ਸ਼ਿੰਜ਼ੋ ਆਬੇ: ਯਾਦਾਂ ਤੇ ਚਿੰਤਨ

ਸ਼ਿੰਜ਼ੋ ਆਬੇ: ਯਾਦਾਂ ਤੇ ਚਿੰਤਨ

ਅਸ਼ਵਨੀ ਕੁਮਾਰ

ਪਾਨ ਦੇ ਪ੍ਰਧਾਨ ਮੰਤਰੀ ਵਜੋਂ ਸਭ ਤੋਂ ਲੰਮਾ ਸਮਾਂ ਸੇਵਾ ਨਿਭਾਉਣ ਵਾਲੇ ਸ਼ਿੰਜ਼ੋ ਆਬੇ ਨੇ 28 ਅਗਸਤ ਨੂੰ ਸਿਹਤ ਕਾਰਨਾਂ ਕਰ ਕੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਹ ਕਈ ਸਾਲਾਂ ਤੋਂ ਆਂਦਰਾਂ ਨਾਲ ਸਬੰਧਤ ਬਿਮਾਰੀ ਅਲਸਰੇਟਿਵ ਕੋਲਾਇਟਿਸ ਨਾਲ ਜੂਝ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਜਾਪਿਆ ਕਿ ਇਸ ਵਕਤ ਜਦੋਂ ਉਨ੍ਹਾਂ ਦਾ ਮੁਲਕ ਕੋਵਿਡ-19 ਅਤੇ ਚੀਨ ਨਾਲ ਤਣਾਅ ਸਮੇਤ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਉਹ ਸਿਹਤ ਸਾਜ਼ਗਾਰ ਨਾ ਹੋਣ ਕਾਰਨ ਆਪਣੀਆਂ ਜ਼ਿੰਮੇਵਾਰੀਆਂ ਸਹੀ ਢੰਗ ਨਾਲ ਨਹੀਂ ਨਿਭਾ ਸਕਦੇ। ਇਸ ਤੋਂ ਪਹਿਲਾਂ ਉਨ੍ਹਾਂ 2007 ਵਿਚ ਅਗਸਤ ਮਹੀਨੇ ਭਾਰਤ ਦੀ ਸਫਲ ਸਰਕਾਰੀ ਯਾਤਰਾ ਤੋਂ ਬਾਅਦ ਵੀ ਸਿਹਤ ਕਾਰਨ ਅਸਤੀਫ਼ਾ ਦੇ ਦਿੱਤਾ ਸੀ।

ਉਨ੍ਹਾਂ ਨਾਲ ਮੇਰਾ ਲਗਾਉ ਵੀ ਇਸ ਭਾਰਤ ਫੇਰੀ ਦੌਰਾਨ ਹੀ ਸ਼ੁਰੂ ਹੋਇਆ, ਜਦੋਂ ਉਨ੍ਹਾਂ ਦੇ ਇਸ ਦੌਰੇ ਲਈ ਮੈਨੂੰ ਉਨ੍ਹਾਂ ਨਾਲ ਰਹਿਣ ਵਾਲੇ ਮੰਤਰੀ ਵਜੋਂ ਤਾਇਨਾਤ ਕੀਤਾ ਗਿਆ। ਇਸ ਹੈਸੀਅਤ ਵਿਚ ਮੈਂ ਉਨ੍ਹਾਂ ਦੇ ਭਾਰਤ ਪੁੱਜਣ ਤੋਂ ਲੈ ਕੇ ਪਰਤ ਜਾਣ ਤੱਕ ਦੇ ਸਮੁੱਚੇ ਪ੍ਰੋਗਰਾਮ ਵਿਚ ਸ਼ਾਮਲ ਸਾਂ, ਜਿਸ ਕਾਰਨ ਉਨ੍ਹਾਂ ਨੂੰ ਨੇੜਿਉਂ ਜਾਣਨ ਦਾ ਮੌਕਾ ਮਿਲਿਆ। ਉਹ ਆਪਣੇ ਦਾਦਾ ਅਤੇ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਨੋਬੂਸੂਕੇ ਕੀਸ਼ੀ ਤੋਂ ਉਨ੍ਹਾਂ ਦੀ 1957 ਦੀ ਭਾਰਤ ਫੇਰੀ ਦੀਆਂ ਕਹਾਣੀਆਂ ਸੁਣਦੇ ਹੋਏ ਵੱਡੇ ਹੋਏ ਸਨ, ਜਦੋਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਉਨ੍ਹਾਂ ਦਾ ਵੱਡੇ ਜਨਤਕ ਇਕੱਠ ਦੌਰਾਨ ਸਵਾਗਤ ਕੀਤਾ ਸੀ। ਇਸੇ ਕਾਰਨ ਉਨ੍ਹਾਂ ਦਾ ਭਾਰਤ ਨਾਲ ਜ਼ਾਤੀ ਤੇ ਜਜ਼ਬਾਤੀ ਰਿਸ਼ਤਾ ਬਣਿਆ ਹੋਇਆ ਸੀ। ਆਪਣੀ ਉਸ ਫੇਰੀ ਦੌਰਾਨ ਵੀ ਸ੍ਰੀ ਆਬੇ ਇਸ ਬਿਮਾਰੀ ਨਾਲ ਜੂਝ ਰਹੇ ਸਨ। ਮੈਂ ਕਈ ਵਾਰ ਉਨ੍ਹਾਂ ਦੇ ਚਿਹਰੇ ਉਤੇ ਬੇਚੈਨੀ ਅਤੇ ਤਕਲੀਫ਼ ਦੇ ਭਾਵ ਦੇਖੇ। ਅਜਿਹੇ ਮੌਕਿਆਂ ਉਤੇ ਸ੍ਰੀਮਤੀ ਆਬੇ ਦੀ ਦੇਖਭਾਲ ਅਤੇ ਸੰਭਾਲ ਵਾਲੀ ਮੌਜੂਦਗੀ ਤਸੱਲੀ ਦੇਣ ਵਾਲੀ ਹੁੰਦੀ ਸੀ।

ਨਵੀਂ ਦਿੱਲੀ ਪੁੱਜਣ ’ਤੇ ਸ੍ਰੀ ਆਬੇ ਨੂੰ ਰਾਸ਼ਟਰਪਤੀ ਭਵਨ ’ਚ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਫੇਰੀ ਦਾ ਖ਼ਾਸ ਮੌਕਾ 22 ਅਗਸਤ ਨੂੰ ਆਇਆ ਜਦੋਂ ਉਨ੍ਹਾਂ ਸੰਸਦ ਦੇ ਖਚਾਖਚ ਭਰੇ ਕੇਂਦਰੀ ਹਾਲ ਵਿਚ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ। ਉਨ੍ਹਾਂ ਦੀ ਤਕਰੀਰ ਦਾ ਸਿਰਲੇਖ ਸੀ- ‘ਦੋ ਸਾਗਰਾਂ ਦਾ ਸੰਗਮ’ ਜਿਸ ਵਿਚ ਉਨ੍ਹਾਂ ਖੁੱਲ੍ਹੇ, ਖ਼ੁਸ਼ਹਾਲ ਅਤੇ ਪੁਰਅਮਨ ਹਿੰਦ-ਪ੍ਰਸ਼ਾਂਤ ਖ਼ਿੱਤੇ ਵਾਲੇ ‘ਵਿਆਪਕ ਏਸ਼ੀਆ’ ਦੀ ਆਪਣੀ ਸੋਚ ਦਾ ਪ੍ਰਗਟਾਵਾ ਕੀਤਾ। ਇਸ ਜ਼ੋਰਦਾਰ ਤਕਰੀਰ ਦਾ ਹੀ ਅਸਰ ਸੀ ਕਿ ਜਦੋਂ ਉਨ੍ਹਾਂ ਨੂੰ ਸਤਿਕਾਰ ਸਹਿਤ ਸੰਸਦ ਦੇ ਕੇਂਦਰੀ ਹਾਲ ਤੋਂ ਬਾਹਰ ਲਿਜਾਇਆ ਜਾ ਰਿਹਾ ਸੀ ਤਾਂ ਸੰਸਦ ਮੈਂਬਰਾਂ ਵਿਚ ਉਨ੍ਹਾਂ ਨਾਲ ਹੱਥ ਮਿਲਾਉਣ ਦੀ ਹੋੜ ਲੱਗ ਗਈ।

ਜਪਾਨ ਪਰਤਣ ਦੇ ਫ਼ੌਰੀ ਬਾਅਦ ਸ੍ਰੀ ਆਬੇ ਨੇ 26 ਸਤੰਬਰ 2007 ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ, ਜਿਸ ਦੀਆਂ ਟੀਵੀ ਉਤੇ ਚੱਲ ਰਹੀਆਂ ਖ਼ਬਰਾਂ ਨੇ ਮੇਰੇ ਮਨ ਤੇ ਅਮਿੱਟ ਛਾਪ ਛੱਡ ਦਿੱਤੀ। ਜਪਾਨ ਦੀ ਇਸ ਸਭ ਤੋਂ ਤਾਕਤਵਰ ਸਿਆਸੀ ਹਸਤੀ ਨੇ ਜਿਵੇਂ ਬਹੁਤ ਸਤਿਕਾਰ ਨਾਲ ਝੁਕ ਕੇ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ, ਇਹ ਗੱਲ ਧੁਰ ਤੱਕ ਛੂਹ ਗਈ। ਉਨ੍ਹਾਂ ਵੱਲੋਂ ਪਹਿਲਾਂ 2007 ਅਤੇ ਹੁਣ 2020 ਵਿਚ ਅਸਤੀਫ਼ੇ ਦੇਣ ਦੀ ਕੀਤੀ ਨਿਮਰਤਾ ਭਰੀ ਕਾਰਵਾਈ ਹਮੇਸ਼ਾ ਜਨਤਕ ਚੇਤਿਆਂ ਵਿਚ ਬਣੀ ਰਹੇਗੀ।

ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਮੈਂ ਜਦੋਂ 2007 ਵਿਚ ਸਰਕਾਰੀ ਫੇਰੀ ਤੇ ਟੋਕੀਓ ਗਿਆ ਤਾਂ ਸਦਭਾਵਨਾ ਮੀਟਿੰਗ ਲਈ ਉਨ੍ਹਾਂ ਨੂੰ ਮਿਲਣ ਦਾ ਸਮਾਂ ਮੰਗਿਆ। ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਪਾਰਟੀ ਦਫ਼ਤਰ ਵਿਚ ਮਿਲਿਆ ਜੋ ਮੇਰੇ ਲਈ ਬੜੀ ਜਜ਼ਬਾਤੀ ਮੁਲਾਕਾਤ ਸੀ ਅਤੇ ਇਹ ਮਿਥੇ ਸਮੇਂ ਤੋਂ ਜ਼ਿਆਦਾ ਦੇਰ ਜਾਰੀ ਰਹੀ। ਉਨ੍ਹਾਂ ਕੋਲੋਂ ਰੁਖ਼ਸਤ ਹੋਣ ਤੋਂ ਪਹਿਲਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਇਕ ਵਾਰੀ ਫਿਰ ਪ੍ਰਧਾਨ ਮੰਤਰੀ ਵਜੋਂ ਆਪਣੇ ਦੇਸ਼ ਦੀ ਅਗਵਾਈ ਕਰਨ ਲਈ ਅਹੁਦੇ ਤੇ ਜ਼ਰੂਰ ਪਰਤਣਗੇ ਅਤੇ ਇੰਝ ਹੋਇਆ ਵੀ।

ਸ੍ਰੀ ਸ਼ਿੰਜ਼ੋ ਆਬੇ ਨੇ 2012 ਵਿਚ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ। ਇਸ ਵਿਚਕਾਰ ਮੈਨੂੰ ਆਪਣੀ ਨਵੀਂ ਦਿੱਲੀ ਸਥਿਤ ਰਿਹਾਇਸ਼ ਵਿਖੇ ਉਨ੍ਹਾਂ ਨੂੰ ਸੱਦਣ ਅਤੇ ਉਨ੍ਹਾਂ ਦੀ ਮਹਿਮਾਨ-ਨਿਵਾਜ਼ੀ ਕਰਨ ਦਾ ਮੌਕਾ ਮਿਲਿਆ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ 2013 ਵਿਚ ਮੈਨੂੰ ਆਪਣਾ ਵਿਸ਼ੇਸ਼ ਏਲਚੀ ਬਣਾ ਕੇ ਜਪਾਨ ਭੇਜਿਆ ਤਾਂ ਕਿ ਮੈਂ ਜਪਾਨ ਦੇ ਮਹਾਰਾਜਾ ਤੇ ਮਹਾਰਾਣੀ ਦੀ ਦਸੰਬਰ 2013 ਵਿਚ ਹੋਣ ਵਾਲੀ ਭਾਰਤ ਫੇਰੀ ਦੇ ਸਬੰਧ ਵਿਚ ਸਹਾਇਤਾ ਕਰ ਸਕਾਂ। ਇਸ ਸਬੰਧ ਵਿਚ ਮੈਂ ਟੋਕੀਓ ਗਿਆ ਅਤੇ ਇਸ ਸ਼ਾਹੀ ਫੇਰੀ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਸ੍ਰੀ ਆਬੇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੀ ਮੁਸਕਾਨ ਤੋਂ ਮੈਂ ਮਹਿਸੂਸ ਕਰ ਸਕਦਾ ਸਾਂ ਕਿ ਪ੍ਰਧਾਨ ਮੰਤਰੀ ਨੂੰ ਸਾਡੀਆਂ ਪਹਿਲਾਂ ਦਿੱਲੀ ਅਤੇ ਟੋਕੀਓ ਵਿਚਲੀਆਂ ਮੀਟਿੰਗਾਂ ਦੌਰਾਨ ਹੋਈਆਂ ਚਰਚਾਵਾਂ ਦਾ ਚੇਤਾ ਸੀ। ਉਨ੍ਹਾਂ ਅੰਦਰ ਆਪਣੇ ਮੁਲਕ ਦੀ ਭਾਰਤ ਨਾਲ ਰਣਨੀਤਕ ਭਾਈਵਾਲੀ ਲਈ ਬਹੁਤ ਜੋਸ਼ ਸੀ ਜੋ ਵਿਆਪਕ ਪੱਧਰ ਤੇ ਨਿਵੇਸ਼ ਕਰਨਾ ਚਾਹੁੰਦੇ ਸਨ, ਜਿਸ ਦੀ ਸ਼ੁਰੂਆਤ ਅਫ਼ਰੀਕਾ ਵਿਚ ਸਾਂਝੀ ਭਾਰਤ-ਜਪਾਨ ਪਹਿਲਕਦਮੀ ਤੋਂ ਹੋਣੀ ਸੀ। ਇਸ ਭਾਈਵਾਲੀ ਦੇ ਮੁੱਖ ਪੱਖਾਂ ਨੂੰ ਜਪਾਨ ਵੱਲੋਂ ਉਨ੍ਹਾਂ ਦੇ ਦਲੇਰਾਨਾ ਸਹਿਯੋਗ ਸਦਕਾ ਸਹੀ ਢੰਗ ਨਾਲ ਤੈਅ ਕੀਤਾ ਗਿਆ। ਨਿੰਮੀ ਜਿਹੀ ਮੁਸਕਰਾਹਟ ਅਤੇ ਹਲਕਾ ਜਿਹਾ ਸਿਰ ਹਿਲਾਉਣਾ, ਉਨ੍ਹਾਂ ਦਾ ਨਿੱਘ ਤੇ ਰਜ਼ਾਮੰਦੀ ਪ੍ਰਗਟਾਉਣ ਦਾ ਆਪਣਾ ਤਰੀਕਾ ਹੈ।

ਜਪਾਨ ਦੇ ਬਾਦਸ਼ਾਹ ਨੇ ਮੈਨੂੰ 2017 ਵਿਚ ਬਾਖ਼ੁਸ਼ੀ ‘ਦਿ ਗਰੈਂਡ ਕੌਰਡਨ ਆਫ਼ ਦਿ ਆਰਡਰ ਆਫ਼ ਦਿ ਰਾਈਜ਼ਿੰਗ ਸਨ’ ਦਾ ਐਵਾਰਡ ਬਖ਼ਸ਼ਿਆ। ਸਨਮਾਨ ਸਮਾਗਮ ਟੋਕੀਓ ਦੇ ਸ਼ਾਹੀ ਮਹਿਲ ਵਿਚ ਬਾਦਸ਼ਾਹ ਅਤੇ ਪ੍ਰਧਾਨ ਮੰਤਰੀ ਆਬੇ ਦੀ ਮੌਜੂਦਗੀ ਵਿਚ ਹੋਇਆ ਅਤੇ ਸ੍ਰੀ ਆਬੇ ਨੇ ਬਾਦਸ਼ਾਹ ਦਾ ਇਹ ਸਨਮਾਨ ਜਪਾਨ ਸਰਕਾਰ ਵੱਲੋਂ ਮੈਨੂੰ ਮੁਸਕਰਾਹਟ ਸਹਿਤ ਸੌਂਪਿਆ।

ਭਾਰਤੀ ਅਤੇ ਜਪਾਨੀ ਆਗੂਆਂ ਦੀ ਦੋਵਾਂ ਮੁਲਕਾਂ ਦਰਮਿਆਨ ਰਣਨੀਤਕ ਭਾਈਵਾਲੀ ਕਾਇਮ ਕਰਨ ਦੀ ਸਿਆਣਪ ਦੀ ਪੁਸ਼ਟੀ ਚੀਨ ਦੇ ਭਾਰਤ ਵਿਚ ਡੋਕਲਾਮ ਅਤੇ ਲੱਦਾਖ਼ ਵਿਚ ਹਮਲਾਵਰ ਰੁਖ਼ ਤੋਂ ਹੋ ਜਾਂਦੀ ਹੈ। ਆਰਥਿਕ ਪੱਖ ਤੋਂ ਵੀ ਇਹ ਮੇਰੇ ਲਈ ਜ਼ਾਤੀ ਤੌਰ ਤੇ ਬਹੁਤ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ 2019 ਵਿਚ ਭਾਰਤ ਵਿਚ ਉਸ ਵੇਲੇ ਦੇ ਜਪਾਨੀ ਰਾਜਦੂਤ ਕੇਂਜੀ ਹੀਰਾਮਾਤਸੂ ਨੇ ਅੰਮ੍ਰਿਤਸਰ ਅਤੇ ਮੇਰੇ ਜੱਦੀ ਜ਼ਿਲ੍ਹੇ ਗੁਰਦਾਸਪੁਰ ਦਾ ਦੌਰਾ ਕਰਨ ਦਾ ਮੇਰਾ ਸੱਦਾ ਕਬੂਲ ਕਰ ਲਿਆ। ਇਸ ਫੇਰੀ ਦਾ ਮਕਸਦ ਪੰਜਾਬ ਦੇ ਇਨ੍ਹਾਂ ਸਰਹੱਦੀ ਜ਼ਿਲ੍ਹਿਆਂ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ਤਲਾਸ਼ਣਾ ਸੀ। ਇਹ ਆਬੇ ਸਰਕਾਰ ਵੱਲੋਂ ਭਾਰਤ ਵਿਚ ਜਪਾਨੀ ਨਿਵੇਸ਼ ਵਧਾਉਣ ਦੀ ਨੀਤੀ ਦਾ ਹੀ ਹਿੱਸਾ ਸੀ। ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪੰਜਾਬ ਦੌਰੇ ਤੇ ਆਏ ਰਾਜਦੂਤ ਅਤੇ ਉਨ੍ਹਾਂ ਦੀ ਪਤਨੀ ਪੈਟਰੀਸ਼ਿਆ ਹੀਰਾਮਾਤਸੂ ਨੂੰ ਸਤਿਕਾਰ ਸਹਿਤ ਸਰਕਾਰੀ ਮਹਿਮਾਨਾਂ ਵਜੋਂ ਮਾਣ ਦਿੱਤਾ।

ਮੁਸ਼ਕਿਲ ਭਰੇ ਇਸ ਦੌਰ ਦੌਰਾਨ, ਜਦੋਂ ਸੰਸਾਰ ਨੂੰ ਦਰਪੇਸ਼ ਲਾਸਾਨੀ ਚੁਣੌਤੀਆਂ ਲਈ ਸਾਨੂੰ ਸੁਲ਼ਝੇ ਹੋਏ ਆਗੂਆਂ ਦੀ ਲੋੜ ਹੈ, ਤਾਂ ਜਪਾਨ ਦੇ ਪ੍ਰਧਾਨ ਮੰਤਰੀ ਵਜੋਂ ਸ੍ਰੀ ਆਬੇ ਦੀ ਕਮੀ ਰੜਕਦੀ ਰਹੇਗੀ। ਅਸੀਂ ਪ੍ਰਧਾਨ ਮੰਤਰੀ ਆਬੇ ਦੀ ਜਲਦ ਤੇ ਮੁਕੰਮਲ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦੇ ਬੋਲਾਂ ਨੂੰ ਸਾਡੇ ਦੌਰ ਦੀਆਂ ਚੁਣੌਤੀਆਂ ਦੇ ਟਾਕਰੇ ਲਈ ਦੁਨੀਆਂ ਭਰ ਵਿਚ ਬਹੁਤ ਸਤਿਕਾਰ ਨਾਲ ਸੁਣਿਆ ਜਾਵੇਗਾ। ਉਨ੍ਹਾਂ ਦੇ ਅਸਤੀਫ਼ੇ ਨੂੰ ਇਤਿਹਾਸ ਵਿਚ ਨਿਮਰਤਾ ਤੇ ਗੌਰਵ ਦੇ ਨਿਮਾਣੇ ਕਾਰਜ ਵਜੋਂ ਦੇਖਿਆ ਜਾਵੇਗਾ।

*ਸਾਬਕਾ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਬਾਈਕਾਟ ਦੌਰਾਨ ਕਿਰਤ ਸੁਧਾਰਾਂ ਸਣੇ ਕਈ ਬਿੱਲ ਪਾਸ

ਬਾਈਕਾਟ ਦੌਰਾਨ ਕਿਰਤ ਸੁਧਾਰਾਂ ਸਣੇ ਕਈ ਬਿੱਲ ਪਾਸ

ਸਰਕਾਰ ਨੂੰ ਰਾਸ ਆਇਆ ਵਿਰੋਧੀ ਧਿਰ ਦਾ ਬਾਈਕਾਟ; ਸੰਸਦ ਦੇ ਦੋਵੇਂ ਸਦਨ ਅਣ...

ਰੇਲ ਰੋਕੋ ਅੰਦੋਲਨ ਅੱਜ ਤੋਂ; ਪੰਜਾਬ ਬੰਦ ਭਲਕੇ

ਰੇਲ ਰੋਕੋ ਅੰਦੋਲਨ ਅੱਜ ਤੋਂ; ਪੰਜਾਬ ਬੰਦ ਭਲਕੇ

ਰੇਲ ਵਿਭਾਗ ਨੇ ਪੰਜਾਬ ਆਉਣ ਵਾਲੀਆਂ ਸਾਰੀਆਂ ਗੱਡੀਆਂ ਕੀਤੀਆਂ ਰੱਦ

ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਗੁਲਾਮ ਨਬੀ ਆਜ਼ਾਦ ਵੱਲੋਂ ਕੋਵਿੰਦ ਨੂੰ ਬਿੱਲਾਂ ’ਤੇ ਸਹਿਮਤੀ ਨਾ ਦੇਣ ਦੀ...

ਸ਼ਹਿਰ

View All