ਦਰਸ਼ਨ ਸਿੰਘ
‘ਸਮਾਂ ਬੜਾ ਨਾਜ਼ੁਕ ਹੈ’। ਸਿਆਣਿਆਂ ਦੀ ਸਿਆਣੀ ਗੱਲ ਉਨ੍ਹਾਂ ਦੇ ਹੰਢਾਏ ਅਨੁਭਵ ਦੀ ਸਚਾਈ ਹੁੰਦੀ ਹੈ। ਸੋਚ ਸਮਝ ਕੇ ਕਹੀ ਗੱਲ ਸਦਾ ਹੀ ਵੱਡੇ, ਡੂੰਘੇ ਅਤੇ ਗਹਿਰੇ ਅਰਥ ਰੱਖਦੀ ਹੈ। ਸ਼ਾਇਦ ਇਸੇ ਲਈ ਸਿਆਣਿਆਂ ਦੀਆਂ ਸਿਆਣਪਾਂ ਅਖਾਣਾਂ ਤੇ ਮੁਹਾਵਰਿਆਂ ਵਿਚੋਂ ਸਹਿਜ ਸੁਭਾਅ ਹੀ ਝਲਕ ਪੈਂਦੀਆਂ ਹਨ। ਸਮਝਦਾਰੀ ਵੀ ਇਹੋ ਸਮਝਣ ਵਿਚ ਹੈ ਕਿ ‘ਆਉਲੇ ਦਾ ਖਾਧਾ ਤੇ ਸਿਆਣਿਆਂ ਦਾ ਕਿਹਾ ਚਿਰ ਪਿੱਛੋਂ ਹੀ ਪਤਾ ਲਗਦਾ ਹੈ’।
ਸਮਾਂ ਨਵੇਂ ਨਵੇਂ ਰੰਗਾਂ ਤੇ ਰੂਪਾਂ ਵਿਚ ਸਾਹਮਣੇ ਆਉਂਦਾ ਹੈ। ਗੱਲਾਂ ਦੀਆਂ ਤੰਦਾਂ ਦੇ ਸਿਰੇ ਸਮਾਂ ਬੀਤਣ ਪਿੱਛੋਂ ਬਦਲੇ ਹਾਲਾਤ ਨਾਲ ਆਪ ਮੁਹਾਰਾ ਜੁੜ ਜਾਂਦੇ ਹਨ। ਪੜ੍ਹਦੇ ਪੜ੍ਹਾਉਂਦੇ ਸਮੇਂ ਇਹ ਸੁਆਲ ਆਮ ਹੀ ਸੀ ਕਿ ਰੋਗ ਕਿਵੇਂ ਫੈਲਦੇ ਹਨ? ਸਾਹ, ਹਵਾ, ਖੰਘਣ, ਛਿੱਕਣ ਜਾਂ ਸਿੱਧੇ ਸੰਪਰਕ ਹੀ ਇਨ੍ਹਾਂ ਦੀ ਮੁੱਖ ਵਜ੍ਹਾ ਦੱਸੇ ਜਾਂਦੇ ਸਨ। ਸਮਾਂ ਹੁਣ ਬਦਲ ਗਿਆ ਹੈ। ਹੁਣ ‘ਮਾਸਕ’ ਅਤੇ ‘ਲੌਕਡਾਊਨ’ ਜਿਹੇ ਨਵੇਂ ਸ਼ਬਦ ਵੀ ਹੋਂਦ ਵਿਚ ਆ ਗਏ ਹਨ। ਖੰਘਣਾ, ਛਿੱਕਣਾ ਕਦੀ ਕੁਦਰਤੀ ਪ੍ਰਕਿਰਿਆ ਹੁੰਦੀ ਸੀ। ਸਮੇਂ ਨਾਲ ਹੁਣ ਇਹ ਗ੍ਰਹਿਣੀਆਂ ਗਈਆਂ ਹਨ ਅਤੇ ਹਰ ਕੋਈ ਇਨ੍ਹਾਂ ਦੇ ਸ਼ਿਕਾਰ ਹੋਏ ਤੋਂ ਕੰਬਣ, ਡਰਨ ਅਤੇ ਕੋਹਾਂ ਪਰ੍ਹੇ ਭੱਜਣ ਲੱਗਾ ਹੈ।
ਰੁੱਤ ਜਾਂ ਮੌਸਮ ਤਬਦੀਲੀ ਨਾਲ ਮੈਨੂੰ ਅਕਸਰ ਜ਼ੁਕਾਮ ਹੋ ਜਾਂਦਾ ਸੀ। ਕਦੀ ਕਦੀ ਖੰਘ ਵੀ ਛਿੜ ਪੈਂਦੀ। ਇਸ ਅਣਸੁਖਾਵੀਂ ਹਾਲਤ ਵਿਚ ਇਕ ਦੋ ਦਿਨ ਦੀ ਛੁੱਟੀ ਲੈ ਲੈਂਦਾ ਜਾਂ ਫਿਰ ਰੁਮਾਲ ਨਾਲ ਨੱਕ-ਮੂੰਹ ਢਕ ਕੇ ਡੰਗ ਟਪਾ ਲੈਂਦਾ। ਪੜ੍ਹਾਉਂਦੇ ਸਮੇਂ ਵੀ ਅਜਿਹਾ ਹੀ ਕਰਦਾ ਸਾਂ। ਰੋਗ ਦੇ ਫੈਲਾਉ ਨੂੰ ਬੰਨ੍ਹ ਮਾਰਨ ਦਾ ਇਹੋ ਢੁੱਕਵਾਂ ਢੰਗ ਸੀ। ਮੇਰੇ ਵਿਦਿਆਰਥੀ ਵੀ ਮੈਨੂੰ ਦੇਖ ਕੇ ਇਹ ਗੱਲ ਸਿੱਖ ਗਏ ਸਨ ਅਤੇ ਵਿਸ਼ੇਸ਼ ਕਰ ਕੇ ਮੇਰੇ ਕੋਲ ਪੜ੍ਹਦੀਆਂ ਲੜਕੀਆਂ ਖੰਘਣ ਛਿੱਕਣ ਸਮੇਂ ਚੁੰਨੀ ਮੂੰਹ ਤੇ ਕਰ ਲੈਂਦੀਆਂ ਸਨ। ਹੁਣ ਜਦੋਂ ‘ਮਾਸਕ’ ਦੀ ਚਰਚਾ ਹਰ ਜਗ੍ਹਾ ਹੋਣ ਲੱਗੀ ਹੈ ਤਾਂ ਇਹ ਸੋਚ ਕੇ ਮੈਨੂੰ ਸਕੂਨ ਹੋਣ ਲਗਦਾ ਹੈ ਕਿ ਇਹ ਗੱਲਾਂ ਤਾਂ ਮੈਂ ਵਰ੍ਹਿਆਂ ਪਹਿਲੋਂ ਹੀ ਸਿੱਖ ਤੇ ਸਿਖਾ ਚੁੱਕਾ ਸੀ। ਜੀਵਨ ਵਿਚ ਚੰਗੀਆਂ ਗੱਲਾਂ ਤੇ ਅਪਣਾਈਆਂ ਚੰਗੀਆਂ ਆਦਤਾਂ ਜ਼ਿੰਦਗੀ ਨੂੰ ਹਰ ਚੰਗੇ ਮਾੜੇ ਸਮੇਂ ਵਿਚ ਸਹਿਜੇ ਹੀ ਸੁਖਾਵੀਂ ਤੋਰ ਦੇ ਦਿੰਦੀਆਂ ਹਨ।
ਮੇਰੇ ਦਾਦਾ ਦਾਦੀ ਜੀ ਨੂੰ ਗੁਜ਼ਰਿਆਂ ਪੰਜਾਹ ਸਾਲ ਤੋਂ ਉੱਪਰ ਹੋ ਗਏ ਹਨ। ਤਿੰਨ ਚਾਰ ਜਮਾਤਾਂ ਹੀ ਪੜ੍ਹੇ ਸਨ। ਵਿਹੜੇ ਵਿਚ ਨਲਕਾ ਹੁੰਦਾ ਸੀ। ਬਾਹਰੋਂ ਖੇਡ ਕੇ ਆਉਂਦਾ ਤਾਂ ਦਾਦਾ ਜੀ ਮੈਨੂੰ ਬਾਹੋਂ ਫੜ ਕੇ ਨਲਕੇ ਕੋਲ ਲੈ ਜਾਂਦੇ ਤੇ ‘ਚੰਬਾ ਸੋਪ’ (ਸਾਬਣ ਦਾ ਨਾਂ) ਨਾਲ ਮਲ ਮਲ ਹੱਥ ਧੁਆਉਂਦੇ। ਸੁਆਹ ਨਾਲ ਉਦੋਂ ਭਾਂਡੇ ਮਾਂਜਦੇ ਹੁੰਦੇ ਸਨ। ਆਖਦੇ ਕਿ ਭਾਂਡਿਆਂ ਵਾਂਗ ਹੀ ਹੱਥ ਮਾਂਜਿਆ ਕਰੋ, ਬਾਹਰ ਪਤਾ ਨਹੀਂ ਕਿੱਥੇ ਕਿੱਥੇ ਘੁੰਮਦੇ ਓਂ। ਦਾਦੀ ਵੀ ਜਦ ਢਿੱਲੀ ਮੱਠੀ ਹੁੰਦੀ ਤਾਂ ਕਹਿ ਦਿੰਦੀ, “ਥੋੜ੍ਹਾ ਪਰ੍ਹਾਂ ਹੋ ਕੇ ਬੈਠ।” ਗੱਲਾਂ ਕਦੀ ਵੀ ਪੁਰਾਣੀਆਂ ਨਹੀਂ ਹੁੰਦੀਆਂ ਪਰ ਨਵੇਂ ਰੂਪ ਵਿਚ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਥੋੜ੍ਹੇ ਕੁ ਦਿਨ ਪਹਿਲਾਂ ਮੈਂ ਆਪਣੇ ਨਜ਼ਦੀਕੀ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਸੀ। ਗੁਰਦੁਆਰੇ ਦੇ ਵੱਡੇ ਹਾਲ ਦੇ ਹਰ ਦਰਵਾਜ਼ੇ ਦੇ ਨੇੜੇ ਪੋਸਟਰ ਲੱਗੇ ਹੋਏ ਸਨ ਜਿਨ੍ਹਾਂ ਤੇ ਇਕ ਦੂਜੇ ਤੋਂ ਵਾਜਬਿ ਦੂਰੀ ਬਣਾਈ ਰੱਖਣ ਅਤੇ ਹੋਰ ਲੋੜੀਂਦੇ ਨਿਯਮਾਂ ਦਾ ਪਾਲਣ ਕਰਨ ਲਈ ਸੁਚੇਤ ਕੀਤਾ ਗਿਆ ਸੀ। ਗੱਲ ਭਰਪੂਰ ਸਮਝਦਾਰੀ ਤੇ ਦੂਰਦ੍ਰਿਸ਼ਟੀ ਵਾਲੀ ਸੀ। ਸ਼ਾਇਦ ਇਹ ਇਸ ਗੱਲ ਦਾ ਵੀ ਸੰਕੇਤ ਸੀ ਕਿ ‘ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ’।
ਮੇਰੇ ਸ਼ਹਿਰ ਵਿਚ ਦੋ ਚਾਰ ਦਿਨ ਤੋਂ ਮੇਲੇ ਜਿਹਾ ਮਾਹੌਲ ਸੀ। ਮੈਨੂੰ ਕਿਸੇ ਕਿਹਾ, “ਆ ਚੱਲੀਏ। ਘੁੰਮ ਫਿਰ ਆਈਏ।” ਸਮੇਂ ਦੀ ਨਜ਼ਾਕਤ ਦੇਖਦਿਆਂ ਮੈਂ ਨਾਂਹ ਵਿਚ ਜੁਆਬ ਦਿੱਤਾ। ਬੁਰਾ ਤਾਂ ਉਸ ਨੂੰ ਬੜਾ ਲੱਗਿਆ ਪਰ ਮੇਰੀ ਦਲੀਲ ਸੀ ਕਿ ਸਵੈ-ਲੌਕਡਾਊਨ ਬੜਾ ਜ਼ਰੂਰੀ ਹੈ। ਲੋੜ ਪੈਣ ਤੇ ਹੀ ਘਰੋਂ ਬਾਹਰ ਪੈਰ ਪੁੱਟਣੇ ਚਾਹੀਦੇ ਹਨ। ਸਾਡਾ ਅਧਿਕਾਰ ਸਿਰਫ ਸਾਡੇ ਤੇ ਹੀ ਹੈ। ਕੋਈ ਜਾਗੇ ਜਾਂ ਨਾ ਜਾਗੇ, ਆਪਾਂ ਤਾਂ ਜਾਗੀਏ, ਜਾਗਰੂਕ ਰਹੀਏ। ਮਹਾਮਾਰੀਆਂ ਨੇ ਜੇ ਆਉਣ ਜਾਣ ਦੇ ਢੰਗ ਤਰੀਕੇ ਬਦਲ ਲਏ ਹਨ ਤਾਂ ਸਾਨੂੰ ਵੀ ਆਪਣੀ ਜੀਵਨ ਸ਼ੈਲੀ ਸਮੇਂ ਦੀ ਮੰਗ ਅਨੁਸਾਰ ਢਾਲ ਲੈਣੀ ਚਾਹੀਦੀ ਹੈ। ਸਮੇਂ ਤਾਂ ਚੰਗੇ ਮਾੜੇ ਚਲਦੇ ਹੀ ਰਹਿੰਦੇ ਹਨ। ਸਿਆਣੇ ਵੀ ਉਹੀ ਹੁੰਦੇ ਹਨ ਜੋ ਕਿਸੇ ਦੇ ਬੁਰੇ ਵਕਤ ਤੋਂ ਵੀ ਕੁਝ ਨਾ ਕੁਝ ਸਿੱਖ ਲੈਂਦੇ ਹਨ।
ਮੇਰੀ ਮਾਂ ਮੈਨੂੰ ਕਹਾਣੀ ਸੁਣਾਉਂਦੀ ਹੁੰਦੀ ਸੀ: ਕੋਈ ਆਦਮੀ ਆਪਣੇ ਗੱਡੇ ਤੇ ਕਿਧਰੇ ਜਾ ਰਿਹਾ ਸੀ। ਸੜਕ ਉੱਤੇ ਉਸ ਨੇ ਭਾਰੀ ਪੱਥਰ ਪਿਆ ਦੇਖਿਆ। ਲੋਕ ਇਸ ਨੂੰ ਦੇਖ ਦੇਖ ਅੱਗੇ ਲੰਘ ਜਾਇਆ ਕਰਨ ਪਰ ਉਹ ਉਤਰਿਆ ਤੇ ਪੱਥਰ ਨੂੰ ਪਾਸੇ ਕਰ ਦਿੱਤਾ। ਆਉਣ ਜਾਣ ਵਾਲਿਆਂ ਲਈ ਹੁਣ ਰਾਹ ਪੱਧਰਾ ਹੋ ਗਿਆ ਸੀ। ਮਾਂ ਦੇ ਕਹਿਣ ਦਾ ਭਾਵ ਇਹੋ ਸੀ ਕਿ ਫ਼ਰਜ਼ ਅਤੇ ਜਿ਼ੰਮੇਵਾਰੀ ਦੇ ਅਹਿਸਾਸ ਨੂੰ ਸਦਾ ਕਾਇਮ ਰਖਣਾ ਚਾਹੀਦਾ ਹੈ। ਸਮੇਂ ਦੀ ਲੋੜ ਕੀ ਹੈ? ਇਸ ਨੂੰ ਸਮਝਦੇ ਹੋਏ ਅਤੇ ਇਸ ਨਾਲ ਤਾਲਮੇਲ ਰੱਖਦੇ ਹੋਏ ਤੁਰਨ ਵਿਚ ਹੀ ਸਮਾਜ ਦੀ ਹੋਂਦ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਅੱਜ ਕੱਲ੍ਹ ਦੇ ਮਾਹੌਲ ਵਿਚ ਲੋੜੀਂਦੀਆਂ ਜ਼ਰੂਰੀ ਗੱਲਾਂ ਅਣਗੌਲਿਆਂ ਕਰ ਕੇ ਕੀ ਅਸੀਂ ਮੂਰਖਾਂ ਦੀ ਕਤਾਰ ਵਿਚ ਖੜ੍ਹੇ ਹੋਣਾ ਚਾਹਾਂਗੇ? ਇਹ ਸੁਆਲ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਕਰਨ ਦੀ ਅੱਜ ਲੋੜ ਹੈ, ਕਿਉਂਕਿ ਪਹਿਲਾਂ ਹੀ ਮਨੁੱਖ ਆਪਣੀਆਂ ਗ਼ਲਤੀਆਂ ਦਰ ਗ਼ਲਤੀਆਂ ਕਰ ਕੇ ਬਹੁਤ ਕੁਝ ਭੁਗਤ ਰਿਹਾ ਹੈ।
ਸੰਪਰਕ: 94667-37933