ਚਿੱਬੜਾਂ ਵਾਲੀ ਮਾਈ

ਚਿੱਬੜਾਂ ਵਾਲੀ ਮਾਈ

ਕੁਲਦੀਪ ਸਿੰਘ ਧਨੌਲਾ

ਕੁਲਦੀਪ ਸਿੰਘ ਧਨੌਲਾ

ਰੇ ਇਨਕਲਾਬ ਨਾਲ ਜਿੱਥੇ ਖੇਤੀ ਵਿਚ ਵੰਨ-ਸਵੰਨਤਾ ਆਈ, ਉਥੇ ਇਸ ਨਾਲ ਕਈ ਬਰਸਾਤੀ ਖਾਣਯੋਗ ਵਸਤੂਆਂ ਵੀ ਖ਼ਤਮ ਹੋ ਗਈਆਂ। ਬਚਪਨ ਵਿਚ ਕਪਾਹ ਚੁਗਦਿਆਂ ਨੇ ਜਿਹੜੇ ਚਿੱਬੜ, ਫੁੱਟਾਂ, ਵਾੜ ਕਰੇਲੇ, ਮਲ੍ਹੇ-ਝਾੜੀਆਂ ਦੇ ਬੇਰ, ਬਰਸੀਮ ਅਤੇ ਛਟੀਆਂ ਵਿਚ ਲਗਦੇ ਦੇਸੀ ਸ਼ਹਿਦ ਵਗੈਰਾ ਖਾਧੇ ਸੀ, ਉਹ ਹੁਣ ਖਾਣ ਦੀ ਗੱਲ ਤਾਂ ਛੱਡੋ, ਦੇਖਣ ਨੂੰ ਵੀ ਨਹੀਂ ਮਿਲਦੇ। ਬਰਸੀਮ ਅਤੇ ਛਟੀਆਂ ਵਿਚੋਂ ਜ਼ਿਆਦਾ ਸ਼ਹਿਦ ਖਾਣ ਕਾਰਨ ਕਈ ਵਾਰ ਨਕਸੀਰ ਵਗਣ ਲੱਗ ਪੈਂਦੀ ਸੀ। ਤਵੇ ਉਤੇ ਬਣੇ ਵਾੜ ਕਰੇਲੇ ਖਾਣ ਦਾ ਆਪਣਾ ਹੀ ਸੁਆਦ ਹੁੰਦਾ ਸੀ। ਮੀਂਹ ਪੈਣ ਉਤੇ ਤਵੇ ਉਤੇ ਬਣੇ ਮਿੱਠੇ ਤੇ ਨਮਕੀਨ ਪੂੜੇ, ਪਾਣੀ ਹੱਥੀ ਰੋਟੀ, ਚੁੱਲ੍ਹੇ ਦੀ ਭੁੱਬਲ ਵਿਚ ਭੁੰਨੇ ਆਲੂ, ਛੱਲੀਆਂ ਅਤੇ ਦੁਪਹਿਰ ਤੋਂ ਬਾਅਦ ਆਥਣੇ ਪਿੰਡਾਂ ਵਿਚ ਚੜ੍ਹਦੀਆਂ ਭੱਠੀਆਂ ਬਚਪਨ ਦੀਆਂ ਯਾਦਾਂ ਵਿਚ ਹੀ ਰਹਿ ਗਈਆਂ। ਹੁਣ ਭਾਵੇਂ ਸਬਜ਼ੀ ਮੰਡੀ ਵਿਚੋਂ ਫੁੱਟ ਫੁੱਟ, ਅੱਧ ਅੱਧ ਫੁੱਟ ਦੇ ਕਰੇਲੇ ਮਿਲਦੇ ਹਨ ਪਰ ਇਨ੍ਹਾਂ ਵਿਚੋਂ ਦੇਸੀ ਵਾੜ ਕਰੇਲਿਆਂ ਵਾਲੀ ਮਹਿਕ ਨਹੀਂ ਆਉਂਦੀ। ਸਾਡੇ ਖੇਤ ਬੇਰੀ ਹੁੰਦੀ ਸੀ ਜਿਸ ਨੂੰ ਬਹੁਤ ਮਿੱਠੇ ਬੇਰ ਲਗਦੇ। ਤਾਈ ਇਹ ਬੇਰ ਸੁਕਾ ਲੈਂਦੀ, ਫਿਰ ਸੀਜ਼ਨ ਲੰਘੇ ਤੋਂ ਇਹ ਹੋਰ ਵੀ ਸੁਆਦ ਲਗਦੇ।

1985 ਵਿਚ ਜਦੋਂ ਮੈਂ ਚੰਡੀਗੜ੍ਹ ਪੈਰ ਧਰਿਆ ਤਾਂ ਸਬਜ਼ੀ ਮੰਡੀ ਵਿਚ ਬਾਥੂ ਵਿਕਦਾ ਦੇਖ ਕੇ ਮਨ ਨੂੰ ਅਚੰਭਾ ਜਿਹਾ ਹੀ ਤਾਂ ਹੋਇਆ ਸੀ; ਪਿੰਡ ਤਾਂ ਖੇਤਾਂ ਵਿਚ ਇਹਨੂੰ ਖ਼ਤਮ ਕਰਨ ਲਈ ਗੋਡੀ ਕਰਦੇ ਹੁੰਦੇ ਸਾਂ ਤੇ ਰਾਜਧਾਨੀ ਵਿਚ ਗੁੱਛੀਆਂ ਦੇ ਰੂਪ ਵਿਚ ਉਸ ਦੀ ਵੁਕਅਤ ਵੇਖ ਹੈਰਾਨੀ ਹੋਣੀ ਸੁਭਾਵਿਕ ਹੀ ਸੀ।

ਬਚਪਨ ਵਿਚ ਘਰਾਂ ਦੀਆਂ ਕੱਚੀਆਂ ਛੱਤਾਂ ਉਤੇ ਜਿੱਥੇ ਉਨ੍ਹੀਂ ਦਿਨੀਂ ਗੋਡੇ ਗੋਡੇ ਘਾਹ ਹਰਾ ਹੋ ਜਾਂਦਾ ਸੀ ਅਤੇ ਉਸ ਦੇ ਵਿਚ ਹੀ ਚਿੱਬੜਾਂ ਦੀਆਂ ਬੇਲਾਂ ਵੀ ਹਰੀਆਂ ਹੋ ਜਾਂਦੀਆਂ। ਜਦੋਂ ਘਾਹ ਵੱਢ ਕੇ ਪਸ਼ੂਆਂ ਨੂੰ ਪਾਉਂਦੇ ਤਾਂ ਚਿੱਬੜ ਵੀ ਲੱਗੇ ਹੁੰਦੇ। ਉਦੋਂ ਤਾਂ ਕੰਧਾਂ ਕੱਢਣ ਸਮੇਂ ਚਿਣਾਈ ਵੀ ਗਾਰੇ ਨਾਲ ਹੁੰਦੀ ਸੀ ਹੁਣ ਤਾਂ ਗਾਰੇ ਦੀ ਥਾਂ ਬਰੇਤੀ ਨਾਲ ਹੋਣ ਲੱਗ ਪਈ ਹੈ ਅਤੇ ਛੱਤਾਂ ਵੀ ਪੱਕੀਆਂ ਹੋਣ ਲੱਗ ਪਈਆਂ; ਹਾਲਾਂਕਿ ਇਹ ਗਰਮੀ ਦੇ ਦਿਨਾਂ ਵਿਚ ਤਪਦੀਆਂ ਬਹੁਤ ਹਨ। ਬਚਪਨ ਵਿਚ ਚਿੱਬੜਾਂ ਦੀ ਚਟਣੀ ਤੋਂ ਇਲਾਵਾ ਇਨ੍ਹਾਂ ਦੀ ਸਬਜ਼ੀ ਵੀ ਬਹੁਤ ਖਾਧੀ। ਉਦੋਂ ਚਿੱਬੜ ਨੂੰ ਕੱਟ ਕੇ ਸੁਕਾ ਲਿਆ ਜਾਂਦਾ ਸੀ, ਬਾਅਦ ਵਿਚ ਸਬਜ਼ੀ ਬਣਾਈ ਜਾਂਦੀ। ਚਿੱਬੜਾਂ ਦੀ ਚਟਣੀ ਰਗੜਨ ਸਮੇਂ ਜਦੋਂ ਕੂੰਡੇ ਵਿਚੋਂ ਮਿਰਚ ਦਾ ਬੀਅ ਅੱਖ ਵਿਚ ਪੈ ਜਾਂਦਾ ਸੀ ਤਾਂ ਬੁਰਾ ਹਾਲ ਹੋ ਜਾਂਦਾ। ਅਸਲ ਚਟਣੀ ਉਦੋਂ ਹੀ ਬਣਦੀ ਸੀ ਜਦੋਂ ਮਿਰਚਾਂ ਅਤੇ ਚਿੱਬੜਾਂ ਦੇ ਬੀਅ ਰਗੜੇ ਜਾਂਦੇ ਸੀ। ਇਹ ਕੰਮ ਕੋਈ ਨਹੀਂ ਸੀ ਹੁੰਦਾ। ਅੱਖਾਂ ਮਲਦਿਆਂ ਦੇ ਮੂੰਹੋਂ ਇਕੋ ਸ਼ਬਦ ਨਿਕਲਦਾ ਸੀ, “ਮੈਂ ਨੀ ਅੱਗੇ ਤੋਂ ਚਟਣੀ ਰਗੜਦਾ” ਪਰ ਅਗਲੇ ਦਿਨ ਫਿਰ ਓਹੀ ਕੂੰਡਾ ਪੈਰਾਂ ਅਤੇ ਹੱਥਾਂ ਵਿਚ ਸੋਟਾ ਹੁੰਦਾ ਸੀ। ਜੇ ਚਟਣੀ ਨਹੀਂ ਤਾਂ ਮਸਾਲਾ ਤਾਂ ਰਗੜਨਾ ਹੀ ਹੁੰਦਾ ਸੀ। ਹੁਣ ਇਹ ਕੂੰਡੇ-ਸੋਟੇ ਦਾ ਕੰਮ ਮਿਕਸੀਆਂ ਨਾਲ ਹੋਣ ਲੱਗ ਪਿਆ ਹੈ। ਅੱਜ ਦੀ ਪੀੜ੍ਹੀ ਨੂੰ ਕੂੰਡੇ-ਸੋਟੇ ਦਾ ਗਿਆਨ ਹੀ ਨਹੀਂ ਕਿ ਇਹ ਕਿਸ ਕੰਮ ਆਉਂਦੇ ਸੀ। ਕੁਝ ਸਮੇਂ ਬਾਅਦ ਅਜਾਇਬ ਘਰਾਂ ਵਿਚ ਸਜਾਏ ਇਨ੍ਹਾਂ ਔਜ਼ਾਰਾਂ ਨੂੰ ਦੇਖ ਕੇ ਹੈਰਾਨ ਜ਼ਰੂਰ ਹੋਇਆ ਕਰਨਗੇ।

ਇਕ ਵਾਰ ਚੰਡੀਗੜ੍ਹ ਦੇ ਸੈਕਟਰ 26 ਦੀ ਸਬਜ਼ੀ ਮੰਡੀ ਵਿਚ ਜਿਹੜਾ ਦ੍ਰਿਸ਼ ਦੇਖਿਆ, ਉਹ ਕਾਫੀ ਕੁਝ ਬਿਆਨ ਕਰ ਰਿਹਾ ਸੀ। ਹੋਰ ਸਬਜ਼ੀਆਂ ਵਾਲਿਆਂ ਵਾਂਗ ਉਹ ਬੁੱਢੀ ਮਾਈ ਚਿੱਬੜ ਵੇਚਣ ਲਈ ਬੈਠੀ ਸੀ। ਹੋਰਨਾਂ ਕੋਲ ਤਾਂ ਗਾਹਕ ਲਗਾਤਾਰ ਆ ਜਾ ਰਹੇ ਸਨ ਪਰ ਉਹਦੇ ਕੋਲ ਕੋਈ ਨਹੀਂ ਸੀ ਆ ਰਿਹਾ। ਉਹ ਦੂਰੋਂ ਆਉਂਦੇ ਗਾਹਕਾਂ ਨੂੰ ਬੜੀ ਨੀਝ ਨਾਲ ਇਸ ਤਰ੍ਹਾਂ ਤੱਕਦੀ, ਜਿਵੇਂ ਅੱਡੇ ਉਤੇ ਕੋਈ ਸਵਾਰੀ ਬੱਸ ਉਡੀਕ ਰਹੀ ਹੋਵੇ ਤੇ ਬੱਸ ਲੰਮੇ ਰੂਟ ਦੀ ਹੋਣ ਕਾਰਨ ਹਾਰਨ ਮਾਰਦੀ ਹੋਈ ਲੀਡਰਾਂ ਦੀ ਕਾਰ ਵਾਂਗ ਰੁਕੇ ਵੀ ਨਾ; ਉਹੀ ਹਾਲ ਚਿੱਬੜਾਂ ਵਾਲੀ ਔਰਤ ਦਾ ਸੀ। ਮੇਰੀ ਨਜ਼ਰ ਜਦੋਂ ਚਿੱਬੜਾਂ ਉਤੇ ਪਈ ਤਾਂ ਰੂਹ ਖਿੜ ਗਈ। ਇਕ ਵਾਰ ਤਾਂ ਇੰਜ ਲੱਗਿਆ, ਜਿਵੇਂ ਕੋਈ ਮੋਟੀ ਲਾਟਰੀ ਨਿਕਲ ਆਈ ਹੋਵੇ। ਸਭ ਤੋਂ ਪਹਿਲਾਂ ਫਿਰ ਚਿੱਬੜ ਲੈਣ ਹੀ ਬੈਠ ਗਿਆ। ਉਹ ਮੇਰੇ ਮੂੰਹੋਂ ਅੱਧਾ ਕਿਲੋ ਸੁਣ ਕੇ ਕਹਿਣ ਲੱਗੀ, “ਕਿਲੋ ਹੀ ਲੈ ਜਾਓ!” ਖ਼ੈਰ! ...

“ਚਿੱਬੜਾਂ ਨੂੰ ਲੋਕ ਖ਼ਰੀਦਦੇ ਨਹੀਂ?” ਪੁੱਛਣ ਤੇ ਉਹ ਕਹਿਣ ਲੱਗੀ ਕਿ ਨਵੀਂ ਪੀੜ੍ਹੀ ਨੂੰ ਇਨ੍ਹਾਂ ਦੀ ਗੁਣਵਤਾ ਬਾਰੇ ਗਿਆਨ ਹੀ ਨਹੀਂ। ਜਿਸ ਵਸਤੂ ਬਾਰੇ ਪਤਾ ਹੀ ਨਹੀਂ, ਫਿਰ ਉਸ ਨੂੰ ਉਹ ਕਿਵੇਂ ਖਰੀਦਣਗੇ? ਹਾਂ ਟਾਵਾਂ ਟਾਵਾਂ ਗਾਹਕ ਜ਼ਰੂਰ ਆ ਜਾਂਦਾ ਹੈ।” ਫਿਰ ਉਹ ਰਤਾ ਕੁ ਹੁੱਬ ਕੇ ਦੱਸਦੀ ਹੈ, “ਕੱਲ੍ਹ ਇਕ ਔਰਤ ਚਿੱਬੜ ਖ਼ਰੀਦ ਕੇ ਲੈ ਗਈ, ਦੂਜੇ ਦਿਨ ਆ ਕੇ ਕਹਿਣ ਲੱਗੀ- ‘ਜਦੋਂ ਮੈਂ ਇਨ੍ਹਾਂ ਦੀ ਚਟਣੀ ਬਣਾ ਕੇ ਆਪਣੀ ਨੂੰਹ ਨੂੰ ਖੁਆਈ ਤਾਂ ਉਹ ਦੰਗ ਹੀ ਰਹਿ ਗਈ’।”

ਚਿੱਬੜਾਂ ਵਾਲੀ ਮਾਈ ਦੀਆਂ ਗੱਲਾਂ ਸੁਣ ਕੇ ਮੈਂ 40-45 ਸਾਲ ਪਿੱਛੇ ਚਲਿਆ ਗਿਆ ਤੇ ਮਾਂ ਦੇ ਆਪਣੇ ਹੱਥੀਂ ਮਿੱਟੀ ਨਾਲ ਬਣਾਏ ਚੁੱਲ੍ਹੇ, ਹਾਰੇ ਤੇ ਬੋਤੇ ਦੇ ਲੇਡਿਆਂ ਵਾਲੀ ਲਟ ਲਟ ਬਲਦੀ ਅੰਗੀਠੀ ਕੋਲ ਬੈਠਾ ਆਪਣੇ ਆਪ ਕੂੰਡੇ-ਸੋਟੇ ਨਾਲ ਚਿੱਬੜਾਂ ਦੀ ਚਟਣੀ ਗਰੜਦਾ ਮਹਿਸੂਸ ਕਰ ਰਿਹਾ ਸੀ।

ਹੁਣ ਜਦੋਂ ਵੀ ਸਬਜ਼ੀ ਮੰਡੀ ਜਾਂਦਾ ਹਾਂ ਤਾਂ ਚਿੱਬੜਾਂ ਵਾਲੀ ਮਾਈ ਮੇਰੇ ਬੋਲੇ ਬਿਨਾ ਹੀ ਅੱਧਾ ਕਿਲੋ ਚਿੱਬੜ ਤੋਲ ਦਿੰਦੀ ਹੈ।

ਸੰਪਰਕ: 94642-91023

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ