ਅਮਰਜੀਤ ਸਿੰਘ, ਪਵਨ ਕੁਮਾਰ, ਅੰਜੂ ਬਾਲਾ
ਸਿਹਤਮੰਦ ਬੀਜ ਲਾਭਦਾਇਕ ਖੇਤੀ ਦੀ ਬੁਨਿਆਦ ਹੁੰਦੇ ਹਨ। ਇਨ੍ਹਾਂ ਦੀ ਵਰਤੋਂ ਕਰ ਕੇ ਅਸੀਂ ਆਪਣੇ ਅਨਾਜ ਦੀ ਗੁਣਵੱਤਾ ਅਤੇ ਉਤਪਾਦਨ ਵਧਾ ਕੇ ਮੁਨਾਫ਼ਾ ਕਮਾ ਸਕਦੇ ਹਾਂ। ਇਸ ਲਈ ਬੀਜ ਪੈਦਾ ਕਰਨ ਲਈ ਬੀਜੀ ਕਣਕ ਵਾਲੇ ਖੇਤ, ਆਪ ਮੁਹਾਰੇ ਉੱਗੇ ਬੂਟੇ, ਨਦੀਨ, ਕੀੜੇ-ਮਕੌੜੇ ਅਤੇ ਬਿਮਾਰੀਆਂ ਤੋਂ ਰਹਿਤ ਹੋਣੇ ਚਾਹੀਦੇ ਹਨ। ਕਣਕ ਦਾ ਨਿਸਾਰਾ ਸ਼ੁਰੂ ਹੋਣ ਮਗਰੋਂ ਆਪਣੀ ਫ਼ਸਲ ਦਾ ਨਿਰੀਖਣ ਬਹੁਤ ਜ਼ਰੂਰੀ ਹੈ। ਕਣਕ ਦੀਆਂ ਕਈ ਬਿਮਾਰੀਆਂ ਦੇ ਕੀਟਾਣੂ ਮਿੱਟੀ ਅਤੇ ਪੌਦੇ ਦੇ ਦੂਜੇ ਭਾਗਾਂ ਦੇ ਮੁਕਾਬਲੇ ਬੀਜਾਂ ਵਿਚ ਜਿ਼ਆਦਾ ਲੰਮੇ ਸਮੇਂ ਲਈ ਜਿਊਂਦੇ ਰਹਿੰਦੇ ਹਨ। ਇਨ੍ਹਾਂ ਦੀ ਲਾਗ ਬੀਜਾਂ ਰਾਹੀਂ ਬੜੀ ਹੀ ਆਸਾਨੀ ਨਾਲ ਦੂਜੇ ਇਲਾਕਿਆਂ ਵਿਚ ਫੈਲ ਸਕਦੀ ਹੈ।
ਅਨੁਕੂਲ ਹਾਲਾਤ ਦੇ ਅਧੀਨ ਬੀਜ ਰਾਹੀਂ ਲੱਗਣ ਵਾਲੀ ਬਿਮਾਰੀ ਮਹਾਮਾਰੀ ਦਾ ਰੂਪ ਵੀ ਧਾਰਨ ਕਰ ਸਕਦੀ ਹੈ। ਇਸ ਲਈ ਬਿਮਾਰੀ ਮੁਕਤ ਬੀਜ ਪੈਦਾ ਕਰਨ ਲਈ ਕਣਕ ਦੇ ਨਿਸਰਨ ਸਮੇਂ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਕੁਝ ਨੁਕਤੇ ਸਾਂਝੇ ਕਰ ਰਹੇ ਹਾਂ ਤਾਂ ਜੋ ਸਾਡੇ ਬੀਜ ਉਤਪਾਦਕ ਅਗਲੇ ਸਾਲ ਲਈ ਕਣਕ ਦਾ ਬਿਮਾਰੀ ਮੁਕਤ ਬੀਜ ਪੈਦਾ ਕਰ ਸਕਣ।
ਪੀਲੀ ਕੁੰਗੀ ਦਾ ਹਮਲਾ ਦੇਖਣ ਲਈ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹੋ। ਜੇ ਬਿਮਾਰੀ ਦਾ ਹਮਲਾ ਨਜ਼ਰ ਆਵੇ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੇ ਉੱਲੀਨਾਸ਼ਕਾਂ ਦਾ ਜਿਵੇਂ 200 ਗ੍ਰਾਮ ਕੈਵੀਅਟ 25 ਡਬਲਿਊ ਜੀ (ਟੈਬੂਕੋਨਾਜ਼ੋਲ) ਜਾਂ 120 ਗ੍ਰਾਮ ਨਟੀਵੋ 75 ਡਬਲਿਊ ਜੀ (ਟ੍ਰਾਈਫਲੋਕਸੀਸਟ੍ਰੋਬਿਨ + ਟੈਬੂਕੋਨਾਜ਼ੋਲ) ਜਾਂ 200 ਮਿਲੀਲਿਟਰ ਉਪੇਰਾ 18.3 ਐਸ ਈ (ਪਾਈਰੈਕਲੋਸਟ੍ਰੋਬਿਨ + ਇਪੋਕਸੀਕੋਨਾਜ਼ੋਲ) ਜਾਂ 200 ਮਿਲੀਲਿਟਰ ਕਸਟੋਡੀਆ 320 ਐਸ ਸੀ (ਐਜ਼ੋਕਸੀਸਟ੍ਰੋਬਿਨ + ਟੈਬੂਕੋਨਾਜ਼ੋਲ) ਜਾਂ 200 ਮਿਲੀਲਿਟਰ ਟਿਲਟ 25 ਈ ਸੀ/ਸ਼ਾਈਨ 25 ਈ ਸੀ/ਬੰਪਰ 25 ਈ ਸੀ/ਸਟਿਲਟ 25 ਈ ਸੀ/ਕੰਮਪਾਸ 25 ਈ ਸੀ/ਮਾਰਕਜ਼ੋਲ 25 ਈ ਸੀ (ਪਰੋਪੀਕੋਨਾਜ਼ੋਲ)
ਆਦਿ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਕੇ ਸਮੇਂ ਸਿਰ ਕਾਬੂ ਕਰ ਲਵੋ।
ਜੇ ਕਣਕ ਦੀ ਫ਼ਸਲ ਉਤੇ ਕਾਂਗਿਆਰੀ ਦਾ ਹਮਲਾ ਨਜ਼ਰ ਆ ਰਿਹਾ ਹੋਵੇ ਤਾਂ ਇਸ ਦੀ ਰੋਕਥਾਮ ਜ਼ਰੂਰੀ ਹੈ। ਕਣਕ ਦੇ ਨਿਸਰਨ ਤੋਂ ਪਹਿਲਾਂ ਕਾਂਗਿਆਰੀ ਨਾਲ ਪ੍ਰਭਾਵਿਤ ਬੀਜ ਤੋਂ ਪੈਦਾ ਹੋਇਆ ਬੂਟਾ ਸਿਹਤਮੰਦ ਬੂਟੇ ਵਰਗਾ ਹੀ ਦਿਸਦਾ ਹੈ ਪਰ ਬਿਮਾਰੀ ਦੀ ਲਾਗ ਵਾਲੇ ਬੂਟੇ ਸਿਹਤਮੰਦ ਬੂਟਿਆਂ ਤੋਂ ਪਹਿਲਾਂ ਹੀ ਨਿੱਸਰ ਆਉਂਦੇ ਹਨ ਜਿਨ੍ਹਾਂ ਵਿਚ ਸਾਰੇ ਦਾਣੇ ਪੂਰੀ ਤਰ੍ਹਾਂ ਕਾਲੇ ਧੂੜੇ ਵਿਚ ਬਦਲ ਜਾਂਦੇ ਹਨ। ਇਸ ਕਾਲੇ ਧੂੜੇ ਵਿਚ ਲੱਖਾਂ ਦੀ ਤਦਾਦ ਵਿਚ ਇਸ ਬਿਮਾਰੀ ਨੂੰ ਫੈਲਾਉਣ ਵਾਲੇ ਕਣ ਮੌਜੂਦ ਹੁੰਦੇ ਹਨ ਜੋ ਕਣਕ ਦੇ ਨਿਸਾਰੇ ਦੌਰਾਨ ਇਸ ਬਿਮਾਰੀ ਦੀ ਲਾਗ ਨੂੰ ਵੱਧ ਤੋਂ ਵੱਧ ਬੂਟਿਆਂ ਉੱਤੇ ਫੈਲਾਅ ਦਿੰਦੇ ਹਨ। ਕਾਂਗਿਆਰੀ ਵਾਲੇ ਸਿੱਟਿਆਂ ਤੋਂ ਇਹ ਕਾਲਾ ਧੂੜਾ ਹਵਾ, ਮੀਂਹ, ਕੀੜੇ-ਮਕੌੜੇ ਆਦਿ ਰਾਹੀਂ ਸਿਹਤਮੰਦ ਬੂਟੇ ਦੇ ਖੁੱਲ੍ਹੇ ਫੁੱਲਾਂ ਉੱਤੇ ਚਲਾ ਜਾਂਦਾ ਹੈ ਅਤੇ ਸਿੱਟਿਆਂ ਵਿਚ ਪੈਦਾ ਹੋ ਰਹੇ ਬੀਜ ਨੂੰ ਬਿਮਾਰੀ ਦੀ ਲਾਗ ਲਾ ਦਿੰਦਾ ਹੈ।
ਕਣਕ ਦੇ ਨਿਸਾਰੇ ਸਮੇਂ ਬੀਜ ਵਾਲੀ ਫ਼ਸਲ ਦਾ ਸਰਵੇਖਣ ਕਰਨਾ ਬਹੁਤ ਜ਼ਰੂਰੀ ਹੈ। ਸਰਵੇਖਣ ਦੌਰਾਨ ਜਦੋਂ ਵੀ ਬਿਮਾਰੀ ਵਾਲੇ ਸਿੱਟੇ ਦਿਖਾਈ ਦੇਣ ਤਾਂ ਉਨ੍ਹਾਂ ਉੱਪਰ ਲਿਫਾਫਾ ਚੜ੍ਹਾ ਕੇ ਇਨ੍ਹਾਂ ਬਿਮਾਰੀ ਨਾਲ ਪ੍ਰਭਾਵਿਤ ਸਿੱਟਿਆਂ ਨੂੰ ਕੱਟ ਕੇ ਨਸ਼ਟ ਕਰ ਦਿਓ। ਇਸ ਤਰ੍ਹਾਂ ਕਰਨ ਨਾਲ ਬਿਮਾਰੀ ਸਿਹਤਮੰਦ ਸਿੱਟਿਆਂ ਨੂੰ ਨਹੀਂ ਲੱਗੇਗੀ ਅਤੇ ਦਾਣੇ ਰੋਗ ਰਹਿਤ ਪੈਦਾ ਹੋਣਗੇ। ਇਸ ਤੋਂ ਇਲਾਵਾ ਮਈ-ਜੂਨ ਦੇ ਮਹੀਨੇ ਸੂਰਜ ਦੀ ਗਰਮੀ ਨਾਲ ਵੀ ਬੀਜ ਦੀ ਸੋਧ ਕੀਤੀ ਜਾ ਸਕਦੀ ਹੈ। ਸਾਫ਼ ਮੌਸਮ ਵਾਲੇ ਦਿਨ ਬੀਜ ਨੂੰ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ ਦੇ 12 ਵਜੇ ਤੱਕ ਪਾਣੀ ਵਿਚ ਭਿਉਂ ਲਓ ਅਤੇ ਉਸ ਤੋਂ ਬਾਅਦ ਪੱਕੇ ਫਰਸ਼ ਤੇ ਜਾਂ ਤਰਪਾਲ ਤੇ ਬੀਜ ਨੂੰ ਪਤਲਾ ਪਤਲਾ ਖਿਲਾਰ ਕੇ ਚੰਗੀ ਤਰ੍ਹਾਂ ਸੁਕਾ ਲਉ। ਇਸ ਤਰ੍ਹਾਂ ਕਰਨ ਨਾਲ ਬਿਨਾਂ ਪੈਸੇ ਖ਼ਰਚ ਕੀਤੇ ਅਤੇ ਬਿਨਾਂ ਕਿਸੇ ਰਸਾਇਣ ਤੋਂ ਬੀਜ ਬਿਮਾਰੀ ਰਹਿਤ ਹੋ ਜਾਂਦਾ ਹੈ।
ਕਰਨਾਲ ਬੰਟ ਦੀ ਬਿਮਾਰੀ ਦਾ ਰੋਗਾਣੂ ਮਿੱਟੀ ਅਤੇ ਬੀਜ ਵਿਚ ਜਿਊਂਦਾ ਰਹਿੰਦਾ ਹੈ ਜੋ ਕਿ ਕੁਆਰੰਟੀਨ ਦੀ ਗੰਭੀਰ ਸਮੱਸਿਆ ਹੋਣ ਕਰ ਕੇ ਕਣਕ ਦੇ ਵਪਾਰ ਨੂੰ ਪ੍ਰਭਾਵਿਤ ਕਰਦਾ ਹੈ। ਬਿਮਾਰੀ ਵਾਲਾ ਬੀਜ ਇਸ ਰੋਗ ਨੂੰ ਇੱਕ ਤੋਂ ਦੂਜੇ ਖੇਤ ਅਤੇ ਲੰਮੀ ਦੂਰੀ ਦੇ ਇਲਾਕਿਆਂ ਵਿਚ ਫੈਲਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਖੇਤ ਵਿਚ ਬਿਮਾਰੀ ਦੇ ਲੱਛਣਾਂ ਦੀ ਪਛਾਣ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਪਰ ਵਾਢੀ ਤੋਂ ਬਾਅਦ ਕਣਕ ਦੇ ਬੀਜਾਂ ਵਿਚ ਇਸ ਦੇ ਲੱਛਣ ਆਸਾਨੀ ਨਾਲ ਪਛਾਣੇ ਜਾ ਸਕਦੇ ਹਨ। ਆਮ ਤੌਰ ਤੇ ਇਸ ਦੇ ਲੱਛਣ ਸਿਰਫ਼ ਦਾਣੇ ਦੇ ਸਿਰੇ ਉੱਤੇ ਹੀ ਦਿਸਦੇ ਹਨ ਪਰ ਕਦੇ ਕਦੇ ਸਾਰੇ ਦਾ ਸਾਰਾ ਦਾਣਾ ਹੀ ਇਸ ਨਾਲ ਪ੍ਰਭਾਵਿਤ ਹੋ ਜਾਂਦਾ ਹੈ। ਬਿਮਾਰੀ ਨਾਲ ਗ੍ਰਸਤ ਇਨ੍ਹਾਂ ਦਾਣਿਆਂ ਉੱਤੇ ਗੂੜ੍ਹੇ ਕਾਲੇ ਰੰਗ ਦਾ ਧੂੜਾ ਪੈਦਾ ਹੋ ਜਾਂਦਾ ਹੈ ਜਿਨ੍ਹਾਂ ਨੂੰ ਹੱਥਾਂ ਵਿਚ ਮਲਣ ਜਾਂ ਭੰਨ੍ਹਣ ਉੱਤੇ ਇਨ੍ਹਾਂ ਵਿਚੋਂ ਭੈੜੀ ਦੁਰਗੰਧ ਆਉਂਦੀ ਹੈ। ਇਹ ਕਾਲਾ ਧੂੜਾ ਉੱਲੀ ਦੇ ਕਣ ਹੁੰਦੇ ਹਨ ਜੋ ਕਈ ਸਾਲਾਂ ਤੱਕ ਦਾਣਿਆਂ ਅਤੇ ਜ਼ਮੀਨ ਵਿਚ ਜੀਵਤ ਰਹਿ ਸਕਦੇ ਹਨ।
ਮੌਸਮ ਅਨੁਕੂਲ ਹੋਣ ’ਤੇ ਇਹ ਕਣਕ ਦੇ ਸਿੱਟੇ ਨਿਕਲਣ ਵੇਲੇ ਮਿੱਟੀ ਵਿਚੋਂ ਉੱਗ ਕੇ ਹਵਾ ਵਿਚ ਰਲ ਜਾਂਦੇ ਹਨ ਅਤੇ ਸਿੱਟਿਆਂ ਵਿਚ ਦਾਣਿਆਂ ਉੱਤੇ ਬਿਮਾਰੀ ਲਾ ਦਿੰਦੇ ਹਨ। ਅਜਿਹੀ ਫ਼ਸਲ ਤੋਂ ਰੱਖਿਆ ਬੀਜ ਅਗਲੇ ਸਾਲ ਲਈ ਬਿਮਾਰੀ ਫੈਲਾਉਣ ਦਾ ਕਾਰਨ ਬਣਦਾ ਹੈ।
ਜਿ਼ਆਦਾਤਰ ਸਿਫ਼ਾਰਸ਼ ਕੀਤੀਆਂ ਕਣਕ ਦੀਆਂ ਕਿਸਮਾਂ ਬਿਜਾਈ ਤੋਂ ਤਕਰੀਬਨ 90-95 ਦਿਨ ਬਾਅਦ ਨਿੱਸਰਨੀਆਂ ਸ਼ੁਰੂ ਹੋ ਜਾਂਦੀਆਂ ਹਨ ਜਦੋਂਕਿ ਐੱਚਡੀ 3086 ਬਿਜਾਈ ਤੋਂ ਤਕਰੀਬਨ 80-85 ਦਿਨਾਂ ਬਾਅਦ ਨਿੱਸਰ ਆਉਂਦੀ ਹੈ। ਜੇ ਕਣਕ ਦੇ ਨਿਸਾਰੇ ਸਮੇਂ ਬੱਦਲਵਾਈ ਜਾਂ ਕਿਣਮਿਣ ਰਹੇ ਤਾਂ ਇਸ ਬਿਮਾਰੀ ਦੀ ਲਾਗ ਲੱਗਣ ਦਾ ਖਦਸ਼ਾ ਜਿ਼ਆਦਾ ਰਹਿੰਦਾ ਹੈ। ਇਸ ਲਈ ਬੀਜ ਪੈਦਾ ਕਰਨ ਵਾਲੇ ਖੇਤਾਂ ਵਿਚ ਇਸ ਬਿਮਾਰੀ ਦੀ ਰੋਕਥਾਮ ਲਈ ਨਿਸਾਰੇ ਸਮੇਂ 200 ਮਿਲੀਲਿਟਰ ਪ੍ਰੋਪੀਕੋਨਾਜ਼ੋਲ (ਟਿਲਟ) ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ ਪਰ ਇਸ ਗੱਲ ਦਾ ਖਿ਼ਆਲ ਰੱਖਣਾ ਚਾਹੀਦਾ ਹੈ ਕਿ ਨਿਸਾਰੇ ਤੋਂ ਬਾਅਦ ਛਿੜਕਾਅ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ।
ਬੀਜ ਵਾਲੀ ਫ਼ਸਲ ਦੀ ਵਾਢੀ ਕਰਨ ਸਮੇਂ ਇਹ ਧਿਆਨ ਦੇਣਾ ਵੀ ਬਹੁਤ ਜ਼ਰੂਰੀ ਹੈ ਕਿ ਇਸ ਦੀ ਵਾਢੀ ਬੱਦਲਵਾਈ ਰਹਿਤ ਚੰਗੀ ਧੁੱਪ ਵਾਲੇ ਦਿਨ ਉੱਤੇ ਹੀ ਕੀਤੀ ਜਾਵੇ। ਜੇ ਬੀਜ ਵਾਲੀ ਫ਼ਸਲ ਦੀ ਵਾਢੀ ਨਮੀ ਵਾਲੇ ਮੌਸਮ ਦੀ ਮੌਜੂਦਗੀ ਵਿਚ ਕੀਤੀ ਜਾਵੇ ਜਾਂ ਬੀਜ ਦੇ ਛਿਲਕੇ ਉੱਪਰ ਕਿਸੇ ਕਿਸਮ ਦੇ ਜ਼ਖ਼ਮ ਹੋਣ ਜਾਂ ਬੀਜ ਟੁੱਟਾ ਹੋਇਆ ਹੋਵੇ ਤਾਂ ਇਸ ਉੱਪਰ ਭੰਡਾਰਨ ਸਮੇਂ ਕਈ ਤਰ੍ਹਾਂ ਦੇ ਕੀੜੇ ਅਤੇ ਉੱਲੀਆਂ ਪੈਦਾ ਹੋ ਜਾਂਦੀਆਂ ਹਨ ਜੋ ਬੀਜ ਦੀ ਗੁਣਵੱਤਾ ਤੇ ਮਾੜਾ ਅਸਰ ਪਾਉਂਦੀਆਂ ਹਨ। ਬੀਜ ਵਾਲੀ ਫ਼ਸਲ ਦੀ ਗਹਾਈ ਦੂਜੀਆਂ ਫ਼ਸਲਾਂ ਤੋਂ ਅਲੱਗ ਅਤੇ ਪੱਕੇ ਫਰਸ਼ ਉੱਤੇ ਆਪਣੀ ਨਿਗਰਾਨੀ ਅਤੇ ਦੇਖ-ਰੇਖ ਹੇਠ ਕਰੋ।
ਇਨ੍ਹਾਂ ਨੁਕਤਿਆਂ ਨੂੰ ਅਪਣਾ ਕੇ ਅਸੀਂ ਘੱਟ ਖ਼ਰਚੇ ਨਾਲ ਬਿਮਾਰੀ ਮੁਕਤ ਫ਼ਸਲ ਪੈਦਾ ਕਰ ਕੇ ਵੱਧ ਤੋਂ ਵੱਧ ਮੁਨਾਫ਼ਾ ਕਮਾ ਸਕਦੇ ਹਾਂ।