ਇੰਜ. ਸਤਨਾਮ ਸਿੰਘ ਮੱਟੂ
ਡਾ. ਅਮਰਜੀਤ ਸਿੰਘ ਕੌਂਕੇ ਸਾਹਿਤਕ ਹਲਕਿਆਂ ਵਿਚ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ। ਸ਼ਾਇਰੀ ਦੇ ਖੇਤਰ ਵਿਚ ਉਨ੍ਹਾਂ ਦੀ ਪਛਾਣ ਨਿਆਰੀ ਹੈ। ਉਹ ਸਾਹਿਤ ਦੇ ਨਾਲ ਨਾਲ ਸਿੱਖਿਆ ਵਿਭਾਗ ਵਿਚ ਅਧਿਆਪਨ ਕਿੱਤੇ ਨਾਲ ਜੁੜੇ ਹੋਏ ਹਨ ਅਤੇ 31 ਅਗਸਤ ਨੂੰ ਸਰਕਾਰੀ ਕੋ-ਐੱਡ ਮਲਟੀਪਰਪਜ਼ ਸਕੂਲ, ਪਟਿਆਲਾ ਤੋਂ ਲੈਕਚਰਾਰ (ਪੰਜਾਬੀ) ਸੇਵਾ ਮੁਕਤ ਹੋ ਰਹੇ ਹਨ।
ਡਾਕਟਰ ਅਮਰਜੀਤ ਸਿੰਘ ਕੌਂਕੇ ਦਾ ਜਨਮ 27 ਅਗਸਤ 1964 ਨੂੰ ਪ੍ਰੀਤਮ ਸਿੰਘ ਅਤੇ ਸਤਵੰਤ ਕੌਰ ਦੇ ਘਰ ਲੁਧਿਆਣਾ ਵਿਚ ਹੋਇਆ। ਉਨ੍ਹਾਂ ਨੇ ਆਪਣੀ ਮੁੱਢਲੀ ਵਿੱਦਿਆ ਲੁਧਿਆਣਾ ਤੋਂ ਹੀ ਪ੍ਰਾਪਤ ਕੀਤੀ। ਡਿਪਲੋਮਾ ਇਨ ਨਿਟਿੰਗ ਕਰਨ ਤੋਂ ਬਾਅਦ ਉਨ੍ਹਾਂ 9 ਨਵੰਬਰ 1985 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਰਿਫ਼ ਕੇ (ਫਿਰੋਜ਼ਪੁਰ) ਵਿਚ ਵੋਕੇਸ਼ਨਲ ਲੈਕਚਰਾਰ ਵਜੋਂ ਨੌਕਰੀ ਦੀ ਸ਼ੁਰੂਆਤ ਕੀਤੀ। 1990 ਵਿਚ ਉਨ੍ਹਾਂ ਦੀ ਬਦਲੀ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਨਾਭਾ ਹੋ ਗਈ। ਉਨ੍ਹਾਂ ਦਾ ਪੰਜਾਬੀ ਮਾਂ ਬੋਲੀ ਨਾਲ ਮੋਹ ਨਾਲ ਸਦਕਾ ਉਨ੍ਹਾਂ ਐੱਮਏ, ਬੀਐੱਡ ਅਤੇ ਪੀਐੱਚਡੀ ਕੀਤੀ ਅਤੇ 2001 ਵਿਚ ਸਿੱਧੀ ਭਰਤੀ ਰਾਹੀਂ ਪੰਜਾਬੀ ਲੈਕਚਰਾਰ ਵਜੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਾਦਸ਼ਾਹਪੁਰ (ਪਟਿਆਲਾ) ਵਿਚ ਸ਼ੁਰੂਆਤ ਕਰ ਲਈ। ਉਹ 2002 ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅਜਨੌਦਾ ਕਲਾਂ ਵਿਖੇ ਬਦਲੀ ਕਰਵਾ ਕੇ ਆ ਗਏ ਤੇ ਉੱਥੇ ਕਈ ਸਾਲ ਡੀਡੀਓ ਵਜੋਂ ਜਿ਼ੰਮੇਵਾਰੀ ਨਿਭਾਈ। 2014 ਤੋਂ ਮਲਟੀਪਰਪਜ਼ ਸਕੂਲ ਵਿਚ ਬਤੌਰ ਪੰਜਾਬੀ ਲੈਕਚਰਾਰ ਸੇਵਾਵਾਂ ਨਿਭਾਉਂਦਿਆਂ ਉਨ੍ਹਾਂ ਬਹੁਤ ਮਿਹਨਤ ਤੇ ਸਿਰੜ ਨਾਲ ਵਿਦਿਆਰਥੀਆਂ ਨੂੰ ਪੜ੍ਹਾਇਆ ਅਤੇ ਪੰਜਾਬੀ ਭਾਸ਼ਾ ਨੂੰ ਆਪਣੇ ਵਿਦਿਆਰਥੀਆਂ ਵਿਚ ਹਰਮਨ ਪਿਆਰਾ ਬਣਾਉਣ ਲਈ ਸੰਭਵ ਯਤਨ ਕੀਤੇ। ਅਧਿਆਪਨ ਦੇ ਕਿੱਤੇ ਦੇ ਨਾਲ ਨਾਲ ਉਨ੍ਹਾਂ ਦਾ ਸਾਹਿਤਕ ਸਫਰ ਵੀ ਬਾਖੂਬੀ ਜਾਰੀ ਰਿਹਾ। ਉਨ੍ਹਾਂ ਹੁਣ ਤੱਕ 6 ਪੰਜਾਬੀ ਕਾਵਿ ਪੁਸਤਕਾਂ, 5 ਹਿੰਦੀ ਕਾਵਿ ਪੁਸਤਕਾਂ ਅਤੇ 35 ਦੇ ਕਰੀਬ ਅਨੁਵਾਦ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਉਨ੍ਹਾਂ ਵਡਮੁੱਲੇ ਯੋਗਦਾਨ ਸਦਕਾ ਨੈਸ਼ਨਲ ਸਾਹਿਤ ਅਕਾਦਮੀ ਦਿੱਲੀ ਨੇ ਉਨ੍ਹਾਂ ਨੂੰ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਭਾਸ਼ਾ ਵਿਭਾਗ ਪੰਜਾਬ, ਗੁਰੂ ਨਾਨਕ ਦੇਵ ਯੂਨਿਵਰਸਿਟੀ ਅੰਮ੍ਰਿਤਸਰ ਵੱਲੋਂ ਵੀ ਉਨ੍ਹਾਂ ਦੀਆਂ ਤਿੰਨ ਪੁਸਤਕਾਂ ਨੂੰ ਸਰਵੋਤਮ ਪੁਸਤਕ ਪੁਰਸਕਾਰ ਮਿਲ ਚੁੱਕੇ ਹਨ। ਅੰਗਰੇਜ਼ੀ ਅਤੇ ਭਾਰਤ ਦੀਆਂ ਅਨੇਕ ਭਾਸ਼ਾਵਾਂ ਵਿਚ ਉਨ੍ਹਾਂ ਦੀਆਂ ਕਵਿਤਾਵਾਂ ਦਾ ਅਨੁਵਾਦ ਪ੍ਰਕਾਸ਼ਿਤ ਹੋਣ ਦਾ ਪੰਜਾਬੀ ਸਾਹਿਤ ਨੂੰ ਮਾਣ ਹੈ। ਉਹ ਪਿਛਲੇ ਵੀਹ ਸਾਲਾਂ ਤੋਂ ਲਗਾਤਾਰ ਛਪਦੇ ਪੰਜਾਬੀ ‘ਪ੍ਰਤਿਮਾਨ’ ਦੇ ਸੰਪਾਦਕ ਹਨ।
ਡਾ. ਅਮਰਜੀਤ ਕੌਂਕੇ ਜਿੱਥੇ ਬਹੁਤ ਵਧੀਆ ਅਧਿਆਪਕ ਅਤੇ ਪਾਏਦਾਰ ਲੇਖਕ ਹਨ, ਉੱਥੇ ਇਨਸਾਨ ਵਜੋਂ ਵੀ ਉਨ੍ਹਾਂ ਦੀ ਸ਼ਖ਼ਸੀਅਤ ਬਹੁਤ ਨਿਮਰ, ਜਿੰਦਾਦਿਲ, ਹਸਮੁੱਖ, ਮਿਲਵਰਤਣ, ਦੁੱਖ ਦਰਦ ਨੂੰ ਸਮਝਣ ਵਾਲੀ ਅਤੇ ਅਪਣੱਤ ਭਰੀ ਰਹੀ ਹੈ। ਆਪਣੀ ਜੀਵਣ ਸਾਥਣ ਪਰਮਜੀਤ ਕੌਰ ਦਾ ਉਨ੍ਹਾਂ ਦੇ ਪਰਿਵਾਰਕ ਅਤੇ ਸਾਹਿਤਕ ਸਹਿਯੋਗ ਸਦਕਾ
ਪੁੱਤਰ ਕੁਸ਼ਲ ਗ੍ਰਾਫਿਕ ਡਿਜ਼ਾਇਨਰ ਹੈ ਅਤੇ ਧੀ ਸਾਈਕਾਲੋਜੀ ਵਿਚ ਪੀਐੱਚਡੀ ਕਰਨ ਤੋਂ ਬਾਅਦ ਕੈਨੇਡਾ ਵਿਚ ਵਧੀਆ ਨੌਕਰੀ ਕਰ ਰਹੀ ਹੈ।
ਡਾ. ਅਮਰਜੀਤ ਸਿੰਘ ਕੌਂਕੇ 31 ਅਗਸਤ 2022 ਨੂੰ ਆਪਣੀ 36 ਸਾਲ, 9 ਮਹੀਨੇ ਦੀ ਸਰਕਾਰੀ ਸੇਵਾ ਤੋਂ ਬਾਅਦ ਸੇਵਾਮੁਕਤ ਹੋ ਰਹੇ ਹਨ। ਸ਼ਾਲਾ! ਉਹ ਸਾਹਿਤਕ ਖੇਤਰ ਵਿਚ ਹੋਰ ਲੰਮੀਆਂ ਪੁਲਾਘਾਂ ਪੁੱਟਣ।
ਸੰਪਰਕ: 97797-08257