ਲਾਲ ਚੰਦ ਸਿਰਸੀਵਾਲਾ
ਚਿੜੀ ਜਨੌਰ ਦੇ, ਹਾਲੀ ਪਾਲੀ ਦੇ, ਰਾਹੀ ਪਾਂਧੀ ਦੇ, ਢੱਠੇ ਝੋਟੇ ਦੇ ਭਾਗ ਦਾ ਕਹਿ ਕੇ ਫਸਲ ਬੀਜਣ ਵਾਲਾ ਬਾਬਾ ਹੁਕਮਾ ਦਿੱਲੀ ਦੀਆਂ ਬਰੂਹਾਂ ਤੇ ਡਟਿਆ ਬੈਠਾ ਹੈ। ਠਰੀਆਂ ਰਾਤਾਂ, ਤਪਦੀਆਂ ਦੁਪਹਿਰਾਂ ਪਿੰਡੇ ਤੇ ਹੰਢਾਈ 75 ਸਾਲਾਂ ਨੂੰ ਢੁਕਿਆ ਆਪਣੇ ਵਾਰਸਾਂ ਨੂੰ ਵੰਗਾਰ ਰਿਹਾ ਹੈ- ਗੋਪੀਆ ਸੰਭਾਲ ਘੁਕਰਾ, ਠੁੰਗ ਜਾਣ ਨਾ…!
ਸਹਿੰਦੀ ਸਹਿੰਦੀ ਲੁੱਟ ਦਾ ਤਾਂ ਉਹ ‘ਚਲ ਹਊ’ ਕਹਿ ਕੇ ਆਦੀ ਜਿਹਾ ਹੋ ਗਿਆ ਸੀ ਪਰ ਆਂਡੇ ਦੀ ਥਾਂ ਮੁਰਗੀ ਦਾ ਮਰਨਾ, ਦਾਦੇ ਪੜਦਾਦਿਆਂ ਦੀ ਵਿਰਾਸਤ ਤੇ ਧੰਦਾ ਕਿਸੇ ਹੋਰ ਦਾ ਹੋ ਜਾਵੇ, ਉਹ ਜਰ ਨਾ ਸਕਿਆ। ਜੇ ਜ਼ੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ, ਨੂੰ ਹਿਰਦੇ ਅੰਦਰ ਵਸਾ ਉਹ ਮੋਰਚੇ ਤੇ ਡਟਿਆ ਆਪਣੇ ਵਜੂਦ ਦੀ ਰਾਖੀ ਕਰ ਰਿਹਾ ਹੈ।
ਮਾਸਟਰ ਸੁਰਜੀਤ ਪੜ੍ਹੇ-ਲਿਖੇ, ਅਫਸਰ, ਮੁਲਾਜ਼ਮ ਅਤੇ ਰਾਜਸੀ ਲੋਕਾਂ ਦੀ ਮਹਿਫਲ ਵਿਚ ਬੈਠਾ ਸੀ, ਕਿਸਾਨੀ ਸੰਘਰਸ਼ ਦੇ ਭਵਿੱਖ ਦੀ ਚਿੰਤਾ ਕਰਦੇ ਉਹ ਵਿਚਾਰਾਂ ਕਰ ਰਹੇ ਸਨ: ਸਰਕਾਰ ਕੋਲ ਬਹੁਤ ਤਾਕਤ ਹੈ, ਚੌਥਾ ਥੰਮ੍ਹ ਮੀਡੀਆ ਵੀ ਬਹੁਤਾ ਕਰਕੇ ਇਨ੍ਹਾਂ ਦੇ ਚੁੰਗਲ ਵਿਚ ਐ। ਸਰਕਾਰ ਇਸ ਮੋਰਚੇ ਨੂੰ ਦਬਾ ਕੇ, ਪਾੜ ਕੇ, ਧਾਰਮਿਕ ਜਾਂ ਇਲਾਕਾਈ ਪੱਤਾ ਖੇਡ ਕੇ, ਬਦਨਾਮ ਕਰਕੇ ਸਾਬੋਤਾਜ ਕਰੇਗੀ… ਸਰਕਾਰ ਥਕਾਉਣ, ਮਨੋਬਲ ਡੇਗਣ, ਹਰਾਉਣ ਦੀ ਨੀਅਤ ਲਾਈ ਬੈਠੀ ਹੈ। ਸੰਘਰਸ਼ ਸ਼ੁਰੂ ਹੋਇਆਂ 6 ਮਹੀਨੇ ਹੋ ਗਏ ਨੇ- ਰੋਜ਼ਾਨਾ ਦੇ ਖਰਚੇ, ਆਉਣ-ਜਾਣ, ਕਰੋਨਾ ਦਾ ਭੈਅ, ਉੱਪਰੋਂ ਹਾੜ੍ਹੀ ਦਾ ਕੰਮ, ਲੋਕ ਬੇਵੱਸ ਹੋ ਜਾਣਗੇ…। ਕੋਈ ਕਿੰਨਾ ਕੁ ਚਿਰ ਸਬਰ ਰੱਖ ਸਕਦਾ!…
ਮਾਸਟਰ ਸੁਰਜੀਤ ਨੇ ਵਿਚੋਂ ਹੀ ਟੋਕਦਿਆਂ ਕਿਸੇ ਲਿਖਾਰੀ ਦੇ ਸ਼ਬਦ ਕਹੇ- ਕਿਸਾਨ ਜਾਣਦੇ ਨੇ, ਫਸਲਾਂ ਨਾਲ ਨਦੀਨ ਉੱਗ ਹੀ ਪੈਂਦੇ ਨੇ। ਉਹ ਨਦੀਨਾਂ ਦੇ ਡਰ ਤੋਂ ਕਦੇ ਫਸਲਾਂ ਬੀਜਣੀਆਂ ਨਹੀਂ ਛੱਡਦੇ ਸਗੋਂ ਨਦੀਨ ਪੁੱਟ ਸੁੱਟਦੇ ਨੇ। ਫਸਲਾਂ ਬਚਾਅ ਲੈਂਦੇ ਨੇ। ਰਹੀ ਕਿਸਾਨਾਂ ਦੇ ਸਬਰ ਦੀ ਗੱਲ, ਉਹ ਵੀ ਸੁਣ ਲਓ… ਨਰਮੇ ਤੇ ਝੋਨੇ ਦੀ ਫਸਲ ਪੂਰੇ ਜ਼ੋਬਨ ਤੇ ਸੀ। ਬਹੁਤ ਮੀਂਹ ਪਿਆ, ਚਾਰੇ ਪਾਸੇ ਜਲ-ਥਲ। ਘਰ ਚੋਅ ਰਹੇ ਸਨ। ਬਾਹਰੋਂ ਘਰਾਂ ਅੰਦਰ ਵੜਦਾ ਪਾਣੀ ਮਸੀਂ ਬੰਨ੍ਹ ਲਾ ਕੇ ਰੋਕਿਆ ਹੋਇਆ ਸੀ, ਜਿ਼ੰਦਗੀ ਰੁਕ ਗਈ ਸੀ ਤੇ ਕਾਲਾ ਬੱਦਲ ਹਾਲੇ ਵੀ ਘੋਰ ਰਿਹਾ ਸੀ।… ਮੈਂ ਬਾਬੇ ਹੁਕਮੇ ਨਾਲ ਦਰਦ ਸਾਂਝਾ ਕਰਦਿਆਂ ਕਿਹਾ- ਕੀ ਬਣੂ ਬਾਬਾ, ਫਸਲ ਤਾਂ ਤਬਾਹ ਹੋ ਗਈ, ਕਿਵੇਂ ਚਲਾਵਾਂਗੇ ਘਰ? ਮਿਹਨਤ ਤਾਂ ਕੀ, ਖਰਚਾ ਵੀ ਨਹੀਂ ਮੁੜਨਾ।… ਬਾਬਾ ਅੱਗਿਓਂ ਹੌਸਲੇ ਨਾਲ ਬੋਲਿਆ- ਪੁੱਤਰਾ, ਅਜਿਹੀਆ ਬਿਪਤਾਵਾਂ ਕਿਸਾਨਾਂ ਤੇ ਆਉਂਦੀਆਂ ਹੀ ਰਹਿੰਦੀਆਂ ਨੇ, ਬੱਸ ਸੁੱਖ ਚਾਹੀਦੀ ਐ। ਹੁਣ ਵੀ ਹਟ’ਜੇ, ਕੱਖ ਨਹੀਂ ਵਿਗੜਿਆ। ਧਰਤੀ ਮੌਜੂਦ ਐ, ਮਿਹਨਤ ਫੇਰ ਕਰਲਾਂ’ਗੇ।
‘ਕੱਖ ਨਹੀਂ ਵਿਗੜਿਆ’ ਸੁਣ ਮੇਰਾ ਮੂੰਹ ਅੱਡਿਆ ਰਹਿ ਗਿਆ। ਇੱਕ ਵਾਰ ਫਿਰ ਅਪਰੈਲ ਦੇ ਸ਼ੁਰੂ ਵਿਚ ਜਦੋਂ ਕਣਕਾਂ ਦਾ ਰੰਗ ਸੁਨਹਿਰੀ ਹੋਣ ਲੱਗਾ। ਕਿੱਧਰੋਂ ਹੀ ਗੱਜਣ ਲਸ਼ਕਣ ਨਾਲ ਕਾਲੀ ਘੱਟ ਚੜ੍ਹ ਆਈ। ਮੀਂਹ, ਤੇਜ਼ ਹਵਾ ਤੇ ਭਾਰੀ ਗੜੇਮਾਰੀ ਨੇ ਸਾਰੀ ਫਸਲ ਬਰਬਾਦ ਕਰ ਦਿੱਤੀ। ਵੇਚਣੀ ਤਾਂ ਕੀ, ਘਰੇ ਖਾਣ ਜੋਗੀ ਵੀ ਨਾ ਬਚੀ। ਹਰੇ ਚਾਰੇ ਬਿਨਾਂ ਡੰਗਰ ਭੁੱਖੇ ਮਰਨ ਲੱਗੇ। ਬਾਬੇ ਹੁਕਮੇ ਦਾ ਸੀਰੀ ਫਿਕਰ ਕਰਦਾ ਕਹਿਣ ਲੱਗਾ- ਲਾਣੇਦਾਰਾ, ਕੀ ਖਾਵਾਂਗੇ, ਕੀ ਵੇਚਾਂਗੇ, ਪਸ਼ੂਆਂ ਦਾ ਢਿੱਡ ਕਾਹਦੇ ਨਾਲ ਭਰਾਂਗੇ, ਭੁੱਖੇ ਮਰਨ ਵਾਲੀ ਗੱਲ ਹੋ ਗਈ। ਕਰਜ਼ਾ ਕਿਵੇਂ ਮੋੜਾਂਗੇ, ਕੋਈ ਪੇਸ਼ ਨ੍ਹੀਂ ਜਾਂਦੀ।
ਬਾਬਾ ਹੁਕਮਾ ਸੀਰੀ ਦੇ ਮੋਢੇ ਤੇ ਹੱਥ ਧਰਦਿਆਂ ਬੋਲਿਆ- ਉਹ ਕੋਈ ਨਹੀਂ ਪੁੱਤ ਜੋ ਭਾਵੈ ਕਰਤਾਰ। ਆਏ ਛੇ ਮਹੀਨੇ, ਕਿਹੜਾ ਕੁੰਭ ਦਾ ਨਾਹੁਣ ਐ, ਬਈ ਬਾਰੀਂ ਸਾਲੀਂ ਆਊ। ਉਸ ਤੇ ਵਿਸ਼ਵਾਸ ਰੱਖੋ, ਤੰਦਰੁਸਤੀ ਰਹੀ ਸਭ ਠੀਕ ਹੋਜੂ।
ਮਹਿਫਲ ਵਿਚ ਬੈਠੇ ਲੋਕ ਸੁਰਜੀਤ ਦੀਆਂ ਗੱਲਾਂ ਸੁਣ ਸੋਚੀ ਪੈ ਗਏ ਤੇ ਆਖਣ ਲੱਗੇ ਕਿ ਜਿਹੜਾ ਫਸਲ ਮਰਨ ਤੋਂ ਬਾਅਦ ਕਹਿੰਦੈ, ਕਿਹੜਾ ਕੁੰਭ ਦਾ ਮੇਲੈ, ਐਡਾ ਵੱਡਾ ਸਬਰ! 6 ਮਹੀਨੇ ਤਾਂ ਉਨ੍ਹਾਂ ਨੂੰ ਪਲਾਂ ਵਰਗੇ ਲੱਗਦੇ ਨੇ!! ਇਸ ਦਾ ਮਤਲਬ ਫਿਰ ਧੰਦਾ ਤੇ ਜ਼ਮੀਨ ਬਚਾਉਣ ਵਾਸਤੇ ਤਾਂ ਇਹ ਉਮਰ ਭਰ ਲੜ ਸਕਦੇ ਨੇ।
ਕਿਉਂ ਨਹੀਂ? ਇਹ ਹੌਂਸਲਾ, ਦ੍ਰਿੜਤਾ, ਸਬਰ ਇਕੱਲੇ ਬਾਬੇ ਹੁਕਮੇ ਦਾ ਨਹੀਂ, ਪੰਜਾਬ ਦੀ ਕੁੱਲ ਕਿਸਾਨੀ ਦਾ ਹੈ। ਸਰਕਾਰ ਕੰਧ ਤੇ ਲਿਖਿਆ ਪੜ੍ਹੇ।
ਸਾਹ ਲੈਂਦਿਆਂ ਸੁਰਜੀਤ ਨੇ ਕਿਹਾ- ਠੀਕ ਹੈ ਕਿ ਸਰਕਾਰ ਤਾਕਤਵਰ ਹੈ ਪਰ ਬਾਬੇ ਹੁਕਮੇ ਵਰਗਿਆਂ ਦੇ ਸਿਦਕ ਤੋਂ ਵੱਧ ਨਹੀਂ।
ਸੰਪਰਕ: 98144-24896