ਪਿਛਲੀ ਸਦੀ ਦਾ ਨੌਵਾਂ ਦਹਾਕਾ ਅਜੇ ਸ਼ੁਰੂ ਹੀ ਹੋਇਆ ਸੀ। ਮੇਰੀ ਸ਼ਾਦੀ ਨੂੰ ਤਿੰਨ ਕੁ ਮਹੀਨੇ ਹੋਏ ਸਨ। ਸ਼ਾਦੀ ਹੁੰਦਿਆਂ ਹੀ ਫੌਜੀ ਪਤੀ ਤੰਗਧਾਰ (ਕਸ਼ਮੀਰ) ਦੀਆਂ ਉੱਚੀਆਂ ਚੋਟੀਆਂ ਤੇ ਮੁਲਕ ਦੀ ਰਾਖੀ ਲਈ ਜਾ ਬੈਠਾ। ਉਦੋਂ ਬੜੇ ਚੰਗੇ ਵੇਲੇ ਸਨ। ਫੀਲਡ ਵਿਚ ਬੈਠੇ ਨਵੇਂ ਵਿਆਹੇ ਅਫ਼ਸਰਾਂ ਦੇ ਸੀਓ (ਕਮਾਡਿੰਗ ਅਫ਼ਸਰ) ਉਨ੍ਹਾਂ ਨੂੰ ਕਿਸੇ ਛੋਟੇ-ਮੋਟੇ ਕੋਰਸ ਤੇ ਭੇਜ ਦਿਆ ਕਰਦੇ ਸੀ। ਮੇਰੇ ਪਤੀ ਨੂੰ ਵੀ ਉਨ੍ਹਾਂ ਦੇ ਸੀਓ ਨੇ ਬੀਐੱਸਡਬਲਿਊ ਕੋਰਸ ਤੇ ਤਿੰਨ ਮਹੀਨੇ ਲਈ ਮਹੂ (ਮੱਧ ਪ੍ਰਦੇਸ਼) ਭੇਜ ਦਿੱਤਾ। ਉਨ੍ਹਾਂ ਮੈਨੂੰ ਤੁਰੰਤ ਫੋਨ ਕੀਤਾ ਬਈ ਮੈਂ ਤਿਆਰ ਰਹਾਂ, ਮੈਨੂੰ ਲੈ ਕੇ ਉਹ ਮਹੂ ਚਲੇ ਜਾਣਗੇ। ਮੇਰੀ ਤਾਂ ਖ਼ੁਸ਼ੀ ਦੀ ਹੱਦ ਨਾ ਰਹੀ!
ਮੈਂ ਹਰਿਆਣਾ ’ਚ ਨੌਕਰੀ ਕਰਦੀ ਸੀ। ਕੁਝ ਜ਼ਰੂਰੀ ਸਾਮਾਨ ਲੈਣ ਲਈ ਚੰਡੀਗੜ੍ਹ ਪੁੱਜੀ। ਅੱਡੇ ਤੋਂ ਉਤਰ ਕੇ 22 ਸੈਕਟਰਦੀ ਮਾਰਕੀਟ ਵੱਲ ਜਾ ਰਹੀ ਸਾਂ ਕਿ ਸਾਹਮਣੇ ਛੋਟਾ ਭਰਾ ਮਿਲ ਗਿਆ। ਹਾਲ-ਚਾਲ ਪੁੱਛਣ-ਦੱਸਣ ਤੋਂ ਬਾਅਦ ਉਹਨੂੰ ਦੱਸਿਆ ਕਿ ਮੈਂ ਤਿੰਨ ਮਹੀਨੇ ਲਈ ਮਹੂ ਜਾ ਰਹੀ ਹਾਂ। ਉਸ ਕਿਹਾ ਕਿ ਜਾਣ ਤੋਂ ਪਹਿਲਾਂ ਪਿੰਡ ਮਾਂ (ਦਾਦੀ) ਨੂੰ ਜ਼ਰੂਰ ਮਿਲ ਲਵਾਂ। ਮੈਂ ਕਿਹਾ, “ਮੇਰੇ ਪਾਸ ਟਾਈਮ ਨਹੀਂ, ਮੈਂ ਕੁਝ ਜ਼ਰੂਰੀ ਚੀਜ਼ਾਂ ਖ਼ਰੀਦ ਕੇ ਸ਼ਾਮ ਨੂੰ ਅੰਬਾਲਾ ਮੁੜਨਾ ਹੈ, ਅਸੀਂ ਕੱਲ੍ਹ ਰਾਤ ਦੀ ਗੱਡੀ ਮਹੂ ਜਾਣਾ ਹੈ।” ਉਸ ਨੇ ਕਿਹਾ, “ਮਾਂ ਨੇ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ। ਮੈਂ ਤੁਹਾਨੂੰ ਲੈਣ ਹੀ ਆਇਆ ਸੀ।” ਮੈਂ ਘਬਰਾ ਗਈ ਤੇ ਉਸ ਦੇ ਨਾਲ ਪਿੰਡ ਪੁੱਜ ਗਈ।
ਮਾਂ ਮੈਨੂੰ ਦੇਖ ਕੇ ਬਹੁਤ ਖ਼ੁਸ਼ ਹੋਈ। ਅੱਸੀਆਂ ਤੋਂ ਟੱਪੀ ਦਾਦੀ ਕਾਫ਼ੀ ਕਮਜ਼ੋਰ ਲੱਗੀ। ਛੋਟੇ ਜਿਹੇ ਕੱਦ ਵਾਲੀ ਗੋਰੀ ਚਿੱਟੀ ਦਾਦੀ ਦੇ ਮੂੰਹ ਵਿਚ ਦੰਦਾਂ ਦੀ ਬੀੜੀ ਚਮਕ ਰਹੀ ਸੀ, ਸਿਰ ਤੇ ਚਿੱਟੇ ਕਾਲੇ ਵਾਲਾਂ ਦਾ ਭਰਵਾਂ ਜੂੜਾ ਸੀ। ਹੱਸ ਕੇ ਬੋਲੀ, “ਚੰਗਾ ਹੋਇਆ ਤੂੰ ਆ ਗਈ, ਮੇਰਾ ਹੁਣ ਕੋਈ ਪਤਾ ਨਹੀਂ। ਪਰਸੋਂ ਸੁਫ਼ਨੇ ਵਿਚ ਤੇਰਾ ਬਾਬਾ ਜੀ ਮੈਨੂੰ ਬੋਲਿਆ- ‘ਆ ਜਾ ਤੂੰ ਹੁਣ, ਉੱਥੇ ਕੀ ਕਰਦੀ ਏਂ, ਮੈਂ ਤੈਨੂੰ ਕਦ ਦਾ ’ਡੀਕ ਰਿਹਾਂ’।”
ਮੈਂ ਵੀ ਅੱਗੋਂ ਦਾਦੀ ਨੂੰ ਹੱਸ ਕੇ ਕਿਹਾ, “ਬੈਠੀ ਰਹਿ ਤੂੰ ਚੁੱਪ ਕਰ ਕੇ। ’ਡੀਕੀ ਜਾਣ ਦੇ ਬਾਬਾ ਜੀ ਨੂੰ! ਮੈਂ 2-3 ਮਹੀਨਿਆਂ ਲਈ ਤੇਰੇ ਪੋਤ-ਜੁਆਈ ਨਾਲ ਛਾਉਣੀ ਜਾ ਰਹੀ ਹਾਂ, ਫਿਰ ਆ ਕੇ ਸੁਣਾਂਗੀ ਤੇਰੀ ਗੱਲ।” ਪਰ ਉਹ ਗੰਭੀਰ ਹੋ ਕੇ ਬੋਲੀ, “ਨਹੀਂ ਧੀਏ, ਲਗਦਾ ਮੇਰੇ ਜਾਣ ਦਾ ਵੇਲਾ ਆ ਗਿਆ। ਬੱਸ ਤੇਰੇ ਨਾਲ ਕੁਝ ਗੱਲਾਂ ਕਰਨੀਆਂ ਜਿਹੜੀਆਂ ਕਿਸੇ ਹੋਰ ਨਾਲ ਨਹੀਂ ਕਰ ਸਕਦੀ। ਚੱਲ ਆਪਾਂ ਬਾਹਰ ਵਾਲੇ ਪਿੱਪਲ ਥੱਲੇ ਬੈਠੀਏ।”
ਅਸੀਂ ਗਲੀ ਵਿਚੋਂ ਲੰਘ ਕੇ ਬਾਹਰ ਟੋਭੇ ਵਾਲੇ ਪਿੱਪਲ ਥੱਲੇ ਜਾ ਬੈਠੀਆਂ। ਬੈਠਦਿਆਂ ਹੀ ਦਾਦੀ ਬੋਲੀ, “ਤੈਨੂੰ ਪਤਾ ਹੈ ਮੁੰਨੀ ਆਪਾਂ ਘਰ ਵਿਚ ਕਈ ਵਾਰੀ ਗੱਲਾਂ ਕਰਦੇ ਆਂ, ਤੇਰਾ ਇੱਕ ਚਾਚਾ ਹੁੰਦਾ ਸੀ, ਸੱਜਣ।”
“ਆਹੋ ਮਾਂ, ਗੱਲਾਂ ਤਾਂ ਸੁਣੀਆਂ ਸੀ ਬਈ ਉਹ ਕਈ ਸਾਲ ਪਹਿਲਾਂ ਪੂਰਾ ਹੋ ਗਿਆ ਸੀ।”
“ਨਹੀਂ ਉਹ ਪੂਰਾ ਨਹੀਂ ਸੀ ਹੋਇਆ।”
“ਫਿਰ?” ਮੈਂ ਹੈਰਾਨ ਹੋਈ। ਦਾਦੀ ਨੇ ਇੱਧਰ-ਉੱਧਰ ਦੇਖਿਆ, “ਉਹੀ ਤਾਂ ਮੈਂ ਦੱਸਣ ਲੱਗੀ ਆਂ। ਸਾਡੇ ਪਿੰਡ ਲੁਹਾਰਾਂ ਤੇ ਤੇਲੀਆਂ ਦੇ ਕਈ ਘਰ ਹੁੰਦੇ ਸੀ। ਸਾਰੇ ਮੁਸਲਮਾਨ। ਹੱਲਿਆਂ ਤੋਂ ਪਹਿਲਾਂ ਦੀਆਂ ਗੱਲਾਂ ਨੇ। ਆਪਸ ਵਿਚ ਬਹੁਤ ਭਾਈਚਾਰਾ ਸੀ। ਫਿਰ ਮੁਲਖ਼ ਵਿਚ ਰੌਲਾ ਪੈ ਗਿਆ। ਕਹਿੰਦੇ, ਮੁਸਲਮਾਨਾਂ ਨੂੰ ਅੱਡਰਾ ਮੁਲਖ਼ ਮਿਲ ਗਿਆ ਹੈ, ਐਧਰ ਵਾਲੇ ਮੁਸਲਮਾਨ ਉੱਧਰ ਚਲੇ ਜਾਣਗੇ। … ਫਿਰ ਸੁਣਿਆ, ਕੱਟ-ਵੱਢ ਸ਼ੁਰੂ ਹੋ ਗਈ। ਮੁਸਲਮਾਨਾਂ ਨੂੰ ਇੱਧਰ ਵੱਢਣ-ਟੁੱਕਣ ਲੱਗ ਪਏ ਤੇ ਉੱਧਰ ਉਹੀ ਕੁਛ ਹਿੰਦੂਆਂ ਸਿੱਖਾਂ ਨਾਲ ਹੋਣ ਲੱਗ ਪਿਆ। ਤੇਲੀਆਂ ਦੀ ਮਰੀਅਮ ਮੇਰੀ ਭੈਣ ਬਣੀ ਹੋਈ ਸੀ। ਸਾਡਾ ਆਪਸ ਵਿਚ ਬਹੁਤ ਪਿਆਰ ਸੀ। ਉਨ੍ਹਾਂ ਦੀ ਪਿਛਲੀ ਉਮਰ ਵਿਚ ਕੁੜੀ ਹੋਈ ਸੀ- ਸੈਦਾਂ, ਤੇਰੀ ਛੋਟੀ ਭੂਆ ਦੇ ਹਾਣ ਦੀ ਸੀ। ਸਾਰਾ ਦਿਨ ਉਹ ਸਾਡੇ ਘਰ ਤੇਰੀ ਭੂਆ ਨਾਲ ਖੇਲ੍ਹਦੀ ਤੇ ਖਾਂਦੀ-ਪੀਂਦੀ ਰਹਿੰਦੀ।।” “ਅੱਛਾ ਫਿਰ।” ਮੇਰੀ ਉਤਸੁਕਤਾ ਵਧਣ ਲੱਗੀ। “ਫਿਰ ਹੱਲੇ ਪੈ ਗਏ। ਪਿੰਡ ਵਾਲੇ ਭਾਵੇਂ ਮੁਸਲਮਾਨਾਂ ਨੂੰ ਰੁਕਣ ਲਈ ਕਹਿ ਰਹੇ ਸੀ ਪਰ ਤੇਰੇ ਬਾਬਾ ਜੀ ਨੇ ਸਮਝਾਇਆ ਕਿ ਇਨ੍ਹਾਂ ਦਾ ਜਾਣਾ ਹੀ ਠੀਕ ਹੈ। ਉਦੋਂ ਕੁਰਾਲੀ ਦੇ ਆਸੇ-ਪਾਸੇ ਬੇਰੀਆਂ ਤੇ ਅੰਬਾਂ ਦੇ ਬੜੇ ਤਕੜੇ ਬਾਗ਼ ਹੁੰਦੇ ਸਨ, ਉੱਥੇ ਮੁਸਲਮਾਨਾਂ ਦਾ ਕੰਪ (ਕੈਂਪ) ਲਾਇਆ ਗਿਆ। ਜਾਣ ਲੱਗਿਆਂ ਮਰੀਅਮ ਸੈਦਾਂ ਨੂੰ ਮੇਰੇ ਕੋਲ ਛੱਡ ਗਈ। … ਉਹਨੂੰ ਡਰ ਸੀ ਕਿ ਰਾਹ ਵਿਚ ਕੋਈ ਸੈਦਾਂ ਨੂੰ ਖੋਹ ਖਿੰਜ ਕੇ ਨਾ ਲੈ ਜਾਵੇ! ਮੈਨੂੰ ਉਹਨੇ ਕਿਹਾ- ‘ਲੈ ਭੈਣ ਸੈਦਾਂ ਮੇਰੀ ਅਮਾਨਤ ਤੇਰੇ ਕੋਲ ਐ, ਇਹ ਤੇਰੀ ਲੱਛਮੀ (ਭੂਆ) ਵਰਗੀ ਹੈ। ਇਹਨੂੰ ਸਾਂਭ ਕੇ ਰੱਖੀਂ। ਜਦ ਠੰਢ ਠੇਰ ਹੋਈ, ਅਸੀਂ ਲੈ ਜਾਵਾਂਗੇ।” “ਅੱਛਾ ਫਿਰ ਕੀ ਹੋਇਆ ਮਾਂ।” “ਬੱਸ ਪੁੱਤ, ਫਿਰ ਕਈ ਮਹੀਨੇ ਲੰਘ ਗਏ। ਸੈਦਾਂ ਸਾਡੇ ਘਰ ਰਹੀ। ਫਿਰ ਹੌਲੀ ਹੌਲੀ ਮੁਸਲਮਾਨ ਕੁੜੀਆਂ ਨੂੰ ਪੁਲੀਸ ਘਰਾਂ ਵਿਚੋਂ ਕੱਢ ਕੱਢ ਕੇ ਲਿਜਾਣ ਲੱਗ ਪਈ। ਅਸੀਂ ਵੀ ਸੈਦਾਂ ਦੀ ਤਿਆਰੀ ਕਰ ਦਿੱਤੀ। ਉਹ ਭਾਵੇਂ ਉਦਾਸ ਸੀ ਪਰ ਆਪਣੇ ਮਾਂ-ਬਾਪ ਕੋਲ ਜਾਣ ਦੀ ਉਸ ਨੂੰ ਖ਼ੁਸ਼ੀ ਵੀ ਸੀ।” “ਫਿਰ ਉਹ ਚਲੀ ਗਈ?” “ਹਾਂ ਸੱਚ, ਫਿਰ ਇੱਕ ਦਿਨ ਰਾਤ ਨੂੰ ਕੀ ਹੋਇਆ … ਸੈਦਾਂ ਬਾਹਰ ਵਿਹੜੇ ਵਿਚ ਪਿਸ਼ਾਬ ਕਰਨ ਨਿਕਲੀ ਨੂੰ ਜਦ ਚੋਖਾ ਚਿਰ ਹੋ ਗਿਆ ਤਾਂ ਮੈਂ ਬਾਹਰ ਨਿਕਲੀ ਤਾਂ ਮੈਂ ਦੇਖਿਆ ਤੇਰਾ ਚਾਚਾ ਸੱਜਣ ਉਸ ਨੂੰ ਘੜੀਸ ਕੇ ਬਾਹਰਲੀ ਬੈਠਕ ਵੱਲ ਲਿਜਾ ਰਿਹਾ ਸੀ। ਮੈਂ ਭੱਜ ਕੇ ਗਈ- ‘ਵੇ ਮੁੰਡਿਆ! ਆਹ ਕੀ ਕਰਨ ਡਿਹਾਂ, ਛੱਡ ਇਸ ਨੂੰ।” “ਅੱਛਾ ਫਿਰ?” ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ।
“ਉਹਨੇ ਮੇਰੀ ਗੱਲ ਨਹੀਂ ਸੁਣੀ, ਉਵੇਂ ਹੀ ਉਹਨੂੰ ਖਿੱਚਦਾ ਰਿਹਾ। ਮੈਂ ਕਿਹਾ- ‘ਵੇ ਚੰਦਰਿਆ! ਇਹ ਤੇਰੀ ਭੈਣ ਲੱਛਮੀ ਵਰਗੀ ਐ’। ਬੋਲਿਆ- ‘ਇਹ ਮੁਸਲੀ ਮੇਰੀ ਕੁਛ ਨਹੀਂ ਲੱਗਦੀ’। ਮੈਂ ਕਿਹਾ- ਪਰ ਮੇਰੀ ਧੀ ਹੈ ਇਹ। ਮੈਂ ਤੈਨੂੰ ਇਹਨੂੰ ਹੱਥ ਨਹੀਂ ਲਾਉਣ ਦੇਣਾ।” ਉਹ ਜਦ ਫਿਰ ਵੀ ਨਹੀਂ ਹਟਿਆ ਤਾਂ ਮੈਂ ਕਿਹਾ- ‘ਸੱਜਣਾ ਤੂੰ ਅੱਜ ਸੈਦਾਂ ਨੂੰ ਨਹੀਂ, ਆਪਣੀ ਭੈਣ ਨੂੰ ਹੱਥ ਪਾਇਆ ਹੈ- ਜਾਹ ਚਲਿਆ ਜਾਹ ਢਹਿ ਜਾਣਿਆ, ਦਫਾ ਹੋ ਜਾ ਮੇਰੀਆਂ ਅੱਖਾਂ ਅੱਗੋਂ, ਮੁੜ ਕੇ ਘਰ ਨਾ ਵੜੀਂ’, ਕਹਿ ਕੇ ਮੈਂ ਖਿੱਚ ਕੇ ਸੋਟੀ ਉਸ ਦੇ ਗੁੱਟ ਤੇ ਮਾਰੀ। ਉਹ ਚੀਕ ਕੇ ਪਰਾਂ ਜਾ ਕੇ ਡਿਗਿਆ ਤੇ ਕੁੜੀ ਭੱਜ ਕੇ ਮੇਰੇ ਕੋਲ ਆ ਗਈ। ਮੈਂ ਕੰਬਦੀ ਸੈਦਾਂ ਨੂੰ ਲੈ ਕੇ ਅੰਦਰ ਆ ਗਈ, ਉਹਨੂੰ ਕਿਹਾ ਕਿ ਉਹ ਇਹ ਗੱਲ ਕਿਸੇ ਨੂੰ ਨਹੀਂ ਦੱਸੇਗੀ।” “ਫਿਰ ਕੀ ਹੋਇਆ ਮਾਂ?”“ਬੱਸ ਫਿਰ ਦਿਨ ਲੰਘਣ ਲੱਗ ਪਏ। ਸੈਦਾਂ ਨੂੰ ਤਾਂ ਕੁਝ ਦਿਨਾਂ ਬਾਅਦ ਪੁਲੀਸ ਆ ਕੇ ਲੈ ਗਈ ਪਰ …!” “ਪਰ ਕੀ?” “ਬੱਸ ਤੇਰਾ ਚਾਚਾ ਮੁੜ ਕੇ ਘਰ ਨਹੀਂ ਆਇਆ। ਹੁਣ ਤਾਂ 30-35 ਸਾਲ ਹੋ ਗਏ, ਖ਼ਬਰਨੀ ਜਿਊਂਦਾ ਵੀ ਐ ਕਿ ਨਹੀਂ। ਬਥੇਰਾ ਟੋਲ੍ਹਿਆ। ਖੂਹ, ਟੋਭੇ, ਨਹਿਰ, ਨਾਲੇ ਸਭ ਛਾਣ ਮਾਰੇ। ਪੁਲੀਸ ਕੋਲ ਰਿਪੋਰਟ ਲਿਖਵਾਈ ਪਰ ਉਹਦੀ ਕੋਈ ਖ਼ਬਰ ਨਹੀਂ ਮਿਲੀ। ਖਬਰੇ ਕਿੱਥੇ ਚਲਾ ਗਿਆ।” ਕਹਿ ਕੇ ਦਾਦੀ ਹੁਬਕੀ ਰੋਣ ਲੱਗ ਪਈ। ਮੈਨੂੰ ਸਮਝ ਨਹੀਂ ਆਈ ਕਿ ਮੈਂ ਕੀ ਕਹਿ ਕੇ ਦਾਦੀ ਨੂੰਤਸੱਲੀ ਦੇਵਾਂ। ਬੜੀ ਦੇਰ ਬਾਅਦ ਜਦ ਉਹ ਚੁੱਪ ਹੋਈ ਤਾਂ ਉਹਨੇ ਕਿਹਾ, “ਧੀਏ ਮੈਂ ਇਹ ਬੋਝ ਲੈ ਕੇ ਨਹੀਂ ਸੀ ਮਰਨਾ ਚਾਹੁੰਦੀ। ਮੈਂ ਚਾਹੁੰਦੀ ਸਾਂ, ਕਿਸੇ ਨਾਲ ਗੱਲ ਕਰ ਕੇ ਆਪਣੇ ਦਿਲ ਦਾ ਇਹ ਬੋਝ ਹੌਲਾ ਕਰਾਂ। ਹੁਣ ਤੂੰ ਮੈਨੂੰ ਭਾਵੇਂ ਬੁਰਾ ਸਮਝੀਂ ਪਰ ਮੈਂ ਜੋ ਠੀਕ ਸਮਝਿਆ, ਕਰਿਆ। ਹਾਏ! ਮੇਰੇ ਸੱਜਣ ਨੂੰ ਕੋਈ ਘਰ ਮੋੜ ਲਿਆਵੇ। ਮੈਂ ਤਾਂ ਉਹਨੂੰ ਮੁਆਫ਼ ਕਰ ਦਿੱਤਾ ਹੈ, ਉਹ ਵੀ ਮੈਨੂੰ ਮੁਆਫ਼ ਕਰ ਦੇਵੇ।” ਇਹ ਕਹਿ ਕੇ ਉਹ ਚੁੱਪ ਹੋ ਗਈ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਦਾਦੀ ਨੇ ਸੱਚਮੁੱਚ ਹੀ ਕੋਈ ਗੁਨਾਹ ਕੀਤਾ ਸੀ ਜਿਸ ਦੀ ਉਹ ਮੁਆਫ਼ੀ ਮੰਗ ਰਹੀ ਸੀ!
ਸੰਪਰਕ: 99881-52523