ਤਰਲੋਚਨ ਸਿੰਘ ‘ਦੁਪਾਲ ਪੁਰ’
ਕਈ ਸਾਲਾਂ ਤੋਂ ਕੈਲੀਫੋਰਨੀਆ ਸਟੇਟ ਦੇ ਸ਼ਹਿਰ ਵਿਚ ਰਹਿੰਦਿਆਂ, ਨਵੇਂ ਘਰ ਵਿਚ ਆਇਆਂ ਸਾਨੂੰ ਦੋ ਕੁ ਮਹੀਨੇ ਹੀ ਹੋਏ ਸਨ। ਮੈਂ ਆਪਣੀ ਪਤਨੀ ਨਾਲ ਸ਼ਾਮ ਦੀ ਸੈਰ ਨੂੰ ਤੁਰਿਆ ਜਾ ਰਿਹਾ ਸਾਂ। ਆਪਣੇ ਘਰ ਤੋਂ ਸੱਤ ਅੱਠ ਕੁ ਘਰ ਛੱਡ ਕੇ ਅਸੀਂ ਇਕ ਗੋਰੇ ਦੇ ਘਰ ਮੂਹਰਿਉਂ ਲੰਘੇ। ਉਸ ਘਰ ਦੇ ਮੂਹਰੇ ਲੱਗੇ ਹੋਏ ਸੇਬਾਂ ਦੇ ਬੂਟੇ ਦੀਆਂ ਟਾਹਣੀਆਂ, ਵਾਕ-ਵੇਅ ਵੱਲ ਨੂੰ ਇਉਂ ਵਧੀਆਂ ਹੋਈਆਂ ਸਨ ਜਿਵੇਂ ਉਹ ਰਾਹਗੀਰਾਂ ਅੱਗੇ ਲੱਗੇ ਹੋਏ ਕੁਝ ਹਰੇ ਤੇ ਕੁਝ ਲਾਲੀ ਦੀ ਭਾਹ ਮਾਰਦੇ ਲਿਸ਼ਕਦੇ ਸੇਬਾਂ ਦੀ ਨੁਮਾਇਸ਼ ਕਰ ਰਹੀਆਂ ਹੋਣ। ਜਾਣ ਵੇਲੇ ਤਾਂ ਅਸੀਂ ਦੋਵੇਂ ਚੁੱਪ ਚੁਪੀਤੇ ਸੇਬਾਂ ਵੱਲ ਦੇਖਦੇ ਟਾਹਣੀਆਂ ਤੋਂ ਟੇਢੇ ਜਿਹੇ ਹੋ ਕੇ ਲੰਘ ਗਏ ਪਰ ਮੁੜ ਕੇ ਆਉਂਦਿਆਂ ਮੈਂ ਇਸ਼ਾਰੇ ਨਾਲ ਪਤਨੀ ਨੂੰ ਪੁੱਛਿਆ ਕਿ ਇਕ ਦੋ ਤੋੜ ਲਈਏ? ਸੇਬਾਂ ਦਾ ਰੰਗ ਦੇਖ ਕੇ ਲਲਚਾ ਤਾਂ ਉਹ ਵੀ ਰਹੀ ਸੀ ਪਰ ‘ਕੀ ਪਤਾ ਇਸ ਘਰ ਵਾਲੇ ਕੌਣ ਤੇ ਕਿਹੋ ਜਿਹੇ ਹੋਣ?’ ਕਹਿ ਕੇ ਉਸ ਨੇ ਮਨ੍ਹਾਂ ਕਰ ਦਿੱਤਾ।
ਘਰ ਆ ਕੇ ਅਸੀਂ ਕਿੰਨਾਂ ਚਿਰ ਦੇਖੇ ਹੋਏ ਸੇਬਾਂ ਦੀਆਂ ਗੱਲਾਂ ਕਰਦੇ ਰਹੇ। ਆਪਣੇ ਘਰੇਲੂ ਬੂਟਿਆਂ ’ਤੇ ਲੱਗੇ ਹੋਏ ਫਲ਼ਾਂ ਨੂੰ ਨਾ ਖਾਣ ਬਾਰੇ ਬਹੁਤੇ ਅਮਰੀਕਨਾਂ ਦੇ ਸੁਭਾਅ ਬਾਰੇ ਗੱਲ ਕਰਦਿਆਂ ਪਤਨੀ ਨੇ ਮੈਨੂੰ ਯਾਦ ਕਰਾਇਆ ਕਿ ਤੁਸੀਂ ਜਦ ਆਪਣੇ ਕੰਮ ਤੋਂ ਨਾਸ਼ਪਾਤੀਆਂ ਤੋੜ ਤੋੜ ਲਿਆਉਂਦੇ ਹੁੰਦੇ ਸੀ ਤਾਂ ਤੁਸੀਂ ਹੀ ਦੱਸਦੇ ਹੁੰਦੇ ਸੀ ਕਿ ਉੱਥੇ ਰਹਿੰਦੇ ਗਭਰੇਟ ਨਿਆਣੇ ਸਟੋਰਾਂ ਤੋਂ ਲਿਆ ਕੇ ਫਰਿੱਜ ’ਚ ਰੱਖਿਆ ਹੋਇਆ ਫਰੂਟ ਤਾਂ ਖਾ ਲੈਂਦੇ ਹਨ ਪਰ ਘਰ ਮੂਹਰੇ ਲੱਗੇ ਆਲੂ ਬੁਖਾਰੇ ਤੇ ਨਾਸ਼ਪਾਤੀਆਂ ਕਦੇ ਨਹੀਂ ਤੋੜਦੇ। ਇਹ ਸੁਣ ਕੇ ਮੈਂ ਉਸ ਨੂੰ ਮਜ਼ਾਕ ’ਚ ਕਿਹਾ ਕਿ ਇਹਦਾ ਮਤਲਬ ਤੂੰ ਮੈਨੂੰ ਉਕਸਾ ਰਹੀ ਐਂ ਕਿ ਗੋਰੇ ਦੇ ਘਰੋਂ ਸੇਬ ਤੋੜ ਲਿਆਇਆ ਕਰੋ!
ਦੂਜੇ ਦਿਨ ਸ਼ਾਮ ਵੇਲੇ ਜਦ ਅਸੀਂ ਉਸ ਗੋਰੇ ਦੇ ਘਰ ਵੱਲ ਜਾ ਰਹੇ ਸਾਂ ਤਾਂ ਉੱਚਾ ਲੰਮਾ ਅੱਧਖੜ ਜਿਹਾ ਭਾਈ ਅੰਦਰ ਵੜਦਾ ਦੇਖਿਆ। ਇਸ ਗੱਲੋਂ ਅਸੀਂ ਨਿਸ਼ਚਿੰਤ ਹੋ ਗਏ ਕਿ ਇਸ ਘਰ ਦਾ ਮਾਲਕ ਕੋਈ ਇੰਡੀਅਨ ਨਹੀਂ, ਗੋਰਾ ਹੀ ਹੈ। ਜਾਂਦਿਆਂ ਹੋਇਆਂ ਅਸੀਂ ਸਲਾਹ ਕੀਤੀ ਕਿ ਮੁੜ ਕੇ ਆਉਂਦਿਆਂ ਜੇ ਇਹ ਬਾਹਰ ਖੜ੍ਹਾ ਹੋਇਆ ਤਾਂ ਇਹਨੂੰ ਪੁੱਛ ਕੇ ਇਕ-ਦੋ ਸੇਬ ਤੋੜ ਲਿਜਾਵਾਂਗੇ ਪਰ ਜਦੋਂ ਅੱਧੇ ਪੌਣੇ ਘੰਟੇ ਬਾਅਦ ਅਸੀਂ ਵਾਪਸ ਆਏ ਤਾਂ ਸੇਬਾਂ ਨਾਲ ਲੱਦਿਆ ਬੂਟਾ ਹੀ ਇਕੱਲਾ ਸਾਨੂੰ ਉਡੀਕ ਰਿਹਾ ਸੀ। ਬਿਲਕੁਲ ਆਪਣੀ ਪੱਗ ਨਾਲ ਛੂੰਹਦੇ ਟਾਹਣੇ ਤੋਂ ਜੱਕੋ-ਤੱਕੀ ਤਿਆਗ ਕੇ ਮੈਂ ਦੋ ਤਿੰਨ ਸੇਬ ਤੋੜ ਲਏ।
ਸਾਡੇ ਘਰ ਦੇ ਜੀਆਂ ਨੇ ਹਿੱਸੇ ਆਏ ਸੇਬਾਂ ਦੇ ਟੁਕੜੇ ਖਾਂਦਿਆਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਨ੍ਹਾਂ ਦਾ ਸਵਾਦ ਐਨ੍ਹ ਉਹੋ ਜਿਹਾ ਹੀ ਹੈ ਜਿਹੋ ਜਿਹੇ ਸੇਬ ਅਸੀਂ ਪੰਜਾਬ ’ਚ ਖਾਂਦੇ ਹੁੰਦੇ ਸਾਂ। ਮੇਰੇ ਸਮੇਤ ਸਾਰਾ ਟੱਬਰ ਕਹਿਣ ਲੱਗ ਪਿਆ ਕਿ ਇੱਥੇ ਵੱਖ ਵੱਖ ਸਟੋਰਾਂ ਤੋਂ ਵੀਹ ਕਿਸਮਾਂ ਦੇ ਸੇਬ ਲਿਆ ਲਿਆ ਦੇਖ ਲਏ ਪਰ ਇੰਡੀਆ ਦੇ ਸੇਬਾਂ ਵਾਲੀ ਗੱਲ ਨਹੀਂ ਬਣਦੀ- ਮਿਠਾਸ ਘੱਟ ਪਰ ਖਟਾਸ ਜ਼ਿਆਦਾ ਹੁੰਦੀ ਐ। ਜਾਣੀ ਕਿ ਸਾਰਿਆਂ ਨੇ ਮੈਨੂੰ ਰੋਜ਼ ਸੇਬ ਤੋੜ ਕੇ ਲੈ ਆਉਣ ਦਾ ਸੰਦੇਸ਼ ਦੇ ਦਿੱਤਾ।
ਲਉ ਜੀ, ਆਪਾਂ ਨਿੱਤ ਦਾ ਕੰਮ ਹੀ ਬਣਾ ਲਿਆ! ਰੋਜ ਸ਼ਾਮ ਨੂੰ ਸੈਰ ਤੋਂ ਮੁੜਦਿਆਂ ਜੈਕਟ ਦੀਆਂ ਜੇਬ੍ਹਾਂ ਸੇਬਾਂ ਨਾਲ ਠੂਸ ਲੈਣੀਆਂ!! ਕਈ ਵਾਰ ਸੇਬ ਤੋੜਨ ਵੇਲ਼ੇ ਜਾਣ ਬੁੱਝ ਕੇ ਕੱਚੇ-ਪੱਕੇ ਛਾਂਟੀ ਜਾਣੇ ਕਿ ਸ਼ਾਇਦ ਅੰਦਰੋਂ ਗੋਰਾ ਜਾਂ ਉਸ ਦੀ ਪਤਨੀ ਬਾਹਰ ਆਵੇ ਤੇ ਮੈਂ ‘ਸੌਰੀ’ ਕਹਿ ਕੇ ਉਨ੍ਹਾਂ ਤੋਂ ਸੇਬ ਤੋੜਨ ਦੀ ‘ਰਸਮੀ ਇਜਾਜ਼ਤ’ ਵੀ ਲੈ ਲਵਾਂ। ਮੇਰੀ ਇਹ ਇੱਛਾ ਤਾਂ ਪੂਰੀ ਨਹੀਂ ਹੋਈ ਪਰ ਜਿੱਥੇ ਤੱਕ ਮੇਰਾ ਹੱਥ ਜਾਂਦਾ ਸੀ, ਮੈਂ ਰੋਜ਼ ਸੇਬ ਤੋੜ ਤੋੜ ਕੇ ਟਾਹਣੇ ਖਾਲੀ ਕਰਦਾ ਰਿਹਾ। ਫਿਰ ਕਈ ਦਿਨ ਮੈਂ ਛੜੱਪੇ ਮਾਰ ਮਾਰ ਕੇ ਸੇਬ ਤੋੜਨ ਲੱਗਾ ਕਿਉਂਕਿ ਉੱਪਰ ਮੋਟੇ ਮੋਟੇ ਸੇਬ ਦੇਖ ਕੇ ਮੇਰਾ ਲਾਲਚ ਵਧੀ ਗਿਆ। ਭਾਵੇਂ ਸਾਡੇ ਘਰਦਿਆਂ ਨੇ ਮੈਨੂੰ ‘ਛੜੱਪੇ ਮਾਰ ਸਰਵਿਸ’ ਤੋਂ ਵਰਜਿਆ ਵੀ ਪਰ ਮੈਂ ਹਟਿਆ ਨਾ।
ਰੋਜ਼ ਵਾਂਗ ਇਕ ਸ਼ਾਮ ਮੈਂ ਉਸ ਗੋਰੇ ਦੇ ਘਰ ਅੱਗੇ ਪਹੁੰਚਿਆ ਤਾਂ ਇਹ ਦੇਖ ਕੇ ਮੈਂ ਹੈਰਾਨ ਹੋਇਆ ਕਿ ਸੇਬਾਂ ਦੇ ਬੂਟੇ ਥੱਲੇ ‘ਫਰੂਟ-ਪਿੱਕਰ’ ਪਿਆ ਸੀ। ਇਹ ਇਕ ਕਿਸਮ ਦੀ ਢਾਂਗੀ ਵਾਂਗ ਹੁੰਦਾ ਹੈ ਜਿਹਦੇ ਉਤਲੇ ਸਿਰੇ ’ਤੇ ਹੁੱਕਾਂ ਜਿਹੀਆਂ ਤੇ ਨਾਲ ਇੱਕ ਤਾਰਾਂ ਵਾਲੀ ਬਾਲਟੀ ਜਿਹੀ ਬਣੀ ਹੁੰਦੀ ਹੈ, ਇਹਦੇ ਨਾਲ ਉੱਚੇ ਟਾਹਣਿਆਂ ’ਤੇ ਲੱਗੇ ਹੋਏ ਫਲ਼ ਤੋੜੇ ਜਾਂਦੇ ਹਨ। ਮੈਂ ਅੰਦਾਜ਼ਾ ਲਇਆ ਕਿ ਗੋਰੇ ਨੇ ਮੈਨੂੰ ਛੜੱਪੇ ਮਾਰਦੇ ਨੂੰ ਦੇਖ ਲਿਆ ਹੋਣਾ ਐ ਤੇ ਮੇਰੀ ਸਹੂਲਤ ਲਈ ਉਸ ਨੇ ਇਹ ਸੰਦ ਬਾਹਰ ਰੱਖ ਦਿੱਤਾ ਹੋਵੇਗਾ! ਲਉ ਜੀ, ਮੈਂ ਹੁਣ ਉਸ ਢਾਂਗੇ ਨਾਲ ਉੱਚੇ ਟਾਹਣਿਆਂ ਨਾਲ ਲੱਗੇ ਹੋਏ ਸੇਬ ਲਾਹੁਣ ਲੱਗ ਪਿਆ। ਕਈ ਵਾਰ ਮੈਂ ਸੋਚਿਆ ਕਿ ਇਹ ਢਾਂਗਾ ਬਾਹਰ ਰੱਖਣ ਵਾਲੇ ਗੋਰੇ ਦਾ ਸ਼ੁਕਰਾਨਾ ਕਰਾਂ ਪਰ ਉਹ ਕਦੇ ਘਰੋਂ ਬਾਹਰ ਨਿਕਲਿਆ ਦਿਸਿਆ ਹੀ ਨਾ। ਵੈਸੇ ਓਸ ਢਾਂਗੇ ਨਾਲ ਸੇਬ ਲਾਹੁੰਦਿਆਂ ਮੈਨੂੰ ਸੰਗ ਵੀ ਆਉਣੀ ਤੇ ਨਾਲੇ ਮੈਂ ਸੋਚਣਾ ਕਿ ਜੇ ਦੇਸ ਹੁੰਦਾ ਤਾਂ ਮਾਲਕ ਨੇ ਐਹੋ ਜਿਹੀ ਮੋਟੀ ਲਾਠੀ ਲੈ ਕੇ ਘਰੋਂ ਬਾਹਰ ਆਉਣਾ ਸੀ ਤੇ ਮੈਨੂੰ ਡਾਂਟਦਿਆਂ ਕਹਿਣਾ ਸੀ ਕਿ ਇਹ ਬੂਟਾ ਤੇਰੇ ਲਈ ਨਹੀਂ ਲਾਇਆ ਹੋਇਆ ਸ੍ਰੀਮਾਨ!
ਫਰੂਟ-ਪਿੱਕਰ ਨਾਲ ਸੇਬ ਲਾਹੁੰਦਿਆਂ ਇਕ ਦਿਨ ਮੇਰੇ ਨਾਲ ਬਹੁਤ ਬੁਰੀ ਹੋਈ। ਬਹੁਤ ਉੱਚੇ ਸੇਬ ਲਾਹੁਣ ਲਈ ਕੋਸ਼ਿਸ਼ ਕਰ ਰਿਹਾ ਸਾਂ ਕਿ ਇਕ ਹੁੱਕ ਕਿਸੇ ਲੱਕੜੀ ’ਚ ਫਸ ਗਈ। ਜਦ ਮੈਂ ਜ਼ੋਰ ਨਾਲ ਝਟਕਾ ਮਾਰਿਆ ਤਾਂ ਲਾਠੀ ਮੇਰੇ ਹੱਥ ’ਚ ਰਹਿ ਗਈ ਤੇ ਮੂਹਰਲਾ ਜੁਗਾੜ ਉੱਤੇ ਹੀ ਟੰਗਿਆ ਰਹਿ ਗਿਆ। ਹੱਕਾ-ਬੱਕਾ ਹੋਇਆ ਮੈਂ ਆਲ਼ਾ-ਦੁਆਲ਼ਾ ਦੇਖਾਂ ਕਿ ਹੁਣ ਕੀ ਕਰਾਂ? ਲਾਠੀ ’ਤਾਂਹ ਨੂੰ ਚੁੱਕ ਕੇ ਮੈਂ ਦਸ ਪੰਦਰਾਂ ਮਿੰਟ ਖੌਝਲਦਾ ਰਿਹਾ। ਆਖ਼ਰ ਮੈਂ ਉੱਤੇ ਟੰਗ ਹੋਇਆ ਮੂਹਰਲਾ ਹਿੱਸਾ ਥੱਲੇ ਲਾਹ ਕੇ ਸੁਖ ਦਾ ਸਾਹ ਲਿਆ। ਫਰੂਟ-ਪਿੱਕਰ ਟੁੱਟ ਗਿਆ ਦੱਸਣ ਲਈ ਮੈਂ ਗੋਰੇ ਦੇ ਦਰਵਾਜ਼ੇ ਦੀ ਬੈੱਲ ਵਜਾਈ ਪਰ ਅੰਦਰੋਂ ਕੋਈ ਹਿਲ-ਜੁਲ ਸੁਣਾਈ ਨਾ ਦਿੱਤੀ। ਲਾਠੀ ਅਤੇ ਮੂਹਰਲਾ ਹਿੱਸਾ ਦੋਵੇਂ ਇਕ ਪਾਸੇ ਰੱਖ ਕੇ ਜਿੰਨੇ ਕੁ ਸੇਬ ਤੋੜੇ ਸਨ, ਲੈ ਕੇ ਘਰ ਨੂੰ ਆ ਗਿਆ। ਘਰ ਦੇ ਮੈਨੂੰ ਕਹਿੰਦੇ ਕਿ ਅੱਵਲ ਤਾਂ ਹੁਣੇ ਜਾਉ, ਨਹੀਂ ਤਾਂ ਕੱਲ੍ਹ ਨੂੰ ਗੋਰੇ ਕੋਲ ਜਾ ਕੇ ‘ਸੌਰੀ’ ਕਹਿਉ ਤੇ ਨਾਲੇ ਦੱਸਿਉ ਕਿ ਫਰੂਟ-ਪਿੱਕਰ ਮੈਥੋਂ ਟੁੱਟ ਗਿਆ ਸੀ।
ਅਗਲੀ ਸ਼ਾਮ ਜਦ ਮੈਂ ਮੁਆਫ਼ੀ ਮੰਗਣ ਲਈ ਗੋਰੇ ਦੇ ਘਰ ਵੱਲ ਜਾ ਰਿਹਾ ਸਾਂ ਤਾਂ ਮੈਂ ਦੇਖਿਆ ਕਿ ਉਹ ਬਾਹਰ ਬੈਠਾ ਕੁਝ ਕਰ ਰਿਹਾ ਸੀ। ਕੋਲ ਪਹੁੰਚ ਕੇ ਉਹਦੇ ਵੱਲ ਦੇਖਦਿਆਂ ਮੈਂ ਹੋਰ ਸ਼ਰਮਿੰਦਾ ਹੋ ਗਿਆ। ਪਲਾਸ ਨਾਲ ਤਾਰਾਂ ਮਰੋੜ ਮਰੋੜ ਕੇ ਉਹ ਫਰੂਟ-ਪਿੱਕਰ ਨੂੰ ਮੁੜ ਕਾਰਆਮਦ ਬਣਾ ਰਿਹਾ ਸੀ। ਮੇਰੀ ਸੌਰੀ ਸੁਣ ਕੇ ਉਹ ਬੜੀ ਬੇਪਰਵਾਹੀ ਨਾਲ ਬੋਲਿਆ- “ਇਟਸ ਓ.ਕੇ.!! ਫਿਰ ਕੀ ਹੋਇਆ! …ਮੈਂ ਵੀ ਸੇਬ ਖਾਣ ਦਾ ਸ਼ੌਕੀਨ ਹਾਂ …ਪਰ ਮੇਰੀ ਵਾਈਫ ਮੈਨੂੰ ਇਹ ਸੇਬ ਨਹੀਂ ਖਾਣ ਦਿੰਦੀ। ਸੇਫ ਵੇਅ ਤੋਂ ਲਿਆਉਂਦੀ ਹੁੰਦੀ ਹੈ।’’ ਟੁੱਟੇ ਫਰੂਟ-ਪਿੱਕਰ ਨੂੰ ਚੰਗੀ ਤਰ੍ਹਾਂ ਫਿਕਸ ਕਰ ਕੇ ਮੈਨੂੰ ਫੜਾਉਂਦਿਆਂ ਉਹ ਬੋਲਿਆ, ‘‘ਜੇ ਇਹ ਫਿਰ ਟੁੱਟ ਗਿਆ ਤਾਂ ਮੈਂ ਨਵਾਂ ਲੈ ਆਵਾਂਗਾ …ਨੋ ਪ੍ਰਾਬਲਮ!!’’
ਈ-ਮੇਲ: tsdupalpuri@yahoo.com