ਦਲਬੀਰ ਸਿੰਘ ਸੱਖੋਵਾਲੀਆ
ਨਾਮਵਰ ਲੇਖਕ, ਪੱਤਰਕਾਰ, ਟੀਵੀ ਅਤੇ ਫਿ਼ਲਮੀ ਦੁਨੀਆ ਦਾ ਜਾਣਿਆ ਪਛਾਣਿਆ ਹਸਤਾਖਰ ਸੀ ਕੇ ਸ਼ਰਨਜੀਤ ਜਿਨ੍ਹਾਂ ਨੇ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਸਖ਼ਤ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ। ਉਨ੍ਹਾਂ ਸਨਅਤੀ ਨਗਰ ਬਟਾਲਾ ਤੋਂ ਜਿੱਥੇ ਚਾਰ ਦਹਾਕੇ ਤੋਂ ਵੱਧ ਸਮਾਂ ‘ਪੰਜਾਬੀ ਟ੍ਰਿਬਿਊਨ’ ਲਈ ਕੰਮ ਕੀਤਾ, ਉੱਥੇ 1967 ਤੋਂ 1973 ਤੱਕ ਬੰਬਈ (ਹੁਣ ਮੁੰਬਈ) ਰਹਿ ਕੇ ਨਾਮਵਰ ਫਿਲਮੀ ਅਦਾਕਾਰ, ਕਹਾਣੀ ਲੇਖਕਾਂ ਨਾਲ ਆਪਣੇ ਸੁਖਾਵੇਂ ਸਬੰਧ ਬਣਾਏ। ਉਨ੍ਹਾਂ ਨੇ ਸ਼ਾਇਰੀ ਅਤੇ ਪਟਕਥਾ ਲਿਖਣ ’ਚ ਮੁਹਾਰਤ ਹਾਸਿਲ ਕਰਨ ਲਈ ਫਿਲਮੀ ਨਗਰੀ ਦੀਆਂ ਤਿੰਨ ਹਸਤੀਆਂ- ਰਾਜਿੰਦਰ ਸਿੰਘ ਬੇਦੀ, ਸ਼ਕੀਲ ਬਦਾਯੂੰਨੀ ਅਤੇ ਸਾਹਿਰ ਲੁਧਿਆਣਵੀ ਤੋਂ ਇਮਦਾਦ ਲਈ। ਸ਼ਾਇਰੀ ਵਿਚ ਉਹ ਸ਼ਕੀਲ ਬਦਾਯੂੰਨੀ ਨੂੰ ਆਪਣਾ ਉਸਤਾਦ ਮੰਨਦੇ ਸਨ।
ਕੇ ਸ਼ਰਨਜੀਤ 17 ਅਗਸਤ 1947 ਨੂੰ ਪਿਤਾ ਜਗਤ ਸਿੰਘ ਅਤੇ ਮਾਤਾ ਗਿਆਨ ਕੌਰ ਦੇ ਘਰ ਪਿੰਡ ਦੁੱਲਟ ਪੈਦਾ ਹੋਏ। ਉਨ੍ਹਾਂ ਨੇ ਚਾਰ ਫਿਲਮਾਂ- ਫਿਲਮਸਾਜ਼ ਰਾਮ ਵਘੇਲਾ ਦੀ ‘ਤੁਮ ਬਿਨਾ ਜਾਊ ਕਹਾਂ’ (1986), ਚੰਦਰ ਕੌਸ਼ਲ ਦੀ ‘ਚੱਲੋ ਬੁਲਾਵਾ ਆਇਆ ਹੈ’ (1991), ਵਸੀਮ ਸਿੱਦੀਕੀ ਦੀ ‘ਜਵਾਲਾ’ (1994) ਅਤੇ ਸ਼ਾਮ ਗੁਪਤਾ ਦੀ ‘ਮਹਬਿੂਬ ਕਾ ਦਾਮਨ’ ਵਿਚ ਬਤੌਰ ਕਹਾਣੀਕਾਰ ਤੇ ਗੀਤਕਾਰ ਵਜੋਂ ਸੇਵਾਵਾਂ ਦਿੱਤੀਆਂ। ਇਸੇ ਤਰ੍ਹਾਂ ਦੂਰਦਰਸ਼ਨ ਜਲੰਧਰ ਲਈ ਟੀਵੀ ਸੀਰੀਅਲ ‘ਕਾਲੀ ਰੌਸ਼ਨੀ’, ‘ਜ਼ਮੀਨ ਦੀ ਆਵਾਜ਼’, ‘ਕੰਮੋ’, ‘ਪਾਰੋ ਦੀ ਵਾਪਸੀ’, ‘ਪ੍ਰੇਰਨਾ’, ‘ਪਹਿਚਾਨ’ ਲਈ ਕਹਾਣੀ, ਸਕਰੀਨ ਪਲੇਅ ਅਤੇ ਡਾਇਲਾਗ ਲਿਖ ਕੇ ਆਪਣੀ ਵੱਖਰੀ ਪਛਾਣ ਬਣਾਈ। ਸੀਰੀਅਲ ‘ਜ਼ਮੀਰ ਦੀ ਆਵਾਜ਼’ ਤਾਂ ਬੀਬੀਸੀ ਤੋਂ ਵੀ ਚੱਲਿਆ ਸੀ। ਉਨ੍ਹਾਂ ਨੂੰ ਇਹ ਮੁਕਾਮ ਹਾਸਿਲ ਕਰਨ ਲਈ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ, ਕਠਿਨਾਈਆਂ ਅਤੇ ਦੁਸ਼ਵਾਰੀਆਂ ਨਾਲ ਜੂਝਣਾ ਪਿਆ ਪਰ ਇਸ ਬਾਵਜੂਦ ਉਸ ਨੇ ਆਪਣੇ ਅੰਦਰਲੇ ਕਲਾਕਾਰ ਨੂੰ ਜਿੰਦਾ ਰੱਖਿਆ। ਉਨ੍ਹਾਂ ਨੇ ਗ਼ਜ਼ਲ਼ਾਂ ਲਿਖੀਆਂ ਜੋ ‘ਰੁਖ਼ਸਤ’, ‘ਸ਼ੱਬ-ਏ-ਫਿ਼ਰਾਕ’ ਤੇ ‘ਆਇਨਾ’ ਵਿਚ ਸੰਗ੍ਰਹਿ ਕੀਤੀ ਗਈਆਂ ਹਨ। ਇਸ ਤੋਂ ਇਲਾਵਾ ਉਸ ਨੇ ਨਾਵਲ ‘ਜ਼ਮੀਰ ਦੀ ਆਵਾਜ਼’ (1983), ‘ਸਾਚੇ ਸੰਗ ਪ੍ਰੀਤ’ (1993), ‘ਪ੍ਰੇਰਨਾ’ ਲਿਖੇ।
ਕੇ ਸ਼ਰਨਜੀਤ ਜੋ ਫ਼ਿਦਾ ਬਟਾਲਵੀ ਦੇ ਨਾਮ ਨਾਲ ਚਰਚਿਤ ਹੋਏ, ਨੇ ਚਾਰ ਸੌ ਤੋਂ ਵੱਧ ਗੀਤ ਅਤੇ ਗ਼ਜਲ਼ਾਂ ਲਿਖੀਆਂ। ਇਨ੍ਹਾਂ ਵਿਚੋਂ ਕਈ ਗੀਤ ਅਤੇ ਗ਼ਜ਼ਲਾਂ ਨਾਮਵਰ ਹਿੰਦੀ ਪੰਜਾਬੀ ਗਾਇਕਾਂ ਨੇ ਗਾਈਆਂ। ਇਨ੍ਹਾਂ ਕਲਾਕਾਰਾਂ ਵਿਚ ਆਸ਼ਾ ਭੌਸਲੇ, ਸੁਰੇਸ਼ ਵਾਡੇਕਰ, ਮੁਹੰਮਦ ਅਜ਼ੀਜ਼, ਦਿਲਰਾਜ ਕੌਰ, ਅਨੁਰਾਧਾ ਪੌਡਵਾਲ, ਅਮਰਿੰਦਰ ਗਿੱਲ, ਲਖਵਿੰਦਰ ਵਡਾਲੀ ਤੇ ਪੂਰਨ ਚੰਦ ਵਡਾਲੀ ਸਮੇਤ ਹੋਰ ਵੀ ਸ਼ਾਮਿਲ ਹਨ। ਕੇ ਸ਼ਰਨਜੀਤ ਨੂੰ 2014 ਵਿਚ ਅੰਧਰਗ ਦਾ ਦੌਰਾ ਪਿਆ ਜਿਸ ਕਾਰਨ ਸਿਹਤ ਵਿਚ ਵਿਗਾੜ ਆਇਆ, ਫਿਰ ਵੀ ਉਨ੍ਹਾਂ ਆਪਣੀ ਪੱਤਰਕਾਰੀ ਤੇ ਲਿਖਣ ਦੀ ਰਫ਼ਤਾਰ ਨੂੰ ਮੱਠਾ ਨਹੀਂ ਪੈਣ ਦਿੱਤਾ। ਇਸੇ ਦੌਰਾਨ ਉਨ੍ਹਾਂ ਦੁਆਰਾ ਲਿਖਿਆ ਤੇ ਲਖਵਿੰਦਰ ਵਡਾਲੀ ਦਾ ਗਾਇਆ ਗੀਤ ‘ਨੀ ਮੈਂ ਕਮਲੀ ਰਮਲੀ’ ਨੂੰ ਭਰਵਾਂ ਹੁੰਗਾਰਾ ਮਿਲਿਆ। ਇਨ੍ਹਾਂ ਦਿਨਾਂ ਦੌਰਾਨ ਹੀ ਅਜੋਕੇ ਦੌਰ ਵਿਚ ਨਸ਼ਿਆਂ ਨਾਲ ਤਬਾਹ ਹੋ ਰਹੀਆਂ ਜ਼ਿੰਦਗੀਆਂ ਨੂੰ ਬਚਾਉਣ ਦੇ ਉਪਰਾਲੇ ਵਜੋਂ ਟੈਲੀ ਫਿਲਮ ‘ਨਾਸੂਰ’ ਲਿਖੀ। ਪਿਛਲੇ ਸਾਲ ਅਕਤੂਬਰ ਮਹੀਨੇ ਦੌਰਾਨ ਕੇ ਸ਼ਰਨਜੀਤ ਦੀ ਸਿਹਤ ਵਿਚ ਭਾਰੀ ਗਿਰਾਵਟ ਆਉਣ ਅਤੇ ਟਿਊਮਰ ਵਰਗੀ ਬਿਮਾਰੀ ਨੇ ਉਨ੍ਹਾਂ ਨੂੰ ਤੁਰਨ ਫਿਰਨ ਤੋਂ ਅਸਮਰਥ ਕਰ ਦਿੱਤਾ, ਤੇ ਉਹ ਇਸੇ ਸਾਲ 17 ਜਨਵਰੀ ਨੂੰ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ। ਉਨ੍ਹਾਂ ਦਾ ਆਖ਼ਰੀ ਗੀਤ ‘ਨਜ਼ਾਰਾ’ ਜੋ ਜੋ ਲਖਵਿੰਦਰ ਵਡਾਲੀ ਅਤੇ ਉਸਤਾਦ ਪੂਰਨ ਚੰਦ ਵਡਾਲੀ ਨੇ ਗਾਇਆ, ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਕੀਤਾ ਗਿਆ। ਕੇ ਸ਼ਰਨਜੀਤ/ਫ਼ਿਦਾ ਬਟਾਲਵੀ ਦੀ ਸਦੀਵੀ ਯਾਦ ਲਈ ਉਨ੍ਹਾਂ ਦੇ ਪੁੱਤਰ ਪ੍ਰੋਫੈਸਰ ਪਰਮਜੀਤ ਸਿੰਘ ਉਨ੍ਹਾਂ ਦੇ ਹਿੰਦੀ, ਪੰਜਾਬੀ, ਉਰਦੂ ਗੀਤਾਂ, ਗ਼ਜ਼ਲਾਂ ਅਤੇ ਹੋਰ ਲਿਖਤਾਂ ਦੀ ਕਿਤਾਬ ਤਿਆਰ ਕਰ ਰਹੇ ਹਨ। ਫਿ਼ਦਾ ਬਟਾਲਵੀ ਦੇ ਕੁਝ ਸ਼ੇਅਰ:
ਖਵਾਹਿਸ਼ੇ ਜਿ਼ੰਦਗੀ ਨਹੀਂ ਕਰਤੇ।
ਇਸ ਲਿਏ ਬੰਦਗੀ ਨਹੀਂ ਕਰਤੇ।
ਕਿੱਸਾ ਦੀਵਾਨਗੀ ਕਾ ਹਮਾਰਾ ਸੁਨੋ,
ਖ਼ੁਦ ਕੋ ਅਪਨਾ ਫਸਾਨਾ ਸੁਨਾਤੇ ਰਹੇ।
ਹਰੇਕ ਦਿਲ ਮੇਂ ਬਨਾ ਘਰ ਅਪਨਾ,
ਅਹਲੇ ਦੁਨੀਆ ਸੇ ਯੂੰ ਬੇਘਰ ਹੋ ਜਾ।
ਦਰਦ ਕੀ ਲੰਬੀ ਰਾਤ ਬਾਕੀ ਹੈ
ਦਿਲੇ ਨਾਦਾਂ ਯਹ ਦਿਨ ਢਲਾ ਹੈ ਅਭੀ।
ਨਗਮਾ-ਏ-ਇਸ਼ਕ ਚੀਜ਼ ਐਸੀ ਹੈ
ਗੁਨਗੁਨਾਨੇ ਕੀ ਸਜ਼ਾ ਮਿਲਤੀ ਹੈ।
ਸੰਪਰਕ: 98722-42924