ਅਜ਼ਰਬਾਇਜਾਨ ਦੀ ਰਾਜਧਾਨੀ ਬਾਕੂ ਵਿਚ ਤਕਰੀਬਨ ਇਕ ਵਰ੍ਹੇ ਦੀ ਮੁੱਢਲੀ ਸਿੱਖਿਆ ਤੋਂ ਬਾਅਦ ਮੇਰਾ ਯੂਕਰੇਨ ਦੇ ਸ਼ਹਿਰ ਖਮਿਲਨੀਤਸਕੀ ਵਿਚ ਅੱਗੇ ਪੜ੍ਹਾਈ ਲਈ ਜਾਣਾ ਤੈਅ ਹੋਇਆ। ਅਗਸਤ 1990 ਦਾ ਆਖ਼ਰੀ ਹਫ਼ਤਾ ਸੀ। ਜਿੱਥੇ ਇਕ ਪਾਸੇ ਆਪਣੇ ਤਿੰਨ ਬਿਹਾਰੀ ‘ਰੂਮ-ਪਾਰਟਨਰਾਂ’ ਤੋਂ ਵਿਛੜਨ ਦਾ ਦੁੱਖ ਸੀ, ਉੱਥੇ ਏਸ਼ੀਆ ਤੋਂ ਨਿਕਲ ਕੇ ਯੂਰਪ ਪਹੁੰਚਣ ਦੀ ਖ਼ੁਸ਼ੀ ਵੀ ਸੀ। ਢਾਈ ਹਜ਼ਾਰ ਕਿਲੋਮੀਟਰ ਦਾ ਸਫ਼ਰ ਰੇਲ ਰਾਹੀਂ ਤਕਰੀਬਨ ਦੋ ਦਿਨਾਂ ਵਿਚ ਪੂਰਾ ਹੋਣਾ ਸੀ। ਵਧੀਆ ‘ਕੂਪੇ’ ਵਿਚ ਕੀਤਾ ਇਹ ਸਫ਼ਰ ਆਪਣੇ ਆਪ ਵਿਚ ਇਕ ਵਧੀਆ ਤਜ਼ਰਬਾ ਸੀ। ਮੇਰੇ ਤੋਂ ਇਲਾਵਾ ‘ਕੂਪੇ’ ਵਿਚ ਰੂਸੀ ਮਾਂ-ਧੀ ਅਤੇ ਇਕ ਯੂਕਰੇਨੀ ਬਜ਼ੁਰਗ ਸਨ। ਰੂਸੀ ਭਾਸ਼ਾ ’ਤੇ ਚੰਗੀ ਪਕੜ ਹੋਣ ਕਰਕੇ ਛੇਤੀ ਹੀ ਉਨ੍ਹਾਂ ਨਾਲ ਚੰਗੀ ਦੋਸਤੀ ਹੋ ਗਈ, ਵਿਸ਼ੇਸ਼ ਕਰਕੇ ਏਲੇਨਾ ਨਾਲ, ਹਮ-ਉਮਰ ਹੋਣ ਕਰਕੇ, ਸ਼ਾਇਦ। 48 ਘੰਟੇ ਤੋਂ ਵੱਧ ਦਾ ਸਫ਼ਰ, ਇਕੋ ਕੈਬਿਨ ਵਿੱਚ, ਬਹੁਤ ਲੰਮਾ ਹੁੰਦਾ ਹੈ ਅਤੇ ਇਕ ਦੂਜੇ ਨੂੰ ਜਾਣਨ-ਸਮਝਣ ਲਈ ਇਹ ਕਾਫ਼ੀ ਹੁੰਦਾ ਹੈ। ਮਾਂ-ਧੀ ਨੂੰ ਖਮਿਲਨੀਤਸਕੀ ਦੇ ਲਾਗਲੇ ਸ਼ਹਿਰ ਵਿਨਿਤਸਾ ਵਿਚ ਕੁਝ ਕੰਮ ਸੀ ਅਤੇ ਫੇਰ ਅੱਗੇ ਉਨ੍ਹਾਂ ਨੇ ਆਪਣੇ ਸ਼ਹਿਰ ਵੋਲਗੋਗ੍ਰਾਦ (ਰੂਸ) ਜਾਣਾ ਸੀ। ਏਲੇਨਾ ਨੇ ਆਪਣਾ ਪਤਾ ਅਤੇ ਫੋਨ ਨੰਬਰ ਸਾਂਝਾ ਕੀਤਾ।
ਚੰਡੀਗੜ੍ਹ ਵਾਂਗ ਹੀ ਛੋਟਾ ਜਿਹਾ, ਪਰ ਨਿਹਾਇਤ ਹੀ ਸਾਫ਼-ਸੁਥਰਾ, ਖ਼ੂਬਸੂਰਤ ਸ਼ਹਿਰ ਸੀ ਖਮਿਲਨੀਤਸਕੀ। ਰੂਹ ਖ਼ੁਸ਼ ਹੋ ਗਈ। ਵਧੀਆ ਹੋਸਟਲ। ਕਿੱਥੇ ‘ਸ਼ਰੀਫ਼ਜ਼ਾਦੇ ਮਾਰਗ’ ਵਾਲਾ ਹੋਸਟਲ ਜਿੱਥੇ ਇਕ ਕਮਰੇ ਵਿਚ ਚਾਰ ਜਣੇ, ਪੂਰੀ ਮੰਜ਼ਿਲ ਲਈ ਸਾਂਝਾ ਪਖਾਨਾ ਅਤੇ ਇਸ਼ਨਾਨ-ਘਰ, ਉਹ ਵੀ ਕਮਰੇ ਤੋਂ 150-200 ਫੁੱਟ ਦੂਰ ਅਤੇ ਕਿੱਥੇ ਇਹ ਸਾਫ਼-ਸੁਥਰਾ ਇਨਸਤੀਤੂਤਸਕਾਯਾ ਮਾਰਗ ਵਾਲਾ ਹੋਸਟਲ, ਦੋ ਅਤੇ ਤਿੰਨ ਕਮਰਿਆਂ ਦਾ ਇਕ ਸੈੱਟ, ਨਾਲ ਜੁੜਿਆ ਪਖਾਨਾ ਅਤੇ ਬਾਥ-ਟੱਬ ਵਾਲਾ ਇਸ਼ਨਾਨਘਰ। ਮੈਨੂੰ ਦੋ ਜਣਿਆਂ ਵਾਲਾ ਕਮਰਾ ਮਿਲਿਆ ਅਤੇ ‘ਰੂਮ-ਪਾਰਟਨਰ’ ਯਮਨ ਦਾ ਮੁੰਡਾ ਆਰਿਫ਼ ਸੀ। ਬਹੁਤ ਹੀ ਚੰਗਾ। ਯੂਕਰੇਨੀਅਨ ਲੋਕ ਵੀ ਬਹੁਤ ਅਨੁਸ਼ਾਸਿਤ, ਮਿਲਣਸਾਰ, ਨਿਯਮਾਂ ਦੀ ਪਾਲਣਾ ਕਰਨ ਵਾਲੇ ਸਨ। ਮੇਰਾ ਪੜ੍ਹਾਈ ਦਾ ਕੋਈ ਖਰਚਾ ਨਹੀਂ ਸੀ, 90 ਰੂਬਲ ਸਟਾਈਪੈਂਡ ਹਰ ਮਹੀਨੇ ਖ਼ਰਚ ਲਈ ਵੱਖਰੇ ਮਿਲਦੇ ਸਨ। ਸ਼ਹਿਰ ਵਿੱਚ ਅਸੀਂ ਅੱਠ ਜਾਂ ਨੌਂ ਭਾਰਤੀ ਸਾਂ। ਇਸ ਤੋਂ ਇਲਾਵਾ ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਸ੍ਰੀਲੰਕਾ, ਅਰਬ, ਵੀਅਤਨਾਮ, ਕੰਬੋਡੀਆ, ਅਫਰੀਕਾ, ਲਾਤੀਨੀ ਅਮਰੀਕਾ ਤੋਂ ਵੀ ਕਾਫ਼ੀ ਵਿਦਿਆਰਥੀ ਸਨ।
ਸਭ ਕੁਝ ‘ਚੰਗਾ’ ਹੋਣ ਦੇ ਬਾਵਜੂਦ ਬਹੁਤ ਕੁਝ ਚੰਗਾ ਨਹੀਂ ਸੀ। ਗੋਰਬਾਚੋਵ ਦੇ ‘ਗਲਾਸਨੋਸਤ’ ਅਤੇ ‘ਪਿਰਿਸਤ੍ਰੋਰੋਇਕਾ’ ਸਦਕਾ ਲੋਕ ਕਿਤੇ ਨਾ ਕਿਤੇ ਮੌਜੂਦਾ ਸਿਸਟਮ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਿਰ ਕਰਨ ਅਤੇ ਆਜ਼ਾਦੀ ਲਈ ਆਵਾਜ਼ ਚੁੱਕਣ ਲੱਗੇ ਸਨ। ਇਸ ਦਾ ਇਕ ਵੱਡਾ ਪ੍ਰਮਾਣ ਯੂਕਰੇਨ ਦੇ ਲੋਕ ਜਨਵਰੀ 1990 ਵਿਚ ਦੇ ਵੀ ਚੁੱਕੇ ਸਨ (ਹਾਲਾਂਕਿ ਗੋਰਬਾਚੋਵ ਵੱਲੋਂ ਮਾਰਚ 1991 ਵਿਚ ਸਭ ਰਾਜਾਂ ਵਿਚ ਕਰਵਾਈ ਗਈ ਰਾਇਸ਼ੁਮਾਰੀ ਵਿਚ ਯੂਕਰੇਨ ਦੇ 70 ਫ਼ੀਸਦੀ ਤੋਂ ਵਧੇਰੇ ਲੋਕਾਂ ਨੇ ਸੋਵੀਅਤ ਯੂਨੀਅਨ ਨਾਲ ਬਣੇ ਰਹਿਣ ਦੀ ਇੱਛਾ ਜ਼ਾਹਿਰ ਕੀਤੀ ਸੀ)। ਫਿਰ ਵੀ ਇਹ ਨਾਰਾਜ਼ਗੀ ਤਾਂ ਦਿਸਣ ਲੱਗ ਪਈ ਸੀ। ‘ਭ੍ਰਿਸ਼ਟਾਚਾਰ’, ‘ਰੂਸ ਦਾ ਦਬਦਬਾ’, ‘ਡਿੱਗਦਾ ਅਰਥਚਾਰਾ’, ‘ਜ਼ਰੂਰੀ ਸਾਮਾਨ ਦੀ ਘਾਟ’, ‘ਲੰਮੀਆਂ-ਲੰਮੀਆਂ ਲਾਈਨਾਂ’, ‘ਚਰਨੋਬਿਲ ਹਾਦਸਾ ਅਤੇ ਉਸ ਦੇ ਪ੍ਰਬੰਧਨ ਵਿਚ ਕੇਂਦਰ ਦੀ ਗ਼ੈਰ-ਸੰਜੀਦਗੀ’ ਅਤੇ ਸਭ ਤੋਂ ਮਹੱਤਵਪੂਰਨ ‘ਰੂਸੀ ਭਾਸ਼ਾ ਨੂੰ ਪਹਿਲ ਅਤੇ ਲੋਕਾਂ ਦੀ ਮਾਤ-ਭਾਸ਼ਾ ਨੂੰ ਦੋਇਮ ਦਰਜਾ’ ਜਿਹੇ ਅਨੇਕਾਂ ਕਾਰਨ ਸਨ। ਤਿੰਨ ਬਾਲਟਿਕ ਰਾਜ (ਐਸਟੋਨੀਆ, ਲਾਤਵੀਆ ਅਤੇ ਲਿਥੁਆਨੀਆ) 1990 ਦੇ ਮੱਧ ਤੱਕ ਆਪਣੇ ਆਪ ਨੂੰ ਆਜ਼ਾਦ ਘੋਸ਼ਿਤ ਕਰ ਚੁੱਕੇ ਸਨ। ਹੋਰ ਰਾਜਾਂ ਵਿਚੋਂ ਵੀ ਆਵਾਜ਼ਾਂ ਉੱਠਣ ਲੱਗੀਆਂ ਸਨ।
ਸਾਡੀ ਜ਼ਿੰਦਗੀ ਬਹੁਤ ਮਜ਼ੇ ਨਾਲ ਗੁਜ਼ਰ ਰਹੀ ਸੀ ਕਿਉਂਕਿ ਉਪਰੋਕਤ ਸਭ ਕੁਝ ਵੱਡੇ ਸ਼ਹਿਰਾਂ ਤੱਕ ਹੀ ਸੀਮਿਤ ਸੀ। ਸਭ ਕੁਝ ਸਸਤਾ ਸੀ। ਸੋ ਪੜ੍ਹਾਈ ਦੇ ਨਾਲ-ਨਾਲ ਘੁੰਮਣਾ-ਫਿਰਨਾ, ਦੋਸਤਾਂ ਨੂੰ ਮਿਲਣ ਦੂਜੇ ਹੋਸਟਲਾਂ ਜਾਂ ਦੂਜੇ ਸ਼ਹਿਰਾਂ ਵਿਚ ਚਲੇ ਜਾਂਦੇ ਸਾਂ। ਆਉਣ ਤੋਂ ਬਾਅਦ ਮੈਂ 2-3 ਵਾਰ ਏਲੇਨਾ ਨਾਲ ਵੀ ਗੱਲ ਕੀਤੀ ਸੀ, ਡਾਕਖਾਨੇ ਜਾ ਕੇ। ਉਸ ਨੇ ਕਦੇ ਮਿਲਣ ਦੀ ਇੱਛਾ ਵੀ ਜਤਾਈ ਸੀ। ਅਗਸਤ 1991 ਦੀਆਂ ਛੁੱਟੀਆਂ ਸਨ। ਸਾਡੇ ਇਕ ਮਿੱਤਰ ਅਤੇ ਸੀਨੀਅਰ ਸੰਤ ਲਾਲ ਜੀ ਵਿਨੀਤਸਾ ਮੈਡੀਕਲ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਸਨ। ਮੈਂ ਅਤੇ ਮੇਰੇ ਸੀਨੀਅਰ ਮਿੱਤਰ ਫਰੀਦ ਜੀ ਨੇ ਪ੍ਰੋਗਰਾਮ ਬਣਾਇਆ ਕਿ ਉਨ੍ਹਾਂ ਕੋਲ ਚਲਦੇ ਹਾਂ, ਚਾਰ-ਪੰਜ ਦਿਨ ਰਹਿ ਕੇ ਆਵਾਂਗੇ। ਬਸ ਰਾਹੀਂ ਦੋ ਕੁ ਘੰਟੇ ਦਾ ਸਫ਼ਰ ਸੀ। ਗੱਲਾਂ-ਗੱਲਾਂ ਵਿਚ ਸੰਤ ਲਾਲ ਜੀ ਨਾਲ ਮੈਂ ਏਲੇਨਾ ਦੀ ਗੱਲ ਕੀਤੀ। ਸੰਤ ਲਾਲ ਜੀ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਮਿੱਤਰ ਵੋਲਗੋਗ੍ਰਾਦ ਵਿਚ ਪੜ੍ਹਦਾ ਹੈ। ਅਸੀਂ ਤਿੰਨਾਂ ਨੇ ਉੱਥੇ ਜਾਣ ਦਾ ਪ੍ਰੋਗਰਾਮ ਬਣਾਇਆ। ਸੰਤ ਲਾਲ ਜੀ ਨੇ ਉਸ ਨਾਲ ਗੱਲ ਵੀ ਕਰ ਲਈ। ਮੈਂ ਵੀ ਏਲੇਨਾ ਨੂੰ ਫੋਨ ਕਰ ਕੇ ਆਪਣੇ ਆਉਣ ਬਾਰੇ ਦੱਸ ਦਿੱਤਾ ਜਿਸ ’ਤੇ ਉਹ ਬਹੁਤ ਖ਼ੁਸ਼ ਹੋਈ। ਅਸੀਂ ਅਗਲੇ ਦਿਨ ਜਾਣ ਦਾ ਪ੍ਰੋਗਰਾਮ ਬਣਾਇਆ। ਦੇਰ ਸ਼ਾਮ ਦੀ ਗੱਡੀ ਸੀ। ਸਫ਼ਰ ਲੰਮਾ ਸੀ, ਸ਼ਾਇਦ 20-22 ਘੰਟੇ ਦਾ।
ਲੇਕਿਨ ਅਗਲੇ ਦਿਨ ਸਵੇਰੇ ਪਤਾ ਲੱਗਿਆ ਕਿ ਗੋਰਬਾਚੋਵ ਨੂੰ ਉਸ ਦੇ ਪਰਿਵਾਰ ਸਮੇਤ ਕ੍ਰੀਮੀਆ ਵਾਲੇ ‘ਦਾਚੇ’ ’ਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਉਪ-ਰਾਸ਼ਟਰਪਤੀ ਤੇ ਕੁਝ ਕੱਟੜਵਾਦੀ ਕਮਿਊਨਿਸਟਾਂ ਨੇ ਐਮਰਜੈਂਸੀ ਦਾ ਐਲਾਨ ਕਰ ਕੇ ਉਪ-ਰਾਸ਼ਟਰਪਤੀ ਦੀ ਅਗਵਾਈ ਹੇਠ ਅੱਠ ਮੈਂਬਰੀ ਕਮੇਟੀ ਬਣਾ ਦਿੱਤੀ ਜਿਸ ਨੇ ਗੋਰਬਾਚੋਵ ਨੂੰ ‘ਅਯੋਗ’ ਕਰਾਰ ਦੇ ਕੇ ‘ਸਭ ਕੁਝ ਚੰਗਾ ਕਰਨ ਲਈ’ ਸੱਤਾ ਆਪਣੇ ਹੱਥਾਂ ਵਿੱਚ ਲੈ ਲਈ। ਯੈਲਤਸਿਨ ਦੀ ਅਗਵਾਈ ਵਿਚ ਆਮ ਲੋਕਾਂ ਦੇ ਵੱਡੇ ਸਹਿਯੋਗ ਨਾਲ ਇਹ ‘ਤਖ਼ਤ ਪਲਟਾ’ ਤਿੰਨ ਦਿਨਾਂ ਵਿਚ ਹੀ ਫੇਲ ਹੋ ਗਿਆ। ਯੈਲਤਸਿਨ ਇਕ ਤਾਕਤਵਰ ਨੇਤਾ ਦੇ ਤੌਰ ’ਤੇ ਉੱਭਰ ਗਿਆ ਅਤੇ ਉਸ ਨੇ ਸਾਰਾ ਨਿਯੰਤਰਣ ਆਪਣੇ ਹੱਥਾਂ ਵਿਚ ਲੈ ਲਿਆ। ‘ਪਾਰਟੀ’ ਦੀਆਂ ਸਾਰੀਆਂ ਗਤੀਵਿਧੀਆਂ ਬੈਨ ਕਰ ਦਿੱਤੀਆਂ। ਦਸੰਬਰ 1991 ਵਿਚ ਯੂਕਰੇਨ ਵਿਚ ਫੇਰ ਰਾਇਸ਼ੁਮਾਈ ਕਰਵਾਈ ਗਈ ਅਤੇ 90 ਫ਼ੀਸਦੀ ਤੋਂ ਵਧੇਰੇ ਲੋਕਾਂ ਨੇ ਆਜ਼ਾਦ ਹੋਣ ਦੀ ਇੱਛਾ ਜ਼ਾਹਿਰ ਕੀਤੀ। ਦਸੰਬਰ ਵਿਚ ਸੋਵੀਅਤ ਯੂਨੀਅਨ ਭੰਗ ਹੋ ਗਿਆ ਅਤੇ ਸਾਰੇ 15 ਰਾਜ ਵੱਖ-ਵੱਖ ਮੁਲਕ ਬਣ ਗਏ।
ਇਸ ਸਭ ਕੁਝ ਦੌਰਾਨ ਵੋਲਗੋਗ੍ਰਾਦ ਅਤੇ ਏਲੇਨਾ ਤਾਂ ਭੁੱਲ ਹੀ ਗਏ। ਅੰਤਾਂ ਦੀ ਮਹਿੰਗਾਈ ਸ਼ੁਰੂ ਹੋ ਗਈ। ਯੂਕਰੇਨ ਦੀ ਆਪਣੀ ਕਰੰਸੀ ‘ਕਾਰਬੋਵਾਨੇਤਸ’ ਜਾਂ ‘ਕੂਪੋਨ’ ਲਾਗੂ ਹੋ ਗਈ। ‘ਕਰੰਸੀ’ ਦਾ ਮੁੱਲ ਇੰਨਾ ਘਟ ਗਿਆ ਕਿ ਸਟਾਈਪੈਂਡ ‘ਮਿਲੀਅਨਾਂ’ ਵਿਚ ਮਿਲਣ ਲੱਗ ਪਿਆ। 20 ਕੋਪੇਕ ਵਿਚ ਮਿਲਣ ਵਾਲੀ ਬ੍ਰੈੱਡ ਪਹਿਲਾਂ ਕੁਝ ਹਜ਼ਾਰ ਕੂਪੋਨਾਂ ਅਤੇ ਅੱਗੇ ਜਾ ਕੇ 50,000 ਕੂਪੋਨਾਂ ਤੱਕ ਦੀ ਮਿਲਣ ਲੱਗ ਪਈ। ਹੋਰ ਵਸਤਾਂ ਦੇ ਭਾਅ ਵੀ ਇਸੇ ਤਰ੍ਹਾਂ ਵਧੇ। ਅਸਲ ਮੁਸੀਬਤ ਤਾਂ ਉਦੋਂ ਹੋਈ ਜਦੋਂ ਸਾਨੂੰ ਕਹਿ ਦਿੱਤਾ ਗਿਆ ਕਿ ਜਾਂ ਤਾਂ ਆਪਣੇ ਦੇਸ਼ ਵਾਪਸ ਚਲੇ ਜਾਉ ਜਾਂ ਫੇਰ ਪੜ੍ਹਾਈ ਲਈ ਫੀਸ ਭਰੋ। ਬਹੁਤ ਵੱਡਾ ਤਣਾਅ ਪੈਦਾ ਹੋ ਗਿਆ। ਪਰਿਵਾਰ ਦੀ ਆਰਥਿਕ ਸਥਿਤੀ ਬਹੁਤ ਹੀ ਨਾਜ਼ੁਕ ਸੀ, ਸੋ ਘਰੋਂ ਫੀਸ ਮਿਲਣਾ ਅਸੰਭਵ ਸੀ। ਬਹੁਤ ਹੱਥ-ਪੈਰ ਮਾਰੇ, ਡੀਨ-ਰੈਕਟਰ ਤੱਕ ਮਿੰਨਤਾਂ ਕੀਤੀਆਂ, ਪਰ ਕੋਈ ਹੱਲ ਨਹੀਂ। ਫੇਰ ਮਾਸਕੋ ਵਿਚ ਭਾਰਤੀ ਸਫ਼ਾਰਤਖ਼ਾਨੇ ਅਤੇ ਕੌਮਾਂਤਰੀ ਮਾਮਲਿਆਂ ਬਾਰੇ ਮੰਤਰਾਲੇ ਵਿਚ ਹਰ ਦੂਜੇ-ਤੀਜੇ ਦਿਨ ਫੋਨ ਕਰਨੇ ਸ਼ੁਰੂ ਕੀਤੇ। ਉਹ ਹੌਸਲਾ ਦਿੰਦੇ ਸਨ ਕਿ ਫ਼ਿਕਰ ਨਾ ਕਰੋ, ਕੁਝ ਨਾ ਕੁਝ ਹੱਲ ਨਿਕਲੇਗਾ। ਅੰਤ ਘਰੇ ਚਿੱਠੀ ਵੀ ਲਿਖੀ ਅਤੇ ਟ੍ਰੰਕ-ਕਾਲ ਬੁੱਕ ਕਰ ਕੇ ਭਾਪਾ ਜੀ ਨਾਲ ਗੱਲ ਵੀ ਕੀਤੀ। ਭਾਪਾ ਜੀ ਨੇ ਹੌਸਲਾ ਦਿੱਤਾ ਕਿ ਫ਼ਿਕਰ ਨਾ ਕਰੀਂ, ਤੇਰੀ ਪੜ੍ਹਾਈ ਨਹੀਂ ਟੁੱਟਣ ਦਿਆਂਗੇ, ਚਾਹੇ ਮਕਾਨ ਹੀ ਕਿਉਂ ਨਾ ਵੇਚਣਾ ਪਵੇ। ਅੱਖਾਂ ਵਿਚ ਹੰਝੂ ਆ ਗਏ। ਖ਼ੈਰ! ਕੁਝ ਦਿਨਾਂ ਵਿਚ ਪਤਾ ਲੱਗਾ ਕਿ ਰੂਸ ਸਾਡੇ ਸਾਰੇ ਖਰਚੇ ਚੁੱਕੇਗਾ। ਇਕ ਸਰਪ੍ਰਸਤ ਦੀ ਤਰ੍ਹਾਂ ਉਸ ਨੇ ਸਾਡੇ ਸਿਰਾਂ ’ਤੇ ਹੱਥ ਰੱਖਿਆ ਜਿਹੜਾ ਪੜ੍ਹਾਈ ਦੇ ਆਖ਼ਰੀ ਸਮੇਂ ਤੱਕ ਰਿਹਾ, ਜਦੋਂ ਤੱਕ ਕਿ ਮੈਂ ਮਾਸਕੋ ਵੱਲੋਂ ਮਿਲੀ ਟਰੇਨ ਅਤੇ ਹਵਾਈ ਜਹਾਜ਼ ਦੀ ਟਿਕਟ ਸਦਕਾ ਪੜ੍ਹਾਈ ਖ਼ਤਮ ਕਰ ਕੇ 1995 ਵਿਚ ਭਾਰਤ ਵਾਪਸ ਨਾ ਆ ਗਿਆ।
ਸੰਪਰਕ: 98147-11605