਾਂਦਾ ਸੀ, ਮੁਸ਼ਕਲ ਤਾਂ ਉਦੋਂ ਹੁੰਦੀ ਜਦੋਂ ਕੋਈ ਵੱਡਾ ਖਰਚਾ ਅਚਾਨਕ ਆ ਘੇਰਦਾ ਤੇ ਘਰ ਦਾ ਲਾਣੇਦਾਰ ਫਿਕਰਾਂ ‘ਚ ਡੁੱਬ ਜਾਂਦਾ। ਪ੍ਰੰਤੂ ਉਹ ਆਪਣੀ ਫ਼ਿਕਰ ਦਾ ਜ਼ਿਕਰ ਕਿਸੇ ਕੋਲ ਨਾ ਕਰ ਸਿਰ ਪਈ ਸਮੱਸਿਆ ਦਾ ਹੱਲ ਲੱਭਣ ‘ਚ ਜੁਟ ਜਾਂਦਾ। ਇਕ ਪਾਸੇ ਤਾਂ ਪੈਸੇ-ਟਕੇ ਤੋਂ ਹੱਥ ਤੰਗ ਤੇ ਦੂਜੇ ਪਾਸੇ ਅਚਾਨਕ ਖਸਤਾ ਹਾਲਤ ਹੋਏ ਤੂੜੀ ਵਾਲੇ ਕੋਠੇ ਦਾ ਢਹਿ ਜਾਣਾ ਕਿਸੇ ਅਚਨ-ਚੇਤ ਆਈ ਮੁਸੀਬਤ ਤੋਂ ਘੱਟ ਨਹੀਂ ਸੀ। ਹਾੜ੍ਹੀ ਦੀ ਫਸਲ ਦੀ ਸਾਂਭ ਸੰਭਾਲ ਮਗਰੋਂ ਸਭ ਤੋਂ ਪਹਿਲਾ ਕੰਮ ਮਾਲ-ਡੰਗਰ ਲਈ ਸਾਰੇ ਸਾਲ ਭਰ ਦੇ ਤੂੜੀ-ਤੰਦ ਦੀ ਸਾਂਭ-ਸੰਭਾਲ ਦਾ ਹੁੰਦਾ।
ਜ਼ਿੰਦਗੀ ਮਿੰਨੀ-ਮਿੰਨੀ ਚਾਲੇ ਚੱਲ ਰਹੀ ਸੀ, ਪੰਜ-ਚਾਰ ਮੱਝਾ, ਗਾਵਾਂ ਦੇ ਨਾਲ਼ ਦਸ-ਬਾਰਾਂ ਕਿੱਲਿਆਂ ਦੀ ਖੇਤੀ, ਪਰ ਉਨ੍ਹਾਂ ਸਮਿਆਂ ‘ਚ ਪੈਸੇ-ਟਕੇ ਦੀ ਅਕਸਰ ਤੰਗੀ ਰਹਿੰਦੀ ਤੇ ਖੇਤੀ ਦੀ ਸੀਮਤ ਜਹੀ ਆਮਦਨ ਤੋਂ ਘਰ ਦੇ ਖਰਚ ਚਲਾਉਣੇ ਬੜੇ ਮੁਸ਼ਕਲ ਹੋਇਆ ਕਰਦੇ ਸਨ। ਹਾੜ੍ਹੀ ਦੀ ਫਸਲ ਆਉਣ ਤੋਂ ਪਹਿਲਾ ਤੂੜੀ ਵਾਲੇ ਕੋਠੇ ਦਾ ਢਹਿ ਜਾਣਾ ਸਾਡੇ ਲਈ ਕਿਸੇ ਮਹਿਲ ਦੇ ਢਹਿ ਜਾਣਾ ਤੋਂ ਘੱਟ ਨਹੀਂ ਸੀ ਅਤੇ ਹੁਣ ਸਭ ਤੋਂ ਜ਼ਰੂਰੀ ਸੀ ਇਸ ਕੋਠੇ ਦੀ ਮੁੜ ਉਸਾਰੀ, ਇਹ ਇਸ ਲਈ ਵੀ ਜ਼ਰੂਰੀ ਸੀ ਕਿ ਇਸ ਕੋਠੇ ‘ਚ ਇਕਾ-ਦੁੱਕਾ ਖੇਤੀ ਦੇ ਸੰਦਾ ਤੋਂ ਬਿਨਾਂ ਡੰਗਰ, ਵੱਛਾ ਵੀ ਬੰਨ ਲਿਆ ਜਾਂਦਾ ਤੇ ਇਸ ਨੂੰ ਅਸੀਂ ਤੂੜੀ ਵਾਲਾ ਕੋਠਾ ਤਾਂ ਕਹਿੰਦੇ ਹੀ ਸਾਂ ਤੇ ਨਾਲ ਹੀ ਇਸ ਨੂੰ ਡੰਗਰਾਂ ਵਾਲਾ ਅੰਦਰ ਵੀ ਕਹਿ ਲਿਆ ਕਰਦੇ ਸਾਂ।
ਪਿੰਡ ਦੇ ਅੱਧ ਸੁੱਕੇ ਟੋਭੇ ‘ਚੋਂ ਲਿਆਂਦੀ ਮਿੱਟੀ ਨਾਲ ਅਸਾਂ ਤੂੜੀ ਵਾਲੇ ਕੋਠੇ ਦੀਆ ਕੰਧਾਂ ਦੀ ਚਿਨਾਈ ਸ਼ੁਰੂ ਕਰ ਦਿੱਤੀ, ਕੰਧਾਂ ਦੀ ਉਸਾਰੀ ਲਈ ਇੱਟ ਪੂਰੀ -ਸੂਰੀ ਹੀ ਸੀ, ਸੋ ਜੋ ਟੋਟਾ, ਦੇਹਲੀ, ਅੱਧੀ ਪੋਣੀ ਇੱਟ ਸੀ ਸਾਰੀ ਕੰਧਾਂ ਦੀ ਚਿਨਾਈ ‘ਚ ਲਗਾ, ਕੰਧਾਂ ਤਕਰੀਬਨ ਅੱਠ-ਨੌਂ ਫੁੱਟ ਉੱਚੀਆਂ ਕਰ ਲਈਆਂ ਸਨ। ਜਮੋਏ ਦੀ ਲੱਕੜ ਦੇ ਤਿੰਨ ਸ਼ਤੀਰਾਂ ਨਾਲ ਚਾਰ ਖਣਾਂ ਦਾ ਤੂੜੀ ਵਾਲਾ ਕੋਠਾ ਤਾਂ ਖੜ੍ਹਾ ਕਰ ਲਿਆ ਸੀ, ਪਰ ਕੋਠੇ ਦੀਆਂ ਕੰਧਾਂ ’ਤੇ ਰੱਖੇ ਛੱਤ ਪਾਉਣ ਲਈ ਸ਼ਤੀਰਾਂ ’ਤੇ ਪੂਰੇ-ਸੂਰੇ ਬਾਲਿਆ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਉਂਜ ਤਾਂ ਕੋਠੇ ਦੀਆ ਕੰਧਾਂ ਉੱਤੇ ਸ਼ਤੀਰ, ਸ਼ਤੀਰਾਂ ਉੱਤੇ ਬਾਲੇ ਤੇ ਬਾਲਿਆਂ ਉੱਤੇ ਇੱਟ-ਟਾਈਲ ਹੀ ਪੈਣੀ ਚਾਹੀਦੀ ਸੀ, ਪਰ ਤੰਗਦਸਤੀ ਕਾਰਨ ਕਿਤੋਂ ਵੀ ਨਵੀਂ-ਪੁਰਾਣੀ ਇੱਟ-ਟਾਈਲ ਲਿਆਉਣ ਦੀ ਹਿੰਮਤ ਨਾ ਪਈ।
ਇਸ ਤਰ੍ਹਾਂ ਕਿਵੇਂ ਵੀ ਇੱਟ-ਟਾਈਲ ਦਾ ਇੰਤਜ਼ਾਮ ਨਹੀਂ ਸੀ ਹੋ ਰਿਹਾ। ਅਚਾਨਕ ਖੱਦਰ ਦੇ ਗਲਾਸ ‘ਚ ਚਾਹ ਪੀਂਦੇ ਸਾਡੇ ਲਾਣੇਦਾਰ ਦੇ ਦਿਮਾਗ ‘ਚ ਸਕੀਮ ਆਈ ਕਿ ਕਿਉਂ ਨਾ ਬਾਲਿਆਂ ਦੀ ਛੱਤ ’ਤੇ ਚਾਹ ਪੱਤੀ ਦੀਆਂ ਪੇਟੀਆਂ ਦੀ ਪਲਾਈ ਪਾ ਦਿੱਤੀ ਜਾਵੇ। ਬਸ, ਦਿਨ ਚੜ੍ਹਦੀ ਹੀ ਅਸੀਂ ਲਾਣੇਦਾਰ ਨਾਲ ਸ਼ਹਿਰ ਨੂੰ ਹੋ ਤੁਰੇ ਤੇ ਪੰਜ, ਸੱਤ ਪਰਚੂਨ ਦੀਆਂ ਹੱਟੀਆਂ ਤੋਂ ਅੱਠ-ਦਸ ਚਾਹ ਪੱਤੀ ਦੀਆਂ ਖਾਲੀ ਪੇਟੀਆ ਦਾ ਇੰਤਜ਼ਾਮ ਕਰ ਕੇ ਸ਼ਾਮਾਂ ਤੱਕ ਘਰ ਪਰਤ ਆਏ। ਅਗਲੇ ਦਿਨ ਅਸਾਂ ਤੂੜੀ ਵਾਲੇ ਕੋਠੇ ਦੇ ਬਾਲਿਆਂ ਤੇ ਚਾਹ ਪੱਤੀ ਦੀਆਂ ਖਾਲੀ ਪੇਟੀਆਂ ਖੋਲ ਉਨ੍ਹਾਂ ਦੀ ਕੱਚੀ-ਪੱਕੀ ਪਲਾਈ ਰੱਖ ਦਿੱਤੀ ਤੇ ਨਾਲ ਹੀ ਉਨ੍ਹਾਂ ਚਾਹ ਪੱਤੀ ਦੀਆਂ ਖਾਲੀ ਪੇਟੀਆਂ ‘ਚੋਂ ਨਿਕਲਿਆ ਮੋਮੀ ਕਾਗਜ ਉੱਤੇ ਵਿਛਾ ਦਿੱਤਾ। ਹੁਣ ਕੋਠੇ ਪ੍ਰਤੀ ਸਾਡਾ ਫਿਕਰ ਮੁੱਕਣ ਕੰਢੇ ਸੀ। ਬਾਲਿਆਂ ’ਤੇ ਰੱਖੀ ਚਾਹ ਪੱਤੀ ਦੀਆਂ ਪੇਟੀਆਂ ਦੀ ਪਲਾਈ ਤੇ ਮੋਮੀ ਕਾਗਜ ਤੋਂ ਬਾਅਦ ਟੋਬੇ ਤੋਂ ਲਿਆਂਦੀ ਮਿੱਟੀ ‘ਚ ਤੂੜੀ ਰਲਾ ਤੇ ਹੋਲੀ-ਹੋਲੀ ਬਾਲਿਆ, ਸ਼ਤੀਰਾਂ ’ਤੇ ਪੈਰ ਟਕਾ ਮਿੱਟੀ ਪਾਉਣ ਮਗਰੋਂ ਉੱਪਰ ਮਿੱਟੀ ਤੂੜੀ ਰਲਾ ਪੋਚ ਲਗਾ ਦਿੱਤਾ ਤੇ ਸਾਡਾ ਤੂੜੀ ਵਾਲਾ ਕੋਠ ਤਿਆਰ ਹੋ ਗਿਆ।
ਫਿਰ ਅਸਾਂ ਉਹ ਇਕ ਦਰਵਾਜ਼ੇ ’ਤੇ ਇਕ ਛੋਟੀ ਜਹੀ ਖਿੜਕੀ ਵਾਲਾ ਕੋਠਾ ਤੂੜੀ ਨਾਲ ਭਰ ਦਿੱਤਾ। ਮੈਨੂੰ ਯਾਦ ਹੈ ਕਿ ਉਹ ਤੂੜੀ ਵਾਲਾ ਕੋਠਾ ਆਪਣੀ ਜਗ੍ਹਾ ’ਤੇ ਬਾਰਾਂ-ਤੇਰਾ ਸਾਲ ਜਿਉਂ ਦਾ ਤਿਉਂ ਖੜ੍ਹਾ ਰਿਹਾ, ਨਾ ਢਹਿਆ ਤੇ ਨਾ ਹੀ ਮੀਂਹ-ਕਣੀ ‘ਚ ਕਦੀ ਚੋਇਆ। ਹਾਂ ਇਕ ਸਖ਼ਤ ਹਦਾਇਤ ਸੀ, ਸਭ ਨੂੰ ਕਿ ਤੂੜੀ ਵਾਲੇ ਕੋਠੇ ਦੇ ਉੱਤੇ ਕਿਸੇ ਚੜ੍ਹਨਾ ਨਹੀਂ!
ਸੰਪਰਕ: 98550-10005