ਜਗਦੀਪ ਸਿੱਧੂ
ਕੁਝ ਲੋਕ ਹੁੰਦੇ ਨੇ ਜਿਨ੍ਹਾਂ ਦੇ ਜਾਣ ਦਾ ਘਾਟਾ ਦਿਸਦਾ ਨਹੀਂ ਪਰ ਬਹੁਤ ਹੁੰਦਾ। ਹੁਣ ਅਰਸਾ ਹੋ ਗਿਆ ਕੋਈ ਝੜੀ ਲੱਗਦੀ ਨਹੀਂ ਦੇਖੀ। ਬਚਪਨ ਵਿਚ ਨਾਨਕੀ ਜਾਂਦੇ, ਮੀਂਹ ਪੈਂਦਾ ਤਾਂ ਮਾਮੇ ਨੇ ਕਹਿਣਾ, “ਬਹੁਤ ਮੀਂਹ ਪੈ ਗਿਆ ਬਈ, ਫ਼ਸਲ ਰਮ ਗਈ।” ਮੈਂ ਕਹਿਣਾ, “ਕਿੱਥੇ ਮਾਮਾ, ਕਿਣ-ਮਿਣ ਜਿਹੀ ਹੀ ਤਾਂ ਹੋਈ ਹੈ।” “ਭਾਣਜੇ ਜਿਹੜਾ ਮੀਂਹ ਹੌਲ਼ੀ ਹੌਲ਼ੀ ਦੇਰ ਤਕ ਪੈਂਦਾ, ਉਹ ਫ਼ਸਲ ਨੂੰ ਜ਼ਿਆਦਾ ਲੱਗਦਾ, ਛਰਾਟਿਆਂ ਨਾਲ਼ ਤਾਂ ਉੱਤੋਂ ਹੀ ਭਿੱਜਦੀ।”
ਹੁਣ ਜਦ ਦਰਸ਼ਨ ਕੌਰ ਜੀ ਬਾਰੇ ਲੇਖ ਲਿਖਣਾ ਸ਼ੁਰੂ ਕੀਤਾ ਤਾਂ ਆਪਣੀ ਜਾਣਕਾਰੀ ਵਾਸਤੇ ਦੋਸਤ ਲੇਖਕਾਂ, ਪਾਠਕਾਂ ਤੋਂ ਉਨ੍ਹਾਂ ਬਾਰੇ ਪੁੱਛਿਆ ਤਾਂ ਸਾਰਿਆਂ ਨੇ ਉਨ੍ਹਾਂ ਦੀ ਦੇਣ ਨੂੰ ਸਰਾਹਿਆ। ਆਪਣੇ ਮਾਮੇ ਦੀ ਕਹੀ ਗੱਲ ਹੋਰ ਪੁਖ਼ਤਾ ਹੋ ਗਈ; ਜਿਹੜਾ ਘੱਟ ਦਿਸਦਾ ਸਹਿਜ ਨਾਲ਼ ਵਿਚਰਦਾ ਰਹਿੰਦਾ, ਉਹਦਾ ਪ੍ਰਭਾਵ ਹੀ ਦੇਰ ਤਕ ਰਹਿੰਦਾ।
ਮੈਂ ਆਪਣੀ ਗੱਲ ਨੂੰ ਹੋਰ ਵਜ਼ਨਦਾਰ ਬਣਾਉਣ ਲਈ ਉਨ੍ਹਾਂ ਦੇ ਬੱਚਿਆਂ ਦੀ ਉਦਾਹਰਨ ਦੇ ਸਕਦਾਂ; ਡਾ. ਮਨਮੋਹਨ ਦੀ ਸਾਹਿਤਕ ਅਤੇ ਅਧਿਕਾਰੀ ਦੇ ਤੌਰ ’ਤੇ ਦੇਣ ਨੂੰ ਸਾਰੇ ਜਾਣਦੇ ਨੇ। ਧੀ ਹਰਸਿਮਰਤ ਕਿੱਤੇ ਵਜੋਂ ਉੱਘੀ ਵਕੀਲ ਹੈ ਤੇ ਸੋਹਣੀ ਕਵਿਤਾ ਲਿਖਦੀ ਹੈ। ਅੱਜ ਜਦੋਂ ਇਹ ਲੇਖ ਲਿਖ ਰਿਹਾ ਸਾਂ ਤਾਂ ਇਕ ਹੋਰ ਵਕੀਲ ਧੀ ਨਵਜੋਤ ਕੌਰ ਦਾ ਸਮਾਜਿਕ ਲੇਖ ਅਖ਼ਬਾਰ ਨੇ ਪ੍ਰਮੁੱਖਤਾ ਨਾਲ਼ ਛਾਪਿਆ ਹੋਇਆ ਸੀ। ਸੋ, ਦਰਸ਼ਨ ਕੌਰ ਜੀ ਦੀ ਸਾਹਿਤਕ, ਸਮਾਜਿਕ ਤਪੱਸਿਆ ਦਾ ਪ੍ਰਭਾਵ ਬਾਰੀਕੀ ਨਾਲ਼ ਦੂਰ ਤਕ ਤੇ ਚਿਰਸਥਾਈ ਰੂਪ ਵਿਚ ਦੇਖਿਆ ਜਾ ਸਕਦਾ ਹੈ।
ਦਰਸ਼ਨ ਕੌਰ ਜੀ ਦਾ ਜਨਮ 18 ਨਵੰਬਰ 1935 ਨੂੰ ਕੋਇਟਾ, ਬਲੋਚਿਸਤਾਨ (ਪਾਕਿਸਤਾਨ) ਵਿਚ ਹੋਇਆ। ਉਨ੍ਹਾਂ ਦੀ ਵਿਦਿਅਕ ਯੋਗਤਾ ਮੈਟ੍ਰਿਕ, ਗਿਆਨੀ, ਜੇਵੀ ਹੈ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਰਿਟਾਇਰ ਹੋਏ। ਲੇਖਕ ਹੁੰਦੇ ਹੋਏ ਸਿੱਖਿਆ ਵਿਚ ਵੀ ਉਨ੍ਹਾਂ ਦੇ ਯੋਗਦਾਨ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਉਹਨਾਂ ਦੀਆਂ ਪੰਦਰਾਂ ਦੇ ਕਰੀਬ ਕਿਤਾਬਾਂ ਪ੍ਰਕਾਸ਼ਿਤ ਹੋਈਆਂ: ਕਾਰਾਵਾਸ (ਕਾਵਿ ਸੰਗ੍ਰਹਿ 1997), ਵੇਦਣ ਕਹੀਏ ਕਿਸੁ (ਕਾਵਿ ਸੰਗ੍ਰਹਿ 2001), ਮੁੰਧ ਇਕੇਲੀ (ਕਾਵਿ ਸੰਗ੍ਰਹਿ 2002), ਗੁਆਚਾ ਅਤੀਤ (ਕਹਾਣੀ ਸੰਗ੍ਰਹਿ 2005), ਕੈਸਾ ਆਲਮ ਹੈ! (ਕਾਵਿ ਸੰਗ੍ਰਹਿ 2007), ਯਾਦਾਂ ਦੇ ਸਾਇਬਾਨ (ਕਾਵਿ ਸੰਗ੍ਰਹਿ 2008), ਬੇਅਦਲੀ (ਕਾਵਿ ਸੰਗ੍ਰਹਿ 2001), ਮੁਆਵਜ਼ਾ (ਸ਼ਾਇਰੀ ਮਜਮੂਆਂ, ਊਰਦੂ ਵਿਚ 2001), ਨਜਾਤ (ਕਾਵਿ ਸੰਗ੍ਰਹਿ 2013), ਇਤਿਹਾਸ ਦੇ ਜ਼ਖ਼ਮੀ ਪੰਨੇ (ਸਾਹਿਤਕ ਵੰਨਗੀਆਂ 2014), ਸਕਰ ਹੋਈ ਵਿਸੁ (ਸਵੈ ਜੀਵਨੀ 2017), ਇੱਲ ਦਾ ਨਾਂ ਕੋਕੋ (ਬਾਲ ਸਾਹਿਤ 2021)। ਉਨ੍ਹਾਂ ਨੂੰ ਕਈ ਵਿਧਾਵਾਂ ’ਤੇ ਆਬੂਰ ਹਾਸਿਲ ਸੀ।
ਉਨ੍ਹਾਂ ਦੀਆਂ ਕਿਤਾਬਾਂ ਫਰੋਲਦਿਆਂ ਮੈਂ ਵੀ ਵਿਗੋਚਿਆਂ, ਤਰਸੇਵਿਆਂ, ਸੰਘਰਸ਼ ਦੇ ਅੰਗ-ਸੰਗ ਰਿਹਾ ਤੇ ਲਿਖਣ ਦੇ ਢੰਗ ਦੇ ਵੀ। ਸਭ ਤੋਂ ਪਹਿਲਾਂ ‘ਵੇਦਣ ਕਹੀਏ ਕਿਸੁ’ ਦੀ ਕਵਿਤਾ ਨਜ਼ਰੀਂ ਪੈਂਦੀ ਹੈ:
ਇਕ ਦਰਦ ਸੀ ਕੋਲ਼ ਮੇਰੇ/ਬਿਖ਼ਰ ਗਿਆ ਅੱਖਰ ਅੱਖਰ/ਤੁਰ ਗਿਆ ਉਹ…
ਏਥੇ ਤੁਸੀਂ ਸ਼ਾਇਰਾ ਦੀ ਕਾਵਿ ਕਲਾ ਦੀ ਨੁਹਾਰ ਦੇਖ ਸਕਦੇ ਹੋ। ਕਿਸ ਤਰ੍ਹਾਂ ਉਹ ਸਥਿਤੀ ਨੂੰ ਸ਼ਕਤੀਸ਼ਾਲੀ ਬਿੰਬ ਰਾਹੀਂ ਉਘਾੜਦੀ ਹੈ। ਵਿਗੋਚਾ ਕਿਸ ਤਰ੍ਹਾਂ ਘਰ ਕਰ ਗਿਆ ਕਿ ਉਨ੍ਹਾਂ ਨੂੰ ਦਰਦ ਦੇ ਤੁਰ ਜਾਣ ਦਾ ਵੀ ਦਰਦ ਹੈ। ਇਹ ਸਭ ਕੁਝ ਕਿੰਝ ਪੱਕ ਗਿਆ। ਜ਼ਿੰਦਗੀ ਵਿਚ ਸ਼ੁਮਾਰ ਹੋ ਗਿਆ।
ਅੱਗੇ ਤੁਰਨਾ ਉਂਗਲੀਆਂ ਭਾਰ ਤੁਰਨ ਵਰਗਾ ਅਹਿਸਾਸ ਹੁੰਦਾ ਹੈ। ਉਂਗਲੀਆਂ ’ਤੇ ਭਾਰ ਵਰਗੀ ਪੀੜ ’ਚੋਂ ਗੁਜ਼ਰੋਂਗੇ ਤਾਂ ਲੱਗੇਗਾ ਕਿ ਜ਼ਿੰਦਗੀ ’ਚ ਕਿਤੇ ਕੋਈ ਘਾਟ ਹੈ। ਇਸੇ ਕਿਤਾਬ ਦੀ ਕਵਿਤਾ ‘ਰੇਖਾ’ ਪੜ੍ਹਦਾਂ। ਕਵਿਤਾ ਲਕੀਰੀ ਨਹੀਂ, ਗੰਭੀਰ ਪੜ੍ਹਤ ਦੀ ਮੰਗ ਕਰਦੀ ਹੈ। ਔਰਤ ਦੀਆਂ ਕੁਝ ਸੀਮਾਵਾਂ ਵੀ ਹੋ ਸਕਦੀਆਂ ਨੇ ਪਰ ਉਹ ਜ਼ਿੰਦਗੀ ਦਾ ਗਣਿਤ ਵੀ ਸਮਝਦੀ ਹੈ:
ਤੂੰ ਜੋ ਰੇਖਾ ਵਾਹੀ ਹੈ/ਮਿਟਣੀ ਨਹੀਂ/ਮੈਂ ਉਹ ਰੇਖਾ ਟੱਪਣੀ ਨਹੀਂ/ਮੈਂ ਦਰਸ਼ਨ ਹਾਂ-ਸੀਤਾ (ਧਰਤੀ) ਨਹੀਂ/ਰੇਖਾ ਵੀ ਇਕ ਗਣਿਤ ਹੈ/ਗਣਿਤ ਦਾ ਆਪਣਾ ਦਾਇਰਾ ਕਿਤਾਬ ਬਦਲਦਾ ਹਾਂ, ਸੋਚਦਾਂ, ਸ਼ਾਇਰਾ ਨੇ ਪਾਸਾ ਪਰਤਿਆ ਹੋਵੇਗਾ ਪਰ ਪਾਸਾ ਪਰਤਦਿਆਂ ਦਰਦ ਘਟਦਾ ਤਾਂ ਨਹੀਂ। ਕਿਤਾਬਾਂ ਵਰ੍ਹੇ ਅਨੁਸਾਰ ਤਰਤੀਬਵਾਰ ਲੈਂਦਾ ਹਾਂ। ਬਿਖਰਾਓ ਵੀ ਤਰਤੀਬਵਾਰ ਪੜ੍ਹਨ ’ਤੇ ਸਮਝ ਆਵੇਗਾ।
ਕਿਤਾਬ ‘ਮੂੰਧ ਇਕੇਲੀ’ ਹੱਥ ਵਿਚ ਹੈ। ਸ਼ਾਇਰਾ ਨੇ ਤਰਤੀਬ ਤੋੜ ਦਿੱਤੀ ਹੈ। ਉਹ ਬਹੁਤ ਪਿਛਾਂਹ ਚਲੀ ਗਈ ਹੈ। ਦੱਸਦੀ ਹੈ, ਦਰਦ ਦੀ ਕੋਈ ਕਮੀ ਨਹੀਂ ਰਹੀ ਜ਼ਿੰਦਗੀ ਵਿਚ। ਹੁਣ ਪਿੱਤਰ-ਸੱਤਾ ਵਾਲੀ ਪੀੜ ਹਾਜ਼ਰ ਹੈ। ਕਵਿਤਾ ‘ਕੰਦੀਲ’ ਕਾਵਿ-ਭਾਸ਼ਾ, ਸ਼ਿਲਪ, ਸ਼ੈਲੀ ਵਿਚ ਉੱਤਮ ਕਵਿਤਾ ਹੈ। ਕੁਝ ਸਤਰਾਂ:
ਰੱਬ ਦੇ ਘਰੋਂ ਡਿੱਗਾ ਪੱਥਰ!/ਮਾਂ ਦਾਦੀ ਤੇ ਹੋਰ ਔਰਤਾਂ/ਦਹਿਲ ਗਈਆਂ ਸਨ ਵੇਖ ਕੇ ਮੈਨੂੰ/ਆਈ ਜਦੋਂ ਮੈਂ ਦੁਨੀਆ ’ਤੇ/ਰੱਬ ਦੇ ਘਰੋਂ ਡਿੱਗਾ ਪੱਥਰ!/ਦਿੱਤਾ ਉਪਨਾਮ ਮੈਨੂੰ/ਨਫ਼ਰਤ ਨਾਲ਼ ਮਿਲੇ ਸਾਰੇ/ਚਿਰਾਗ ਬਣ ਕੇ ਆਉਣਾ ਸੀ/ਤੂੰ ਤਾਂ ਹਨੇਰਾ ਕਰ ਦਿੱਤਾ/ਭਾਵੇਂ ਬਣ ਮੈਂ ਪੱਥਰ ਡਿੱਗੀ/ਫਿਰ ਵੀ ਹੈ ਕੀਮਤ ਮੇਰੀ/ਪੱਥਰਾਂ ਦੀ ਹੁੰਦੀ ਹੈ ਲੋੜ/ਘਰ ਬਨਾਵਣ ਦੇ ਲਈ/ਚਿਰਾਗ਼ ਤਾਂ ਬਾਅਦ ’ਚ ਜਗਦੇ/ਮਹਿਲ ਰੁਸ਼ਨਾਵਣ ਲਈ/ਪੱਥਰ ਆਖ ਲੱਜਿਤ ਨਾ ਕਰੋ ਮੈਨੂੰ/ਚਿਰਾਗ਼ ਤਾਂ ਹੀ ਟਿਕਾਓਗੇ/ਕੰਦੀਲ ਹੋਵੇਗੀ ਘਰ ਵਿਚ ਜੇ…
‘ਕੈਸਾ ਆਲਮ ਹੈ!’ ਨੂੰ ਦੇਖਦਾਂ, ਟਾਈਟਲ ’ਤੇ ਫੁੱਲ ਬਣੇ ਨੇ। ਸੋਚਿਆ ਕਿ ਕਦੇ ਜੀਵਨ ਵਿਚ ਸੋਹਣੇ ਦ੍ਰਿਸ਼ ਵੀ ਆਉਂਦੇ ਨੇ। ਇਕ ‘ਛਿਣ’ ਫੜਨ ਦੀ ਕੋਸ਼ਿਸ਼ ਕਰਦਾ ਹਾਂ:
ਸੁਪਨਾ ਸੀ ਕਿ ਯਥਾਰਥ!/ਕਿੰਨਾ ਕੁਝ ਭੁੱਲ ਗਿਆ ਮੈਨੂੰ/ਸੁਪਨੇ ਦੇ ਵਾਂਗੂੰ/ਮੂਰਤ ਧੁੰਦਲੀ/ਨੈਗੇਟਿਵ ਵੀ ਧੁੰਦਲਾ/ਉਹ ਛਿਣ ਪਕੜ ਨਹੀਂ ਹੁੰਦਾ/ਤਸਵੀਰ ਜਦੋਂ ਬਣੀ ਸੀ/ਤਕਦੀਰ ਜਦੋਂ ਬਣੀ ਸੀ
ਕਵਿਤਾ ਥੋੜ੍ਹੇ ’ਚ ਬਹੁਤ ਕੁਝ ਹੈ। ਸਮਾਂ ਆਉਂਦਾ, ਜਦੋਂ ਤੁਸੀਂ ਪਿਛਾਂਹ ਵੀ ਮਨਚਾਹਿਆ ਦ੍ਰਿਸ਼ ਲੈਂਦੇ ਹੋ। ਅਣਚਾਹਿਆ ਹਟ ਜਾਂਦਾ।
‘ਬੇਅਦਲੀ’ 2011 ਵਿਚ ਛਪੀ ਕਿਤਾਬ ਦਾ ਨਾਂ ਹੈ। ਉਮਰ ਦਾ ਉਹ ਪੜਾਅ ਵੀ ਹੁੰਦਾ ਜਦ ਬੰਦਾ ਖ਼ੁਦ ਨਾਲ਼ ਗੱਲ ਕਰਦਾ ਕਿ ਜੋ ਕੁਝ ਹੋਇਆ, ਚੰਗਾ ਹੀ ਹੋਇਆ। ਇਹ ਵੀ ਜ਼ਰੂਰੀ ਸੀ। ਦਰਸ਼ਨ ਜੀ ਦੀ ਛੋਟੀ ਜਿਹੀ ਖੂਬਸੂਰਤ ਨਜ਼ਮ ਹੈ:
ਖ਼ਲਾਅ ਤੋਂ ਨਾ ਘਬਰਾ/ਇਹ ਤੇਰੀ ਪਰਵਾਜ਼ ਨੂੰ/ਆਵਾਜ਼ ਨੂੰ/ਸਪੇਸ ਦਿੰਦਾ ਹੈ
‘ਇਤਿਹਾਸ ਦੇ ਜ਼ਖ਼ਮੀ ਪੰਨੇ’ ਉਨ੍ਹਾਂ ਦੀ ਵਾਰਤਕ ਦੀ ਖ਼ੂਬਸੂਰਤ ਕਿਤਾਬ ਹੈ। ਉਹਨਾਂ ਦੀ ਸਵੈ-ਜੀਵਨੀ ‘ਸਕਰ ਹੋਈ ਵਿਸੁ’ ਵਿਚ ਕਈ ਦਲੇਰਾਨਾ ਵਰਕੇ ਨੇ। ‘ਨਜਾਤ’ 2013 ਵਿਚ ਪ੍ਰਕਾਸ਼ਿਤ ਹੋਈ ਦਰਸ਼ਨ ਜੀ ਦੀ ਕਵਿਤਾ ਦੀ ਆਖ਼ਿਰੀ ਕਿਤਾਬ ਹੈ।
13 ਅਪਰੈਲ 2022 ਨੂੰ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਨਮਿਤ ਭੋਗ 23 ਅਪਰੈਲ ਨੂੰ ਚੰਡੀਗੜ੍ਹ ਦੇ ਸੈਕਟਰ 34 ਦੇ ਗੁਰਦੁਆਰੇ ਪਵੇਗਾ।
ਆਖ਼ਰੀ ਕਿਤਾਬ ਦੀ ਪਹਿਲੀ ਨਜ਼ਮ। ਜਿਸ ਵਿਚ ਉਨ੍ਹਾਂ ਦੀਆਂ ਅਧੂਰੀਆਂ ਖ਼ਾਹਿਸ਼ਾਂ ਤੇ ਉਮਰ ਦੇ ਆਖ਼ਿਰੀ ਪੜਾਅ ਦੀ ਵੇਦਨਾ ਹੈ। ‘ਮਘੋਰੇ ਚੇਪੀਆਂ’:
ਪਤੀ ਦਾ ਰਾਜ ਬਾਦਸ਼ਾਹਤ ਆਪਣੀ/ਬੇਤਾਜ ਬੇਗ਼ਮ ਮੈ ਬੇ-ਗ਼ਮ/ਨਿੱਕੀਆਂ ਨਿੱਕੀਆਂ ਮੰਗਾਂ ਮੇਰੀਆਂ/ਲੋੜਾਂ ਮੇਰੀਆਂ ਹਕੂਮਤ ਵਰਗੀਆਂ, ਨਸ਼ਿਆਈਆਂ ਨਸ਼ਿਆਈਆਂ/ਸਰੂਰੀਆਂ ਸਰੂਰੀਆਂ/ਪੁੱਤਾਂ ਦੇ ਰਾਜ ਜਗੀਰਾਂ ਵਰਗੇ/ਛਿੱਜੀ ਜੀਵਨ-ਡੋਰ/ਅਸਮਾਨੀ ਚੜ੍ਹੇ ਨਾ ਗੁੱਡੀ/ਕੰਨੇ ਮਘੋਰੇ… ਚੇਪੀਆਂ/ਮੈਂ ਕੰਨੀਆਂ ਦੇ ਦੇ ਹਾਰੀ…
ਸੰਪਰਕ: 82838-26876